ਕੋਰੋਨਾ ਦਾ ਸੰਤਾਪ ਅਤੇ ਸਾਡੀ ਸੰਵੇਦਨਸ਼ੀਲਤਾ

ਕੋਰੋਨਾ ਦਾ ਸੰਤਾਪ ਅਤੇ ਸਾਡੀ ਸੰਵੇਦਨਸ਼ੀਲਤਾ
*ਗੁਰਚਰਨ ਸਿੰਘ ਨੂਰਪੁਰ
 
ਕੋਰੋਨਾ ਵਾਇਰਸ ਨੇ ਦੁਨੀਆ ਭਰ ਵਿਚ ਰਾਜ ਕਰਦੀਆਂ ਤਾਕਤਾਂ ਨੂੰ ਇਹ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਜਿਹੜੀਆਂ ਲੀਹਾਂ 'ਤੇ ਦੁਨੀਆ ਨੂੰ ਤੋਰਿਆ ਜਾ ਰਿਹਾ ਹੈ ਉਹ ਆਮ ਮਨੁੱਖ ਲਈ ਬੇਹੱਦ ਘਾਤਕ ਹਨ | ਅਸੀਂ ਧਰਤੀ ਵਾਸੀਆਂ ਨੇ ਮਨੁੱਖਾਂ ਨੂੰ ਮਾਰਨ ਦਾ ਏਨਾ ਜ਼ਿਆਦਾ ਸਾਜ਼ੋ-ਸਾਮਾਨ ਇਕੱਠਾ ਕਰ ਲਿਆ ਹੈ ਕਿ ਧਰਤੀ ਦੇ ਹਰ ਬੰਦੇ ਨੂੰ ਪੱਚੀ ਵਾਰ ਮਾਰਿਆ ਜਾ ਸਕਦਾ ਹੈ | ਜਿੰਨਾ ਧਨ ਅਸੀਂ ਮਨੁੱਖਾਂ ਨੂੰ ਮਾਰਨ ਦੇ ਸਮਾਨ 'ਤੇ ਖ਼ਰਚ ਕੀਤਾ, ਜੇਕਰ ਉਸ ਦਾ ਦਸਵਾਂ ਹਿੱਸਾ ਵੀ ਮਨੁੱਖਤਾ ਨੂੰ ਬਚਾਉਣ ਲਈ ਖ਼ਰਚ ਕੀਤਾ ਹੁੰਦਾ ਤਾਂ ਹਾਲਾਤ ਏਨੇ ਭਿਆਨਕ ਨਾ ਹੁੰਦੇ | ਜੰਗਾਂ ਯੁੱਧਾਂ ਦੇ ਦਮਗਜ਼ੇ ਮਾਰਨ ਵਾਲੇ ਦੁਨੀਆ ਦੇ ਨੇਤਾਵਾਂ ਨੂੰ ਕੋਰੋਨਾ ਵਾਇਰਸ ਦੀ ਮਹਾਂਮਾਰੀ ਨੇ ਦੱਸਿਆ ਹੈ ਕਿ ਦੁਨੀਆ ਨੂੰ ਬੰਬਾਂ, ਬੰਦੂਕਾਂ ਅਤੇ ਬੰਬਾਰ ਜਹਾਜ਼ਾਂ ਦੀ ਲੋੜ ਨਹੀਂ, ਸਗੋਂ ਮਨੁੱਖਤਾ ਨੂੰ ਬਚਾਉਣ ਲਈ ਚੰਗੇ ਹਸਪਤਾਲਾਂ, ਲੈਬਾਰਟਰੀਆਂ, ਦਵਾਈਆਂ ਅਤੇ ਡਾਕਟਰਾਂ ਦੀ ਲੋੜ ਹੈ | ਬਿਮਾਰੀ ਦੇ ਪ੍ਰਕੋਪ ਨੇ ਦੁਨੀਆ ਨੂੰ ਬਹੁਤ ਸਾਰੇ ਭਰਮਾਂ ਭੁਲੇਖਿਆ ਤੋਂ ਵਾਕਫ਼ ਕਰਵਾਇਆ ਹੈ | ਇਕ-ਦੂਜੇ ਦੇਸ਼ ਤੋਂ ਵਧ ਕੇ ਬਾਰੂਦ ਦੇ ਢੇਰ ਇਕੱਠੇ ਕਰਨ ਦੀ ਬਜਾਏ ਸਾਡੀਆਂ ਤਰਜੀਹਾਂ ਮਨੁੱਖਤਾ ਨੂੰ ਬਚਾਉਣ ਲਈ ਚੰਗੇ ਵਾਤਾਵਰਨ, ਸਿਹਤ ਸਹੂਲਤਾਂ, ਚੰਗਾ ਖਾਣ-ਪੀਣ ਅਤੇ ਸੁਚੱਜੇ ਰਹਿਣ ਸਹਿਣ ਲਈ ਹੋਣੀਆਂ ਚਾਹੀਦੀਆਂ ਹਨ | ਬਿਮਾਰੀ ਦੇ ਪ੍ਰਕੋਪ ਨੇ ਇਸ਼ਾਰਾ ਕੀਤਾ ਹੈ ਕਿ ਤੁਸੀਂ ਰਾਜ ਸਿੰਘਾਸਨਾਂ 'ਤੇ ਬੈਠ ਕੇ ਆਪਣੇ ਬੰਬਾਰ ਜਹਾਜ਼ਾਂ, ਐਟਮੀ ਬੰਬਾਂ, ਮਿਜ਼ਾਈਲਾਂ ਦੀ ਲੰਮੀ ਤੋਂ ਹੋਰ ਲੰਮੀ ਦੂਰੀ ਦੀ ਮਾਰ ਦੀਆਂ ਬੜ੍ਹਕਾਂ ਤਾਂ ਮਾਰ ਸਕਦੇ ਹੋ ਪਰ ਇਹ ਬੰਬ, ਬੰਦੂਕਾਂ, ਟੈਂਕ, ਮਿਜ਼ਾਈਲਾਂ ਭੁੱਖਿਆਂ ਨੂੰ ਰੋਟੀ ਨਹੀਂ ਦੇ ਸਕਦੇ | ਇਹ ਰੁਜ਼ਗਾਰ ਦੇ ਜ਼ਾਮਨ ਨਹੀਂ ਹੋ ਸਕਦੇ | ਇਹ ਮਨੁੱਖਤਾ ਦੇ ਰਿਸਦੇ ਜ਼ਖ਼ਮਾਂ ਲਈ ਮਲ੍ਹਮ ਨਹੀਂ ਬਣ ਸਕਦੇ | 
 
ਸਾਡੇ ਦੇਸ਼ ਵਿਚ ਹਾਲਾਤ ਕਿੰਨੇ ਭਿਆਨਕ ਬਣ ਰਹੇ ਹਨ ਇਸ ਦੀਆਂ ਕਈ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ ਹਨ | ਤਾਲਾਬੰਦੀ ਦੌਰਾਨ ਛੱਤੀਸਗੜ੍ਹ ਦੇ ਅਦੇੜ ਪਿੰਡ ਦੇ ਮਜ਼ਦੂਰ ਦੀ 10-12 ਸਾਲਾਂ ਦੀ ਲੜਕੀ ਜਮਲੋ ਮੜਕਮ ਆਪਣੇ ਕਾਫਲੇ ਨਾਲ ਤੇਲੰਗਾਨਾ ਤੋਂ ਵਾਪਸ ਪਰਤ ਰਹੀ ਸੀ | ਇਹ ਬੱਚੀ ਚਾਰ ਦਿਨ ਤੁਰਦੀ ਰਹੀ | ਚੌਥੇ ਦਿਨ ਭੁੱਖ ਪਿਆਸ ਤੇ ਥਕਾਵਟ ਨਾਲ ਚੂਰ ਹੋਈ ਮਾਪਿਆਂ ਦੀ ਇਸ ਇਕਲੌਤੀ ਧੀ ਦੀ ਸਫ਼ਰ ਦੌਰਾਨ ਮੌਤ ਹੋ ਗਈ | ਮਾਸੂਮ ਬੱਚੀ ਦੀ ਦਰਦਨਾਕ ਮੌਤ, ਦੇਸ਼ ਦੀ ਵਿਵਸਥਾ ਲਈ ਵੱਡਾ ਸਵਾਲ ਹੈ ਕਿ ਇਸ ਦੇਸ਼ ਵਿਚ ਕਰੋੜਾਂ ਰੁਪਏ ਖਰਚ ਕੇ ਵਿਸ਼ਾਲ ਮੂਰਤੀਆਂ ਅਤੇ ਧਰਮ ਅਸਥਾਨਾਂ ਦੀ ਸਥਾਪਨਾ ਕਰਨ ਵਾਲਿਓ ਗ਼ਰੀਬਾਂ ਮਜ਼ਲੂਮਾਂ ਪ੍ਰਤੀ ਤੁਹਾਡੀਆਂ ਸੋਚਾਂ ਸੰਵੇਦਨਹੀਣ ਕਿਉਂ ਹੋ ਜਾਂਦੀਆਂ ਹਨ? ਤਾਲਾਬੰਦੀ ਦੌਰਾਨ ਕਿਹਾ ਗਿਆ ਕਿ ਜਿੱਥੇ ਕੋਈ ਬੈਠਾ ਹੈ, ਉੱਥੇ ਹੀ ਰੁਕ ਜਾਵੇ, ਬਿਨਾਂ ਇਹ ਸੋਚਿਆਂ ਕਿ ਵੱਖ-ਵੱਖ ਥਾਵਾਂ ਜਿੱਥੇ ਬਹੁਗਿਣਤੀ ਲੋਕ ਠਹਿਰੇ ਹੁੰਦੇ ਹਨ, ਜਾਂ ਆਉਂਦੇ ਹਨ, ਵਿਚ ਕੋਈ ਲਾਗ ਦਾ ਮਰੀਜ਼ ਵੀ ਹੋ ਸਕਦਾ ਹੈ | ਇਸ ਦੌਰਾਨ ਵੱਖ-ਵੱਖ ਥਾਈਾ ਫਸੇ ਲੋਕਾਂ ਦਾ ਫ਼ਿਕਰ ਜਿਵੇਂ ਸਰਕਾਰ ਨੇ ਛੱਡ ਹੀ ਦਿੱਤਾ | ਚਾਹੀਦਾ ਤਾਂ ਇਹ ਸੀ ਕਿ ਇਨ੍ਹਾਂ ਮਜ਼ਦੂਰਾਂ ਅਤੇ ਯਾਤਰੀਆਂ ਦੀ ਸੁਚੱਜੀ ਮੈਡੀਕਲ ਸੁਵਿਧਾ ਦਾ ਧਿਆਨ ਕੀਤਾ ਜਾਂਦਾ | ਇਨ੍ਹਾਂ ਦੇ ਖਾਣ-ਪੀਣ ਦੇ ਢੁਕਵੇਂ ਪ੍ਰਬੰਧ ਕੀਤੇ ਜਾਂਦੇ | 14 ਦਿਨ ਬਾਅਦ ਇਨ੍ਹਾਂ ਨੂੰ ਸੁਰੱਖਿਅਤ ਆਪਣੇ ਆਪਣੇ ਪਿੰਡ ਘਰ ਪਹੁੰਚਣ ਲਈ ਅਜਿਹੇ ਪ੍ਰਬੰਧ ਕੀਤੇ ਜਾਂਦੇ ਕਿ ਇਹ ਲੋਕ ਰਸਤੇ ਵਿਚ ਹੋਰ ਲੋਕਾਂ ਦੇ ਸੰਪਰਕ ਵਿਚ ਨਾ ਆਉਣ | ਇਹ ਸੁਰੱਖਿਅਤ ਆਪਣੇ ਘਰਾਂ ਵਿਚ ਪਹੁੰਚ ਜਾਣ | ਪਰ ਸਰਕਾਰ ਨੇ ਇਸ ਸਬੰਧੀ ਕੀ ਕੀਤਾ? ਸਗੋਂ ਅਜਿਹਾ ਕੁਝ ਕਰਨ ਦੀ ਬਜਾਏ ਅਜਿਹੇ ਫ਼ੈਸਲੇ ਲਏ ਕਿ ਲੋਕਾਂ ਵਿਚ ਬਿਮਾਰੀ ਦੇ ਸਹਿਮ ਦੇ ਨਾਲ ਨਾਲ ਅਸੁਰੱਖਿਆ ਦੀ ਭਾਵਨਾ ਵਧ ਗਈ | ਤਾਲਾਬੰਦੀ ਦੇ ਡੇਢ ਮਹੀਨੇ ਬਾਅਦ ਕਰਨਾਟਕ ਤੋਂ ਮਜ਼ਦੂਰਾਂ ਨੂੰ ਘਰੋ ਘਰੀ ਪਹੁੰਚਾਉਣ ਲਈ ਪਹਿਲਾਂ ਸਪੈਸ਼ਲ ਰੇਲ ਗੱਡੀਆਂ ਚਲਾਉਣੀਆਂ ਸਨ ਪਰ ਐਨ ਇਕ ਦਿਨ ਪਹਿਲਾਂ ਇਹ ਰੱਦ ਕਰ ਦਿੱਤੀਆਂ ਗਈਆਂ | ਫਾਕੇ ਕੱਟਦੇ ਕਾਰਖਾਨਿਆਂ ਫੈਕਟਰੀਆਂ ਦੇ ਹਜ਼ਾਰਾਂ ਮਜ਼ਦੂਰ ਪਹਿਲਾਂ ਤਾਂ ਇਹ ਆਸ ਕਰਦੇ ਰਹੇ ਕਿ ਉਨ੍ਹਾਂ ਨੂੰ ਸੁਰੱਖਿਅਤ ਘਰੋ-ਘਰੀ ਪਹੁੰਚਾਇਆ ਜਾਵੇਗਾ | ਪਰ ਸਰਕਾਰ ਨੂੰ ਇਨ੍ਹਾਂ ਪੀੜਤਾਂ ਦੇ ਕਿਰਾਏ ਦਾ ਫ਼ਿਕਰ ਹੋਣ ਲੱਗਾ | ਕਰਨਾਟਕ ਸਟੇਟ ਦੇ ਹਜ਼ਾਰਾਂ ਕਾਮੇ ਤਾਲਾਬੰਦੀ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਸਰਕਾਰੀ ਮਦਦ ਨੂੰ ਉਡੀਕਦੇ ਰਹੇ | ਇਨ੍ਹਾਂ 'ਚੋਂ ਜ਼ਿਆਦਤਰ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਹਜ਼ਾਰਾਂ ਮਜ਼ਦੂਰ ਹਨ ਜੋ ਨਿਰਾਸ਼ ਹੋ ਕੇ ਪੈਦਲ ਚੱਲ ਪਏ | ਸਵਾਲ ਇਹ ਪੈਦਾ ਹੁੰਦਾ ਹੈ ਜੇਕਰ ਉੱਤਰ ਪ੍ਰਦੇਸ਼ ਸਰਕਾਰ ਸਰਕਾਰ ਕੋਟਾ ਵਿਚ ਪੜ੍ਹਦੇ ਬੱਚਿਆਂ ਨੂੰ ਉਨ੍ਹਾਂ ਦੇ ਘਰੀਂ ਸੁਰੱਖਿਅਤ ਪਹੁੰਚਾ ਸਕਦੀ ਹੈ ਤਾਂ ਗ਼ਰੀਬ ਮਜ਼ਦੂਰਾਂ ਨੂੰ ਕਿਉਂ ਨਹੀਂ? ਜੇਕਰ ਭਾਰਤ ਸਰਕਾਰ ਬਾਹਰਲੇ ਮੁਲਕਾਂ ਤੋਂ ਵਿਸ਼ੇਸ਼ ਮੈਗਾ ਉਡਾਣਾਂ ਰਾਹੀਂ ਲੋਕਾਂ ਨੂੰ ਦੇਸ਼ ਲਿਆ ਸਕਦੀ ਹੈ ਤਾਂ ਮਜ਼ਦੂਰਾਂ ਪ੍ਰਤੀ ਸੰਵੇਦਨਹੀਣਤਾ ਕਿਉਂ? ਚਾਹੀਦਾ ਤਾਂ ਇਹ ਸੀ ਕਿ ਸੰਕਟ ਦੇ ਸਮੇਂ ਇਨ੍ਹਾਂ ਗ਼ਰੀਬ ਮਜ਼ਦੂਰਾਂ ਦੀ ਬਾਂਹ ਫੜੀ ਜਾਂਦੀ ਪਰ ਇਸ ਦੇ ਉਲਟ ਸਰਕਾਰਾਂ ਦਾ ਰਵੱਈਆ ਇਸ ਪ੍ਰਤੀ ਬੇਹੱਦ ਨਿਰਾਸ਼ ਕਰਨ ਵਾਲਾ ਹੈ | ਸਰਕਾਰਾਂ ਵਲੋਂ ਅਜਿਹੇ ਫ਼ੈਸਲੇ ਲਏ ਜਾ ਰਹੇ ਹਨ ਜਿਨ੍ਹਾਂ ਨਾਲ ਬਿਮਾਰੀ ਦੇ ਹੋਰ ਭਿਆਨਕ ਬਣਨ ਦਾ ਖ਼ਤਰਾ ਵਧ ਰਿਹਾ ਹੈ | ਜਿਵੇਂ ਬਾਜ਼ਾਰ ਬੰਦ ਹਨ, ਖਾਣ ਪੀਣ ਦੀਆਂ ਦੁਕਾਨਾਂ ਢਾਬੇ ਰੈਸਟੋਰੈਂਟ ਬੰਦ ਹਨ ਪਰ ਬਿਨਾਂ ਸਮਾਜਿਕ ਦੂਰੀ ਨੂੰ ਧਿਆਨ ਵਿਚ ਰੱਖਦਿਆਂ ਸ਼ਰਾਬ ਦੇ ਠੇਕੇ ਖੋਲ੍ਹ ਦਿੱਤੇ ਗਏ | ਇਨ੍ਹਾਂ ਠੇਕਿਆਂ ਅੱਗੇ ਲੋਕਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ | ਔਸਤ ਸਮਝ ਰੱਖਣ ਵਾਲੇ ਵਿਅਕਤੀ ਦੇ ਜ਼ਿਹਨ ਵਿਚ ਵੀ ਇਹ ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਕੋਰੋਨਾ ਮਾਮਲੇ ਨਾਮਾਤਰ ਸਨ ਤਾਂ ਸਰਕਾਰ ਨੇ ਸਖ਼ਤੀ ਨਾਲ ਤਾਲਾਬੰਦੀ ਕੀਤੀ | ਲੋਕਾਂ ਨੇ ਮੁਸ਼ਕਿਲਾਂ ਵੀ ਝੱਲੀਆਂ, ਪਰ ਹੁਣ ਜਦੋਂ ਸਥਿਤੀ ਭਿਆਨਕ ਹੋ ਰਹੀ ਹੈ, ਬਿਮਾਰੀ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 55 ਹਜ਼ਾਰ ਤੱਕ ਪੁੱਜ ਗਈ ਹੈ ਤਾਂ ਸਰਕਾਰ ਬਾਜ਼ਾਰਾਂ ਨੂੰ ਖੋਲ੍ਹਣ ਦੇ ਆਦੇਸ਼ ਦੇ ਰਹੀ ਹੈ | ਕੀ ਹੁਣ ਅਸੀਂ ਸਾਰੇ ਖ਼ਤਰੇ ਤੋਂ ਬਾਹਰ ਹਾਂ? ਜਾਂ ਪਹਿਲਾਂ ਕੀਤੀ ਸਖ਼ਤ ਤਾਲਾਬੰਦੀ ਦੌਰਾਨ ਹਜ਼ਾਰਾਂ ਲੋਕਾਂ ਨੂੰ ਕੁੱਟਿਆ ਮਾਰਿਆ ਗਿਆ | ਲੋਕਾਂ ਦੀਆਂ ਲੱਤਾਂ ਬਾਹਾਂ ਵੀ ਟੁੱਟੀਆਂ ਕੁਝ ਮੌਤਾਂ ਵੀ ਹੋਈਆਂ | ਇਸ ਦੌਰਾਨ ਪੁਲਿਸ ਮੁਲਾਜ਼ਮਾਂ ਨੇ ਵੀ ਦਿਨ-ਰਾਤ ਇਕ ਕਰ ਕੇ ਭੁੱਖੇ ਪਿਆਸੇ ਰਹਿ ਕੇ ਆਪਣੀਆਂ ਡਿਊਟੀਆਂ ਨਿਭਾਈਆਂ ਕੁਝ ਪੁਲਿਸ ਕਰਮਚਾਰੀ ਅਤੇ ਅਧਿਕਾਰੀ ਕੋਰੋਨਾ ਦੀ ਬਿਮਾਰੀ ਤੋਂ ਪੀੜਤ ਹੋ ਕੇ ਅਲਵਿਦਾ ਵੀ ਕਹਿ ਗਏ | ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਮਾਮਲੇ ਵਧਣ ਤੋਂ ਬਾਅਦ ਤਾਲਾਬੰਦੀ ਨੂੰ ਖੋਲ੍ਹਣਾ ਹੀ ਸੀ ਤਾਂ ਡੇਢ ਮਹੀਨਾ ਕੀਤੀ ਤਾਲਾਬੰਦੀ ਦਾ ਕੀ ਅਰਥ? ਕੋਰੋਨਾ ਦੀ ਮਹਾਂਮਾਰੀ ਦਾ ਮੁਕਾਬਲਾ ਕਰਦਿਆਂ ਸਰਕਾਰਾਂ ਵਲੋਂ ਹੁਣ ਤੱਕ ਲਏ ਜਾਂਦੇ ਫ਼ੈਸਲਿਆਂ ਨਾਲ ਆਮ ਲੋਕਾਂ ਵਿਚ ਵੱਡੀ ਭੰਬਲਭੂਸੇ ਵਾਲੀ ਸਥਿਤੀ ਬਣੀ ਹੋਈ ਹੈ | ਕੋਵਿਡ-19 ਦੀ ਬਿਮਾਰੀ ਨੂੰ ਇਕ ਦੇਸ਼ ਤੋਂ ਦੂਜੇ ਦੇਸ਼ ਤੱਕ ਲੈ ਕੇ ਜਾਣ ਲਈ ਹਵਾਈ ਜਹਾਜ਼ ਦੇ ਸਫ਼ਰ ਦੀ ਸਭ ਤੋਂ ਵੱਡੀ ਭੂਮਿਕਾ ਰਹੀ | ਇਹ ਬਿਮਾਰੀ ਦੁਨੀਆ ਦੇ ਮਹਾਂਨਗਰਾਂ ਤੋਂ ਸ਼ੁਰੂ ਹੋ ਕੇ ਵੱਡੇ ਸ਼ਹਿਰਾਂ ਤੇ ਹੁਣ ਇਸ ਦਾ ਪ੍ਰਕੋਪ ਕਸਬਿਆਂ ਤੱਕ ਆਣ ਪਹੁੰਚਿਆ ਹੈ | ਵੁਹਾਨ, ਵਾਸ਼ਿੰਗਟਨ, ਪੈਰਿਸ, ਦਿੱਲੀ, ਇੰਦੌਰ ਅਤੇ ਮੁੰਬਈ ਵਰਗੇ ਸ਼ਹਿਰਾਂ ਵਿਚ ਸੰਘਣੀਆਂ ਆਬਾਦੀਆਂ ਵਿਚ ਇਸ ਦੀ ਲਾਗ ਨਾਲ ਸਭ ਤੋਂ ਵੱਧ ਮੌਤਾਂ ਹੋਈਆਂ |
 
ਕੋਰੋਨਾ ਦੇ ਪ੍ਰਕੋਪ ਨੇ ਸਰਕਾਰਾਂ ਦੇ ਆਰਥਿਕ ਢਾਂਚੇ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ | ਹਾਲਾਤ ਇਹ ਬਣ ਗਏ ਹਨ ਕਿ ਸਟੇਟ ਸਰਕਾਰਾਂ ਕੇਂਦਰ ਸਰਕਾਰ ਕੋਲ ਸ਼ਰਾਬ ਵੇਚਣ ਦੀ ਇਜਾਜ਼ਤ ਦੇਣ ਲਈ ਗੁਹਾਰ ਲਗਾ ਰਹੀਆਂ ਹਨ | ਕਰੀਬ ਡੇਢ ਮਹੀਨੇ ਦੀ ਤਾਲਾਬੰਦੀ ਨਾਲ ਸਰਕਾਰਾਂ ਦੀ ਹਾਲਤ ਏਨੀ ਪਤਲੀ ਕਿਉਂ ਹੋ ਗਈ? ਇਸ ਦਾ ਜਵਾਬ ਇਹ ਹੈ ਸਰਕਾਰਾਂ ਦੀ ਹਾਲਤ ਪਹਿਲਾਂ ਵੀ ਕੋਈ ਬਾਹਲੀ ਚੰਗੀ ਨਹੀਂ ਸੀ | ਪਿਛਲੇ ਅਰਸੇ ਤੋਂ ਨਿੱਜੀਕਰਨ ਅਤੇ ਪੂੰਜੀਵਾਦੀ ਨੀਤੀਆਂ 'ਤੇ ਚਲਦਿਆਂ ਸਰਕਾਰਾਂ ਅਤੇ ਆਮ ਲੋਕਾਂ ਦੀ ਹਾਲਤ ਲਗਾਤਾਰ ਪਤਲੀ ਹੁੰਦੀ ਗਈ ਜਦਕਿ ਧਨਾਢ ਪੂੰਜੀਪਤੀਆਂ ਅਤੇ ਰਾਜ ਨੇਤਾਵਾਂ ਅਤੇ ਰਾਜ ਘਰਾਣਿਆਂ ਕੋਲ ਬੇਤਹਾਸ਼ਾ ਧਨ ਜਮ੍ਹਾਂ ਹੁੰਦਾ ਗਿਆ | ਪੂੰਜੀਵਾਦੀ ਪ੍ਰਬੰਧ ਦੇ ਨਿਚੋੜੇ ਹੋਏ ਦੇਸ਼ ਕੋਲ ਏਨੀ ਸਮਰੱਥਾ ਨਹੀਂ ਕਿ ਉਹ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾ ਸਕੇ | ਹਸਪਤਾਲਾਂ ਦੀ ਹਾਲਤ ਖ਼ਸਤਾ ਹੈ | ਸਰਕਾਰੀ ਹਸਪਤਾਲਾਂ ਅਤੇ ਡਾਕਟਰਾਂ ਕੋਲ ਬਿਮਾਰੀ ਨਾਲ ਲੜਨ ਲਈ ਲੋੜੀਂਦੇ ਸਾਧਨ ਨਹੀਂ ਹਨ | ਪੰਜਾਬ ਹੀ ਨਹੀਂ ਹੋਰ ਸੂਬਿਆਂ ਦੀਆਂ ਸਰਕਾਰਾਂ ਨੂੰ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਲਈ ਸ਼ਰਾਬ ਦਾ ਸਹਾਰਾ ਲੈਣਾ ਪੈ ਰਿਹਾ ਹੈ | ਤਾਲਾਬੰਦੀ ਦੌਰਾਨ ਉਹ ਲੋਕ ਜੋ ਜੜ੍ਹਾਂ ਤੋਂ ਉੱਖੜ ਕੇ ਸ਼ਹਿਰਾਂ ਜਾਂ ਹੋਰ ਰਾਜਾਂ ਵਿਚ ਗਏ ਸਨ ਉਨ੍ਹਾਂ ਨੂੰ ਇਕਦਮ ਇਸ ਗੱਲ ਦਾ ਅਹਿਸਾਸ ਹੋਇਆ ਕਿ ਜੇਕਰ ਤਾਲਾਬੰਦੀ ਕੁਝ ਸਮਾਂ ਹੋਰ ਵਧਦੀ ਹੈ ਤਾਂ ਮਹਾਂਨਗਰ ਦੀ ਚਕਾਚੌਾਧ ਉਨ੍ਹਾਂ ਨੂੰ ਰੋਜ਼ੀ-ਰੋਟੀ ਨਹੀਂ ਦੇ ਸਕਦੀ | ਇਸ ਸੰਕਟ ਦੀ ਘੜੀ ਵਿਚ ਆਮ ਲੋਕ ਹੀ ਪੀੜਤ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ | ਸਰਕਾਰਾਂ ਅਤੇ ਰਾਜਨੀਤਕ ਨੇਤਾਵਾਂ ਤੋਂ ਆਮ ਲੋਕ ਜਿਸ ਤਰ੍ਹਾਂ ਦੀ ਆਸ ਉਮੀਦ ਕਰਦੇ ਹਨ ਉਹ ਕਿੱਧਰੇ ਨਜ਼ਰ ਨਹੀਂ ਆ ਰਹੀ | ਬਿਨਾਂ ਸੋਚੇ ਸਮਝੇ ਲਏ ਸਰਕਾਰੀ ਫ਼ੈਸਲਿਆਂ ਨਾਲ ਆਮ ਲੋਕਾਂ ਦੇ ਫ਼ਿਕਰ ਵਧ ਗਏ ਹਨ | ਜੇਕਰ ਸੋਚ ਸਮਝ ਕੇ ਲੋਕਾਂ ਦੀਆਂ ਮੁਸ਼ਕਿਲਾਂ ਸਮੱਸਿਆਵਾਂ ਨੂੰ ਹੱਲ ਕੀਤਾ ਜਾਂਦਾ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਸੀ | ਸਰਕਾਰ ਨੂੰ ਭਵਿੱਖ ਦੀ ਸਥਿਤੀ ਨੂੰ ਧਿਆਨ ਵਿਚ ਰੱਖਦਿਆਂ ਅਗਾਊਾ ਪ੍ਰੋਗਰਾਮ ਬਣਾਉਣੇ ਚਾਹੀਦੇ ਹਨ | ਮਰੀਜ਼ਾਂ ਦੇ ਢੁੱਕਵੇਂ ਇਲਾਜ ਪ੍ਰਬੰਧ, ਪੁਲਿਸ ਅਤੇ ਸਿਹਤ ਕਰਮੀਆਂ ਲਈ ਲੋੜੀਂਦੇ ਸਾਜ਼ੋ-ਸਾਮਾਨ ਅਤੇ ਤਨਖ਼ਾਹਾਂ ਦਾ ਵਿਸ਼ੇਸ਼ ਧਿਆਨ ਰੱਖੇ ਜਾਣ ਦੀ ਲੋੜ ਹੈ | ਸੰਕਟ ਵਿਚ ਆਮ ਲੋਕਾਂ ਦੀ ਬਾਂਹ ਫੜਨ ਅਤੇ ਬਿਮਾਰੀ ਪ੍ਰਤੀ ਲੋਕਾਂ ਵਿਚ ਜਾਗਿ੍ਤੀ ਪੈਦਾ ਕਰਨ ਲਈ ਸਰਕਾਰੀ ਮੁਲਾਜ਼ਮਾਂ ਜਿਨ੍ਹਾਂ ਤੋਂ ਕੋਈ ਖਾਸ ਕੰਮ ਨਹੀਂ ਲਿਆ ਜਾ ਰਿਹਾ, ਦੀਆਂ ਸੇਵਾਵਾਂ ਲੈਣੀਆਂ ਚਾਹੀਦੀਆਂ ਹਨ | ਇਸ ਦੇ ਨਾਲ-ਨਾਲ ਸਰਕਾਰਾਂ ਨੂੰ ਅਜਿਹੇ ਭਵਿੱਖਮੁਖੀ ਪ੍ਰੋਗਰਾਮਾਂ ਨੂੰ ਤਰਜੀਹ ਦੇਣ ਦੀ ਲੋੜ ਹੈ, ਜਿਨ੍ਹਾਂ ਦੀ ਬਦੌਲਤ ਦੇਸ਼ ਵਿਚ ਮਾਨਵੀ ਕਦਰਾਂ-ਕੀਮਤਾਂ ਅਤੇ ਲੋਕ-ਪੱਖੀ ਨਿਜ਼ਾਮ ਦੀ ਉਸਾਰੀ ਹੋ ਸਕੇ |

*ਜ਼ੀਰਾ, ਜ਼ਿਲ੍ਹਾ ਫ਼ਿਰੋਜ਼ਪੁਰ
ਮੋ: 98550-51099