ਮੋਦੀਕਿਆਂ ਦਾ ਰਾਜਨੀਤਕ ਨਿਘਾਰ ਤੇ ਕਿਸਾਨ ਮੋਰਚਾ   

ਮੋਦੀਕਿਆਂ ਦਾ ਰਾਜਨੀਤਕ ਨਿਘਾਰ ਤੇ ਕਿਸਾਨ ਮੋਰਚਾ   

   ਨਰੇਂਦਰ ਮੋਦੀ ਨੂੰ ਇਹ ਜਾਪਦਾ ਹੈ ਕਿ ਕੁਝ ਝੂਠੇ ਬਿਰਤਾਂਤ ਘੜ ਕੇ ਅਤੇ ਕਲਪਿਤ ਡਰ ਪੈਦਾ ਕਰ ਕੇ ਰਾਜਸੀ ਅਸਥਿਰਤਾ ਪੈਦਾ ਕੀਤੀ ਜਾ ਰਹੀ ਹੈ,

ਮੋਦੀਕਿਆਂ ਦੀ ਸ਼ਰੇਆਮ ਪ੍ਰਗਟ ਹੋ ਰਹੀ ਬੌਖਲਾਹਟ ਦੀ ਨਿਸ਼ਾਨੀ

ਦੇੇਸ ਪੰਜਾਬ ਕਿਸਾਨ ਅੰਦੋਲਨ ਇਕ ਅਜਿਹੇ ਫੈਸਲਾਕੁੰਨ ਮੋੜ ਉਤੇ ਆ ਖੜਾ ਹੈ, ਜਿਥੋਂ ਪੁਟਿਆ ਗਿਆ ਕੋਈ ਵੀ ਗਲਤ ਕਦਮ ਮੋਰਚੇ ਨੂੰ ਲੀਹੋ ਲਾਹ ਸਕਦਾ ਹੈ ਅਤੇ ਪੁਟਿਆ ਗਿਆ ਠੀਕ ਕਦਮ ਇਸ ਨੂੰ ਰਾਜਨੀਤਕ ਬੁਲੰਦੀਆ ਉਤੇ ਪਹੁੰਚਾ ਸਕਦਾ ਹੈ। ਭਾਵੇਂ ਮੋਰਚੇ ਦਾ ਆਰੰਭ ਕਿਸਾਨੀ ਦੀਆਂ ਕੁਝ ਸੀਮਤ ਮੰਗਾਂ ਨੂੰ ਲੈ ਕੇ ਹੋਇਆ ਸੀ, ਜਿਨ੍ਹਾਂ ਵਿਚ ਤਿੰਨ ਖੇਤੀ ਕਾਨੂੰਨਾਂ ਦੀ ਵਾਪਸੀ, ਫਸਲਾਂ ਦੀ ਘਟੋਘਟ ਸਹਾਇਕ ਕੀਮਤ ਨੂੰ ਕਾਨੂੰਨੀ ਰੂਪ ਦੇਣਾ ਅਤੇ ਕੁਝ ਹੋਰ ਮੰਗਾਂ ਸ਼ਾਮਿਲ ਸਨ, ਪਰ ਜਿਵੇਂ ਜਿਵੇਂ ਇਹ ਅੰਦੋਲਨ ਚਲਿਆ ਅਤੇ ਜਿਵੇਂ ਇਸ ਨੇ ਆਲਮੀ ਅਤੇ ਦੇਸ ਪਧਰ ਉਤੇ ਪ੍ਰਭਾਵ ਪਾਇਆ, ਉਸ ਨੇ ਇਸ ਮੋਰਚੇ ਦੇ ਰਾਜਸੀ ਘੇਰੇ ਨੂੰ ਬਹੁਤ ਵਸੀਹ ਕਰ ਦਿਤਾ। ਮੋਦੀਕਿਆਂ ਦੀਆਂ ਕਾਰਪੋਰੇਟ ਪਖੀ, ਜਨਸਮੂਹ ਅਤੇ ਧਾਰਮਿਕ ਘਟ ਗਿਣਤੀ ਮਾਰੂ ਨੀਤੀਆਂ ਤੋਂ ਪੀੜਤ ਸਾਰੇ ਲੋਕ ਇਸ ਮੋਰਚੇ ਵਲ ਆਸ ਭਰੀਆ ਨਜਰਾਂ ਨਾਲ ਵੇਖਣ ਲਗ ਪਏ। ਇਸ ਮੋਰਚੇ ਨੇ ਮਰੀਆ ਹੋਈਆ ਵਿਰੋਧੀ ਪਾਰਟੀਆਂ ਵਿਚ ਜਾਨ ਫੂਕ ਦਿਤੀ ਅਤੇ ਉਹ ਮੋਦੀਕਿਆਂ ਦੇ ਧਕੜਵਾਦ ਨੂੰ ਚੁਣੌਤੀ ਦੇਣ ਲਗੀਆ। ਪਿਛਲੇ ਕੁਝ ਸਾਲਾਂ ਵਿਚ ਪੂਰਾ ਟਿਲ ਲਾ ਕੇ ਗੋਦੀ ਮੀਡੀਏ ਵਲੋਂ ਬਣਾਇਆ ਗਿਆ ਮੋਦੀ ਦਾ ਜਾਅਲੀ ਜਲੌਅ ਖੁਰਦਾ ਨਜਰ ਆਇਆ। ਅੰਬਾਨੀ-ਅਡਾਨੀ-ਟਾਟੇ ਦੇ ਵਿਰੋਧੀ ਕਾਰਪੋਰੇਟ ਸੈਕਟਰ ਦੇ ਮਨ ਵਿਚੋਂ ਮੋਦੀਕਿਆਂ ਦੀ ਦਹਿਸ਼ਤ ਖਤਮ ਹੋਈ ਅਤੇ ਉਹ ਵਿਰੋਧੀ ਪਾਰਟੀਆਂ ਨੂੰ ਫੰਡ ਦੇਣ ਲਗਾ। ਭਾਜਪਾ ਦੇ ਅੰਦਰਲਾ ਅਤੇ ਅਫਸਰਸ਼ਾਹੀ ਵਿਚਲਾ ਮੋਦੀਕਿਆਂ ਦਾ ਵਿਰੋਧੀ ਧੜਾ ਆਪਣੇ ਪਰ ਤੋਲ੍ਹਣ ਲਗਾ। ਗੁਰਬਚਨ ਜਗਤ ਅਤੇ ਜੁਲੀਅਸ ਰਿਬੇਰੋ ਵਰਗੇ ਲੋਕਾਂ ਦੀਆਂ ਅਖਬਾਰਾਂ ਵਿਚ ਛਪ ਰਹੀਆ ਲਿਖਤਾਂ ਇਸੇ ਵਰਤਾਰੇ ਦਾ ਸਬੂਤ ਹਨ। ਇਸ ਹਾਲਤ ਵਿਚ ਪੰਜ ਰਾਜਾਂ ਦੀਆਂ ਅਸੈਂਬਲੀ ਚੋਣਾਂ ਵਿਚ ਮੋਦੀ-ਸ਼ਾਹ ਜੋੜੀ ਦੀ ਹੋਈ ਦੁਰਗਤੀ ਨੇ ਨਾ ਸਿਰਫ ਦੇਸ ਦੇ ਲੋਕਾਂ ਨੂੰ ਕੁਝ ਰਾਹਤ ਦਿਤੀ ਹੈ ਬਲਕਿ ਬਾਹਰਲੀਆਂ ਸਾਮਰਾਜੀ ਤਾਕਤਾਂ ਵੀ ਆਪਣੇ ਆਪਣੇ ਹਿਤਾਂ ਦੀ ਪੂਰਤੀ ਲਈ ਮੋਦੀ-ਸ਼ਾਹ ਦਾ ਬਦਲ ਲਭਣ ਲਈ ਸਰਗਰਮ ਹੋਈਆ ਹਨ। ਇਹ ਸਾਰੀਆਂ ਕਿਸਾਨ ਅੰਦੋਲਨ ਦੀਆਂ ਵਡੀਆਂ ਪ੍ਰਾਪਤੀਆ ਹਨ।

ਅੱਜ ਜੇ ਨਰੇਂਦਰ ਮੋਦੀ ਨੂੰ ਇਹ ਜਾਪਦਾ ਹੈ ਕਿ ਕੁਝ ਝੂਠੇ ਬਿਰਤਾਂਤ ਘੜ ਕੇ ਅਤੇ ਕਲਪਿਤ ਡਰ ਪੈਦਾ ਕਰ ਕੇ ਰਾਜਸੀ ਅਸਥਿਰਤਾ ਪੈਦਾ ਕੀਤੀ ਜਾ ਰਹੀ ਹੈ, ਤਾਂ ਇਸ ਦਾ ਕਾਰਨ ਇਹੀ ਹੈ ਕਿ ਉਸ ਦੇ ਪੈਰਾਂ ਥਲਿਓ ਰਾਜਸੀ ਜਮੀਨ ਖਿਸਕ ਰਹੀ ਹੈ। ਮੋਦੀ ਦੇ ਕਹਿਣ ਅਨੁਸਾਰ ਬੜੀ ਵਡੀ ਸਾਜਿਸ਼ ਰਚ ਕੇ ਅਫਵਾਹਾਂ ਫੈਲਾਈਆ ਜਾ ਰਹੀਆ ਹਨ ਕਿ ਸੀ. ਏ. ਏ. ਰਾਹੀਂ ਨਾਗਿਰਕਤਾ ਖੋਹੀ ਜਾ ਰਹੀ ਹੈ, ਖੇਤੀ ਕਾਨੂੰਨ ਬਣਾ ਕੇ ਕਿਸਾਨਾਂ ਦੀਆਂ ਜਮੀਨਾਂ ਖੋਹੀਆ ਜਾ ਰਹੀਆ ਹਨ, ਦਲਿਤਾਂ ਤੇ ਪਛੜੇ ਵਰਗਾਂ ਦਾ ਰਾਖਵਾਂਕਰਨ ਖਤਮ ਕੀਤਾ ਜਾ ਰਿਹਾ ਹੈ ਅਤੇ ਸੰਵਿਧਾਨ ਬਦਲਿਆ ਜਾ ਰਿਹਾ ਹੈ। ਹੁਣ ਇਹ ਕੌਣ ਨਹੀਂ ਜਾਣਦਾ ਕਿ ਇਹ ਅਫਵਾਹਾਂ ਨਹੀਂ ਹਨ ਬਲਕਿ ਪਿਛਲੇ ਸਾਲਾਂ ਵਿਚ ਦੇਸ ਦੇ ਬਹੁਗਿਣਤੀ ਲੋਕਾਂ ਵਲੋਂ ਹੰਢਾਈ ਜਾ ਰਹੀ ਹਕੀਕਤ ਹੈ। ਜੇ ਕਿਸਾਨਾਂ ਦੀ ਜਮੀਨ ਖੋਹਣੀ ਇਕ ਅਫਵਾਹ ਹੈ ਤਾਂ ਖੇਤੀ ਕਾਨੂੰਨ ਵਾਪਸ ਲੈਣ ਵਿਚ ਰੁਕਾਵਟ ਕਿਸ ਨੇ ਪਾਈ ਹੈ? ਸੰਵਿਧਾਨ ਨੂੰ ਛਿਕੇ ਉਤੇ ਟੰਗ ਕੇ ਸਾਰੇ ਸਰਕਾਰੀ ਅਦਾਰੇ ਕੌਣ ਵੇਚ ਰਿਹਾ ਹੈ? ਸੈਂਕੜੇ ਸਾਲਾਂ ਦੀ ਜਦੋਜਹਿਦ ਤੋਂ ਬਾਅਦ ਹੋਂਦ ਵਿਚ ਆਏ ਕਿਰਤ ਕਾਨੂੰਨਾਂ ਦੀਆਂ ਧਜੀਆਂ ਕੌਣ ਉਡਾ ਰਿਹਾ ਹੈ? ਕੋਰੋਨਾ ਵਾਇਰਸ ਕਾਰਨ ਬੇਰੁਜਗਾਰੀ ਅਤੇ ਵਹਿਸ਼ੀ ਡਾਕਟਰਾਂ ਦੀ ਲੁਟ ਦਾ ਸ਼ਿਕਾਰ ਹੋ ਰਹੇ ਗਰੀਬ ਅਤੇ ਮਧਵਰਗੀ ਲੋਕਾਂ ਦੀ ਮਾਇਕ ਮਦਦ ਕਰਨ ਦੀ ਬਜਾਇ, ਉਹਨਾਂ ਦੀਆਂ ਬੜੇ ਸਰਫੇ ਨਾਲ ਕੀਤੀਆ ਗਈਆ ਛੋਟੀਆਂ ਬਚਤਾਂ ਉਤੇ ਵਿਆਜ ਦਰ ਘਟਾ ਕੇ ਅਤੇ ਮਹਿੰਗਾਈ ਨੂੰ ਵਧਣ ਦੇ ਕੇ, ਉਹਨਾਂ ਦਾ ਜਿਉਣਾ ਮੁਹਾਲ ਕੌਣ ਕਰ ਰਿਹਾ ਹੈ? ਕੀ ਕਰੋੜਾਂ ਲੋਕਾਂ ਵਲੋਂ ਆਪਣੀ ਨਿਤ ਦਿਨ ਦੀ ਜਿੰਦਗੀ ਵਿਚ ਹੰਢਾਇਆ ਜਾ ਰਿਹਾ ਇਹ ਸਾਰਾ ਸੰਤਾਪ ਝੂਠ ਹੈ?

ਅਸਲ ਵਿਚ ਮੋਦੀਕਿਆਂ ਦੀਆਂ ਨੀਤੀਆਂ ਅਤੇ ਰਾਜਕੀ ਫੁਕਰੇਪੰਥੀ ਨੇ ਦੇਸ ਨੂੰ ਅੱਜ ਇਸ ਕਾਗਾਰ ਉਤੇ ਲਿਆ ਕੇ ਖੜਾ ਕਰ ਦਿਤਾ ਹੈ ਕਿ ਹੁਣ ਰਾਜਕੀ ਜਮਾਤਾਂ (ਡੀਪ ਸਟੇਟ) ਦੀ ਇਕ ਵਡੀ ਧਿਰ ਵੀ ਮੋਦੀ ਸਰਕਾਰ ਪ੍ਰਤੀ ਲੋਕ ਮਨਾਂ ਵਿਚ ਫੈਲ ਰਹੀ ਬਦਜਨੀ ਤੋਂ ਤ੍ਰਹਿ ਗਈ ਹੈ ਅਤੇ ਹੁਣ ਉਹ ਵੀ ਮੋਦੀ-ਸ਼ਾਹ ਦਾ ਕੋਈ ਬਦਲ ਤਲਾਸ਼ ਰਹੀ ਹੈ। ਇਹ ਬਦਲ ਭਾਵੇਂ ਭਾਜਪਾ ਦੇ ਅੰਦਰੋਂ ਹੋਵੇ ਅਤੇ ਭਾਵੇਂ ਬਾਹਰੋ। ਇਹ ਕਿੰਨੀ ਅਜੀਬ ਗੱਲ ਹੈ ਕਿ ਜਦੋਂ ਮੋਦੀ-ਸ਼ਾਹ ਤੇ ਨਢਾ ਬੰਗਾਲ ਅਤੇ ਆਸਾਮ ਵਿਚ ਅਸੈਂਬਲੀ ਚੋਣਾਂ ਜਿਦਗੀ ਮੌਤ ਦੀ ਲੜਾਈ ਸਮਝ ਕੇ ਲੜ ਰਹੇ ਹਨ ਤਾਂ ਭਾਜਪਾ ਦਾ ਕੋਈ ਹੋਰ ਵਡਾ ਆਗੂ ਇਹਨਾਂ ਚੋਣਾਂ ਵਿਚ ਨਜਰ ਨਹੀਂ ਆਇਆ। ਅਮਿਤ ਸ਼ਾਹ ਦਾ ਬੰਗਾਲ ਵਿਚ ਜਾ ਕੇ ਇੰਦਰਾਂ ਗਾਂਧੀ ਦੀ ਤਰਜ ਉਤੇ ਇਹ ਕਹਿਣਾ ਕਿ ਜੇ ਭਾਜਪਾ ਚੋਣ ਹਾਰ ਗਈ ਤਾਂ ਦੇਸ ਦੀ ਸੁਰਖਿਆ ਖਤਰੇ ਵਿਚ ਪੈ ਜਾਏਗੀ, ਇਹ ਮੋਦੀਕਿਆਂ ਦੀ ਸ਼ਰੇਆਮ ਪ੍ਰਗਟ ਹੋ ਰਹੀ ਬੌਖਲਾਹਟ ਦੀ ਨਿਸ਼ਾਨੀ ਹੈ। ਜੇ ਮੋਦੀ ਦੇ ਬਦਲ ਵਜੋਂ ਨਿਤਿਨ ਗਡਕਰੀ ਦੇ ਪ੍ਰਧਾਨ ਮੰਤਰੀ ਦੀ ਮਾੜੀ ਜਿਹੀ ਕਿਸੇ ਅਖਬਾਰ ਵਿਚ ਖਬਰ ਛਪ ਗਈ ਤਾਂ ਤੀਜੇ ਦਿਨ ਹੀ ਉਸ ਦੀ ਕੁਰਪਸ਼ਨ ਦੀਆਂ ਖਬਰਾਂ ਅਖਬਾਰਾਂ ਵਿਚ ਛਪ ਗਈਆ। ਫਿਰ ਜਿਵੇ ਮੋਦੀ ਸ਼ਾਹ ਨੇ ਪਾਕਿਸਤਾਨ ਤੇ ਚੀਨ ਨੂੰ ਫੌਜੀ ਪਖੋਂ ਆਪਣੇ ਵਿਰੁਧ ਖੜਾ ਕਰ ਲਿਆ ਹੈ ਅਤੇ ਚੀਨ ਵਿਰੁਧ ਅਮਰੀਕਾ ਨਾਲ ਨਾਟੋ ਵਰਗੇ ਫੌਜੀ ਗਠਜੋੜ ਕਰਨ ਦੇ ਸੰਕੇਤ ਦੇ ਕੇ ਰੂਸ ਨੂੰ ਵੀ ਪਾਕਿਸਤਾਨ ਦੇ ਪਖ ਵਿਚ ਕਰ ਲਿਆ ਹੈ, ਇਸ ਨੇ ਡੀਪ ਸਟੇਟ ਨੂੰ ਵੀ ਫਿਕਰਮੰਦ ਕੀਤਾ ਹੈ। ਰੂਸੀ ਬਿਦੇਸ ਮੰਤਰੀ ਲਾਵਰੋਵ ਦੇ ਦਿਲੀ ਪਹੁੰਚਣ ਦੇ ਇਕ ਦਿਨ ਪਹਿਲਾਂ ਫਰਾਂਸ ਦੀ ਇਕ ਅਖਬਾਰ ਵਲੋਂ ਰਾਫੇਲ ਜਹਾਜਾਂ ਦੇ ਸੌਦੇ ਵਿਚ 11ਲਖ ਯੂਰੋ ਰਿਸ਼ਵਤ ਦੇਣ ਦੀ ਖਬਰ, ਮੋਦੀ ਦੀ ਰਾਜਸੀ ਪੜਤ ਨੂੰ ਦਾਅ ਉਤੇ ਲਾਉਣ ਦੀ ਤਿਆਰੀ ਹੈ। ਮੋਦੀ ਭਗਤ ਸ਼ੇਖਰ ਗੁਪਤੇ ਦੀ ਅਖਬਾਰ ‘ਦ ਪਰਿੰਟ’ ਵਿਚ ਰਾਹੁਲ ਗਾਂਧੀ ਨੂੰ ਤਰਲੇਨੁਮਾ ਭਾਸ਼ਾ ਵਿਚ ਨਸੀਹਤ ਦੇਣੀ ਕਿ ਉਸ ਨੂੰ ਬਾਹਰਲੇ ਲੋਕਾਂ ਕੋਲ ਦੇਸ ਦੀ ਬੇਇਜਤੀ ਨਹੀਂ ਕਰਨੀ ਚਾਹੀਦੀ, ਮੋਦੀਕਿਆਂ ਦੇ ਅੰਦਰਲੇ ਡਰ ਨੂੰ ਪ੍ਰਗਟ ਕਰ ਰਹੀ ਹੈ। ਰਾਹੁਲ ਗਾਂਧੀ ਨੇ ਉਸ ਨੂੰ ਮਿਲਣ ਆਏ ਅਮਰੀਕੀ ਪ੍ਰੋਫੈਸਰ ਨੂੰ ਸਿਰਫ ਏਨਾ ਹੀ ਕਿਹਾ ਸੀ ਕਿ ਜਦੋਂ ਮੋਦੀ ਨੇ ਚੋਣ ਕਮਿਸ਼ਨ ਤੇ ਸੁਪਰੀਮ ਕੋਰਟ ਸਮੇਤ ਸਾਰੇ ਜਮਹੂਰੀ ਅਦਾਰੇ ਹੀ ਅਗਵਾ ਕਰ ਲਏ ਹਨ ਤਾਂ ਕੀ ਜਮਹੂਰੀਅਤ ਪਸੰਦ ਅਮਰੀਕੀਆਂ ਨੂੰ ਇਹ ਨਜਰ ਨਹੀਂ ਆਉਂਦਾ?   

ਕਿਸਾਨ ਅੰਦੋਲਨ ਦੇ ਪੰਜਾਬ ਦੀ ਰਾਜਨੀਤੀ ਉਤੇ ਪੈਣ ਵਾਲੇ ਪ੍ਰਭਾਵ ਤੋਂ ਮੋਦੀਕੇ ਕਿੰਨੇ ਡਰੇ ਹੋਏ ਹਨ, ਇਸ ਦਾ ਅੰਦਾਜਾ ਇਸ ਗੱਲ ਤੋਂ ਹੀ ਲਾਇਆ ਜਾ ਸਕਦਾ ਹੈ, ਕਿ ਜਿਹੜੇ ਮੋਦੀਕੇ ਕਿਸਾਨ ਮੋਰਚੇ ਤੋਂ ਪਹਿਲਾਂ ਬਾਦਲਕਿਆਂ ਨੂੰ ਪੰਜਾਬ ਦੇ ਰਾਜਸੀ ਪਿੜ ਵਿਚੋਂ ਭਜਾ ਦੇਣਾ ਚਾਹੁੰਦੇ ਸਨ, ਹੁਣ ਉਸ ਨੂੰ ਇਕ ਵਾਰ ਫਿਰ ਪੰਜਾਬ ਦੇ ਰਾਜਸੀ ਪਿੜ ਵਿਚ ਤਾਕਤਵਰ  ਬਣਾਉਣ ਲਈ ਉਚੇਚੇ ਯਤਨ ਕਰ ਰਹੇ ਹਨ। ਦਿਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਹਾਈਕੋਰਟ ਦੀ ਦਖਲਅੰਦਾਜੀ ਰਾਹੀਂ ਬਾਦਲਕਿਆਂ ਨੂੰ ਅਲਾਟ ਹੋਇਆ ਬਾਲਟੀ ਚੋਣ ਨਿਸ਼ਾਨ ਮੋਦੀਕਿਆਂ ਦੀ ਮਰਜੀ ਬਗੈਰ ਨਹੀਂ ਸੀ ਮਿਲ ਸਕਦਾ। ਫਿਰ ਜਿਸ ਅਮਰਿੰਦਰ ਸਿੰਘ ਉਤੇ ਉਹ ਕਿਸਾਨ ਮੋਰਚੇ ਨੂੰ ਸ਼ਹਿ ਦੇਣ ਦਾ ਦੋਸ਼ ਲਾ ਕੇ, ਉਸ ਨਾਲ ਗੱਲ ਵੀ ਕਰਨ ਨੂੰ ਤਿਆਰ ਨਹੀਂ ਸਨ, ਹੁਣ ਉਸੇ ਅਮਰਿੰਦਰ ਸਿੰਘ ਨੂੰ ਇਕ ਵਾਰ ਫਿਰ ਮੁਖ ਮੰਤਰੀ ਬਣਾਉਣ ਨੂੰ ਤਿਆਰ ਹੋ ਗਏ ਹਨ, ਤਾਂ ਕਿ ਕਿਸਾਨ ਮੋਰਚੇ ਕਾਰਨ ਪੰਜਾਬ ਅੰਦਰ ਪੈਦਾ ਹੋਏ ਸਿਆਸੀ ਖਲਾਅ ਨੂੰ ਕਿਤੇ ਕੋਈ ਹੋਰ ਨਵੀਂ ਤਾਕਤ ਨਾ ਭਰ ਦੇਵੇ। ਸਿਖ ਕਿਸਾਨੀ ਦਾ ਧਿਆਨ ਮੋਰਚੇ ਤੋਂ ਲਾਂਭੇ ਕਰਨ ਲਈ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੀ ਤਿਆਰੀ ਵਿਢ ਦਿਤੀ ਗਈ ਹੈ। ਕਿਸਾਨ ਮੋਰਚੇ ਪ੍ਰਤੀ ਸਿਖ ਮਨਾਂ ਵਿਚ ਬਦਜਨੀ ਪੈਦਾ ਕਰਨ ਲਈ ਹਰੇਕ ਕਮੀਨਾ ਹੀਲਾ ਵਸੀਲਾ ਵਰਤੋਂ ਵਿਚ ਲਿਆਂਦਾ ਜਾ ਰਿਹਾ ਹੈ। ਇਸ ਹਾਲਤ ਵਿਚ ਕਿਸਾਨ ਅੰਦੋਲਨ ਦੀ ਆਗੂ ਟੀਮ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਪੰਜਾਬ ਦੇ ਲੋਕਾਂ ਦੇ ਨਾਲ ਨਾਲ ਦੇਸ ਭਰ ਦੇ ਲੋਕਾਂ ਨੂੰ ਇਹ ਜਾਣਕਾਰੀ ਦੇਵੇ ਕਿ ਮੋਦੀਕਿਆਂ ਦੀਆਂ ਕਾਰਪੋਰੇਟ ਪਖੀ ਨੀਤੀਆਂ ਨੇ ਅੱਜ ਦੇਸ ਦੇ ਲੋਕਾਂ ਨੂੰ ਤਬਾਹੀ ਅਤੇ ਭੁਖਮਰੀ ਦੇ ਕੰਡੇ ਉਤੇ ਲੈ ਆਂਦਾ ਹੈ। ਇਹਨਾਂ ਨੀਤੀਆਂ ਦਾ ਬਦਲ ਕਿਸਾਨ ਅੰਦੋਲਨ ਵਿਚ ਵਿਖਾਈ ਗਈ ਸਰਬਸਾਂਝੀਵਾਲਤਾ ਅਤੇ ਸਰਬਤ ਦੇ ਭਲੇ ਦੀ ਭਾਵਨਾ ਹੀ ਬਣ ਸਕਦੀ ਹੈ। ਇਸ ਲਾਲਚ ਭਰੀ ਤੇ ਪੈਸੇ ਦੀ ਹਾਬੜੀ ਕਮੀਨੀ ਕਾਰਪੋਰੇਟੀ ਦੁਨੀਆਂ ਵਿਚ ਸਿਰਫ ਸੰਗਤ ਪੰਗਤ ਲੰਗਰ ਤੇ ਕਾਰਸੇਵਾ ਦੇ ਸੰਕਲਪ ਹੀ ਮਨੁਖ ਜਾਤੀ ਦਾ ਕਾਇਆ ਕਲਪ ਕਰ ਸਕਦੇ ਹਨ।     

                          ਕਿਸਾਨ ਅੰਦੋਲਨ ਦੀ ਰਾਜਨੀਤੀ

ਅਜੋਕੀ ਦੁਨੀਆਂ ਵਿਚ ਰਾਜਨੀਤੀ ਅਤੇ ਅਰਥਚਾਰੇ ਦੇ ਆਪਸੀ ਰਿਸ਼ਤੇ ਤੋਂ ਨਿਰਲੇਪ ਰਹਿ ਕੇ ਕਿਸੇ ਵੀ ਵਰਤਾਰੇ ਨੂੰ ਸਮਝਿਆ ਨਹੀਂ ਜਾ ਸਕਦਾ। ਜਿਹੜੇ ਕਿਸਾਨ ਆਗੂ ਇਹ ਦਾਅਵਾ ਕਰਦੇ ਹਨ ਕਿ ਕਿਸਾਨ ਅੰਦੋਲਨ ਨੂੰ ਰਾਜਨੀਤੀ ਤੋਂ ਮੁਕਤ ਰਖਿਆ ਜਾਵੇ, ਉਹ ਮੋਰਚੇ ਨੂੰ ਖੁਦ ਕੁਰਾਹੇ ਪਾਉਣ ਅਤੇ ਮੋਰਚੇ ਵਿਚ ਆਈ ਖੜੋਤ ਦੇ ਦੋਸ਼ੀ ਹਨ। ਇਸ ਸਚਾਈ ਦਾ ਅਹਿਸਾਸ ਉਹ ਭਾਵੇਂ ਹੁਣ ਕਰ ਲੈਣ ਅਤੇ ਭਾਵੇਂ 2 ਮਈ ਤੋਂ ਬਾਅਦ ਕਰਨ। ਕਮਿਊਨਿਸਟ ਪਾਰਟੀ (ਮਾਓਵਾਦੀ) ਦੇ ਸਾਬਕਾ ਪੋਲਿਟ ਬਿਊਰੋ ਮੈਂਬਰ ਕੋਬਾਡ ਘਾਂਡੀ 10 ਸਾਲ ਦੀ ਲੰਬੀ ਨਜਰਬੰਦੀ ਅਤੇ ਅਦਾਲਤੀ ਕਾਰਵਾਈ ਤੋਂ ਬਾਅਦ ਜਮਾਨਤ ਉਤੇ ਰਿਹਾਅ ਹੋਏ ਹਨ। ਉਹਨਾਂ ਦੀ ਹੁਣੇ ਜਿਹੇ ਛਪ ਕੇ ਆਈ ਕਿਤਾਬ ‘ਅਧੂਰੀ ਆਜਾਦੀ : ਜੇਲ੍ਹ ਯਾਦਾਂ’ ਇਸ ਵੇਲੇ ਚਰਚਾ ਵਿਚ ਹੈ। ਰਾਜਸੀ ਤੇ ਸਮਾਜੀ ਤਬਦੀਲੀ ਦੇ ਅਮਲ ਵਿਚ 40 ਸਾਲ ਦਾ ਲੰਬਾ ਸਮਾ ਬਿਤਾਉਣ ਤੋਂ ਬਾਅਦ ਵੀ ਆਪਣੇ ਨਿਸ਼ਾਨੇ ਉਤੇ ਡਟੇ ਰਹਿਣ ਵਾਲੇ ਇਸ ਕਮਿਊਨਿਸਟ ਆਗੂ ਨਾਲ ਕਿਤਾਬ ਬਾਰੇ ਹੋਈ ਗਲਬਾਤ ਕਈ ਅੰਗਰੇਜੀ ਅਖਬਾਰਾਂ ਵਿਚ ਛਪੀ ਹੈ। ਉਹਨਾਂ ਦੇ ਇਕ ਕਥਨ ਅਨੁਸਾਰ, ‘‘ਭਾਰਤੀ ਮਾਰਕਸਵਾਦੀ ਭਿਆਨਕ ਹਦ ਤਕ ਕਟੜਵਾਦੀ ਹਨ। ਉਹ ਕਿਸੇ ਵੀ ਤਰ੍ਹਾਂ ਨਵੇਂ ਸੰਕਲਪਾਂ ਬਾਰੇ ਚਰਚਾ ਕਰਨ ਨੂੰ ਤਿਆਰ ਹੀ ਨਹੀਂ। ਨਾ ਹੀ ਉਹ ਇਹ ਹਕੀਕਤ ਮੰਨਣ ਲਈ ਤਿਆਰ ਹਨ ਕਿ ਆਲਮੀ ਪਧਰ ਉਤੇ ਕਮਿਊਨਿਸਟ ਲਹਿਰ ਨੂੰ ਗੰਭੀਰ ਪਛਾੜ ਮਿਲੀ ਹੈ। ਉਹਨਾਂ ਨੂੰ ਇਹ ਸੋਚਣਾ ਚਾਹੀਦਾ ਹੈ। ਅਜੋਕੀਆਂ ਸਮਾਜੀ ਅਤੇ ਆਰਥਿਕ ਹਾਲਤਾਂ ਏਨੀਆ ਵਹਿਸ਼ੀ ਹਨ ਪਰ ਇਸ ਦੇ ਬਾਵਜੂਦ ਲੋਕਾਂ ਕੋਲ ਕੋਈ ਬਦਲ ਨਹੀਂ। ਬੇਸ਼ਕ ਸਾਡੀ ਜਵਾਨੀ ਵੇਲੇ ਕਮਿਊਨਿਜਮ ਦਾ ਜਜਬਾ ਭਾਰੂ ਸੀ।’’ 

ਬਕੌਲ ਘਾਂਡੀ, ‘‘ਤਬਦੀਲੀ ਦੇ ਸਿਰਫ ਆਰਥਿਕ ਪਖਾਂ ਬਾਰੇ ਗੱਲ ਕਰਨੀ ਕਾਫੀ ਨਹੀਂ। ਕੁਝ ਸਮੇਂ ਬਾਅਦ ਰੁਤਬੇ ਦੀ ਤਾਕਤ ਅਤੇ ਹਉਮੈ ਵਰਗੇ ਵਿਕਾਰ ਲਹਿਰ ਵਿਚਲੇ ਲੋਕਾਂ ਨੂੰ ਪ੍ਰਭਾਵਿਤ ਕਰਨ ਲਗਦੇ ਹਨ। ਪਰ ਜੇ ਜਥੇਬੰਦਕ ਯੋਗਤਾ ਦੇ ਨਾਲ ਸਪਸ਼ਟ ਬਿਆਨੀ, ਸਾਦਗੀ ਅਤੇ ਇਮਾਨਦਾਰੀ ਵਰਗੀਆਂ ਕਦਰਾਂ-ਕੀਮਤਾਂ ਤੁਹਾਡੇ ਨਿਸ਼ਾਨੇ ਵਿਚ ਸਮੋਈਆ ਹੋਣ, ਤਾਂ ਹੀ ਤੁਸੀਂ ਇਹਨਾਂ ਪ੍ਰਭਾਵਾਂ ਦਾ ਟਾਕਰਾ ਕਰ ਸਕਦੇ ਹੋ। ਇਹ ਕਦਰਾਂ-ਕੀਮਤਾਂ ਕਿਸੇ ਕਮਿਊਨਿਸਟ ਕਾਰਕੁੰਨ ਲਈ ਨਿਹਾਇਤ ਜਰੂਰੀ ਹਨ। ਸਿਰਫ ਇਕੋ ਗੱਲ ਦੁਹਰਾਈ ਜਾਣੀ ਕਿ ‘ਸਮਾਜੀ ਹੋਂਦ ਬੰਦੇ ਦੀ ਚੇਤਨਾ ਦਾ ਫੈਸਲਾ ਕਰਦੀ ਹੈ’, ਇਸ ਅਸਲੀਅਤ ਨੂੰ ਧਿਆਨ ਵਿਚ ਨਹੀਂ ਰਖਦੀ ਕਿ ਲੋਕ ਸਿਰਫ ਨਵੀਂ ਵਿਚਾਰਧਾਰਾ ਨਾਲ ਹੀ ਨਹੀਂ ਬਦਲ ਜਾਂਦੇ, ਬਲਕਿ ਬਚਪਨ ਵਿਚ ਉਹਨਾਂ ਦੇ ਅਵਚੇਤਨ ਵਿਚ ਬਣੇ ਸੰਕਲਪ ਉਹਨਾਂ ਨੂੰ ਪ੍ਰਭਾਵਿਤ ਕਰਦੇ ਰਹਿੰਦੇ ਹਨ। ਸਮਾਜਵਾਦ ਸੁਤੇਸਿਧ ‘ਸਮਾਜਵਾਦੀ ਵਿਅਕਤੀ’ ਪੈਦਾ ਨਹੀਂ  ਕਰਦਾ। ਸਮਾਜਵਾਦੀ ਮਨੁਖ ਬਣਨ ਲਈ ਤੁਹਾਨੂੰ ਖੁਦ ਨਾਲ ਸੰਘਰਸ਼ ਕਰਨਾ ਪੈਂਦਾ ਹੈ।’’

ਕੋਬਾਡ ਘਾਂਡੀ ਨੇ ਇਸ ਸਚ ਦੀ ਵੀ ਸ਼ਨਾਖਤ ਕੀਤੀ ਹੈ, ਕਿ ‘‘ਅਸਲ ਵਿਚ 1980 ਵਿਆਂ ਵਿਚ ਕਾਂਗਰਸ ਨੇ ਖੁਦ ਹੀ ਹਿੰਦੁਤਵੀ ਕਾਰਡ ਖੇਡਣਾ ਆਰੰਭ ਕਰ ਦਿਤਾ ਸੀ। ਬਾਬਰੀ ਮਸਜਿਦ ਦੇ ਬੰਦ ਦਰਵਾਜੇ ਖੋਲ੍ਹਣਾ, ਸਿਖਾਂ ਦੀ ਮਾਰਮਰਾਈ, ਇੰਦਰਾਂ ਗਾਂਧੀ ਦੀ ਮੌਤ ਤੋਂ ਬਾਅਦ ਸਿਖਾਂ ਦੇ ਹੋਏ ਕਤਲ ਅਤੇ ਹੋਰ ਅਜਿਹਾ ਕਈ ਕੁਝ ਵਾਪਰਿਆ। ਅਸੀਂਵਿਆਂ ਵਿਚ ਹੀ ਨਵ-ਉਦਾਰਵਾਦੀ ਆਰਿਥਕਤਾ ਦਾ ਦੌਰ ਆਰੰਭ ਹੋਇਆ ਅਤੇ ਉਦੋਂ ਜਿਹੇ ਹੀ ਆਰੰਭ ਹੋਏ ਟੀ ਵੀ ਉਤੇ ਰਾਮਾ ਨੰਦ ਸਾਗਰ ਦੇ ਰਾਮਾਇਣ ਬਾਰੇ ਪ੍ਰੋਗਰਾਮ ਸ਼ੁਰੂ ਹੋਏ। ਇਸ ਸਾਰੇ ਕੁਝ ਨੇ ਆਉਣ ਵਾਲੇ ਸਮੇਂ ਲਈ ਮਾਹੌਲ ਤਿਆਰ ਕਰ ਦਿਤਾ ਸੀ। ਆਰਿਥਕ ਮਾਹਿਰ ਹੋਣ ਦੇ ਨਾਤੇ ਮੈਨੂੰ ਪ੍ਰਭਾਵ ਬਣਿਆ ਕਿ ਇਹ ਦੋਵੇਂ ਵਰਤਾਰੇ ਇਕ-ਦੂਜੇ ਨਾਲ ਸਬੰਧਤ ਸਨ।... ਦੇਸ ਨੂੰ ਦਰਪੇਸ਼ ਆਰਥਿਕ ਸੰਕਟ ਵਲੋਂ ਮਜਦੂਰਾਂ ਅਤੇ ਕਿਸਾਨਾਂ ਦਾ ਧਿਆਨ ਲਾਂਭੇ ਹਟਾਉਣ ਲਈ ਫਿਰਕੂ ਵੰਡ ਲਾਜਮੀ ਸੀ ਅਤੇ ਜੇ ਤੁਸੀਂ ਇਸ ਨੂੰ ਇਤਿਹਾਸਕ ਪ੍ਰਸੰਗ ਵਿਚ ਰਖ ਕੇ ਵੇਖੋ ਤਾਂ ਕਾਂਗਰਸ ਨੇ ਇਹ ਖੇਡ ਖੇਡਣ ਵਿਚ ਵਡਾ ਰੋਲ ਨਿਭਾਇਆ।’’ 

ਇਸ ਪ੍ਰਸੰਗ ਵਿਚ ਰਾਅ ਦੇ ਵਿਸ਼ੇਸ਼ ਸਕਤਰ ਸ੍ਰ. ਜੀ ਬੀ ਐਸ ਸਿਧੂ ਦੀ ਕਿਤਾਬ ‘ਖਾਲਿਸਤਾਨ ਇਕ ਸਾਜਿਸ਼’ ਵਿਚ ਪ੍ਰਗਟ  ਕੀਤੀ ਇਹ ਸਚਾਈ ਕਿਨੀ ਯਥਾਰਥ ਦੇ ਨੇੜੇ ਹੈ, ਕਿ ਇੰਦਰਾਂ ਗਾਂਧੀ 1981 ਤੋਂ ਹੀ ਖਾਲਿਸਤਾਨ ਦਾ ਬਿਰਤਾਂਤ ਘੜ ਕੇ ਐਮਰਜੈਂਸੀ ਵਿਰੁਧ ਲਾਏ ਗਏ ਮੋਰਚੇ ਦਾ ਸਿਖਾਂ ਨੂੰ ਸਬਕ ਸਿਖਾਉਣ ਲਈ ਮਨ ਬਣਾਈ ਬੈਠੀ ਸੀ। ਸਿਧੂ ਦੇ ਕਥਨ ਅਨੁਸਾਰ, ‘‘ਇਕ ਨਿਰੋਲ ਝੂਠ ਘੜ ਕੇ ਭਾਰਤ ਦੇ ਲੋਕਾਂ ਨੂੰ ਇਹ ਯਕੀਨ ਦਿਵਾਇਆ ਗਿਆ ਕਿ ਕੈਨੇਡਾ, ਅਮਰੀਕਾ ਅਤੇ ਇੰਗਲੈਂਡ ਵਿਚ ਰਹਿੰਦੇ ਪਰਦੇਸੀ ਸਿਖਾਂ ਦਾ ਵਡਾ ਹਿਸਾ ਖਾਲਿਸਤਾਨ ਪਖੀ ਭਾਵਨਾਵਾਂ ਰਖਦਾ ਹੈ।’’ 

ਤੇ ਮੋਦੀ ਸ਼ਾਹ ਸਰਕਾਰ ਇਹਨਾਂ ਹੀ ਲੋਕ ਮਾਰੂ ਨੀਤੀਆਂ ਦੀ ਨਿਰੰਤਰਤਾ ਹੈ। ਫਰਕ ਸਿਰਫ ਏਨਾ ਪਿਆ ਹੈ ਕਿ ਆਰਥਿਕ ਸੰਕਟ ਦਾ ਹੱਲ ਪਹਿਲਾਂ ਸਿਰਫ ਕਰੋੜਾਂ ਗਰੀਬ ਮਜਦੂਰਾਂ ਦੀ ਬੇਰਹਿਮ ਆਰਥਿਕ ਲੁਟ ਕਰਨ ਤਕ ਸੀਮਤ ਸੀ, ਪਰ ਦੇਸ ਨੂੰ ਦਰਪੇਸ਼ ਅਜੋਕੇ ਆਰਥਿਕ ਸੰਕਟ ਦੇ ਹਲ ਲਈ ਸਮੁਚੇ ਮਧ ਵਰਗ ਦੇ ਨਾਲ ਨਾਲ ਕਿਸਾਨੀ ਵੀ ਇਸ ਵਹਿਸ਼ੀ ਲੁਟ ਦੇ ਕਲਾਵੇ ਵਿਚ ਆ ਗਈ ਹੈ। ਹੁਣ ਕੁਝ ਗਿਣਤੀ ਦੇ ਕਾਰਪੋਰੇਟ ਘਰਾਣਿਆਂ ਨੂੰ ਛਡ ਕੇ ਬਾਕੀ ਸਾਰੀ ਲੁਕਾਈ ਹੀ ਇਸ ਅੰਨ੍ਹੀ ਲੁਟ ਦਾ ਸ਼ਿਕਾਰ ਹੈ। ਇਸ ਪ੍ਰਸੰਗ ਵਿਚ ਹੀ ਕਿਸਾਨ ਅੰਦੋਲਨ ਨੂੰ ਦੇਸ ਭਰ ਵਿਚੋਂ ਮਿਲਿਆ ਹੁੰਗਾਰਾ ਸਮਝ ਵਿਚ ਆਉਂਦਾ ਹੈ। ਜਿਸ ਢੰਗ ਨਾਲਂ ਬੰਗਾਲ ਅਤੇ ਆਸਾਮ ਦੀਆਂ ਚੋਣਾਂ ਲੜੀਆ ਜਾ ਰਹੀਆ ਹਨ ਅਤੇ ਜਿਵੇਂ ਪੰਜਾਬ ਅਤੇ ਹਰਿਆਣੇ ਵਿਚ ਕਣਕ ਦੀ ਖਰੀਦ ਵਿਚ ਜਾਣ ਬੁਝ ਕੇ ਰੁਕਾਵਟਾਂ ਪੈਦਾ ਕੀਤੀਆ ਜਾ ਰਹੀਆ ਹਨ, ਇਸ ਤੋਂ ਸਪਸ਼ਟ ਹੈ ਕਿ ਦੇਸ ਨੂੰ ਇਕ ਵਡੀ ਅਨਾਰਕੀ ਵਲ ਧਕਿਆ ਜਾ ਰਿਹਾ ਹੈ। ਇਕ ਪਾਸੇ ਕੁਲ ਲੁਕਾਈ ਹੈ ਅਤੇ ਦੂਜੇ ਪਾਸੇ ਕੁਝ ਕਾਰਪੋਰੇਟ ਘਰਾਣੇ ਤੇ ਉਹਨਾਂ ਦੀ ਪਿਠ ਪਿਛੇ ਖੜੀ ਮੋਦੀ ਸਰਕਾਰ ਹੈ। ਕਿਸਾਨ ਅੰਦੋਲਨ ਬਾਰੇ  ਕੋਬਾਡ ਘਾਂਡੀ ਦੀ ਟਿਪਣੀ  ਹੈ, ‘‘ਕਿਸਾਨਾਂ ਵਲ ਵੇਖੋ, ਲਖਾਂ ਕਿਸਾਨ ਇਸ ਸੰਘਰਸ਼ ਵਿਚ ਹਿਸਾ ਲੈ ਰਹੇ ਹਨ। ਪਰ ਹੁਣ ਤਕ ਕੋਈ ਵੀ ਰਾਜਸੀ ਮੰਚ ਐਸਾ ਨਹੀਂ, ਜਿਹੜਾ ਇਸ ਸੰਘਰਸ਼ ਨੂੰ ਠੀਕ ਦਿਸ਼ਾ ਦੇ ਸਕੇ। ਕਿਸਾਨ ਆਗੂ ਬਹੁਤੀਆਂ ਟਰੇਡ ਯੂਨੀਅਨਾਂ ਵਾਂਗ ਆਪਣੇ ਰਾਜਸੀ ਨਾ ਹੋਣ ਉਤੇ ਮਾਣ ਮਹਿਸੂਸ ਕਰਦੇ ਹਨ, ਜਿਵੇਂ ਕਿ ਸਾਡੇ ਸਮਿਆਂ ਵਿਚ ਵੀ ਟਰੇਡ ਯੂਨੀਅਨ ਲਹਿਰਾਂ ਕਰਿਆ ਕਰਦੀਆ ਸਨ। ਪਰ ਮੈਂ ਮਹਿਸੂਸ ਕਰਦਾ ਹਾਂ ਕਿ ਜਿਨਾ ਚਿਰ ਕੋਈ ਰਾਜਸੀ ਮੰਚ ਨਹੀਂ  ਬਣਦਾ, ਇਹ ਸਾਰਾ ਕੁਝ ਅਜਾਂਈ ਜਾਏਗਾ। ਮੈਂ ਆਪਣੇ  ਸਮੇ ਵਿਚ ਬਹੁਤ ਸਾਰੀਆਂ ਜਨਤਕ ਲਹਿਰਾਂ ਨਾਲ ਅਜਿਹਾ ਕੁਝ ਵਾਪਰਦਾ ਵੇਖਿਆ ਹੈ। ਇਹੀ ਉਹ ਗਲਤੀ ਹੈ, ਜਿਹੜੀ ਚੋਣਾਂ ਦਾ ਬਾਈਕਾਟ ਕਰ ਕੇ ਨਕਸਲੀਆਂ ਨੇ ਕੀਤੀ ਹੈ। ਬਾਈਕਾਟ ਸਿਰਫ ਚੋਣਾਂ ਲੜ ਰਹੀਆ ਧਿਰਾਂ ਵਿਚਲੀ ਸਭ ਤੋਂ ਵਧੇਰੇ ਪਿਛਾਂਹ ਖਿਚੂ ਧਿਰ ਨੂੰ ਹੀ ਲਾਭ ਪਹੁੰਚਾਉਂਦਾ ਹੈ।’’

 

   ਗੁਰਬਚਨ ਸਿੰਘ