ਗੁਰੂ ਨਾਨਕ ਦੇਵ: ਸੁਲਤਾਨਪੁਰ ਲੋਧੀ ਵਿਚ ਬਾਬਾ ਨਾਨਕ ਨਾਲ ਜੁੜੀਆਂ ਅਹਿਮ ਥਾਵਾਂ   

ਗੁਰੂ ਨਾਨਕ ਦੇਵ: ਸੁਲਤਾਨਪੁਰ ਲੋਧੀ ਵਿਚ ਬਾਬਾ ਨਾਨਕ ਨਾਲ ਜੁੜੀਆਂ ਅਹਿਮ ਥਾਵਾਂ   

ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਖਾਸ ਥਾਵਾਂ ਵਿੱਚੋਂ ਇੱਕ ਹੈ ਸੁਲਤਾਨਪੁਰ ਲੋਧੀ

ਸੁਲਤਾਨਪੁਰ ਲੋਧੀ ਗੁਰੂ ਜੀ ਦੀ ਕਰਮ ਭੂਮੀ ਹੈ, ਜਿਥੇ ਉਨ੍ਹਾਂ ਨੇ 13 ਸਾਲ ਤੋਂ ਵੀ ਵੱਧ ਸਮਾਂ ਬਿਤਾਇਆ ਅਤੇ ਇਥੋਂ ਹੀ ਉਨ੍ਹਾਂ ਨੇ ਲੋਕਾਈ ਨੂੰ ਈਸ਼ਵਰ ਨਾਲ ਜੋੜਨ ਅਤੇ ਸਦਕਰਮ ਕਰਨ ਦੀ ਪ੍ਰੇਰਨਾ ਦੇਣ ਲਈ ਦੇਸ਼-ਦੇਸ਼ਾਂਤਰਾਂ ਦਾ ਭਰਮਣ ਕਰਨਾ ਆਰੰਭਿਆ। ਸਾਖੀਆਂ ਮੁਤਾਬਕ ਇੱਥੇ ਗੁਰੂ ਨਾਨਕ ਦੇਵ ਜੀ ਦੇ ਵੱਡੇ ਭੈਣ ਬੀਬੀ ਨਾਨਕੀ ਜੀ ਵਿਆਹੇ ਸਨ ਅਤੇ ਗੁਰੂ ਨਾਨਕ ਦੇਵ ਜੀ ਨੇ ਇੱਥੇ 14-15 ਸਾਲ ਗੁਜ਼ਾਰੇ। ਸੁਲਤਾਨਪੁਰ ਲੋਧੀ ਦੇ ਵਿਚਕਾਰ  ਖੂਬਸੂਰਤ ਬੇਬੇ ਨਾਨਕੀ ਜੀ ਦਾ ਘਰ ਹੈ। ਇਹ ਇਮਾਰਤ ਹਾਲਾਂਕਿ ਮੁੜ ਉਸਾਰੀ ਗਈ ਹੈ, ਪਰ ਇਸ ਨੂੰ ਦਿੱਖ ਪੁਰਾਤਨ ਦਿੱਤੀ ਗਈ ਹੈ।ਇੱਥੇ ਬੇਬੇ ਨਾਨਕੀ ਜੀ ਦੇ ਘਰ ਦੀ ਖੂਹੀ ਹਾਲੇ ਵੀ ਮੌਜੂਦ ਹੈ। ਪਹਿਲੀ ਮੰਜ਼ਿਲ 'ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਹੈ ਅਤੇ ਇੱਕ ਅਜਾਇਬ ਘਰ ਹੈ।ਸਿੱਖ ਸਾਖੀਆਂ ਮੁਤਾਬਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਭੈਣ ਇੱਥੇ ਆਪਣੇ ਪਤੀ ਜੈ ਰਾਮ ਜੀ ਨਾਲ ਰਹਿੰਦੇ ਸੀ, ਜੋ ਕਿ ਮਾਲ ਮਹਿਕਮੇ ਵਿੱਚ ਇੱਕ ਅਫ਼ਸਰ ਸਨ। ਗੁਰੂ ਨਾਨਕ ਦੇ ਪਿਤਾ ਮਹਿਤਾ ਕਾਲੂ ਰਾਮ ਨੇ ਗੁਰੂ ਨਾਨਕ ਦੇਵ ਜੀ ਨੂੰ ਉਨ੍ਹਾਂ ਦੀ ਭੈਣ ਕੋਲ ਇੱਥੇ ਭੇਜ ਦਿੱਤਾ ਸੀ, ਜਿਸ ਤੋਂ ਬਾਅਦ ਗੁਰੂ ਨਾਨਕ ਵੀ ਕਾਫੀ ਸਮਾਂ ਇੱਥੇ ਰਹੇ।"ਇਹ ਕਿਹਾ ਜਾਂਦਾ ਹੈ ਕਿ ਸੁਲਤਾਨਪੁਰ ਲੋਧੀ ਬਹੁਤ ਪੁਰਾਣਾ ਸ਼ਹਿਰ ਹੈ ਅਤੇ ਬਹੁਤ ਹੀ ਪ੍ਰਾਚੀਨ ਥੇਹ 'ਤੇ ਸਥਿਤ ਹੈ। ਬੁੱਧ ਕਾਲ ਵਿਚ ਇਹ ਇਕ ਮਹੱਤਵਪੂਰਨ ਨਗਰ ਸੀ ਪਰ ਵਰਤਮਾਨ ਸ਼ਹਿਰ ਨੂੰ ਮਹਿਮੂਦ ਗਜ਼ਨਵੀ ਦੇ ਜਰਨੈਲ ਸੁਲਤਾਨ ਖਾਂ ਲੋਧੀ ਨੇ 11ਵੀਂ ਸਦੀ ਵਿਚ ਵਸਾਇਆ ਸੀ, ਜਿਸ ਦੇ ਨਾਂਅ 'ਤੇ ਇਸ ਸ਼ਹਿਰ ਦਾ ਨਾਂਅ ਰੱਖਿਆ ਗਿਆ।

ਲੋਧੀਆਂ ਦੇ ਵੇਲੇ ਇਹ ਪੰਜਾਬ ਦੀ ਰਾਜਧਾਨੀ ਸੀ ਤੇ ਇਹ ਇਕ ਬਹੁਤ ਵੱਡਾ ਸ਼ਹਿਰ ਸੀ। ਦੌਲਤ ਖਾਂ ਲੋਧੀ ਦਿੱਲੀ ਦੇ ਬਾਦਸ਼ਾਹ ਇਬਰਾਹੀਮ ਲੋਧੀ ਵਲੋਂ ਪੰਜਾਬ ਦਾ ਗਵਰਨਰ ਥਾਪਿਆ ਗਿਆ ਸੀ ਤੇ ਉਹ ਸੁਲਤਾਨਪੁਰ ਰਿਹਾ ਕਰਦਾ ਸੀ। ਇਹ ਇਲਾਕਾ ਉਸ ਨੂੰ ਦਿੱਲੀ ਦੀ ਕੇਂਦਰੀ ਸਰਕਾਰ ਵਲੋਂ ਜਗੀਰ ਵਿਚ ਵੀ ਮਿਲਿਆ ਹੋਇਆ ਸੀ। ਦੌਲਤ ਖਾਂ ਲੋਧੀ ਨੇ ਹੀ ਬਾਬਰ ਨੂੰ ਹਿੰਦੁਸਤਾਨ 'ਤੇ ਹਮਲਾ ਕਰਨ ਲਈ ਉਕਸਾਇਆ ਤੇ ਇਬਰਾਹੀਮ ਲੋਧੀ ਦੇ ਕਈ ਗੁਪਤ ਭੇਦ ਦਿੱਤੇ। ਇਹ 1526 ਈ: ਵਿਚ ਮਰਿਆ। ਇਸ ਦੇ ਦੋ ਪੁੱਤਰ ਗਾਜ਼ੀ ਖਾਂ ਅਤੇ ਦਿਲਾਵਰ ਖਾਂ ਬਾਬਰ ਦੀ ਕਿਰਪਾ ਦੇ ਪਾਤਰ ਬਣੇ ਰਹੇ। ਦੌਲਤ ਖਾਂ ਲੋਧੀ ਦਾ ਕਿਲ੍ਹਾ ਭੈੜੀ ਹਾਲਤ ਵਿਚ ਸੁਲਤਾਨਪੁਰ ਦੇਖਿਆ ਜਾ ਸਕਦਾ ਹੈ, ਜਿਥੇ ਅੱਜਕਲ੍ਹ ਪੁਲਿਸ ਦੇ ਦਫ਼ਤਰ ਹਨ। ਮੁਗਲਾਂ ਦੇ ਵੇਲੇ ਦੇ ਬੇਈਂ ਨਦੀ ਦੇ ਦੋ ਪੁਲਾਂ ਦੇ ਨਿਸ਼ਾਨ ਅੱਜ ਵੀ ਦੇਖੇ ਜਾ ਸਕਦੇ ਹਨ। ਗੁਰਦੁਆਰਾ ਬੇਰ ਸਾਹਿਬ ਦੇ ਦੀਵਾਨ ਅਸਥਾਨ ਨੇੜੇ ਪੁਲ ਨੂੰ ਔਰੰਗਜ਼ੇਬ ਨੇ ਬਣਵਾਇਆ ਸੀ ਅਤੇ ਸਿਵਲ ਹਸਪਤਾਲ ਦੇ ਸਾਹਮਣੇ ਪੈਂਦੇ ਪੁਲ (ਹੁਣ ਇਹ ਥਾਂ ਪੱਕੀ ਸੜਕ ਦੇ ਨਾਲ ਪਈਆਂ ਦੁਕਾਨਾਂ ਵਾਲਿਆਂ ਦੇ ਕਬਜ਼ੇ 'ਵਿਚ ਹੈ) ਨੂੰ ਜਹਾਂਗੀਰ ਬਾਦਸ਼ਾਹ ਨੇ ਬਣਵਾਇਆ ਸੀ, ਜਦੋਂ ਇਹ ਸ਼ਹਿਰ ਦਿੱਲੀ ਤੋਂ ਲਾਹੌਰ ਜਾਂਦੀ ਜਰਨੈਲੀ ਸੜਕ 'ਤੇ ਪੈਂਦਾ ਸੀ ਤੇ ਜਲੰਧਰ ਦੁਆਬ ਦਾ ਇਹ ਇਕ ਪ੍ਰਸਿੱਧ ਨਗਰ ਸੀ। ਸੁਲਤਾਨਪੁਰ ਦੇ ਕਿਲ੍ਹੇ ਨੂੰ, ਜਿਸ ਨੂੰ ਪਿੱਛੋਂ ਇਕ ਸਰਾਂ ਦਾ ਰੂਪ ਦੇ ਦਿੱਤਾ ਗਿਆ, ਵਿਚ ਸ਼ਾਹਜਹਾਂ ਬਾਦਸ਼ਾਹ ਦੇ ਦੋ ਪੁੱਤਰਾਂ ਦਾਰਾ ਸ਼ਿਕੋਹ ਅਤੇ ਔਰੰਗਜ਼ੇਬ ਨੇ ਅਖੁੰਡ ਅਬਦੁਲ ਲਤੀਫ਼ ਨਾਂਅ ਦੇ ਮੌਲਵੀ ਤੋਂ ਸਿੱਖਿਆ ਪ੍ਰਾਪਤ ਕੀਤੀ ਸੀ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਭਣਵਈਆ ਜੈ ਰਾਮ (ਚੋਨਾ ਖੱਤਰੀ) ਜੋ ਦੌਲਤ ਖਾਂ ਲੋਧੀ ਦਾ ਦੀਵਾਨ ਸੀ, ਗੁਰੂ ਜੀ ਨੂੰ ਸੰਨ 1504 ਈ: ਵਿਚ ਸੁਲਤਾਨਪੁਰ ਲੋਧੀ ਲੈ ਆਏ ਅਤੇ ਦੌਲਤ ਖਾਂ ਲੋਧੀ ਦੇ ਮੋਦੀ ਖਾਨੇ ਨੂੰ ਚਲਾਉਣ ਦਾ ਕੰਮ ਸੌਂਪਿਆ ਗਿਆ। 1507 ਈ: ਵਿਚ ਗੁਰੂ ਜੀ ਨੇ ਮੋਦੀ ਖਾਨੇ ਦੀ ਨੌਕਰੀ ਤਿਆਗ ਦਿੱਤੀ। ਵੈਰਾਗ ਦੀ ਸਿਖਰ ਸੀ ਅਤੇ ਇਕ ਦਿਨ ਉਨ੍ਹਾਂ ਬੇਈਂ ਨਦੀ ਦੇ ਕੰਢੇ ਇਕਾਂਤ ਵਿਚ ਬੈਠਿਆਂ ਨੂੰ ਈਸ਼ਵਰੀ ਬੋਧ ਪ੍ਰਾਪਤ ਹੋਇਆ। ਉਨ੍ਹਾਂ ਜਪੁਜੀ ਸਾਹਿਬ ਦਾ ਮੂਲ ਮੰਤਰ ਉਚਾਰਿਆ। ਉਥੇ ਅੱਜਕਲ੍ਹ ਸ਼ਾਨਦਾਰ ਗੁਰਦੁਆਰਾ ਸੰਤਘਾਟ ਸੁਸ਼ੋਭਿਤ ਹੈ। ਪਰਿਵਾਰਕ ਝੰਜਟਾਂ ਨੂੰ ਛੱਡ ਉਨ੍ਹਾਂ ਨੇ ਇਥੋਂ ਹੀ ਪਹਿਲੀ ਉਦਾਸੀ ਦਾ ਸਫ਼ਰ ਸ਼ੁਰੂ ਕੀਤਾ। ਇਸ ਥਾਂ ਹੁਣ ਗੁਰਦੁਆਰਾ ਹੱਟ ਸਾਹਿਬ ਹੈ, ਜਿਥੇ ਗੁਰੂ ਸਾਹਿਬ ਦੇ ਹੱਥਾਂ ਦੀ ਛੋਹ ਪ੍ਰਾਪਤ 11 ਪੱਥਰ ਦੇ ਵੱਟੇ ਪਏ ਹਨ। ਕਪੂਰਥਲਾ ਰਿਆਸਤ ਵਲੋਂ 20 ਘੁਮਾਉ ਜ਼ਮੀਨ ਇਸ ਗੁਰੂ ਅਸਥਾਨ ਦੇ ਨਾਂਅ ਲਾਈ ਗਈ ਸੀ। ਗੁਰੂ ਕਾ ਬਾਗ ਗੁਰੂ ਸਾਹਿਬ ਦਾ ਰਿਹਾਇਸ਼ੀ ਮਕਾਨ ਸੀ। ਇਥੇ ਹੀ ਗੁਰੂ ਜੀ ਦਾ ਵਿਆਹ ਮਾਤਾ ਸੁਲੱਖਣੀ ਜੀ ਨਾਲ ਹੋਇਆ ਅਤੇ ਉਨ੍ਹਾਂ ਦੇ ਦੋਵੇਂ ਸਪੁੱਤਰ ਪੈਦਾ ਹੋਏ। ਗੁਰਦੁਆਰਾ ਧਰਮਸਾਲ ਗੁਰੂ ਅਰਜਨ ਦੇਵ (ਸਿਹਰਾ ਸਾਹਿਬ), ਗਰਦੁਆਰਾ ਕੋਠੜੀ ਸਾਹਿਬ ਅਤੇ ਗੁਰਦੁਆਰਾ ਬੇਰ ਸਾਹਿਬ ਗੁਰੂ ਜੀ ਨਾਲ ਸਬੰਧਿਤ ਹੋਰ ਗੁਰਦੁਆਰੇ ਹਨ। ਅੱਜਕਲ੍ਹ ਗੁਰਦੁਆਰਾ ਬੇਰ ਸਾਹਿਬ ਇਕ ਬਹੁਤ ਵੱਡੇ ਧਾਰਮਿਕ ਅਸਥਾਨ ਵਜੋਂ ਜਾਣਿਆ ਜਾਂਦਾ ਹੈ, ਜਿਥੇ ਗੁਰੂ ਸਾਹਿਬ ਦੇ ਹੱਥਾਂ ਦੀ ਲਾਈ ਬੇਰੀ ਮੌਜੂਦ ਹੈ। ਨਨਕਾਣਾ ਸਾਹਿਬ ਪਿੱਛੋਂ ਇਸ ਅਸਥਾਨ ਨੂੰ ਹੀ ਵੱਡੀ ਮਹਾਨਤਾ ਪ੍ਰਾਪਤ ਹੈ ਅਤੇ ਇਸ ਨੂੰ ਦੂਜਾ ਨਨਕਾਣਾ ਸਾਹਿਬ ਕਰਕੇ ਜਾਣਿਆ ਜਾਂਦਾ ਹੈ। ਇਸ ਗੁਰਦੁਆਰੇ ਦੇ ਨਾਂਅ ਰਿਆਸਤ ਕਪੂਰਥਲਾ ਵਲੋਂ 30 ਘੁਮਾਉਂ ਜ਼ਮੀਨ ਪਿੰਡ ਮਾਣਕ ਅਤੇ ਪਿੰਡ ਮਾਛੀ ਜੋਆ ਵਿਚ ਹੈ।

ਨਾਦਰ ਸ਼ਾਹ ਨੇ ਸੁਲਤਾਨਪੁਰ ਨੂੰ 1739 ਈ: ਵਿਚ ਸਾੜ ਦਿੱਤਾ ਸੀ। ਸੰਨ 1654 ਈ: ਵਿਚ ਪੰਜਾਬ ਵਿਚ ਵੱਡੇ ਹੜ੍ਹ ਆਏ ਸਨ। ਲੋਕ ਆਪਣੇ ਘਰ ਛੱਡ ਕੇ ਇਥੋਂ ਦੂਰ-ਦੁਰਾਡੇ ਇਲਾਕਿਆਂ ਵਿਚ ਚਲੇ ਗਏ ਸਨ। ਬਾਦਸ਼ਾਹ ਜਹਾਂਗੀਰ ਨੇ ਆਪਣੇ ਇਕ ਸੂਬੇਦਾਰ ਸ਼ੇਰ ਸ਼ਾਹ ਨੂੰ ਇਸ ਇਲਾਕੇ ਨੂੰ ਫਿਰ ਵਸਾਉਣ ਲਈ ਸੁਨਾਮ ਤੋਂ ਕੁਝ ਕੰਬੋਹ (ਕੰਬੋਜ) ਬਰਾਦਰੀ ਦੇ ਲੋਕ ਭੇਜੇ ਸਨ। ਇਸੇ ਕਰਕੇ ਇਸ ਖੇਤਰ ਵਿਚ ਅੱਜ ਕੰਬੋਜਾਂ ਦੀ ਸੰਘਣੀ ਵਸੋਂ ਹੈ।

ਸੁਲਤਾਨਪੁਰ ਲੋਧੀ ਜਿਹੜਾ ਕਿਸੇ ਵੇਲੇ ਵੱਡਾ ਸ਼ਹਿਰ ਸੀ ਅਤੇ ਪੰਜਾਬ ਦੀ ਰਾਜਧਾਨੀ ਰਿਹਾ ਹੈ, ਹੁਣ ਇਕ ਵੱਡੇ ਪਿੰਡ ਦੇ ਬਰਾਬਰ ਰਹਿ ਗਿਆ ਹੈ। ਇਸ ਖੇਤਰ ਵਿਚ ਇਹ ਦੰਦ-ਕਥਾ ਪ੍ਰਸਿੱਧ ਹੈ ਕਿ ਕਿਸੇ ਵੇਲੇ ਡਡਵਿੰਡੀ ਜਿਹੜਾ ਸੁਲਤਾਨਪੁਰ ਲਾਗੇ ਪਿੰਡ ਹੈ, ਸੁਲਤਾਨਪੁਰ ਦਾ ਦੁੱਧ ਦਾ ਬਾਜ਼ਾਰ ਸੀ ਅਤੇ ਲੋਹੀਆਂ ਲੋਹੇ ਦਾ। ਇਸ ਤੋਂ ਇਲਾਵਾ ਡੱਲਾ ਪਿੰਡ ਵੀ ਸੁਲਤਾਨਪੁਰ ਸ਼ਹਿਰ ਦਾ ਹਿੱਸਾ ਸੀ।

ਦਰਿਆ ਬਿਆਸ ਦਾ ਪੁਰਾਣਾ ਵਹਿਣ ਹਰੀਕੇ ਤੋਂ ਲੈ ਕੇ ਲਾਹੌਰ ਅਤੇ ਮਿੰਟਗੁਮਰੀ ਜ਼ਿਲ੍ਹਿਆਂ ਵਿਚ ਮਿਲਦਾ ਹੈ। ਜਦ ਇਹ ਦਰਿਆ ਸਤਲੁਜ ਦੀ ਬਜਾਏ ਦਰਿਆ ਝਨਾਂ (ਚਨਾਬ) ਨਾਲ ਸ਼ੁਜਾਬਾਦ ਨੇੜੇ ਮਿਲਦਾ ਸੀ। ਸੰਨ 1796 ਤੱਕ ਇਹ ਸਥਿਤੀ ਰਹੀ ਪਰ ਪਿੱਛੋਂ ਸਤਲੁਜ ਨਾਲ ਇਸ ਦਾ ਸੰਗਮ ਹੋ ਗਿਆ। ਸੰਨ 1796 ਤੋਂ ਪਹਿਲਾਂ ਜਿਹਲਮ, ਚਨਾਬ ਅਤੇ ਰਾਵੀ ਦਰਿਆ ਇਕੱਠੇ ਹੋ ਕੇ ਦਰਿਆ ਬਿਆਸ ਨਾਲ ਮੁਲਤਾਨ ਤੋਂ 45 ਕਿਲੋਮੀਟਰ ਥੱਲੇ ਦੱਖਣ ਮਿਲਦੇ ਸਨ। ਦਰਿਆ ਬਿਆਸ ਦਾ ਪੁਰਾਣਾ ਵਹਿਣ ਚੂਨੀਆਂ (ਜ਼ਿਲ੍ਹਾ ਲਾਹੌਰ) ਨੇੜੇ ਪਾਕਿਸਤਾਨ ਤੋਂ ਆਉਂਦਿਆਂ ਲੇਖਕ ਨੇ ਸੰਨ 1947 ਈ: ਵਿਚ ਦੇਖਿਆ ਸੀ ਜਦ ਇਸ ਵਹਿਣ ਦੇ ਸੱਜੇ ਪਾਸੇ ਚੂਨੀਆਂ ਸ਼ਹਿਰ ਵੱਲ ਉੱਚਾ ਢਾਹਿਆ ਸੀ। ਅਜਿਹਾ ਢਾਹਿਆ ਗੋਇੰਦਵਾਲ ਤੇ ਹੋਰ ਕਈ ਥਾਵਾਂ 'ਤੇ ਮਿਲਦਾ ਹੈ।

ਅੰਗਰੇਜ਼ਾਂ ਵੇਲੇ ਸੁਲਤਾਨਪੁਰ ਰਿਆਸਤ ਕਪੂਰਥਲਾ ਦੀ ਇਕ ਤਹਿਸੀਲ ਸੀ, ਜਿਸ ਦਾ ਖੇਤਰਫਲ 121 ਵਰਗ ਮੀਲ, ਆਬਾਦੀ 75945 (1901 ਦੀ ਮਰਦਮਸ਼ੁਮਾਰੀ ਅਨੁਸਾਰ) ਅਤੇ ਇਸ ਵਿਚ 176 ਪਿੰਡ ਸਨ। ਪੜ੍ਹ ਅਤੇ ਲਿਖ ਸਕਣ ਯੋਗ ਕੇਵਲ 1904 ਵਿਅਕਤੀ ਸਨ। ਕੁੱਲ 176 ਪਿੰਡਾਂ ਵਿਚੋਂ 110 ਪਿੰਡਾਂ ਦੀ ਭੂਮੀ ਵਾਹੀਯੋਗ, 19 ਪਿੰਡਾਂ ਦੀ ਖੂਹਾਂ ਨਾਲ ਸਿੰਚਾਈ ਹੁੰਦੀ ਸੀ ਅਤੇ 55 ਪਿੰਡਾਂ ਦੀ ਵਾਹੀਯੋਗ ਜ਼ਮੀਨ ਬੇਕਾਰ ਪਈ ਸੀ। ਸੁਲਤਾਨਪੁਰ ਸ਼ਹਿਰ ਦੀ ਆਬਾਦੀ 9004 (1901 ਦੀ ਜਨਗਨਣਾ) ਸੀ। ਇਹ ਸ਼ਹਿਰ ਹੱਥ ਨਾਲ ਛਪੇ ਕੱਪੜਿਆਂ, ਬਿਸਤਰੇ ਦੀਆਂ ਚਾਦਰਾਂ, ਫਰਸ਼ੀ ਕੱਪੜਾ, ਜਿਸ ਨੂੰ ਜਾਜ਼ਮ ਕਿਹਾ ਜਾਂਦਾ ਸੀ, ਮੇਜ਼ਪੋਸ਼ ਅਤੇ ਗੱਦੇਦਾਰ ਰਜਾਈਆਂ ਲਈ ਪ੍ਰਸਿੱਧ ਸੀ ਤੇ ਇਥੋਂ ਯੂਰਪ ਨੂੰ ਇਹ ਵਸਤੂਆਂ ਭੇਜੀਆਂ ਜਾਂਦੀਆਂ ਸਨ। 20ਵੀਂ ਸਦੀ ਦੇ ਸ਼ੁਰੂ ਵਿਚ ਸੁਲਤਾਨਪੁਰ ਸ਼ਹਿਰ ਵਿਚ ਇਕ ਮਿਡਲ ਸਕੂਲ ਤੇ ਇਕ ਡਿਸਪੈਂਸਰੀ ਸੀ। ਮੁਸਲਮਾਨ ਅਰਾਈਆਂ, ਮੁਸਲਮਾਨ ਰਾਜਪੂਤਾਂ ਅਤੇ ਜੱਟਾਂ, ਮੁਸਲਮਾਨ ਕੰਬੋਆਂ, ਸਿੱਖ ਕੰਬੋਆਂ ਅਤੇ ਸਿੱਖ ਜੱਟਾਂ ਦੀ ਇਸ ਖੇਤਰ ਵਿਚ ਆਬਾਦੀ ਸੀ। ਤਹਿਸੀਲ ਦੀ ਮਾਲੀਏ ਦੀ ਆਮਦਨ ਢਾਈ ਲੱਖ ਦੇ ਲਗਪਗ ਸੀ।

ਵਰਤਮਾਨ ਸਮੇਂ ਸੁਲਤਾਨਪੁਰ ਏਨਾ ਪ੍ਰਸਿੱਧ ਨਹੀਂ, ਜਿੰਨਾ ਪਹਿਲੇ ਸਮਿਆਂ ਵਿਚ ਹੋਇਆ ਕਰਦਾ ਸੀ। ਇਹ ਇਕ ਪਛੜਿਆ ਹੋਇਆ ਖੇਤਰ ਹੈ। ਭਾਵੇਂ ਦਰਿਆ ਬਿਆਸ ਦੇ ਖੱਬੇ ਕੰਢੇ ਅਤੇ ਕਾਲੀ ਬੇਈਂ ਦੇ ਦੋਵੇਂ ਪਾਸਿਆਂ 'ਤੇ ਧੁੱਸੀ ਬੰਨ੍ਹ ਬਣਨ ਨਾਲ ਇਲਾਕੇ ਦਾ ਆਰਥਿਕ ਪੱਖੋਂ ਕਾਫੀ ਸੁਧਾਰ ਹੋਇਆ ਹੈ, ਕਣਕ ਅਤੇ ਝੋਨੇ ਦੀ ਭਰਪੂਰ ਫਸਲ ਕਾਰਨ ਸੁਲਤਾਨਪੁਰ ਇਕ ਪ੍ਰਮੁੱਖ ਮੰਡੀ ਵਜੋਂ ਉੱਭਰਿਆ ਹੈ ਪਰ ਫਿਰ ਵੀ ਕਾਫੀ ਕੁਝ ਕਰਨ ਦੀ ਲੋੜ ਹੈ। ਅਜੇ ਵੀ ਵੱਡੇ ਹੜ੍ਹ ਆਉਣ 'ਤੇ ਇਸ ਖੇਤਰ ਦੀ ਭਾਰੀ ਬਰਬਾਦੀ ਹੁੰਦੀ ਹੈ। ਇਸ ਦਸ਼ਾ ਦੇ ਸੁਧਾਰ ਵੱਲ ਜ਼ਰੂਰੀ ਕਦਮ ਪੁੱਟਣ, ਇਕ ਗੰਨਾ ਮਿੱਲ ਲਾਉਣ, ਹੋਰ ਸਨਅਤਾਂ ਸਥਾਪਿਤ ਕਰਨ ਅਤੇ ਸੁਲਤਾਨਪੁਰ ਨੂੰ 'ਟੂਰਿਸਟ ਸਪਾਟ' ਵਜੋਂ ਉੱਨਤ ਕਰਨ ਦੀ ਲੋੜ ਹੈ। ਪੁਰਾਤਨ ਇਤਿਹਾਸਕ ਚਿੰਨ੍ਹਾਂ, ਜਿਨ੍ਹਾਂ ਵਿਚ ਕਿਲ੍ਹੇ ਦੀ ਢਹਿੰਦੀ ਇਮਾਰਤ (ਖਾਸ ਕਰ ਕੇ ਕਿਲ੍ਹੇ ਦੇ ਦਰਵਾਜ਼ੇ ਨੂੰ) ਦੋ ਪੁਰਾਣੇ ਪੁਲਾਂ ਦੇ ਢਾਂਚੇ, ਬੱਸ ਅੱਡੇ ਲਾਗੇ ਛੋਟੀ ਇੱਟ ਨਾਲ ਬਣੇ ਕੋਸ-ਮੀਨਾਰ, ਬੇਰ ਸਾਹਿਬ ਦੇ ਸਾਹਮਣੇ ਬੇਈਂ ਤੋਂ ਪਾਰ ਹਜੀਰਾ ਅਤੇ ਹੋਰ ਪੁਰਾਣੇ ਇਤਿਹਾਸਕ ਚਿੰਨ੍ਹਾਂ ਦੀ ਸਾਂਭ-ਸੰਭਾਲ ਦੀ ਬਹੁਤ ਜ਼ਰੂਰਤ ਹੈ। 

 

ਕਿ੍ਪਾਲ ਸਿੰਘ   

   

-