ਮਿਨੀਆਪੋਲਿਸ ਵਿਚ ਪੁਲਿਸ ਵੱਲੋਂ ਚਲਾਈ ਗੋਲੀ ਨਾਲ ਇਕ ਵਿਅਕਤੀ ਦੀ ਮੌਤ ਉਪਰੰਤ ਹਿੰਸਾ ਤੇ ਅਗਜ਼ਨੀ
9 ਗ੍ਰਿਫਤਾਰ
ਅੰਮ੍ਰਿਤਸਰ ਟਾਈਮਜ਼ ਬਿਉਰੋ
ਸੈਕਰਾਮੈਂਟੋ: (ਹੁਸਨ ਲੜੋਆ ਬੰਗਾ)- ਮਿਨੀਆਪੋਲਿਸ ਵਿਚ ਦੋ ਪੁਲਿਸ ਅਧਿਕਾਰੀਆਂ ਵੱਲੋਂ ਚਲਾਈ ਗੋਲੀ ਨਾਲ ਇਕ ਵਿਅਕਤੀ ਦੀ ਮੌਤ ਹੋਣ ਉਪਰੰਤ ਹਿੰਸਾ ਤੇ ਅਗਜ਼ਨੀ ਦੀਆਂ ਘਟਨਾਵਾਂ ਵਾਪਰੀਆਂ। ਪੁਲਿਸ ਨੇ ਸਾੜਫੂਕ ਤੇ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ਾਂ ਤਹਿਤ ਹੁਣ ਤੱਕ 9 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਯੂ ਐਸ ਮਾਰਸ਼ਲ ਸਰਵਿਸ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਟਾਸਕ ਫੋਰਸ ਇਕ ਵਿਅਕਤੀ ਨੂੰ ਗੈਰ ਕਾਨੂੰਨੀ ਅਗਨ ਸ਼ਸ਼ਤਰ ਰਖਣ ਦੇ ਮਾਮਲੇ ਵਿਚ ਗ੍ਰਿਫਤਾਰ ਕਰਨ ਗਈ ਸੀ। ਉਸ ਸਮੇ ਇਹ ਵਿਅਕਤੀ ਇਕ ਕਾਰ ਵਿਚ ਬੈਠਾ ਸੀ। ਇਸ ਵਿਅਕਤੀ ਨੇ ਪੁਲਿਸ ਅਫਸਰਾਂ ਦੀਆਂ ਹਦਾਇਤਾਂ ਮੰਨਣ ਦੀ ਬਜਾਏ ਇਕ ਹੈਂਡਗੰਨ ਕੱਢ ਲਈ ਜਿਸ ਉਪਰੰਤ 2 ਡਿਪਟੀ ਸ਼ੈਰਿਫਾਂ ਵੱਲੋਂ ਚਲਾਈ ਗੋਲੀ ਨਾਲ ਉਸ ਦੀ ਮੌਤ ਹੋ ਗਈ।
ਬਿਆਨ ਅਨੁਸਾਰ ਟਾਸਕ ਫੋਰਸ ਦੇ ਮੈਂਬਰਾਂ ਨੇ ਵਿਅਕਤੀ ਨੂੰ ਬਚਾਉਣ ਦਾ ਯਤਨ ਕੀਤਾ ਪਰੰਤੂ ਉਹ ਮੌਕੇ ਉਪਰ ਹੀ ਦਮ ਤੋੜ ਗਿਆ। ਕਾਰ ਵਿਚ ਸਵਾਰ ਇਕ ਔਰਤ ਮਾਮੂਲੀ ਜਖਮੀ ਹੋਈ ਹੈ ਉਸ ਦੀ ਮੌਕੇ ਉਪਰ ਹੀ ਮਰਹਮ ਪੱਟੀ ਕਰ ਦਿੱਤੀ ਗਈ। ਹਾਲਾਂ ਕਿ ਪੁਲਿਸ ਨੇ ਮਾਰ ਗਏ ਵਿਅਕਤੀ ਦਾ ਨਾਂ ਨਹੀਂ ਦਸਿਆ ਹੈ ਪਰ ਉਸ ਦੇ ਪਰਿਵਾਰ ਤੇ ਦੋਸਤਾਂ ਨੇ ਉਸ ਦੀ ਪਛਾਣ 32 ਸਾਲਾ ਵਿੰਸਟਨ ਬੂਗੀ ਸਮਿੱਥ ਜੂਨੀਅਰ ਵਜੋਂ ਕੀਤੀ ਹੈ ਜੋ 3 ਬੱਚਿਆਂ ਦਾ ਪਿਤਾ ਸੀ। ਜਾਂਚ ਅਧਿਕਾਰੀਆਂ ਅਨੁਸਾਰ ਕਾਰ ਵਿਚੋਂ ਇਕ ਹੈਂਡਗੰਨ ਤੇ ਚੱਲਿਆ ਹੋਇਆ ਕਾਰਤੂਸ ਵੀ ਮਿਲਿਆ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਉਸ ਨੇ ਵੀ ਗੋਲੀ ਚਲਾਈ ਸੀ। ਪੁਲਿਸ ਨੇ ਘਟਨਾ ਦੀ ਕੋਈ ਵੀਡੀਓ ਜਾਰੀ ਨਹੀਂ ਕੀਤੀ ਹੈ। ਘਟਨਾ ਦੀ ਖਬਰ ਫੈਲਣ 'ਤੇ ਭੀੜ ਇਕੱਠੀ ਹੋ ਗਈ। ਮਿਨੀਆਪੋਲਿਸ ਪੁਲਿਸ ਦੇ ਬੁਲਾਰੇ ਜੌਹਨ ਐਲਡਰ ਨੇ ਕਿਹਾ ਹੈ ਕਿ ਸ਼ੁਰੂ ਵਿਚ ਭੀੜ ਸ਼ਾਤਮਈ ਸੀ ਪਰੰਤੂ ਬਾਅਦ ਦੁਪਹਿਰ ਲੋਕ ਭੜਕ ਉਠੇ ਤੇ ਉਨਾਂ ਨੇ ਅਨੇਕਾਂ ਇਮਾਰਤਾਂ ਨੂੰ ਨੁਕਸਾਨ ਪਹੰਚਾਇਆ ਤੇ ਲੁੱਟ ਮਾਰ ਕੀਤੀ।
Comments (0)