ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਕਾਰਨ

ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਕਾਰਨ

ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ 'ਤੇ ਬਿਠਾਉਣ, ਸਿਰ ਉਪਰ ਰੇਤ ਪਾਉਣ

ਗੁਰੂ ਨਾਨਕ ਪਾਤਸ਼ਾਹ ਨੇ ਹਿੰਦੁਸਤਾਨ ਦੀ ਧਰਤੀ 'ਤੇ ੴ ਦਾ ਦੈਵੀ ਨਾਦ ਗੁੰਜਾ ਕੇ ਇੱਥੋਂ ਦੀ ਦੱਬੀ-ਕੁਚਲੀ ਲੋਕਾਈ ਨੂੰ ਇਹ ਅਹਿਸਾਸ ਕਰਾਇਆ ਕਿ ਕੁੱਲ ਕਾਇਨਾਤ ਉਸ ਅਕਾਲ ਪੁਰਖ ਦੀ ਸੰਤਾਨ ਹੈ। ਭਾਰਤੀ ਭੂ-ਮੰਡਲ ਤੇ ਅਕਾਲ ਪੁਰਖ ਇਕ ਅਤੇ ਉਸ ਦੀ ਸਿਰਜੀ ਕਿਰਤ ਵੀ ਇਕ ਦਾ, ਅਜਿਹਾ ਨਵਾਂ ਤੇ ਨਿਵੇਕਲਾ ਪਾਠ ਪੜ੍ਹਾਇਆ । ਗੁਰੂ ਨਾਨਕ ਉਨ੍ਹਾਂ ਦੀ ਮੁਕਤੀ ਦਾ ਰਹਿਬਰ ਸੀ। ਦੂਰ-ਦਰਾਜ ਤੋਂ ਸੈਂਕੜਿਆਂ ਦੀ ਗਿਣਤੀ ਵਿਚ ਲੋਕ ਗੁਰੂ ਸਾਹਿਬ ਦੇ ਦੈਵੀ ਝੰਡੇ ਥੱਲੇ ਇਕੱਤਰ ਹੋਣ ਲੱਗੇ। ਗੁਰੂ ਨਾਨਕ ਪਾਤਸ਼ਾਹ ਨੇ ਸ਼ੋਸ਼ਨਕਾਰੀਆਂ ਦੀ ਧੱਕੇਸ਼ਾਹੀ ਵਿਰੁੱਧ ਪਾਠ ਪੜ੍ਹਾਉਣ ਲਈ ਪੂਰੀ ਦੁਨੀਆਂ ਦਾ ਭਰਮਣ ਕੀਤਾ। ਬਰਾਬਰੀ, ਮਨੁੱਖੀ ਸਨਮਾਨ, ਸੁਤੰਤਰਤਾ ਅਤੇ ਭਾਈਚਾਰੇ ਦੇ ਅਜਿਹੇ ਪੂਰਨੇ ਪਾਏ ਕਿ ਉਹ ਦਮਨਕਾਰੀਆਂ ਵਿਰੁੱਧ ਗੁਰਮਤਿ ਦੇ ਝੰਡੇ ਹੇਠ ਲਾਮਬੰਦ ਹੋਣ ਲੱਗੇ। ਇਨ੍ਹਾਂ ਪੂਰਨਿਆਂ ਨੂੰ ਬਾਕੀ ਗੁਰੂ ਸਾਹਿਬਾਨ ਨੇ ਅਮਲ ਵਿਚ ਤਬਦੀਲ ਕਰਦਿਆਂ ਸਿਰਲੱਥ ਸੂਰਮਿਆਂ ਦੀ ਇਕ ਅਜਿਹੀ ਕੌਮੀਅਤ ਤਿਆਰ ਕਰ ਦਿੱਤੀ ਜੋ 'ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ' ਦੇ ਸੰਕਲਪ ਨਾਲ ਸਰਸ਼ਾਰ ਹੋਈ ਪਈ ਸੀ। ਗੁਰੂ ਨਾਨਕ ਪਾਤਸ਼ਾਹ ਦੇ ਘਰ ਨਾ ਹਿੰਦੂ- ਮੁਸਲਮਾਨ ਦਾ ਫਰਕ ਸੀ, ਨਾ ਹੀ ਊਚ ਨੀਚ ਅਤੇ ਔਰਤ-ਮਰਦ ਦਾ। ਗੁਰੂ ਨਾਨਕ ਸਾਹਿਬ ਦਾ ਸੰਗੀ-ਸਾਥੀ ਭਾਈ ਮਰਦਾਨਾ, ਜੋ ਗੁਰੂ ਸਾਹਿਬ ਨਾਲ ਅੰਤਮ ਸੁਆਸ ਤਕ ਨਿਭਿਆ, ਮੁਸਲਮਾਨ ਸੀ ਅਤੇ ਭਾਈ ਲਾਲੋ ਤਰਖਾਣ ਜਾਤ ਦਾ ਸੀ। ਗੁਰੂ ਨਾਨਕ ਪਾਤਸ਼ਾਹ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਆਪਣੇ ਅਨਿੰਨ ਸਿੱਖ ਭਾਈ ਲਹਿਣੇ ਨੂੰ ਗੁਰੂ ਅੰਗਦ ਵਜੋਂ ਗੁਰ ਗੱਦੀ ਤੇ ਸੁਸ਼ੋਭਿਤ ਕਰ ਇਕ ਨਿਵੇਕਲਾ ਪ੍ਰਸੰਗ ਸਥਾਪਿਤ ਕਰ ਇਹ ਵੀ ਅਹਿਸਾਸ ਕਰਵਾ ਦਿੱਤਾ ਸੀ ਕਿ ਨਾਨਕ ਘਰ ਵਿਚ ਯੋਗਤਾ ਆਧਾਰ ਹੈ ਜਨਮ ਨਹੀਂ। ਗੁਰੂ ਅੰਗਦ ਪਾਤਸ਼ਾਹ ਨੇ ਗੁਰਗੱਦੀ 'ਤੇ ਬੈਠਦੇ ਹੀ, ਗੁਰੂ ਨਾਨਕ ਪਾਤਸ਼ਾਹ ਵੱਲੋਂ ਦਿੱਤੇ ਸਿਧਾਂਤਾਂ ਨੂੰ ਅਮਲ ਵਿਚ ਢਾਲਣ ਦਾ ਕਾਰਜ ਜਾਰੀ ਰੱਖਿਆ ਤੇ ਸਭ ਤੋਂ ਪਹਿਲਾਂ ਆਪਣੀ ਪਤਨੀ ਮਾਤਾ ਖੀਵੀ ਜੀ ਨੂੰ ਲੰਗਰ ਦੀ ਮੁਖੀ ਸਥਾਪਿਤ ਕਰ ਦਿੱਤਾ ਸੀ। ਔਰਤ ਦੇ ਇਸ ਸਥਾਨ ਦੀ ਉਸ ਵੇਲੇ ਦੇ ਸਮਿਆਂ ਵਿਚ ਕਿਆਸ ਕਰਨਾ ਵੀ ਮੁਸ਼ਕਲ ਸੀ। ਗੁਰਮੁਖੀ ਲਿੱਪੀ ਵਿਚ ਸੁਧਾਰ ਕਰ ਸਿੱਖਾਂ ਦੀ ਆਪਣੀ ਲਿੱਪੀ ਸਥਾਪਿਤ ਕਰ ਦਿੱਤੀ ਅਤੇ ਹੁੰਮਾਯੂ ਦੇ ਹਉਮੈਂ ਨੂੰ ਤੋੜ ਕੇ ਇਹ ਸਥਾਪਿਤ ਕਰ ਦਿੱਤਾ ਕਿ ਗੁਰੂ ਘਰ ਵਿਚ ਅਕਾਲ ਪੁਰਖ ਦੇ ਭੈਅ ਨੂੰ ਨਮੋਂ ਹੈ ਪਰ ਤਖ਼ਤ ਦੇ ਭੈਅ ਨੂੰ ਕਬੂਲ ਕਰਨ ਦਾ ਕੋਈ ਸਥਾਨ ਹੀ ਨਹੀਂ ਹੈ। ਅਮਰਦਾਸ ਨਾਨਕ ਘਰ ਦੀ ਨਿਰਖਾਂ-ਪਰਖਾਂ ਵਿਚ ਪਾਸ ਹੋਏ ਅਤੇ ਤੀਸਰੇ ਗੁਰੂ ਪਾਤਸ਼ਾਹ ਵਜੋਂ ਗੁਰਗੱਦੀ 'ਤੇ ਸੁਸ਼ੋਭਿਤ ਹੋਏ। ਗੁਰਗੱਦੀ 'ਤੇ ਬੈਠਦੇ ਹੀ ਉਨ੍ਹਾਂ ਨੇ ਮਹਿਸੂਸ ਕਰ ਲਿਆ ਸੀ ਕਿ ਆਉਣ ਵਾਲਾ ਸਮਾਂ ਵੰਗਾਰਾਂ ਭਰਿਆ ਹੋਇਆ ਹੈ। ਇਨ੍ਹਾਂ ਵੰਗਾਰਾਂ ਦਾ ਟਾਕਰਾ ਕਰਨ ਲਈ ਭਾਰਤੀ ਮਾਨਸਿਕਤਾ ਦੇ ਅੰਦਰ ਪਏ ਡਰ ਨੂੰ ਦੂਰ ਕਰ ਸੂਰਬੀਰ ਮਾਨਸਿਕਤਾ ਨੂੰ ਉਜਾਗਰ ਕਰਨਾ ਹੈ। ਇਸ ਵਾਸਤੇ ਸਭ ਤੋਂ ਪਹਿਲਾਂ ਉਨ੍ਹਾਂ ਨੇ ਸਿੱਖ ਧਰਮ ਦੇ ਪ੍ਰਚਾਰ ਹਿਤ ਬਾਈ ਮੰਜੀਆਂ ਦੀ ਸਥਾਪਤੀ ਕਰ ਦਿੱਤੀ ਤਾਂ ਕਿ 'ਪਤ ਸੇਤੀ' ਜ਼ਿੰਦਗੀ ਜਿਊਣ ਵਾਲਿਆਂ ਨੂੰ ਤਿਆਰ ਕੀਤਾ ਜਾਵੇ। ਦੂਸਰਾ ਮੰਜੀਆਂ ਦੀ ਗਿਣਤੀ ਮੁਗਲੀਆ ਹਕੂਮਤ ਦੇ ਬਾਈ ਸੂਬਿਆਂ ਦੀ ਗਿਣਤੀ ਦੇ ਬਰਾਬਰ ਰੱਖ ਕੇ ਡਰੀ ਹੋਈ ਲੋਕਾਈ ਨੂੰ ਅਹਿਸਾਸ ਕਰਾਇਆ ਕਿ ਇਨ੍ਹਾਂ ਸੂਬਿਆਂ ਦਾ ਭੈਅ ਮਨ ਵਿਚੋਂ ਕੱਢ ਦਿੱਤਾ ਜਾਵੇ। ਇਨ੍ਹਾਂ ਮੰਜੀਆਂ ਨੂੰ ਉਨ੍ਹਾਂ ਨੇ ਸੂਬਿਆਂ ਦਾ ਨਾਂ ਵੀ ਦਿੱਤਾ। ਇਨ੍ਹਾਂ ਮੰਜੀਆਂ ਉਪਰੰਤ ਬਵੰਜਾ ਪੀੜਿਆਂ ਦੀ ਸਥਾਪਤੀ ਕੀਤੀ ਇਹ ਗਿਣਤੀ ਵੀ ਅਚੰਭੇ ਵਾਲੀ ਸੀ ਕਿਉਂਕਿ ਅਕਬਰ ਦੇ ਸੁਰੱਖਿਆ ਅਮਲੇ ਦੀ ਗਿਣਤੀ ਵੀ ਬਵੰਜਾ ਹੀ ਸੀ। ਇਸ ਤੋਂ ਉਪਰੰਤ ਗੁਰੂ ਪਾਤਸ਼ਾਹ ਦੇ ਦੀਦਾਰ ਕਰਨ ਤੋਂ ਪਹਿਲਾਂ ਲੰਗਰ ਛਕਣਾ ਲਾਜ਼ਮੀ ਕਰਾਰ ਦੇ ਕੇ ਮਨੁੱਖੀ ਹਕੂਕ ਦੀ ਬਰਾਬਰੀ ਦਾ ਨਵਾਂ ਥੰਮ੍ਹ ਖੜ੍ਹਾ ਕਰ ਦਿੱਤਾ ਸੀ। ਇਤਿਹਾਸ ਗਵਾਹ ਹੈ ਕਿ ਅਕਬਰ ਵੀ ਗੁਰ ਪਾਤਸ਼ਾਹ ਦੇ ਦਰਸ਼ਨ ਸੰਗਤ ਵਿਚ ਲੰਗਰ ਛਕਣ ਉਪਰੰਤ ਹੀ ਕਰ ਸਕਿਆ ਸੀ, ਤੀਜੇ ਪਾਤਸ਼ਾਹ ਤੋਂ ਬਾਅਦ ਚੌਥੇ ਨਾਨਕ ਵਜੋਂ ਗੁਰੂ ਰਾਮਦਾਸ ਜੀ ਗੁਰਗੱਦੀ 'ਤੇ ਸੁਸ਼ੋਭਿਤ ਹੋਏ। ਉਨ੍ਹਾਂ ਦੁਆਰਾ ਅੰਮ੍ਰਿਤਸਰ ਅਤੇ ਸੰਤੋਖਸਰ ਸਰੋਵਰਾਂ ਦੀ ਉਸਾਰੀ ਕਰ ਕਿਸੇ ਵੱਡੇ ਕੇਂਦਰੀ ਅਸਥਾਨ ਵਲ ਇਸ਼ਾਰਾ ਕਰ ਦਿੱਤਾ ਸੀ ਜਿਸ ਨੇ ਆਉਣ ਵਾਲੇ ਸਮੇਂ ਵਿਚ ਸਿੱਖਾਂ ਦੇ ਮੱਕੇ ਵਜੋਂ ਸਥਾਨ ਗ੍ਰਹਿਣ ਕਰਨਾ ਸੀ। ਸਿੱਖ ਧਰਮ ਦਾ ਇਹ ਪ੍ਰਚਾਰ ਤੇ ਪਸਾਰ ਹਕੂਮਤ ਅਤੇ ਹੋਰ ਵਿਰੋਧੀਆਂ ਦੇ ਅੰਦਰ ਡਰ ਦੀ ਭਾਵਨਾ ਪੈਦਾ ਕਰ ਰਿਹਾ ਸੀ। ਇਹ ਡਰ ਉਨ੍ਹਾਂ ਨੂੰ ਸਿੱਖ ਧਰਮ ਵਿਰੁੱਧ ਲਾਮਬੰਦ ਕਰ ਰਿਹਾ ਸੀ ਅਤੇ ਇਸੇ ਲਾਮਬੰਦੀ ਵਿਚੋਂ ਹੀ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਸਾਹਮਣੇ ਆਈ।  ਗੁਰੂ ਰਾਮਦਾਸ ਜੀ ਦੀਆਂ ਨਿਰਖਾਂ-ਪਰਖਾਂ ਵਿਚ ਅਰਜਨ ਦੇਵ ਪੂਰੇ ਉਤਰੇ। ਇਸ ਲਈ ਚੌਥੇ ਪਾਤਸ਼ਾਹ ਨੇ ਪਰੰਪਰਕ ਢੰਗ ਨਾਲ ਉਨ੍ਹਾਂ ਨੂੰ ਪੰਜਵੇਂ ਨਾਨਕ ਵਜੋਂ ਸਥਾਪਿਤ ਕਰ ਦਿੱਤਾ। ਗੁਰੂ ਅਰਜਨ ਦੇਵ ਜੀ ਨੇ ਗੁਰ ਗੱਦੀ 'ਤੇ ਬੈਠਦੇ ਹੀ ਸਿੱਖ ਧਰਮ ਦੇ ਪ੍ਰਚਾਰ ਪਸਾਰ ਨੂੰ ਨਾਨਕ ਸਿਧਾਂਤ ਅਨੁਸਾਰ ਅੱਗੇ ਚਲਾਇਆ। ਉਨ੍ਹਾਂ ਨੇ ਸਭ ਤੋਂ ਪਹਿਲਾਂ 1589 ਈ. ਨੂੰ ਗੁਰੂ ਪਿਤਾ ਰਾਮਦਾਸ ਜੀ ਵੱਲੋਂ ਤਿਆਰ ਕੀਤੇ ਅੰਮ੍ਰਿਤ-ਸਰੋਵਰ ਦੇ ਐਨ ਵਿਚਕਾਰ ਹਰਿਮੰਦਰ ਦੀ ਸਥਾਪਨਾ ਕੀਤੀ ਅਤੇ ਪਵਿੱਤਰ ਹਰਿਮੰਦਰ ਦੀ ਨੀਂਹ ਸਾਈਂ ਮੀਆਂ ਮੀਰ ਕੋਲੋਂ ਰਖਵਾਈ। ਸਾਈਂ ਮੀਆਂ ਮੀਰ ਗੁਰੂ ਅਰਜਨ ਪਾਤਸ਼ਾਹ ਦੇ ਬਹੁਤ ਪ੍ਰਸ਼ੰਸਕ ਸਨ ਅਤੇ ਪ੍ਰਸਿੱਧ ਸੂਫੀ ਸਿਲਸਿਲੇ ਕਾਦਰੀ ਦੇ ਮੁਖੀ ਵੀ ਸਨ। ਗੁਰੂ ਸਾਹਿਬ ਦਾ ਇਹ ਕਦਮ ਜਿੱਥੇ ਧਰਮ ਦੇ ਨਾਮ 'ਤੇ ਧਾਰਮਿਕ ਅਸਥਾਨਾਂ ਦੁਆਲੇ ਲਗਾਈਆਂ ਧਾਰਮਿਕ ਕੱਟੜਤਾ ਦੀਆਂ ਵਲਗਣਾਂ ਨੂੰ ਤੋੜਨ ਵਾਲਾ ਸੀ, ਉਥੇ ਸਦੀਆਂ ਤੋਂ ਹਿੰਦੂ ਧਰਮ ਦੇ ਵਰਣ-ਆਸ਼ਰਮ ਦੁਆਰਾ ਕੀਤੀ ਜਾਂਦੀ ਮਨੁੱਖਤਾ ਦੀ ਲੁੱਟ ਵਿਰੁੱਧ ਵੰਗਾਰ ਵੀ ਸੀ। ਹਰਿਮੰਦਰ ਦੇ ਚਾਰੇ ਪਾਸੇ ਦਰਵਾਜ਼ੇ ਇਸ ਗੱਲ ਦੇ ਸੂਚਕ ਸਨ ਕਿ ਏਥੇ ਬਿਨਾਂ ਰੰਗ-ਜਾਤ ਭੇਦ ਤੋਂ ਸਭ ਨੂੰ ਗਲੇ ਲਗਾਇਆ ਜਾਵੇਗਾ। ਸਿੱਟੇ ਵਜੋਂ ਆਮ ਭਾਰਤੀ ਪੀੜਤ ਜਨਤਾ ਨੂੰ ਪਹਿਲੀ ਵਾਰ ਇਹ ਅਹਿਸਾਸ ਜਾਗਿਆ ਕਿ ਉਹ ਮਨੁੱਖ ਹੋਣ ਦੇ ਨਾਤੇ ਧਾਰਮਿਕ ਅਸਥਾਨ 'ਤੇ ਵੀ ਜਾ ਸਕਦੇ ਹਨ ਅਤੇ ਪਰਮੇਸ਼ਵਰ ਦਾ ਨਾਮ ਜਪਣ ਦੇ ਅਧਿਕਾਰੀ ਵੀ ਹਨ ਕਿਉਂਕਿ ਭਾਰਤੀ ਧਰਮ ਪ੍ਰਪੰਰਾ ਨੇ ਹੇਠਲੇ ਵਰਣਾਂ ਦੇ ਲੋਕਾਂ ਨੂੰ ਇਸ ਅਧਿਕਾਰ ਤੋਂ ਸੱਖਣਾ ਹੀ ਨਹੀਂ ਸੀ ਰੱਖਿਆ, ਸਗੋਂ ਰਬ ਦਾ ਨਾਮ ਜਪਣ ਦੀ ਕੁਤਾਹੀ ਕਰਨ ਜਾਂ ਧਰਮ ਗ੍ਰੰਥ ਦੇ ਦਰਸ਼ਨ ਕਰਨ 'ਤੇ ਸਖ਼ਤ ਸਜ਼ਾਵਾਂ ਦਾ ਭਾਗੀ ਵੀ ਬਣਾ ਦਿੱਤਾ ਸੀ। ਅੰਮ੍ਰਿਤਸਰ ਦੀ ਸਿੱਖ ਧਾਰਮਿਕ ਕੇਂਦਰ ਵਜੋਂ ਸਥਾਪਨਾ ਨਾਲ ਸਿੱਖਾਂ ਨੂੰ ਖਾਸ ਕਰਕੇ ਅਤੇ ਪੰਜਾਬੀਆਂ ਨੂੰ ਆਮ ਕਰਕੇ ਸਾਂਝਾ ਕੇਂਦਰੀ ਸਥਾਨ ਪ੍ਰਾਪਤ ਹੋ ਗਿਆ। ਆਦਿ ਗ੍ਰੰਥ ਦੀ ਸੰਪਾਦਨਾ ਵੇਲੇ ਧਿਆਨ ਵਿਚ ਰੱਖੇ ਪੈਮਾਨੇ ਨੇ ਉਸ ਵੇਲੇ ਦੇ ਨਸਲ ਭੇਦ ਵਿਚ ਉਲਝੇ ਸਮਾਜ ਲਈ ਜਿਥੇ ਇੱਕ ਚੁਣੌਤੀ ਖੜੀ ਕਰ ਦਿੱਤੀ ਸੀ, ਉਥੇ ਸਰਬੱਤ ਦੇ ਭਲੇ ਦਾ ਅਨੋਖਾ ਅਤੇ ਨਿਵੇਕਲਾ ਅਧਿਆਤਮਕ ਮਾਡਲ ਵੀ ਸਾਹਮਣੇ ਲੈ ਆਂਦਾ ਸੀ। ਨਤੀਜੇ ਵਜੋਂ ਸਿੱਖ ਧਰਮ ਲੋਕ-ਮਾਨਸਿਕਤਾ ਵਿਚ ਇਸ ਤਰ੍ਹਾਂ ਉਤਰਿਆ ਕਿ ਹੌਲੀ-ਹੌਲੀ ਸਿੱਖ ਧਰਮ ਇਕ ਲੋਕ ਲਹਿਰ ਬਣ ਗਿਆ। ਲੋਕ ਲਹਿਰ ਦੇ ਨਾਇਕ ਬਾਗ਼ੀ ਰੂਪ ਵਜੋਂ ਮਾਨਤਾ ਪ੍ਰਾਪਤ ਕਰ ਲੈਂਦੇ ਹਨ।

ਇਸੇ ਵਿਚੋਂ ਸ਼ਹਾਦਤ ਦੇ ਸੋਮੇ ਫੁੱਟਣੇ ਸੁਭਾਵਿਕ ਗੱਲ ਬਣ ਜਾਂਦੀ ਹੈ। ਗੁਰੂ ਅਰਜਨ ਦੇਵ ਜੀ ਦੋਵੇਂ ਵੱਡੇ ਭਰਾਵਾਂ ਪ੍ਰਿਥੀ ਚੰਦ ਅਤੇ ਮਹਾਂਦੇਵ ਜੀ ਨੂੰ ਬੇਹੱਦ ਪਿਆਰ ਅਤੇ ਸਤਿਕਾਰ ਦਿੰਦੇ ਸਨ, ਪਰ ਉਹ ਦੋਵੇਂ  ਸਤਿਕਾਰ ਨੂੰ ਅੱਖੋਂ ਓਹਲੇ ਕਰ ਇਨ੍ਹਾਂ ਪ੍ਰਤੀ ਨਫ਼ਰਤ ਦਾ ਪ੍ਰਗਟਾਅ ਕਰਦੇ ਰਹਿੰਦੇ। ਪ੍ਰਿਥੀ ਚੰਦ ਅੰਦਰੋਂ ਲੋਭ-ਲਾਲਚ ਵਿਚ ਗ੍ਰਸਿਆ ਹੋਇਆ ਸੀ।  ਉਹ  ਚੌਥੇ ਗੁਰੂ ਪਾਤਸ਼ਾਹ ਦਾ ਵੱਡਾ ਪੁੱਤਰ ਹੋਣ ਦੀ ਹਉਮੈ ਨੂੰ ਪਾਲੀ ਬੈਠਾ ਸੀ। ਗੁਰ ਗੱਦੀ ਗੁਰੂ ਅਰਜਨ ਦੇਵ ਜੀ ਨੂੰ ਮਿਲਣ 'ਤੇ ਉਸ  ਈਰਖਾ ਦੀ ਅਗਨੀ ਹੋਰ ਵਧੀ ਜਦੋਂ ਗੁਰੂ ਰਾਮਦਾਸ ਜੀ ਦੇ ਭੋਗ 'ਤੇ ਬਾਬਾ ਸ੍ਰੀ ਚੰਦ ਵੱਲੋਂ ਦੋ ਪੱਗਾਂ ਭੇਜੀਆਂ। ਇਸ ਗੱਲ ਦਾ ਪ੍ਰਗਟਾ ਬੰਸਾਵਲੀ ਨਾਮੇ ਵਿਚ ਇਸ ਤਰ੍ਹਾਂ ਕੀਤਾ ਹੋਇਆ ਹੈ: ਸਿਰੀ ਚੰਦ ਸਾਹਿਬ ਜੀ ਪੱਗ ਭਿਜਵਾਈ ਇਕ ਪ੍ਰਿਥੀ ਨੂੰ, ਇਕ ਅਰਜਨ ਨੂੰ ਆਈ ਮਰਨੇ ਕੀ ਪੱਗ ਪ੍ਰਿਥੀਏ ਬੱਧੀ, ਗੁਰਿਆਈ ਪੱਗ ਗੁਰੂ ਅਰਜਨ ਬੱਧੀ। ਪ੍ਰਿਥੀ ਚੰਦ ਨੇ ਗੁਰ ਗੱਦੀ ਹਾਸਲ ਕਰਨ ਲਈ ਹਰ ਤਰੀਕਾ ਵਰਤਿਆ ਮਸੰਦਾਂ, ਗੁਰੂਆਂ ਦੋਖੀਆਂ ਤੇ ਰਾਜ ਦੇ ਕਰਮਚਾਰੀਆਂ ਨੂੰ ਲਾਲਚ ਦੇ ਕੇ ਆਪਣੇ ਹੱਕ ਵਿਚ ਕਰਨ ਲਈ ਹਰ ਹਰਬਾ ਵਰਤਿਆ, ਪਰ ਸਫਲਤਾ ਨਾ ਮਿਲੀ। ਗੁਰੂ ਅਰਜਨ ਪਾਤਸ਼ਾਹ ਵਲ ਸਿੱਖਾਂ ਨੇ ਵਹੀਰਾਂ ਘਤ ਲਈਆਂ। ਪ੍ਰਿਥੀ ਚੰਦ ਦਾ ਵਿਰੋਧ ਹੋਰ ਵੀ ਤੇਜ਼ ਹੋ ਗਿਆ। ਪ੍ਰਿਥੀ ਚੰਦ ਨੇ ਸੁਲਹੀ ਖ਼ਾਨ ਜੋ ਉਸ ਦਾ ਦੋਸਤ ਅਤੇ ਬਾਦਸ਼ਾਹ ਅਕਬਰ ਦਾ ਮੁਲਾਜ਼ਮ ਸੀ, ਨੂੰ ਗੁਰੂ ਅਰਜਨ ਦੇਵ ਜੀ ਨੂੰ ਡਰਾਉਣ ਲਈ ਮਨਾ ਲਿਆ। ਉਹ ਪ੍ਰਿਥੀ ਚੰਦ ਦੇ ਚੁੱਕਣ ਉਤੇ ਕਰ ਵਸੂਲਣ ਦੇ ਬਹਾਨੇ ਅੰਮ੍ਰਿਤਸਰ ਵਲ ਵਧਿਆ। ਰਾਤ ਉਹ ਪ੍ਰਿਥੀ ਚੰਦ ਕੋਲ ਰੁਕ ਗਿਆ। ਪਰ ਸਵੇਰੇ ਪ੍ਰਿਥੀ ਚੰਦ ਦੇ ਭੱਠੇ ਦੀ ਅੱਗ ਵਿਚ ਸੜ ਕੇ ਮਰ ਗਿਆ। ਸੁਲਹੀ ਖ਼ਾਨ ਦੇ ਮਰਨ ਨਾਲ ਪ੍ਰਿਥੀ ਚੰਦ ਨੂੰ ਬਹੁਤ ਤਕੜਾ ਧੱਕਾ ਵੱਜਿਆ। ਪਰ ਇਸ ਧੱਕੇ ਨੂੰ ਉਹ ਇਸ ਆਸ 'ਤੇ ਸਹਿਣ ਕਰ ਗਿਆ ਕਿ ਗੁਰੂ ਅਰਜਨ ਦੇਵ ਜੀ ਦੇ ਘਰ ਕੋਈ ਸੰਤਾਨ ਨਹੀਂ ਸੀ। ਇਸ ਕਰਕੇ ਗੁਰ-ਗੱਦੀ ਮੁੜ ਕੇ ਉਸ ਦੇ ਘਰ ਵਿਚ ਆ ਜਾਣ ਦੀ ਆਸ ਸੀ ਕਿਉਂਕਿ ਗੁਰੂ ਅਰਜਨ ਦੇਵ ਜੀ ਉਸ ਦੇ ਬੇਟੇ ਮਿਹਰਬਾਨ ਨੂੰ ਬਹੁਤ ਪਿਆਰ ਕਰਦੇ ਸਨ। ਪਰ ਉਸ ਦੀ ਇਸ ਆਸ ਤੋਂ ਉਸ ਵੇਲੇ ਬੂਰ ਝੜ ਗਿਆ ਜਦੋਂ 1595 ਈ. ਨੂੰ ਬਾਲ ਹਰਿਗੋਬਿੰਦ ਦਾ ਜਨਮ ਹੋ ਗਿਆ। ਪ੍ਰਿਥੀ ਚੰਦ ਲਈ ਇਹ ਅਸਹਿ ਸਦਮਾ ਸੀ। ਪ੍ਰਿਥੀ ਚੰਦ ਨੇ ਹੁਣ ਹਾਰੇ ਹੋਏ ਜੁਆਰੀਏ ਵਾਂਗ ਅੰਤਿਮ ਦਾਅ ਖੇਡਦਿਆਂ, ਦਾਈ ਰਾਹੀਂ ਬੱਚੇ ਨੂੰ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਚਾਲ ਸਫਲ ਨਾ ਹੋਈ। ਸੱਪ ਤੋਂ ਡਸਾਉਣ ਦੀ ਕੋਸ਼ਿਸ਼ ਵੀ ਅਸਫਲ ਰਹੀ। ਦਹੀਂ ਵਿੱਚ ਜ਼ਹਿਰ ਪਾ ਕੇ ਖਵਾਉਣ ਲਈ ਰਸੋਈਏ ਨੂੰ ਵੱਢੀ ਦਿੱਤੀ ਪਰ ਬੱਚੇ ਨੂੰ ਹਾਨੀ ਨਾ ਹੋਈ ਸਗੋਂ ਰਸੋਈਆ ਸੂਲ ਹੋ ਕੇ ਮਰ ਗਿਆ। ਇਨ੍ਹਾਂ ਸਾਰੀਆਂ ਗੱਲਾਂ ਦਾ ਪਤਾ ਸਿੱਖ ਸੰਗਤ ਨੂੰ ਲੱਗ ਗਿਆ ਅਤੇ ਉਹ ਪ੍ਰਿਥੀ ਚੰਦ ਨੂੰ ਨਫਰਤ ਕਰਨ ਲੱਗੇ ਪਰ ਉਹ ਹਰਕਤਾਂ ਤੋਂ ਬਾਜ ਨਾ ਆਇਆ ਅਤੇ ਲਗਾਤਾਰ ਗੁਰੂ ਪਾਤਸ਼ਾਹ ਦੀ ਸ਼ਿਕਾਇਤ ਮੁਗਲ ਦਰਬਾਰੇ ਭੇਜਦਾ ਰਿਹਾ। ਅਕਬਰ ਤੱਕ ਉਸਦੀ ਕੋਈ ਚਾਲ ਸਫਲ ਨਾ ਹੋਈ ਪਰ ਜਹਾਂਗੀਰ ਦੇ ਗੱਦੀ 'ਤੇ ਬੈਠਣ ਨਾਲ ਸਮਾਂ ਉਸ ਵਲ ਤਬਦੀਲ ਹੋਣ ਲੱਗਾ। ਅਕਬਰ ਬਾਦਸ਼ਾਹ ਦੀ ਮੌਤ ਤੋਂ ਬਾਅਦ ਉਸ ਦੀ ਸਹਿਨਸ਼ੀਲਤਾ ਦੀ ਨੀਤੀ ਵੀ ਉਸ ਦੀ ਕਬਰ ਵਿੱਚ ਦਫਨ ਕਰ ਦਿੱਤੀ ਗਈ। ਉਸ ਦਾ ਵੱਡਾ ਬੇਟਾ ਸਲੀਮ ਜਹਾਂਗੀਰ ਦੇ ਲਕਬ ਨਾਲ ਰਾਜ ਗੱਦੀ 'ਤੇ ਬੈਠਾ। ਉਹ ਕੱਟੜ ਸੁੰਨੀ ਮੁਸਲਮਾਨ ਸੀ ਅਤੇ ਗੈਰ-ਧਰਮੀਆਂ ਨੂੰ ਸਖਤ ਨਫ਼ਰਤ ਕਰਦਾ ਸੀ। ਇਸ ਲਈ ਉਸ ਨੇ ਆਪਣੀ ਧਾਰਮਿਕ ਨੀਤੀ ਅਜਿਹੀ ਬਣਾਈ ਜਿਹੜੀ ਗੈਰ-ਮੁਸਲਿਮ ਧਰਮੀਆਂ ਲਈ ਸਮੱਸਿਆ ਬਣਨੀ ਹੀ ਸੀ ਅਤੇ ਇਸ ਗੱਲ ਦਾ ਪ੍ਰਗਟਾਵਾ ਉਸ ਨੇ ਖੁਦ ਆਪਣੀ ਸਵੈ-ਜੀਵਨੀ ਤੁਜ਼ਕੇ-ਜਹਾਂਗੀਰੀ ਵਿਚ ਕੀਤਾ ਹੋਇਆ ਹੈ। ਉਹ ਲਿਖਦਾ ਹੈ: ''ਗੋਇੰਦਵਾਲ ਜੋ ਬਿਆਸ ਦਰਿਆ ਦੇ ਕੰਢੇ ਤੇ ਹੈ ਪੀਰ ਦਾ ਭੇਸ ਧਾਰ ਕੇ ਅਰਜਨ ਮਲ ਨਾਂ ਦਾ ਇਕ ਹਿੰਦੂ ਰਹਿੰਦਾ ਹੈ। ਉਸ ਨੇ ਆਪਣੇ ਤੌਰ- ਤਰੀਕਿਆਂ ਨਾਲ ਬਹੁਤ ਸਾਰੇ ਹਿੰਦੂਆਂ ਅਤੇ ਇਸਲਾਮ ਦੇ ਜਾਹਲ ਤੇ ਮੂਰਖ ਲੋਕਾਂ ਉਤੇ ਡੋਰੇ ਪਾ ਰੱਖੇ ਹਨ। ਉਸ ਨੇ ਮਹਾਨ ਅਧਿਆਤਮਕ ਅਤੇ ਸੰਸਾਰਿਕ ਨੇਤਾ ਹੋਣ ਦਾ ਢੌਂਗ ਰਚਾ ਰੱਖਿਆ ਹੈ। ਉਹ ਉਸ ਨੂੰ ਗੁਰੂ ਕਹਿੰਦੇ ਹਨ ਅਤੇ ਹਰ ਪਾਸੇ ਤੋਂ ਮੂਰਖ ਲੋਕ ਉਸ ਦੀ ਪੂਜਾ ਕਰਨ ਲਈ ਆਉਂਦੇ ਹਨ ਤੇ ਉਸ ਪ੍ਰਤੀ ਸ਼ਰਧਾ ਦਾ ਪ੍ਰਗਟਾਵਾ ਕਰਦੇ ਹਨ। ਤਿੰਨ ਜਾਂ ਚਾਰ ਪੀੜ੍ਹੀਆਂ ਤੋਂ ਉਨ੍ਹਾਂ ਦੀ ਇਹ ਝੂਠ ਦੀ ਦੁਕਾਨ ਸਰਗਰਮ ਹੈ। ਬਹੁਤ ਚਿਰ ਤੋਂ ਮੇਰੇ ਮਨ ਵਿੱਚ ਇਹ ਵਿਚਾਰ ਆ ਰਿਹਾ ਹੈ ਕਿ ਇਸ ਝੂਠ ਦੀ ਦੁਕਾਨ ਨੂੰ ਬੰਦ ਕਰ ਦੇਵਾਂ ਜਾਂ ਇਸਲਾਮ ਦੇ ਝੰਡੇ ਥੱਲੇ ਲੈ  ਆਵਾਂ।'' ਉਪਰੋਕਤ ਤੋਂ ਸਪਸ਼ਟ ਹੈ ਕਿ ਗੁਰੂ ਜੀ ਦਾ ਰਸੂਖ਼ ਬਹੁਤ ਵਧ ਰਿਹਾ ਸੀ। ਹਿੰਦੂ ਅਤੇ ਮੁਸਲਮਾਨ ਦੋਵੇਂ ਹੀ ਸਿੱਖ ਬਣ ਰਹੇ ਸਨ। ਇਸਲਾਮੀ ਰਾਜ ਵਿਚ ਮੁਸਲਮਾਨ ਦਾ ਧਰਮ ਬਦਲਣਾ ਬਹੁਤ ਵੱਡਾ ਗੁਨਾਹ। ਇਸ ਕਰਕੇ ਜਹਾਂਗੀਰ ਇਸ 'ਦੁਕਾਨ' ਨੂੰ ਬੰਦ ਕਰਨਾ ਚਾਹੁੰਦਾ ਸੀ, ਉਹ ਕੇਵਲ ਗੁਰੂ ਅਰਜਨ ਜੀ ਨੂੰ ਹੀ ਘ੍ਰਿਣਾ ਨਹੀਂ ਸੀ ਕਰਦਾ, ਸਗੋਂ ਚਾਰ ਪੀੜੀਆਂ ਤੋਂ ਚਲੀ ਆ ਰਹੀ ਗੁਰ-ਗੱਦੀ ਨੂੰ ਵੀ 'ਝੂਠ ਦੀ ਦੁਕਾਨ' ਸਮਝਦਾ ਸੀ। ਪਰ ਉਸ ਨੇ ਆਪਣੀ ਇਹ ਰਾਏ ਮੁੱਲਾਂ- ਮੁਲਾਣਿਆਂ ਜਾਂ ਗੁਰੂ-ਨਿੰਦਕਾਂ ਤੋਂ ਸੁਣ-ਸੁਣ ਕੇ ਹੀ ਬਣਾਈ ਸੀ।ਇਸਲਾਮ ਧਰਮ ਦੇ ਭਰਾਤਰੀ ਭਾਵ ਅਤੇ ਰੱਬੀ ਪਿਆਰ ਵਰਗੇ ਸੰਦੇਸ਼ ਜਦੋਂ ਇਸਲਾਮੀ ਕੱਟੜਤਾ ਦੀ ਭੇਟ ਚੜ੍ਹ ਗਏ ਤਾਂ ਇਸ ਦੇ ਞਿਰੋਧ ਵਿਚ ਸੂਫੀਵਾਦ ਨਾਂ ਦੀ ਇਕ ਲਹਿਰ ਚੱਲੀ, ਜਿਸ ਨੇ ਕੱਟੜਤਾ ਦੀ ਹਨ੍ਹੇਰੀ ਨੂੰ ਠੱਲ੍ਹ ਪਾਉਣ ਦਾ ਯਤਨ ਕੀਤਾ। ਇਸ ਲਹਿਰ ਦਾ ਬਾਨੀ ਅਬੂ ਹਾਸ਼ਮ ਕੂਫੀ ਸੀ ਜੋ ਕੂਫ ਸ਼ਹਿਰ ਦਾ ਵਸਨੀਕ ਸੀ। ਇਸ ਲਹਿਰ ਦੇ ਪੈਰੋਕਾਰ ਹਰ ਮਜ਼੍ਹਬ, ਹਰ ਬੰਦੇ ਵਿਚ ਅੱਲ੍ਹਾ ਦੇ ਦੀਦਾਰੇ  ਕਰਦੇ। ਹਿੰਦੁਸਤਾਨ ਦੀ ਧਰਤੀ 'ਤੇ ਇਹ ਲਹਿਰ ਨੌਵੀਂ ਸਦੀ ਤਕ ਪਹੁੰਚੀ। ਪਰ ਇੱਥੇ ਪਹੁੰਚਣ ਤਕ ਇਹ ਲਹਿਰ ਕਈ ਹਿੱਸਿਆਂ ਵਿਚ ਵੰਡੀ ਗਈ ਸੀ। ਜਿਨ੍ਹਾਂ ਨੂੰ ਸਿਲਸਲੇ ਦਾ ਨਾਂ ਦਿੱਤਾ ਗਿਆ ਸੀ। ਇਨ੍ਹਾਂ ਵਿਚ ਪ੍ਰਮੁੱਖ ਸਿਲਸਿਲੇ ਸਨ ਸੁਹਰਾਵਰਦੀ, ਚਿਸ਼ਤੀ, ਕਾਦਰੀ ਤੇ ਨਕਸ਼ਬੰਦੀ। ਇਨ੍ਹਾਂ ਸਿਲਸਿਲਿਆਂ ਦੇ ਸਿੱਖ ਧਰਮ ਨਾਲ ਪਿਆਰ ਅਤੇ ਵਿਰੋਧ ਵਾਲੇ ਦੋਵੇਂ ਸਬੰਧ ਰਹੇ ਹਨ।  ਚਿਸ਼ਤੀ ਸਿਲਸਿਲੇ ਦੇ ਦੈਵੀ ਫਕੀਰ ਬਾਬਾ ਫਰੀਦ ਜੀ ਦੀ ਬਾਣੀ  ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਹੈ। ਕਾਦਰੀ ਸਿਲਸਿਲੇ ਦੇ ਫਕੀਰ ਸਾਈਂ ਮੀਆਂ ਮੀਰ ਨੇ ਗੁਰੂ ਪੰਚਮ ਪਾਤਸ਼ਾਹ ਦੇ ਹੁਕਮਾਂ ਨਾਲ ਹਰਿਮੰਦਰ ਸਾਹਿਬ ਦੀ ਨੀਂਹ ਹੀ ਨਹੀਂ ਸੀ ਰੱਖੀ ਸਗੋਂ ਜਹਾਂਗੀਰ ਦੁਆਰਾ ਗੁਰੂ ਅਰਜਨ ਪਾਤਸ਼ਾਹ 'ਤੇ ਕੀਤੇ ਜ਼ੁਲਮਾਂ ਕਰਕੇ ਉਸ ਨੂੰ ਹਮੇਸ਼ਾ ਹਮੇਸ਼ਾ ਲਈ ਦੁਰਕਾਰ ਵੀ ਦਿੱਤਾ ਸੀ। ਪਰ ਨਕਸ਼ਬੰਦੀ  ਸਿਲਸਿਲੇ ਦਾ ਰੋਲ ਬਹੁਤ ਹੀ ਨਾਂਹ- ਪੱਖੀ ਸੀ ਅਤੇ ਇਸ ਸਿਲਸਿਲੇ ਨੇ ਪੰਚਮ ਪਾਤਸ਼ਾਹ ਹਜ਼ੂਰ ਅਤੇ ਨੌਵੇਂ ਪਾਤਸ਼ਾਹ ਹਜ਼ੂਰ ਦੀ ਸ਼ਹਾਦਤ ਲਈ ਅਹਿਮ ਭੂਮਿਕਾ ਨਿਭਾ ਕੇ ਸਿੱਖ ਇਤਿਹਾਸ ਵਿਚ ਆਪਣੇ-ਆਪ ਨੂੰ ਹਮੇਸ਼ਾ ਲਈ ਕਲੰਕਤ ਕਰ ਲਿਆ ਸੀ। ਸਮੁੱਚੀ ਸਿੱਖ ਕੌਮੀਅਤ ਅੱਜ ਬਾਬਾ ਫਰੀਦ ਅਤੇ ਸਾਈਂ ਮੀਆਂ ਮੀਰ ਨੂੰ ਨਤਮਸਤਕ ਕਰਦੀ ਹੈ ਪਰ ਨਕਸ਼- ਬੰਦੀ ਸਿਲਸਲੇ ਪ੍ਰਤੀ ਨਫਰਤ ਉਨ੍ਹਾਂ ਦੇ ਮਨ ਦਾ ਹਿੱਸਾ ਹੋ ਚੁੱਕੀ ਹੈ।

ਨਕਸ਼ਬੰਦੀ ਸਿਲਸਿਲੇ ਨੇ ਸੂਫੀਵਾਦ ਦੇ ਨਿਮਰਤਾ ਅਤੇ ਪਿਆਰ ਦੇ ਗੁਣਾਂ ਨੂੰ ਤਿਲਾਂਜਲੀ ਦੇ ਦਿੱਤੀ ਅਤੇ ਕੱਟੜਤਾ ਨੂੰ ਹੀ ਆਪਣਾ ਧਰਮ ਪ੍ਰਵਾਨ ਕਰ ਲਿਆ ਸੀ। ਆਪਣੀ ਕੱਟੜਤਾ ਦੀ ਇਸ ਅਗਨੀ ਵਿਚ ਉਹ ਕੁੱਲ 'ਕਾਫਰਾਂ' ਨੂੰ ਫਨਾਹ ਕਰਨ ਹਿਤ ਤਾਕਤ ਲਈ ਅੱਲ੍ਹਾ ਅੱਗੇ ਅਰਜੋਈਆਂ ਵੀ ਕਰਦੇ ਸਨ ਊਤੇ ਹਾਕਮਾਂ ਨੂੰ ਗੈਰ ਧਰਮੀਆਂ ਨੂੰ ਖਤਮ ਕਰਨ ਦਾ ਸੰਦੇਸ਼ ਵੀ ਦਿੰਦੇ ਸਨ। ਨਫਰਤ ਦੇ ਇਸ ਕਰਮ ਦਾ ਸਿਖਰ ਸ਼ੇਖ ਅਹਿਮਦ ਸਰਹਿੰਦੀ ਦਾ ਵੇਲਾ ਸੀ। ਉਹ ਮੁਜ਼ੱਦਦ ਅਲਫਿਸਾਨੀ (ਹਜ਼ਾਰਾਂ ਯੁੱਗਾਂ ਦਾ ਸੁਧਾਰਕ) ਦਾ ਖਿਤਾਬ ਧਾਰਨ ਕਰਕੇ ਪਿਛਾਹਖਿਚੂ ਸ਼ਕਤੀਆਂ ਦਾ ਆਗੂ ਬਣ ਬੈਠਾ ਸੀ। ਉਸ ਦੀ ਇੱਛਾ ਸੀ ਕਿ ਸਭ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਮਾਮਲਿਆਂ ਦਾ ਨਿਪਟਾਰਾ ਪੁਰਾਤਨ ਸੁੰਨੀ ਅਸੂਲਾਂ ਅਨੁਸਾਰ ਕੀਤਾ ਜਾਵੇ। ਅਕਬਰ ਦਾ ਦੀਨ-ਈਲਾਹੀ, ਹਿੰਦੂਆਂ ਨਾਲ ਵਿਆਹ ਸਬੰਧ ਅਤੇ ਉਨ੍ਹਾਂ ਦੇ ਤਿਥਾਂ ਤਿਉਹਾਰਾਂ ਵਿਚ ਉਸ ਦੀ ਸ਼ਮੂਲੀਅਤ ਨੂੰ ਉਹ ਇਸਲਾਮ ਵਾਸਤੇ ਖਤਰਾ ਤਸੱਵਰ ਕਰਦਾ ਸੀ। ਇਕ ਅਜਿਹਾ ਖਤਰਾ ਜੋ ਇਸਲਾਮੀ ਰਾਜ ਅਤੇ ਇਸਲਾਮੀ ਧਰਮ ਨੂੰ ਹਿੰਦੁਸਤਾਨ ਵਿਚੋਂ ਖਤਮ ਕਰ ਸਕਦਾ ਸੀ। ਸ਼ੇਖ ਅਹਿਮਦ ਸਰਹਿੰਦੀ ਲਿਖਦਾ ਹੈ: ਕਾਫਰਾਂ ਨੂੰ ਸਮਾਜ ਵਿਚ ਸ਼ਾਮਲ ਕਰਨਾ, ਆਪਣੇ ਨਾਲ ਬਿਠਾਉਣਾ ਤੇ ਇਨ੍ਹਾਂ ਨਾਲ ਗੱਲਬਾਤ ਕਰਨਾ ਵੀ ਇਕ ਤਰ੍ਹਾਂ ਨਾਲ ਉਨ੍ਹਾਂ ਦੀ ਇੱਜ਼ਤ ਕਰਨ ਦੇ ਤੁੱਲ  ਹੈ, ਜੋ ਨਹੀਂ ਹੋਣੀ ਚਾਹੀਦੀ।  ਗੁਰੂ ਅਰਜਨ ਪਾਤਸ਼ਾਹ ਵੇਲੇ ਪੰਜਾਬ ਦੀ ਸਾਰੀ ਧਰਤੀ 'ਤੇ 'ਗੁਰ ਮਹਿਮਾ ਦਾ ਗਾਇਨ' ਸੀ। ਸਿੱਖ ਧਰਮ ਦਾ ਪ੍ਰਭਾਵ ਇੱਥੋਂ ਤਕ ਵੱਧ ਗਿਆ ਕਿ ਪੰਜਾਬੀ ਮਾਨਸਿਕਤਾ ਨੇ  ਗੁਰੂ ਅਰਜਨ ਦੇਵ ਜੀ ਨੂੰ 'ਸੱਚੇ ਪਾਤਸ਼ਾਹ' ਵਜੋਂ ਪ੍ਰਵਾਨ ਕਰ ਲਿਆ ਸੀ। ਇਹ ਸਮਾਂ ਸੀ ਜਦੋਂ ਗੁਰੂ ਸਾਹਿਬ ਦੀ ਅਗਵਾਈ ਵਿਚ ਸਿੱਖਾਂ ਦੀ ਗਿਣਤੀ ਬੜੀ ਤੇਜ਼ੀ ਨਾਲ ਵੱਧਣ ਲਗ ਪਈ। ਇਸ ਲੋਕ ਪਿਆਰ ਨੇ ਗੁਰੂਘਰ ਪ੍ਰਤੀ ਈਰਖਾ ਅਤੇ ਸਾੜੇ ਦੀ ਭਾਵਨਾ ਵੀ ਭਰ ਦਿੱਤੀ ਸੀ। ਇਸਲਾਮੀ ਰਾਜ ਵਿਚ ਕਾਫਰ ਧਰਮ ਦਾ ਪ੍ਰਕਾਸ਼ ਨਕਸ਼ਬੰਦੀਆਂ ਲਈ ਕਿਆਮਤ ਦੇ ਦਿਨਾਂ ਵਰਗਾ ਸੀ। ਪਰ ਅਕਬਰ ਦੀ ਨੀਤੀ ਕਾਰਨ ਉਹ ਕੁਝ ਵੀ ਕਰਨ ਤੋਂ ਅਸਮਰਥ ਸਨ। 1605 ਈਸਵੀ ਨੂੰ ਹਿੰਦੁਸਤਾਨ ਦੇ ਬਾਦਸ਼ਾਹ ਅਕਬਰ ਦੀ ਮੌਤ ਹੋ ਜਾਂਦੀ ਹੈ ਅਤੇ ਜਹਾਂਗੀਰ ਗੱਦੀ-ਨਸ਼ੀਨ ਹੁੰਦਾ ਹੈ। ਜਹਾਂਗੀਰ ਨਕਸ਼ਬੰਦੀਆਂ ਦੇ ਪ੍ਰਭਾਵ ਹੇਠ ਸੀ ਕਿਉਂਕਿ ਗੱਦੀ ਹਾਸਲ ਕਰਨ ਵਿਚ ਨਕਸ਼ਬੰਦੀਆਂ ਨੇ ਅਹਿਮ ਰੋਲ ਅਦਾ ਕੀਤਾ ਸੀ। ਇਸ ਲਈ ਇਨ੍ਹਾਂ ਦੇ ਪ੍ਰਭਾਵ ਨੂੰ ਗ੍ਰਹਿਣ ਕਰਦਿਆਂ ਉਸ ਨੇ ਕੱਟੜਪੁਣੇ ਦੀ ਤਲਵਾਰ ਨੂੰ ਤੇਜ਼ ਕਰ ਦਿੱਤਾ। ਸਿੱਟੇ ਵਜੋਂ ਉਨ੍ਹਾਂ ਸਾਰੇ ਲੋਕਾਂ ਦੇ ਚਿਹਰੇ 'ਤੇ ਮੁਸਕਾਨ ਆ ਗਈ ਸੀ ਜਿਹੜੇ ਸਿੱਖ ਧਰਮ ਦੀ ਵਧਦੀ ਲਹਿਰ ਦੇ ਵਿਰੋਧੀ ਸਨ ਅਤੇ ਇਨ੍ਹਾਂ ਵਿੱਚ ਸਭ ਤੋਂ ਵੱਡੀ ਭੂਮਿਕਾ ਨਕਸ਼ਬੰਦੀ ਸਿਲਸਿਲਾ ਨਿਭਾਅ ਰਿਹਾ ਸੀ। ਉਸ ਨੇ ਹੁਣ ਸਿੱਖ ਧਰਮ ਨੂੰ ਤਕੜੇ ਹੱਥੀਂ ਨਜਿੱਠਣ ਦਾ ਮਨ ਬਣਾਇਆ ਅਤੇ ਇਸਲਾਮਕ ਫਤਵਿਆਂ ਨੂੰ ਆਪਣੀ ਰੰਗਤ ਦੇ ਕੇ ਸ਼ਾਹੀ ਫੁਰਮਾਨ ਵਜੋਂ ਜਾਰੀ ਕਰਵਾਉਣ ਵਿਚ ਸਫਲ ਹੋ ਗਿਆ। ਇਕ ਫਤਵਾ ਉਦਾਹਰਣ ਲਈ ਪੇਸ਼ ਹੈ: ਅੱਲ੍ਹਾ ਬਿਨਾਂ ਹੋਰ ਕੋਈ ਖੁਦਾ ਨਹੀਂ ਅਤੇ ਮੁਹੰਮਦ ਸਾਹਿਬ ਹੀ ਅੱਲ੍ਹਾ ਦਾ ਸੁਨੇਹਾ ਦੇਣ ਵਾਲਾ ਪੈਬੰਗਰ ਹੈ। ਇਸ ਕਲਮੇ 'ਤੇ ਯਕੀਨ ਰੱਖਣ ਵਾਲਾ ਮੋਮਿਨ (ਇਮਾਨਵਾਲਾ) ਅਤੇ ਇਸ ਨੂੰ ਨਾ ਮੰਨਣ ਵਾਲਾ ਕਾਫ਼ਰ (ਨਾਸਤਕ) ਹੈ। ਅੱਲਾਹ ਦੀ ਸ਼ਾਨ ਨੂੰ ਰੁਸ਼ਨਾਉਣ ਲਈ ਮੋਮਿਨ ਦਾ ਫਰਜ਼ ਹੈ ਕਿ ਉਹ ਕਾਫ਼ਰਾਂ ਦੀ ਹਥਿਆਰਬੰਦ (ਦਾਰੁਲਾ ਹਰਬ) ਦੁਨੀਆਂ ਨੂੰ ਸ਼ਾਂਤੀ ਦੀ ਦੁਨੀਆਂ (ਦਾਰੁਲ-ਇਸਲਾਮ) ਵਿਚ ਤਬਦੀਲ ਕਰਨ ਲਈ ਧਰਮ ਯੁੱਧ (ਜਹਾਦ) ਕਰਨ। ਸਪਸ਼ਟ ਹੈ ਕਿ ਸਿੱਖ ਧਰਮ ਦੀ ਹਰਮਨਪਿਆਰਤਾ ਉਸ ਲਈ ਕਿਵੇਂ ਅਸਹਿ ਹੋ ਰਹੀ ਸੀ। ਇੱਥੋਂ ਤਕ ਕਿ ਉਹ ਕਾਦਰੀ ਸਿਲਸਿਲੇ ਦੇ ਉਸ ਵੇਲੇ ਦੇ ਮੁਖੀ ਨੂੰ ਵੀ ਸਖਤ ਨਫ਼ਰਤ ਦੀ ਨਿਗਾਹ ਨਾਲ ਵੇਖਦਾ ਸੀ ਕਿਉਂਕਿ ਉਹ ਗੁਰੂ ਅਰਜਨ ਦੇਵ ਜੀ ਨੂੰ ਰੱਬੀ ਰੂਹ ਦੇ ਤੌਰ 'ਤੇ ਮਾਨਤਾ ਦਿੰਦਾ ਸੀ। ਜਹਾਂਗੀਰ ਨਕਸ਼ਬੰਦੀ ਸਕੂਲ ਦੇ ਬੇਹੱਦ ਪ੍ਰਭਾਵ ਵਿਚ ਸੀ। ਇਸ ਕਰਕੇ ਸਪਸ਼ਟ ਸੀ ਕਿ ਨਕਸ਼ਬੰਦੀ ਸਿਲਸਿਲਾ ਹੁਣ ਸਿੱਖ ਧਰਮ ਲਈ ਸਮੱਸਿਆਵਾਂ ਖੜੀਆਂ ਕਰਨ ਦੀ ਕੋਸ਼ਿਸ਼ ਕਰੇਗਾ। ਖੁਸਰੋ ਜਹਾਂਗੀਰ ਦਾ ਸਭ ਤੋਂ ਵੱਡਾ ਬੇਟਾ ਸੀ ਅਤੇ ਆਪਣੇ ਦਾਦੇ ਅਕਬਰ ਵਾਂਗ  ਸਹਿਨਸ਼ੀਲ ਮਨੁੱਖ ਸੀ। ਪਰ ਇਹ ਸਹਿਨਸ਼ੀਲਤਾ ਉਸ ਲਈ ਸਮੱਸਿਆ ਬਣ ਗਈ, ਅਕਬਰ ਜਦੋਂ ਬਿਮਾਰੀ ਦੀ ਹਾਲਤ ਵਿਚ ਮੌਤ ਦੀਆਂ ਘੜੀਆਂ ਗਿਣ ਰਿਹਾ ਸੀ ਤਾਂ ਉਸ ਦੀ ਪ੍ਰਬਲ ਇੱਛਾ ਸੀ ਕਿ ਰਾਜਗੱਦੀ ਉਸ ਦੇ ਪੁੱਤਰ ਦੀ ਥਾਂ ਪੋਤਰੇ ਨੂੰ ਦਿੱਤੀ ਜਾਵੇ, ਕਿਉਂਕਿ ਉਹ ਜਹਾਂਗੀਰ ਦੇ ਹਠੀ ਸੁਭਾਅ ਅਤੇ ਉਸ ਨਾਲ ਜੁੜੇ ਹੋਏ ਕਟੜਪੰਥੀ ਟੋਲੇ ਦੀਆਂ ਚਾਲਾਂ ਨੂੰ ਪੂਰੀ ਤਰ੍ਹਾਂ ਸਮਝਦਾ ਸੀ। ਉਸ ਦਾ ਇਹ ਅਟੱਲ ਵਿਸ਼ਵਾਸ ਸੀ ਕਿ ਹਿੰਦੋਸਤਾਨ ਵਿਚ ਸਦਾ ਲਈ ਮੁਗਲਈ ਹਕੂਮਤ ਦੀ ਸਥਾਪਨਾ ਲਈ ਸਖ਼ਤੀ ਦੀ ਨਹੀਂ ਪਿਆਰ ਦੀ ਲੋੜ ਹੈ ਅਤੇ ਅਜਿਹੇ ਪਿਆਰ ਦੀ ਠੰਢੀ ਹਵਾ ਖੁਸਰੋ ਵਰਗਾ ਰਹਿਮਦਿਲ ਮਨੁੱਖ ਹੀ ਦੇ ਸਕਦਾ ਸੀ, ਜਹਾਂਗੀਰ ਨਹੀਂ। ਅਕਬਰ ਦੇ ਦਰਬਾਰ ਵਿਚ ਦੋ ਧਿਰਾਂ ਖੜੀਆਂ ਹੋ ਗਈਆਂ। ਜਿਨ੍ਹਾਂ ਵਿਚੋਂ ਕੁਝ ਜਹਾਂਗੀਰ ਦੀ ਪਿੱਠ 'ਤੇ ਸਨ ਅਤੇ ਕੁਝ ਖੁਸਰੋ ਦੀ 'ਤੇ। ਕੱਟੜਪੰਥੀਆਂ ਦੀ ਜਿੱਤ ਹੋਈ। ਅਕਬਰ ਦੀ ਮੌਤ ਦੇ ਨਾਲ ਹੀ ਜਹਾਂਗੀਰ ਹਿੰਦੁਸਤਾਨ ਦਾ ਬਾਦਸ਼ਾਹ ਘੋਸ਼ਿਤ ਕਰ ਦਿੱਤਾ। ਤਖਤ 'ਤੇ ਬੈਠਦਿਆਂ ਹੀ ਜਹਾਂਗੀਰ ਨੇ ਖੁਸਰੋ ਨੂੰ ਬਾਗੀ ਗਰਦਾਨ ਕੇ ਆਗਰੇ ਵਿਚ ਜੇਲ੍ਹ ਦੀਆਂ ਸਲਾਖਾਂ ਪਿਛੇ ਡੱਕ ਦਿੱਤਾ। ਇਕ ਦਿਨ ਖੁਸਰੋ ਨੇ ਬੇਨਤੀ ਕੀਤੀ ਕਿ ਉਹ ਆਪਣੇ ਦਾਦੇ ਦੀ ਕਬਰ 'ਤੇ ਸਿਜਦਾ ਕਰਨਾ ਚਾਹੁੰਦਾ ਹੈ। ਬੇਨਤੀ ਪਰਵਾਨ ਕਰ ਲਈ ਗਈ। ਖੁਸਰੋ ਜੇਲ੍ਹ ਵਿਚੋਂ ਬਾਹਰ ਆਇਆ ਅਤੇ ਆਪਣੇ ਪਿਤਾ ਵਿਰੁੱਧ ਬਗਾਵਤ ਦਾ ਐਲਾਨ ਕਰ ਦਿੱਤਾ। ਪਰ ਵਸੀਲਿਆਂ ਦੀ ਅਣਹੋਂਦ ਉਸ ਦੇ ਰਾਹ ਦਾ ਅੜਿੱਕਾ ਸੀ। ਉਸ ਨੇ ਮਨ ਬਣਾਇਆ ਕਿ ਅਫਗਾਨਿਸਤਾਨ ਪਹੁੰਚ ਕੇ ਤਾਕਤ ਇਕੱਠੀ ਕੀਤੀ ਜਾਵੇ ਤੇ ਜਹਾਂਗੀਰ ਨੂੰ ਗੱਦੀ ਤੋਂ ਲਾਹ ਕੇ ਅਕਬਰ ਵਰਗੇ ਉਦਾਰ ਸ਼ਾਸਨ ਦੀ ਬਹਾਲੀ ਕੀਤੀ ਜਾਵੇ। ਅਫਗਾਨਿਸਤਾਨ ਵੱਲ ਜਾਂਦੇ ਹੋਏ ਰਸਤੇ ਵਿਚ ਉਹ ਗੋਇੰਦਵਾਲ ਰੁਕਿਆ। ਗੁਰੂ ਸਾਹਿਬ ਕੋਲੋਂ ਅਸ਼ੀਰਵਾਦ ਲਿਆ, ਲੰਗਰ ਛਕਿਆ ਅਤੇ ਅੱਗੇ ਚਲ ਪਿਆ। ਪਰ ਜਲਦੀ ਹੀ ਜਹਾਂਗੀਰ ਦੀਆਂ ਫੌਜਾਂ ਨੇ ਉਸ ਨੂੰ ਘੇਰ ਲਿਆ, ਗ੍ਰਿਫਤਾਰ ਕੀਤਾ ਅਤੇ ਉਸ ਦੇ ਪਿਤਾ ਦੇ ਸਨਮੁਖ ਪੇਸ਼ ਕਰ ਦਿੱਤਾ। ਜਹਾਂਗੀਰ ਨੇ ਉਸ ਦੇ ਸਾਥੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਅਤੇ ਖੁਸਰੋ ਨੂੰ ਅੰਨਿਆਂ ਕਰ ਹਮੇਸ਼ਾ ਹਮੇਸ਼ਾ ਲਈ ਆਗਰੇ ਦੇ ਕਿਲੇ ਵਿਚ ਸੁੱਟ ਦੇਣ ਦਾ ਹੁਕਮ ਕੀਤਾ। ਜਹਾਂਗੀਰ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਕਿ ਖੁਸਰੋ ਗੋਇੰਦਵਾਲ ਰੁਕਿਆ ਤੇ ਗੁਰੂ ਸਾਹਿਬ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ ਸੀ ਤਾਂ ਉਸ ਦੇ ਗੁੱਸੇ ਦੀ ਸੀਮਾ ਸਾਰੀਆਂ ਹੱਦਾਂ ਪਾਰ ਕਰ ਗਈ। ਉਸ ਨੇ ਤੁਰੰਤ ਗੁਰੂ ਸਾਹਿਬ ਦੀ ਗ੍ਰਿਫਤਾਰੀ ਦੇ ਹੁਕਮ ਜਾਰੀ ਕਰ ਦਿੱਤੇ। ਇਸ ਗੱਲ ਦਾ ਪ੍ਰਗਟਾਵਾ ਉਹ ਖੁਦ ਆਪਣੇ ਸਵੈ-ਜੀਵਨੀ ਵਿੱਚ ਕਰਦਾ ਹੋਇਆ ਲਿਖਦਾ ਹੈ: ਉਹ ਫਕੀਰ ਮਨੁੱਖ ਨੇ ਖੁਸਰੋ ਨੂੰ ਪਨਾਹ ਦਿੱਤੀ। ਉਸ ਨੂੰ ਪੰਜ ਹਜ਼ਾਰ ਰੁਪਇਆ ਸਹਾਇਤਾ ਵਜੋਂ ਦਿੱਤਾ ਅਤੇ ਉਸ ਦੇ ਮੱਥੇ 'ਤੇ ਕੇਸਰ ਦਾ ਟਿਕਾ ਲਗਾਇਆ, ਜਿਸਨੂੰ ਹਿੰਦੁਸਤਾਨ ਦੀ ਧਰਤੀ 'ਤੇ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਮੈਂ ਮੁਰਤਜਾ ਖਾਨ ਨੂੰ ਹੁਕਮ ਦਿੱਤਾ ਕਿ ਉਸ ਨੂੰ ਗ੍ਰਿਫਤਾਰ ਕਰਕੇ ਲਾਹੌਰ ਲਿਆਂਦਾ ਜਾਵੇ, ਉਸ ਦੀ ਸਾਰੀ ਜਾਇਦਾਦ ਜ਼ਬਤ ਕਰ ਲਈ ਜਾਵੇ ਅਤੇ ਉਸ ਨੂੰ ਤਸੀਹੇ ਦੇ ਕੇ ਮਾਰ ਦਿੱਤਾ ਜਾਵੇ।

ਸ਼ਹਾਦਤ

ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ 'ਤੇ ਬਿਠਾਉਣ, ਸਿਰ ਉਪਰ ਰੇਤ ਪਾਉਣ ਆਦਿ ਦੀਆਂ ਸਖ਼ਤ ਸਜ਼ਾਵਾਂ ਦਿੱਤੀਆਂ ਗਈਆਂ। ਜਹਾਂਗੀਰ ਦੇ ਅਹਿਲਕਾਰਾਂ ਦੀਆਂ ਸਖ਼ਤੀਆਂ ਨੂੰ ਖਿੜੇ ਮੱਥੇ ਸਹਾਰਦੇ ਹੋਏ ਗੁਰ ਪਾਤਸ਼ਾਹ 1606 ਈਸਵੀ ਨੂੰ ਸ਼ਹਾਦਤ ਦਾ ਜਾਮ ਪੀ ਗਏ। ਉਨ੍ਹਾਂ ਨੇ ਆਪਣੀ ਇਸ ਸ਼ਹਾਦਤ ਨੂੰ ਲੋਕਮੁਕਤੀ ਅਤੇ ਹਿੰਦੁਸਤਾਨੀਆਂ ਨੂੰ 'ਪਤ ਸੇਤੀ' ਜ਼ਿੰਦਗੀ ਅਤੇ ਜ਼ੁਲਮ ਵਿਰੁੱਧ ਦਰਸਾਇਆ। ਜਬਰ ਅਤੇ ਜ਼ੁਲਮ ਵਿਰੁੱਧ ਆਵਾਜ਼ ਉਠਾਉਣ ਦੇ ਇਸ ਅਨੋਖੇ ਤਰੀਕੇ ਨੇ ਆਉਣ ਵਾਲੇ ਸਮੇਂ ਵਿਚ ਹਿੰਦੋਸਤਾਨ ਦੀ ਤਕਦੀਰ 'ਤੇ ਨਵੇਂ ਪੂਰਨੇ ਪਾ ਦਿੱਤੇ।

ਡਾ. ਸਰਬਜਿੰਦਰ ਸਿੰਘ