ਅਫਗਾਨ ਸਿੱਖਾਂ ਅਤੇ ਹਿੰਦੂਆਂ ਨਾਲ ਮੋਦੀ ਨੇ ਕੀਤੀ ਮੁਲਾਕਾਤ

ਅਫਗਾਨ ਸਿੱਖਾਂ ਅਤੇ ਹਿੰਦੂਆਂ ਨਾਲ ਮੋਦੀ ਨੇ ਕੀਤੀ ਮੁਲਾਕਾਤ

*ਪੀੜਤ ਨੇ ਦੱਸਿਆ ਆਪਣਾ ਦਰਦ ਕਿ ਤਾਲਿਬਾਨ ਨੇ ਜਾਸੂਸ ਵਜੋਂ ਸਾਨੂੰ ਕੀਤਾ ਸੀ ਅਗਵਾਹ 

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਅਫਗਾਨਿਸਤਾਨ ਦੇ ਸਿੱਖਾਂ ਅਤੇ ਹਿੰਦੂਆਂ ਦੇ ਵਫਦ ਨੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਮੁਲਾਕਾਤ ਕੀਤੀ। ਹਿੰਦੁਸਤਾਨ ਵਿੱਚ ਵੱਡੀ ਗਿਣਤੀ ਵਿੱਚ ਅਫਗਾਨ ਸਿੱਖ ਅਤੇ ਹਿੰਦੂ ਰਹਿੰਦੇ ਹਨ ਅਤੇ ਹਾਲ ਹੀ ਵਿੱਚ ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਸੱਤਾ ਤੇ ਕਾਬਜ਼ ਹੋਣ ਤੋਂ ਬਾਅਦ ਹਿੰਦੁਸਤਾਨ ਸਰਕਾਰ ਨੇ ਉਨ੍ਹਾਂ ਵਿੱਚੋਂ ਬਹੁਤਿਆਂ ਨੂੰ ਉਥੋਂ ਕੱਢ ਲਿਆਂਦਾ ਸੀ। ਅਫਗਾਨਿਸਤਾਨ ਵਿੱਚ ਧਾਰਮਿਕ ਆਧਾਰ 'ਤੇ ਅੱਤਿਆਚਾਰ ਦਾ ਸਾਹਮਣਾ ਕਰ ਰਹੇ ਘੱਟ ਗਿਣਤੀਆਂ ਪ੍ਰਤੀ ਮੋਦੀ ਸਰਕਾਰ ਨੇ ਕਈ ਵਾਰ ਆਪਣੀ ਵਚਨਬੱਧਤਾ ਪ੍ਰਗਟਾਈ ਹੈ । ਇਸ ਦੌਰਾਨ ਅਫਗਾਨਿਸਤਾਨ ਦੇ ਕਾਬੁਲ ਤੋਂ ਆਏ ਨਿਦਾਨ ਸਿੰਘ ਸਚਦੇਵਾ ਨੇ ਦੱਸਿਆ ਕਿ ਉਸ ਨੂੰ ਤਾਲਿਬਾਨ ਨੇ ਅਗਵਾਹ ਕਰ ਲਿਆ ਹੈ।

ਉਸ ਨੇ ਕਿਹਾ, 'ਮੈਨੂੰ ਤਾਲਿਬਾਨ ਨੇ ਗੁਰਦੁਆਰੇ ਤੋਂ ਅਗਵਾਹ ਕੀਤਾ ਸੀ। ਉਹ ਸਾਨੂੰ ਹਿੰਦੁਸਤਾਨੀ ਜਾਸੂਸ ਸਮਝਦੇ ਸਨ, ਉਹ ਚਾਹੁੰਦੇ ਸਨ ਕਿ ਅਸੀਂ ਧਰਮ ਪਰਿਵਰਤਨ ਕਰੀਏ। ਅਸੀਂ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ ਹੈ ਅਤੇ ਹਿੰਦੁਸਤਾਨ ਸਰਕਾਰ ਦੀ ਮਦਦ ਤੋਂ ਖੁਸ਼ ਹਾਂ। ਸਾਨੂੰ ਸਿਰਫ਼ ਸ਼ਰਨ ਅਤੇ ਕੌਮੀਅਤ ਦੀ ਲੋੜ ਹੈ। 1989 ਵਿੱਚ ਹਿੰਦੁਸਤਾਨ ਤਬਦੀਲ ਹੋਏ ਅਫਗਾਨਿਸਤਾਨ ਦੇ ਰਹਿਣ ਵਾਲੇ ਤਰੇਂਦਰ ਸਿੰਘ ਨੇ ਕਿਹਾ, ‘ਅਸੀਂ ਕਾਬੁਲ ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ ਆਪਣੀ ਸਥਿਤੀ ਤੋਂ ਜਾਣੂ ਕਰਵਾਇਆ। ਸਾਡੀ ਮੁੱਖ ਸਮੱਸਿਆ ਨਾਗਰਿਕ ਬਣਨਾ ਸੀ, ਅਸੀਂ ਆਪਣੀ ਨਾਗਰਿਕਤਾ ਲਈ ਇਧਰ-ਉਧਰ ਭਟਕਦੇ ਰਹੇ, ਇਸ ਲਈ ਅਸੀਂ ਸੀਏਏ ਲਿਆਉਣ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ ਅਤੇ ਇਸ ਦੇਸ਼ ਵਿਚ ਆਪਣੀ ਨਾਗਰਿਕਤਾ ਚਾਹੁੰਦੇ ਹਾਂ।