ਜੰਗ ਦੇ ਸਰੋਤ ਸਰਮਾਏਦਾਰਾ ਪ੍ਰਬੰਧ ਨੂੰ ਖਤਮ ਕਰਨ ਵਾਸਤੇ ਕਿਰਤੀਆਂ ਨੂੰ  ਜੰਗਾਂ ਲੜਨੀਆਂ ਪੈਣਗੀਆਂ

ਜੰਗ ਦੇ ਸਰੋਤ ਸਰਮਾਏਦਾਰਾ ਪ੍ਰਬੰਧ ਨੂੰ ਖਤਮ ਕਰਨ ਵਾਸਤੇ ਕਿਰਤੀਆਂ ਨੂੰ  ਜੰਗਾਂ ਲੜਨੀਆਂ ਪੈਣਗੀਆਂ

ਵਿਸ਼ਵ ਚੇਤਨਾ

ਦੁਨੀਆ ਵਿਚ ਜੋ ਕੁਝ ਵੀ ਹੈ- ਅਨਾਜ, ਕੋਲਾ, ਸੜਕਾਂ, ਤੇਲ, ਕੁਦਰਤੀ ਤੱਤਾਂ ਦੇ ਅਥਾਹ ਭੰਡਾਰ, ਇਸ ਦਾ ਮਾਲਕ ਕੌਣ ਹੈ? ਕੀ ਮੁੱਠੀ ਭਰ ਲੋਕ ਇਸ ਦੇ ਮਾਲਕ ਹਨ? ਇਸ ਧਰਤੀ ਨੂੰ ਵਾਹ ਸੰਵਾਰ ਕੇ ਇਸ ਨੂੰ ਮਨੁੱਖਾਂ ਰਹਿਣ ਯੋਗ ਬਣਾਉਣ ਲਈ ਸਦੀਆਂ ਦੀ ਕਿਰਤ ਦਾ ਯੋਗਦਾਨ ਹੈ। ਅਨੇਕਾਂ ਲੋਕ ਇਸ ਧਰਤੀ ਦੀ ਨੁਹਾਰ ਬਦਲਣ ਲਈ ਲਗਾਤਾਰ ਹੱਥੀਂ ਕੰਮ ਕਰਦੇ ਰਹੇ ਅਤੇ ਕਰ ਰਹੇ ਹਨ। ਫਿਰ ਵੀ ਇਸ ਸਮਾਜਿਕ ਦੌਲਤ ਨੂੰ ਤਬਾਹ ਕਰਨ ਵਾਲੇ ਮੁੱਠੀ ਭਰ ਹਾਕਮ, ਸਾਮਰਾਜੀ ਮੁਲਕਾਂ ਦੇ ਹਾਕਮ ਸਿਰਫ਼ ਮੁਨਾਫ਼ੇ ਲਈ ਦੁਨੀਆ ਭਰ ਦੇ ਲੋਕਾਂ ਨੂੰ ਜੰਗਾਂ, ਹਥਿਆਰਾਂ ਦੀ ਭੱਠੀ ਵਿਚ ਝੋਕਦੇ ਰਹਿੰਦੇ ਹਨ। ਇਸ ਵਕਤ ਸੰਸਾਰ ਦੀ ਕੁੱਲ ਘਰੇਲੂ ਪੈਦਾਵਾਰ ਦਾ ਵੱਡਾ ਹਿੱਸਾ ਨਾ ਸਿੱਖਿਆ, ਨਾ ਸਿਹਤ ਸੰਭਾਲ, ਨਾ ਹੀ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਅਤੇ ਨਾ ਹੀ ਵਾਤਾਵਰਨ ਸੰਭਾਲ ’ਤੇ ਲੱਗਦਾ ਹੈ ਸਗੋਂ ਵੱਡਾ ਹਿੱਸਾ ਹਥਿਆਰ ਬਣਾਉਣ ਤੇ ਖਰੀਦਣ, ਫ਼ੌਜੀ ਖਰਚਿਆਂ ਆਦਿ ’ਤੇ ਲੱਗਦਾ ਹੈ। ਇਹ ਹਾਕਮ ਛੋਟੇ-ਵੱਡੇ ਹਥਿਆਰਾਂ ਅਤੇ ਸਾਇਬਰ ਸੁਰੱਖਿਆ ਤੱਕ ਦੇ ਕਾਰੋਬਾਰ ਰਾਹੀਂ ਦਿਨ-ਦੁੱਗਣੀ ਰਾਤ ਚੌਗਣੀ ‘ਤਰੱਕੀ’ ਕਰ ਰਹੇ ਹਨ।

ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ ਦੀ 25 ਅਪਰੈਲ 2022 ਦੀ ਰਿਪੋਰਟ ਅਨੁਸਾਰ, 2021 ਵਿਚ ਸੰਸਾਰ ਪੱਧਰ ’ਤੇ ਸਾਰੇ ਮੁਲਕਾਂ ਦਾ ਫ਼ੌਜੀ ਖ਼ਰਚਾ 21.13 ਖਰਬ ਅਮਰੀਕੀ ਡਾਲਰ ਹੋ ਗਿਆ। ਇਸ ਵਿਚ 62 ਫ਼ੀਸਦ ਹਿੱਸਾ ਸਿਰਫ਼ ਪੰਜ ਮੁਲਕਾਂ ਅਮਰੀਕਾ, ਚੀਨ, ਭਾਰਤ, ਬਰਤਾਨੀਆ ਤੇ ਰੂਸ ਦਾ ਹੈ। 2020 ਵਿਚ ਸੰਸਾਰ ਦੀ ਕੁੱਲ ਘਰੇਲੂ ਪੈਦਾਵਾਰ ਦਾ 2.3 ਫ਼ੀਸਦ ਅਤੇ 2021 ਵਿਚ 2.2 ਫ਼ੀਸਦ ਹਿੱਸਾ ਫੌਜੀ ਖਰਚ ’ਤੇ ਲਾਇਆ ਗਿਆ ਸੀ। ਇਕੱਲੇ ਅਮਰੀਕਾ ਨੇ 2021 ਵਿਚ 801 ਅਰਬ ਡਾਲਰ ਫ਼ੌਜੀ ਖਰਚਿਆਂ ਜਿਵੇਂ ਹਥਿਆਰ ਖਰੀਦਣੇ, ਕੈਂਪ ਬਣਾਉਣੇ, ਅਫਸਰਾਂ ਦੀਆਂ ਤਨਖਾਹ ਆਦਿ ’ਤੇ ਖਰਚੇ ਜੋ ਅਮਰੀਕਾ ਦੀ ਕੁੱਲ ਘਰੇਲੂ ਪੈਦਾਵਾਰ ਦਾ 3.5 ਫ਼ੀਸਦ ਹੈ। 2012 ਤੋਂ ਲੈ ਕੇ 2021 ਤੱਕ ਫੌਜੀ ਖੋਜ ਅਤੇ ਵਿਕਾਸ ’ਤੇ ਅਮਰੀਕਾ ਨੇ 24 ਫ਼ੀਸਦ ਫੰਡਾਂ ਵਿਚ ਵਾਧਾ ਕੀਤਾ। ਅਮਰੀਕਾ ਹਥਿਆਰਾਂ ਦੀਆਂ ਨਵੀਆਂ ਕਿਸਮਾਂ ਤੇ ਤਕਨੀਕ ਉੱਤੇ ਲਗਾਤਾਰ ਕੰਮ ਕਰਦਾ ਹੈ। ਤੱਥ ਇਹੀ ਦੱਸਦੇ ਹਨ ਕਿ ਅਮਰੀਕਾ ਹਥਿਆਰ ਬਣਾਉਣ ਤੇ ਵੇਚਣ ਦਾ ਵੱਡਾ ਵਪਾਰੀ ਹੈ। ਸਮਾਜਿਕ ਸਾਮਰਾਜੀ ਰੂਸ ਨੇ ਵੀ 2021 ਵਿਚ ਆਪਣੇ ਫੌਜੀ ਖਰਚਿਆਂ ਵਿਚ 2.9 ਫ਼ੀਸਦ ਦਾ ਵਾਧਾ ਕਰਕੇ ਸੁਰੱਖਿਆ ਖਰਚ 65.9 ਅਰਬ ਡਾਲਰ ਕਰ ਦਿੱਤਾ ਹੈ।

ਰੂਸ ਲਗਾਤਾਰ ਤਿੰਨ ਸਾਲਾਂ ਤੋਂ ਫੌਜੀ ਖਰਚ ਵਧਾ ਰਿਹਾ ਹੈ। 2021 ਵਿਚ ਇਹ ਖਰਚ ਕੁੱਲ ਘਰੇਲੂ ਪੈਦਾਵਾਰ ਦਾ 4.1 ਫ਼ੀਸਦ ਸੀ। ਦੁਨੀਆ ਦਾ ਦੂਜਾ ਸਭ ਤੋਂ ਵੱਡਾ ਖਰਚ ਕਰਨ ਵਾਲਾ ਮੁਲਕ ਚੀਨ ਹੈ ਜਿਸ ਨੇ 2021 ਵਿਚ ਆਪਣੀ ਫੌਜ ਲਈ ਅੰਦਾਜ਼ਨ 293 ਅਰਬ ਡਾਲਰ ਅਲਾਟ ਕੀਤੇ ਸਨ ਜੋ 2020 ਦੇ ਮੁਕਾਬਲੇ 4.7 ਫ਼ੀਸਦ ਵੱਧ ਸਨ। ਚੀਨ ਦਾ ਫੌਜੀ ਖਰਚ ਲਗਾਤਾਰ 27 ਸਾਲਾਂ ਤੋਂ ਵਧ ਰਿਹਾ ਹੈ।

ਇਹ ਮੁਲਕ ਆਪਣੀ ਤਾਕਤ ਬਣਾਈ ਰੱਖਣ ਲਈ ਦੁਨੀਆ ਭਰ ਦੇ ਕੁਦਰਤੀ ਸਰੋਤਾਂ ਤੇ ਸਸਤੀ ਕਿਰਤ ਸ਼ਕਤੀ ਦੀ ਲੁੱਟ ਅਤੇ ਮੰਡੀਆਂ ਲਈ ਆਪਣਾ ਪ੍ਰਭਾਵ ਖੇਤਰ ਵਧਾਉਣ ਲਈ ਜੰਗਾਂ ਲਾਉਂਦੇ ਹਨ। ਇਸ ਤੋਂ ਬਿਨਾਂ ਹਥਿਆਰਾਂ ਦਾ ਵਪਾਰ ਸਾਮਰਾਜੀ ਮੁਲਕਾਂ ਦੇ ਮੁਨਾਫ਼ਿਆਂ ਦਾ ਵੱਡਾ ਸੋਮਾ ਹੈ। ਜੰਗਾਂ ਲਾ ਕੇ ਜਿੱਥੇ ਇਹ ਆਪਣੇ ਹਥਿਆਰਾਂ ਦੀ ਪਰਖ ਕਰ ਲੈਂਦੇ ਹਨ, ਉੱਥੇ ਜੰਗੀ ਵਾਤਾਵਰਨ ਬਣਾ ਕੇ ਇਹ ਆਪਣੇ ਗਾਹਕਾਂ ਵਿਚ ਹਥਿਆਰਾਂ ਦੀ ਜ਼ਰੂਰਤ ਵੀ ਪੈਦਾ ਕਰਦੇ ਹਨ। ਹਥਿਆਰਾਂ ਦੇ ਕਰੋਬਾਰ ਵਿਚ ਅਮਰੀਕਾ ਸੰਸਾਰ ਦੇ ਸਭ ਮੁਲਕਾਂ ਤੋਂ ਮੋਹਰੀ ਹੈ। ਹਥਿਆਰ ਬਣਾਉਣ ਵਾਲ਼ੀਆਂ ਸੰਸਾਰ ਦੀਆਂ 10 ਵੱਡੀਆਂ ਕੰਪਨੀਆਂ ਵਿਚੋਂ 7 ਅਮਰੀਕੀ ਹਨ। ਵੱਖ ਵੱਖ ਮੁਲਕਾਂ ਵਿਚ ਫੌਜੀ ਅੱਡੇ ਬਣਾਉਣ ਵਿਚ ਵੀ ਅਮਰੀਕਾ ਮੋਹਰੀ ਹੈ। ਹਥਿਆਰ ਬਣਾਉਣ ਵਾਲੀਆਂ ਇਹ ਕੰਪਨੀਆਂ ਅਮਰੀਕੀ ਸਿਆਸਤ ਨੂੰ ਵੀ ਬਹੁਤ ਪ੍ਰਭਾਵਿਤ ਕਰਦੀਆਂ ਹਨ, ਇਹ ਸੰਸਾਰ ਪੱਧਰ ’ਤੇ ਵਾਤਾਵਰਨ, ਸ਼ਾਂਤੀ, ਜਮਹੂਰੀਅਤ ਆਦਿ ਅਨੇਕਾਂ ਐੱਨਜੀਓ ਸੰਸਥਾਵਾਂ ਨੂੰ ਸਿੱਧੇ ਅਸਿੱਧੇ ਰੂਪ ਵਿਚ ਫੰਡ ਦਿੰਦੀਆਂ ਹਨ ਜਿਨ੍ਹਾਂ ਵਿਚ ਨਾਮੀ ਸ਼ਾਂਤੀ ਸੰਸਥਾਵਾਂ ਵੀ ਸ਼ਾਮਲ ਹਨ। ਇਸੇ ਲਈ ਅਮਰੀਕਾ ‘ਸ਼ਾਂਤੀ ਦੂਤ’ ਬਣ ਕੇ ਕਦੇ ਇਰਾਕ ਦੇ ਪਰਮਾਣੂ ਹਥਿਆਰਾਂ ਤੋਂ ਸੰਸਾਰ ਨੂੰ ਖ਼ਤਰੇ ਦੀ ਗੱਲ ਕਰਦਾ ਹੈ, ਕਦੇ ਸੰਸਾਰ ਪੱਧਰ ’ਤੇ ਦਹਿਸ਼ਤਗਰਦੀ ਦਾ ਹਊਆ ਖੜ੍ਹਾ ਕਰਕੇ ਜੰਗਾਂ ਨੂੰ ਅੰਜਾਮ ਦਿੰਦਾ ਹੈ ਤੇ ਕਦੇ ਅਲੱਗ ਅਲੱਗ ਮੁਲਕਾਂ ਵਿਚ ਮਾਸੂਮਾਂ ਦਾ ਕਤਲ ਕਰਦਾ ਹੈ ਅਤੇ ਦਹਿਸ਼ਤਗਰਦ ਕਹਿ ਕੇ ਜ਼ੁਲਮ ’ਤੇ ਮਿੱਟੀ ਪਾ ਦਿੰਦਾ ਹੈ। ਦੋ ਮੁਲਕਾਂ ਦੇ ਆਪਸੀ ਭੇੜ ਜਾਂ ਕਿਸੇ ਮੁਲਕ ਅੰਦਰਲੇ ਭੇੜਾਂ ਦਾ ਫਾਇਦਾ ਆਪਣੇ ਹਥਿਆਰ ਵੇਚਣ ਲਈ ਅਕਸਰ ਅਮਰੀਕਾ ਲੈਂਦਾ ਹੈ, ਜਿਵੇਂ ਇਰਾਨ ਤੇ ਇਰਾਕ, ਇਜ਼ਰਾਈਲ ਤੇ ਫ਼ਲਸਤੀਨ, ਭਾਰਤ ਤੇ ਪਾਕਿਸਤਾਨ, ਉੱਤਰੀ ਤੇ ਦੱਖਣੀ ਕੋਰੀਆ ਦੇ ਝਗੜੇ ਆਦਿ।

ਇਕੱਲਾ ਅਮਰੀਕਾ ਨਹੀਂ, ਕਿਸੇ ਵੀ ਸਾਮਰਾਜੀ ਮੁਲਕ ਦੇ ਹਾਕਮ ਇਹ ਮੌਕਾ ਹੱਥੋਂ ਜਾਣ ਨਹੀਂ ਦਿੰਦੇ। ਉਂਝ, ਇਕੱਲੇ ਸਾਮਰਾਜੀ ਮੁਲਕ ਹੀ ਨਹੀਂ, ਹੋਰ ਮੁਲਕ ਵੀ ਕੁੱਲ ਘਰੇਲੂ ਪੈਦਾਵਾਰ ਦਾ ਵੱਡਾ ਹਿੱਸਾ ਹਥਿਆਰਾਂ ’ਤੇ ਲਾਉਂਦੇ ਹਨ। ਭਾਰਤ ਵੀ ਇਨ੍ਹਾਂ ਵਿਚ ਆਉਂਦਾ ਹੈ। ਭਾਰਤ ਜਿੱਥੇ ਹਰ ਰੋਜ਼ 20 ਕਰੋੜ ਲੋਕ ਭੁੱਖੇ ਸੌਂਦੇ ਹਨ, 4000 ਬੱਚਾ ਕੁਪੋਸ਼ਣ ਦਾ ਸ਼ਿਕਾਰ ਹੋ ਕੇ ਮਰਦਾ ਹੈ, ਉੱਥੋਂ ਦੇ ਹਾਕਮ ਫੌਜੀ ਖਰਚ ’ਤੇ 76.6 ਅਰਬ ਡਾਲਰ ਇੱਕ ਸਾਲ (2021) ਵਿਚ ਖਰਚਦੇ ਹਨ। 2012 ਤੋਂ 9 ਸਾਲਾਂ ਵਿਚ ਇਹ 33% ਦਾ ਵਾਧਾ ਹੈ। ਦੁਨੀਆ ਵਿਚ ਫੌਜੀ ਖਰਚੇ ਲਈ ਭਾਰਤ ਤੀਜੇ ਨੰਬਰ ’ਤੇ ਹੈ। ਇਸੇ ਤਰ੍ਹਾਂ ਜਾਪਾਨ ਸਰਕਾਰ ਨੇ ਫੌਜੀ ਖਰਚਿਆਂ ’ਤੇ 2021 ਵਿਚ 7.0 ਅਰਬ ਡਾਲਰ ਲਾਏ। 2021 ਵਿਚ ਆਸਟਰੇਲੀਆ ਦੇ ਫੌਜੀ ਖਰਚੇ ਵੀ 4.0 ਫ਼ੀਸਦ ਵਧ ਕੇ 31.8 ਅਰਬ ਡਾਲਰ ਤੱਕ ਪਹੁੰਚ ਗਏ। ਜਰਮਨੀ ਮੱਧ ਅਤੇ ਪੱਛਮੀ ਯੂਰੋਪ ਵਿਚ ਤੀਜਾ ਸਭ ਤੋਂ ਵੱਡਾ ਖਰਚ ਕਰਨ ਵਾਲਾ ਮੁਲਕ ਹੈ। ਇਸ ਨੇ 2021 ਵਿਚ ਫੌਜ ‘ਤੇ 56.0 ਅਰਬ ਡਾਲਰ ਖਰਚ ਕੀਤੇ।

ਇਹ ਤੱਥ ਗਵਾਹ ਹਨ ਕਿ ਇਨ੍ਹਾਂ ਮੁਲਕਾਂ ਦੇ ਸਾਲਾਨਾ ਬਜਟ ਵਿਚ ਸਿੱਖਿਆ, ਸਿਹਤ, ਹੋਰ ਭਲਾਈ ਯੋਜਨਾਵਾਂ ਲਈ ਬਜਟ ਹਰ ਸਾਲ ਘਟਦਾ ਜਾਂਦਾ ਹੈ; ਦੂਜਾ ਕੁੱਲ ਘਰੇਲੂ ਪੈਦਾਵਾਰ ਦਾ ਇਨ੍ਹਾਂ ਯੋਜਨਾਵਾਂ ਲਈ 0.2%, 0.40% ਆਦਿ ਨਗੂਣਾ ਹਿੱਸਾ ਹੁੰਦਾ ਹੈ। ਮੁਲਕ ਜੋ ਆਮ ਲੋਕਾਂ ਨਾਲ ਬਣਦਾ ਹੈ, ਉਹ ਤਾਂ ਫਾਕੇ ਕੱਟਦੇ ਹਨ ਪਰ ਹਾਕਮ, ਲੋਕਾਂ ਦਾ ਪੈਸਾ ਲੋਕਾਂ ’ਤੇ ਲਾਉਣ ਦੀ ਥਾਂ ਹਥਿਆਰਾਂ ’ਤੇ ਲਾਉਂਦੇ ਹਨ। ਅਜਿਹਾ ਕਿਉਂ?

ਪਹਿਲਾ ਕਾਰਨ ਹੈ ਸਾਮਰਾਜੀਆਂ ਵਿਚਕਾਰ ਸੰਸਾਰ ਦੇ ਕੁਦਰਤੀ ਤੇ ਮਨੁੱਖੀ ਸਾਧਨਾਂ ਦੀ ਲੁੱਟ ਅਤੇ ਪ੍ਰਭਾਵ ਖੇਤਰ ਵਧਾਉਣ ਲਈ ਆਪਸੀ ਟਕਰਾਅ; ਭਾਵ, ਮੁਨਾਫੇ ਦੀ ਲੁੱਟ-ਖੋਹ ਲਈ ਜੰਗਾਂ। ਜਦੋਂ ਸਰਮਾਏਦਾਰੀ ਸਮਾਜ ਵਿਚ ਇਜਾਰੇਦਾਰਾ ਭੇੜ ਤਿੱਖਾ ਹੋ ਜਾਂਦਾ ਹੈ ਤਾਂ ਫਿਰ ਸੰਸਾਰ ਦੇ ਵੱਡੇ ਸਾਮਰਾਜੀਆਂ ਦੇ ਆਪਸੀ ਹਿੱਤਾਂ ਦਾ ਟਕਰਾਅ ਤੇਜ਼ ਹੁੰਦਾ ਹੈ ਜਿਸ ਕਾਰਨ ਉਹ ਸੰਸਾਰ ਮੰਡੀ ਦੀ ਵੰਡ ਲਈ ਲੜਦੇ ਹਨ (ਜਿਵੇਂ ਰੂਸ, ਅਮਰੀਕਾ ਦਾ ਭੇੜ)। ਦੂਜਾ ਕਾਰਨ ਹੈ ਕਿ ਹਥਿਆਰਾਂ ਦਾ ਵਪਾਰ ਮੁਨਾਫ਼ੇ ਦਾ ਅਥਾਹ ਸੋਮਾ ਹੈ। ਸਭ ਮੁਲਕਾਂ ਦੀਆਂ ਸਰਕਾਰਾਂ ਲੋਕਾਂ ਦੇ ਪੈਸੇ ਨੂੰ ਬੇਲੋੜੇ ਹਥਿਆਰ ਖਰੀਦਣ ਤੇ ਹੋਰ ਫੌਜੀ ਖਰਚਿਆਂ ਵਿਚ ਬਰਬਾਦ ਕਰ ਰਹੀਆਂ ਹਨ ਤਾਂ ਜੋ ਹਥਿਆਰ ਆਦਿ ਬਣਾਉਣ ਵਾਲੇ ਸਰਮਾਏਦਾਰਾਂ ਦੇ ਝੋਲੇ ਮੁਨਾਫੇ ਨਾਲ ਭਰੇ ਜਾਣ। ਤੀਜਾ ਕਾਰਨ ਹੈ ਲੋਕ ਉਭਾਰਾਂ ਦਾ ਡਰ। ਅੱਜ ਸਰਮਾਏਦਾਰੀ ਢਾਂਚਾ ਆਰਥਿਕ ਸੰਕਟ ਵਿਚੋਂ ਲੰਘ ਰਿਹਾ ਹੈ। ਇਸ ਦੇ ਸਤਾਏ ਲੋਕ ਗੁੱਸੇ ਵਿਚ ਸੜਕਾਂ ’ਤੇ ਉੱਤਰ ਰਹੇ ਹਨ। ਜਿੱਥੇ ਲੋਕ ਜਥੇਬੰਦ ਹੋਣਗੇ, ਉੱਥੇ ਭਵਿੱਖ ਵਿਚ ਹਾਕਮਾਂ ਦੇ ਤਖ਼ਤੇ ਉਲਟਾਉਣਗੇ। ਇਸੇ ਕਰਕੇ ਲੋਕ ਲਹਿਰਾਂ ਦਾ ਡਰ ਹਾਕਮਾਂ ਦੀ ਵੀ ਨੀਂਦ ਉਡਾ ਰਿਹਾ ਹੈ। ਇਨ੍ਹਾਂ ਲਹਿਰਾਂ ਨੂੰ ਕੁਚਲਣ ਲਈ ਹਾਕਮ ਹਥਿਆਰਾਂ ਦੇ ਅੰਬਾਰ ਜਮ੍ਹਾਂ ਰੱਖਦਾ ਹੈ।

ਕਿਰਤੀਆਂ ਉੱਪਰ ਥੋਪੀ ਇਸ ਜੰਗ ਨਾਲ ਲੜਨ ਲਈ ਲੋਕਾਂ ਨੂੰ ਵੀ ਜੂਝਣਾ ਪਵੇਗਾ। ਇਤਿਹਾਸ ਗਵਾਹ ਹੈ, ਜਦੋਂ ਅਮਰੀਕਾ ਨੇ ਵੀਅਤਨਾਮ ਦੇ ਲੋਕਾਂ ’ਤੇ ਜੰਗ ਥੋਪੀ ਤਾਂ ਲੋਕਾਂ ਨੇ ਜਵਾਬੀ ਜੰਗ ਨਾਲ ਜ਼ੁਲਮ ਦਾ ਸਾਹਮਣਾ ਕੀਤਾ ਸੀ। ਸੰਸਾਰ ਤੋਂ ਜੰਗਾਂ ਦੇ ਖਾਤਮੇ ਅਤੇ ਜੰਗ ਦੇ ਸਰੋਤ ਸਰਮਾਏਦਾਰਾ ਪ੍ਰਬੰਧ ਨੂੰ ਖਤਮ ਕਰਨ ਵਾਸਤੇ ਕਿਰਤੀ ਲੋਕਾਈ ਨੂੰ ਜੁਝਾਰੂ ਜੰਗਾਂ ਲੜਨੀਆਂ ਪੈਣਗੀਆਂ।

 

ਰਵਿੰਦਰ