ਭਾਰਤ 'ਚ ਸ਼ਰਾਬ ਪੀਣ ਕਾਰਣ ਕੈਂਸਰ ਦੇ ਕੇਸ ਵਧੇ
ਅੰਮ੍ਰਿਤਸਰ ਟਾਈਮਜ਼ ਬਿਉਰੋ
ਨਵੀਂ ਦਿੱਲੀ : ਪਿਛਲੇ ਸਾਲ ਭਾਰਤ ਵਿਚ ਕੈਂਸਰ ਦੇ ਕੁੱਲ ਮਾਮਲਿਆਂ ਵਿਚੋਂ 62,100 ਸ਼ਰਾਬ ਪੀਣ ਨਾਲ ਸੰਬੰਧਤ ਸਨ ।ਇਹ ਕੁੱਲ ਕੇਸਾਂ ਦਾ ਪੰਜ ਪ੍ਰਤੀਸ਼ਤ ਹੈ ।ਇਕ ਰਸਾਲੇ ਵਿੱਚ ਪ੍ਰਕਾਸ਼ਤ ਅਧਿਐਨ ਮੁਤਾਬਕ ਦੇਸ਼ ਵਿੱਚ ਸ਼ਰਾਬ ਦੀ ਖਪਤ ਵਧ ਰਹੀ ਹੈ । ਖੋਜੀਆਂ ਨੇ ਆਪਣੇ ਅਧਿਐਨ ਵਿਚ ਸਿੱਟਾ ਕੱਢਿਆ ਹੈ ਕਿ ਸਾਲ 2020 ਵਿਚ ਦੁਨੀਆ ਭਰ ਵਿਚ ਕੈਂਸਰ ਦੇ ਕੁੱਲ ਕੇਸਾਂ ਵਿੱਚੋਂ 740,000 ਮਾਮਲਿਆਂ ਵਿਚ ਸ਼ਰਾਬ ਜ਼ਿੰਮੇਵਾਰ ਸੀ ।ਅਧਿਐਨ ਵਿਚ ਦੱਸਿਆ ਗਿਆ ਹੈ ਕਿ ਮਰਦਾਂ ਵਿਚ ਸ਼ਰਾਬ ਪੀਣ ਨਾਲ ਸੰਬੰਧਤ ਕੈਂਸਰ ਦੇ 77 ਪ੍ਰਤੀਸ਼ਤ, ਜਦਕਿ ਔਰਤਾਂ ਵਿਚ ਅੰਦਾਜ਼ਨ 23 ਪ੍ਰਤੀਸ਼ਤ (1,72,600) ਕੇਸ ਸਾਹਮਣੇ ਆਏ ਹਨ ।ਸਭ ਤੋਂ ਵੱਧ ਮਾਮਲੇ ਫੂਡ ਪਾਈਪ, ਜਿਗਰ ਅਤੇ ਛਾਤੀ ਦੇ ਕੈਂਸਰ ਦੇ ਸਨ । ਪਿਛਲੇ ਸਾਲਾਂ ਦੇ ਅੰਕੜਿਆਂ ਦੇ ਅਧਾਰ 'ਤੇ ਇਹ ਪਾਇਆ ਗਿਆ ਕਿ 2020 ਵਿਚ ਮੂੰਹ, ਗਲੇ, ਫੂਡ ਪਾਈਪ, ਵੱਡੀ ਅੰਤੜੀ, ਗੁਦਾ, ਜਿਗਰ ਅਤੇ ਛਾਤੀ ਦੇ ਕੈਂਸਰ ਦੇ 63 ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ।
ਸ਼ਰਾਬ ਨਾਲ ਕੈਂਸਰ ਹੋਣ ਸੰਬੰਧੀ ਅੰਮ੍ਰਿਤਸਰ ਟਾਈਮਜ ਦਾ ਮੰਨਣਾ ਹੈ ਕਿ ਇਹ ਆਪਣੀ ਕਿਸਮ ਦਾ ਪਹਿਲਾ ਅਧਿਐਨ ਹੈ । ਅਧਿਐਨ ਮੁਤਾਬਕ ਯੂਰਪ ਵਿਚ ਸ਼ਰਾਬ ਦਾ ਰੁਝਾਨ ਘਟਿਆ ਹੈ, ਪਰ ਚੀਨ ਤੇ ਭਾਰਤ ਸਣੇ ਉਪ ਸਹਾਰਾ ਅਫਰੀਕਾ ਦੇ ਲੋਕ ਵੱਧ ਸ਼ਰਾਬ ਪੀ ਰਹੇ ਹਨ ।ਪੰਜਾਬ ਵਿਚ ਸਭ ਤੋਂ ਵਧ ਠੇਕੇ ਹਨ।ਜਹਿਰੀਲੀ ਨਾਜਾਇਜ਼ ਸ਼ਰਾਬ ਪਿੰਡਾਂ ਵਿਚ ਆਮ ਵਿਕ ਰਹੀ ਹੈ ਜੋ ਮੌਤਾਂ ਦਾ ਕਾਰਣ ਬਣ ਰਹੀ ਹੈ।ਪਰ ਕੈਪਟਨ ਸਰਕਾਰ ਦਾ ਇਸ ਵਲ ਧਿਆਨ ਨਹੀਂ ਹੈ।
Comments (0)