ਬਾਬਾ ਬੰਦਾ ਸਿੰਘ ਬਹਾਦਰ ਦੀ ਸਰਹਿੰਦ ਫ਼ਤਹਿ 

ਬਾਬਾ ਬੰਦਾ ਸਿੰਘ ਬਹਾਦਰ ਦੀ ਸਰਹਿੰਦ ਫ਼ਤਹਿ 

12 ਮਈ ਨੂੰ ਖਾਲਸਾ ਰਾਜ ਦਿਵਸ 'ਤੇ ਵਿਸ਼ੇਸ਼

ਇਤਿਹਾਸ

ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ 12 ਮਈ, 1710 ਈ. ਨੂੰ ਸਿੱਖਾਂ ਵਲੋਂ ਸਰਹਿੰਦ ਦੀ ਇੱਟ ਨਾਲ ਇੱਟ ਖੜਕਾਉਣ ਦਾ ਕਾਰਨਾਮਾ ਸਿੱਖ ਮਾਨਸਿਕਤਾ ਅੰਦਰ ਗੌਰਵ ਬਣ ਕੇ ਛਾਇਆ ਹੋਇਆ ਹੈ। ਸਿੱਖਾਂ ਅਤੇ ਇਨਸਾਫ਼ ਪਸੰਦ ਇਨਸਾਨਾਂ ਲਈ ਛੋਟੇ ਸਾਹਿਬਜ਼ਾਦਿਆਂ ਨੂੰ ਦੀਵਾਰਾਂ ਵਿਚ ਚਿਣਵਾ ਕੇ ਸ਼ਹੀਦ ਕਰਨ ਵਾਲੀ ਸਰਹਿੰਦ ਜ਼ੁਲਮ ਦਾ ਕਿਲ੍ਹਾ ਸੀ। ਇਸ ਦੀ ਇੱਟ-ਇੱਟ ਸਾਹਿਬਜ਼ਾਦਿਆਂ ਦੀ ਮਾਸੂਮੀਅਤ ਅਤੇ ਮਾਤਾ ਗੁਜਰੀ ਜੀ ਦੀ ਬਜ਼ੁਰਗੀ 'ਤੇ ਹੋਏ ਕਹਿਰ ਦੀ ਨਿਸ਼ਾਨੀ ਸੀ। ਦੁਖੀ ਸਿੱਖ ਹਿਰਦਿਆਂ ਦਾ ਰੋਹ ਜ਼ੁਲਮ ਦੀਆਂ ਨਿਸ਼ਾਨੀਆਂ ਨੂੰ ਮਿੱਟੀ ਵਿਚ ਮਿਲਾ ਦੇਣ ਲਈ ਤੜਫ਼ ਰਿਹਾ ਸੀ। ਸਿੱਖ ਮਾਨਸਿਕਤਾ ਦੀ ਇਸ ਤੜਫ਼ ਨੂੰ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਛਕ ਕੇ ਤਿਆਰ ਹੋਏ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਮਿਲੀ। ਸਰਹਿੰਦ ਫ਼ਤਹਿ ਦੀ ਗਾਥਾ ਸਾਡੇ ਇਤਿਹਾਸ ਵਿਚ ਇਨਸਾਫ਼ ਦੀ ਤੇਗ਼ ਨਾਲ ਲਿਖੀ ਗਈ।

ਬਾਬਾ ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ, ਮਜ਼ਲੂਮਾਂ ਦਾ ਰਾਖਾ ਅਤੇ ਜ਼ਾਬਰਾਂ ਲਈ ਤਬਾਹੀ ਦਾ ਤੂਫਾਨ ਸੀ। ਉਹ ਮਹਾਨ ਜਰਨੈਲ ਅਤੇ ਕਮਾਲ ਦਾ ਪ੍ਰਬੰਧਕ ਸੀ। ਸਰਹਿੰਦ ਦੇ ਯੁੱਧ ਵਿਚ ਬਾਬਾ ਬੰਦਾ ਸਿੰਘ ਬਹਾਦਰ ਕੋਲ ਸੂਬਾ ਸਰਹਿੰਦ ਦੇ ਮੁਕਾਬਲੇ ਬਹੁਤ ਥੋੜ੍ਹੇ ਸਾਧਨ ਸਨ। ਸੂਬੇ ਦੀਆਂ ਤੋਪਾਂ ਦੇ ਮੁਕਾਬਲੇ ਸਿੱਖਾਂ ਕੋਲ ਤੇਗਾਂ ਸਨ। ਸੂਬੇ ਦੇ ਭਿਅੰਕਰ ਹਾਥੀਆਂ ਨਾਲ ਜੂਝਣ ਲਈ ਸਿੱਖਾਂ ਕੋਲ ਨੇਜ਼ੇ ਸਨ। ਸਿੱਖਾਂ ਲਈ ਸਰਹਿੰਦ ਫਤਿਹ ਕਰਨਾ ਜ਼ਿੰਦਗੀ ਅਤੇ ਮੌਤ ਦਾ ਸੁਆਲ ਸੀ। ਇਹ ਕਬਜ਼ੇ ਦੀ ਲੜਾਈ ਨਹੀਂ ਧਰਮ ਯੁੱਧ ਦਾ ਸਿਦਕ ਸੀ। ਵੈਰੀ ਦੇ ਡਰ ਦੀ ਥਾਂ 'ਨਿਸਚੈ ਕਰ ਅਪਨੀ ਜੀਤ ਕਰੋਂ' ਦਾ ਜੈਗਾਨ ਸੀ।

ਸੂਬਾ ਸਰਹਿੰਦ ਦੀਆਂ ਗਰਜਦੀਆਂ ਤੋਪਾਂ, ਚਿੰਘਿਆੜਦੇ ਹਾਥੀਆਂ ਅਤੇ ਘਾਤਕ ਸਾਜਿਸ਼ਾਂ ਅੱਗੇ ਸਿੱਖ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਜੰਗੀ ਚਾਲਾਂ ਅਨੁਸਾਰ ਸੀਨੇ ਤਾਣ ਕੇ ਸੂਰਮਤਾਈ ਦੀ ਕਹਾਣੀ ਲਿਖਣ ਲੱਗੇ। ਸਿੱਖਾਂ ਦੀਆਂ ਤੇਗਾਂ ਨੇ ਤੋਪਾਂ ਦੇ ਮੂੰਹ ਮੋੜ ਦਿੱਤੇ। ਸਾਹਿਬਜ਼ਾਦਿਆਂ ਸਮੇਤ ਅਨੇਕ ਨਿਰਦੋਸ਼ਾਂ 'ਤੇ ਕੀਤੇ ਅਣਮਨੁੱਖੀ ਤਸ਼ੱਦਦਾਂ ਦੇ ਪਹਾੜ ਜਿੱਡੇ ਪਾਪਾਂ ਦੇ ਬੋਝ ਥੱਲੇ ਦਬੀ ਸੂਬੇ ਦੀ ਹੰਕਾਰੀ ਸੈਨਾ ਸਿੱਖਾਂ ਦੇ ਸਿਦਕੀ-ਤੂਫ਼ਾਨ ਵਿਚ ਤੂੜੀ ਵਾਂਗ ਉੱਡ ਗਈ। ਗੋਲੀਆਂ ਦੀ ਅਵਾਜ਼ ਅਤੇ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਦੀ ਗੂੰਜ ਵਿਚ ਸਿੱਖਾਂ ਨੇ ਸਰਹਿੰਦ 'ਤੇ ਕੇਸਰੀ ਨਿਸ਼ਾਨ ਝੂਲਾ ਦਿੱਤਾ।

ਬਾਬਾ ਬੰਦਾ ਸਿੰਘ ਬਹਾਦਰ ਨਾਲ ਸਿਦਕੀ-ਸਿੱਖਾਂ ਤੋਂ ਬਿਨਾਂ ਅਜਿਹੇ ਲੋਕ ਵੀ ਘੁਸਪੈਠ ਕਰ ਜਾਂਦੇ ਸਨ ਜਿਨ੍ਹਾਂ ਦਾ ਸਿੱਖੀ ਨਾਲ ਕੋਈ ਵਾਸਤਾ ਨਹੀਂ ਸੀ। ਇਹ ਲੁੱਟਮਾਰ ਕਰਨ ਲਈ ਆਉਂਦੇ ਸਨ। ਯੁੱਧ ਦੇ ਰੌਲੇ-ਰੱਪੇ ਵਿਚ ਇਨ੍ਹਾਂ 'ਤੇ ਪੂਰਨ ਰੂਪ ਵਿਚ ਕਾਬੂ ਪਾਉਣਾ ਸੰਭਵ ਨਹੀਂ ਸੀ। ਇਨ੍ਹਾਂ ਲੁਟੇਰਿਆਂ ਨੇ ਬਾਬਾ ਜੀ ਦੀਆਂ ਕਈ ਮੁਹਿੰਮਾਂ ਵਿਚ ਮਾੜਾ ਪ੍ਰਭਾਵ ਪਾਇਆ ਜਦੋਂ ਕਿ ਸਿੱਖ ਜ਼ਾਬਤੇ ਵਿਚ ਰਹਿੰਦੇ ਸਨ। ਸਰਹਿੰਦ ਫ਼ਤਹਿ ਪਿਛੋਂ ਸਿੱਖਾਂ ਨੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਲਈ ਜ਼ਿੰਮੇਵਾਰ ਨਕਸ਼ਬੰਦੀਆਂ ਦੇ ਸ਼ੇਖ ਅਹਿਮਦ ਮੁਜੱਜਦ ਅਲਫ-ਸਾਨੀ ਦੇ ਮਜ਼ਾਰ ਨੂੰ ਬਿਲਕੁਲ ਨੁਕਸਾਨ ਨਹੀਂ ਪਹੁੰਚਾਇਆ। ਇਸੇ ਤਰ੍ਹ੍ਹਾਂ ਛੋਟੇ ਸਾਹਿਬਜ਼ਾਦਿਆਂ ਨੂੰ ਬਚਾਉਣ ਲਈ ਹਾਅ ਦਾ ਨਾਾਹਰਾ ਮਾਰਨ ਵਾਲੇ ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖ਼ਾਨ ਕਰਕੇ ਮਲੇਰਕੋਟਲੇ ਨੂੰ ਸਿੱਖਾਂ ਨੇ ਕੋਈ ਨੁਕਸਾਨ ਨਹੀਂ ਪਹੁੰਚਾਇਆ।

ਬਾਬਾ ਬੰਦਾ ਸਿੰਘ ਬਹਾਦਰ ਨੇ ਮੁਖਲਿਸਗੜ੍ਹ ਜੋ ਸਰਹਿੰਦ ਦੇ ਮੁਕਾਬਲੇ ਪਹਾੜੀ ਇਲਾਕੇ ਵਿਚ ਹੋਣ ਕਰਕੇ ਵੱਧ ਸੁਰੱਖਿਅਤ ਸੀ, ਨੂੰ ਲੋਹਗੜ੍ਹ ਦਾ ਨਾਂ ਦੇ ਕੇ ਆਪਣੀ ਰਾਜਧਾਨੀ ਬਣਾਇਆਾ। ਸਰਹਿੰਦ ਦੀ ਜ਼ਿੰਮੇਵਾਰੀ ਬਾਬਾ ਬਾਜ ਸਿੰਘ ਦੇ ਸਪੁਰਦ ਕੀਤੀ ਗਈ। ਬਾਬਾ ਅਲੀ ਸਿੰਘ ਨੂੰ ਉਨ੍ਹਾਂ ਦੇ ਨਾਇਬ ਨਿਯੁਕਤ ਕੀਤਾ ਗਿਆ। ਬਾਬਾ ਫਤਿਹ ਸਿੰਘ ਨੂੰ ਸਮਾਣਾ ਅਤੇ ਭਾਈ ਰਾਮ ਸਿੰਘ ਨੂੰ ਥਨੇਸਰ ਦੀ ਸੇਵਾ ਸੌਂਪੀ ਗਈ ਬਾਬਾ ਬਿਨੋਦ ਸਿੰਘ ਨੂੰ ਉਨ੍ਹਾਂ ਦੇ ਸਹਾਇਕ ਲਾਇਆ ਗਿਆ। ਇਸ ਨਵੇਂ ਰਾਜ ਪ੍ਰਬੰਧ ਦਾ ਇੰਨਾ ਚੰਗਾ ਪ੍ਰਭਾਵ ਪਿਆ ਕਿ ਮੁਸਲਮਾਨ ਵੀ ਸਿੱਖ ਸੱਜਣ ਲੱਗ ਪਏ। ਨਵਾਬ ਅਮੀਨੁ-ਦੌਲਾ ਦੇ ਰੁੱਕਾਤ ਅਨੁਸਾਰ ਬਾਬਾ ਬੰਦਾ ਸਿੰਘ ਬਹਾਦਰ ਮਨ ਨੂੰ ਮੋਹ ਲੈਣ ਵਾਲਾ ਜਾਦੂਗਰ ਸੀ। ਉਹ ਹਿੰਦੂ ਅਤੇ ਮੁਸਲਮਾਨ ਸਭ ਨੂੰ ਸਿੰਘ ਕਰਕੇ ਬੁਲਾਉਂਦਾ। ਵੱਡੀ ਗਿਣਤੀ ਵਿਚ ਮੁਸਲਮਾਨ ਆਪਣਾ ਧਰਮ ਤਿਆਗ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮਿੱਤਰ ਬਣਨ ਲਈ ਇਕਰਾਰ ਕਰਨ ਲੱਗ ਪਏ ਸਨ। ਕਲਾਨੌਰ ਦੇ ਸਥਾਨ 'ਤੇ 5000 ਪਠਾਣ ਉਸ ਦੀ ਸੈਨਾ ਵਿਚ ਸ਼ਾਮਿਲ ਹੋਏ। ਉਨ੍ਹਾਂ ਨੂੰ ਇਸਲਾਮ ਨੂੰ ਮੰਨਣ ਦੀ ਪੂਰੀ ਖੁੱਲ੍ਹ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਕਿਸੇ ਨੂੰ ਡਰਾ ਕੇ ਧਰਮ ਤਬਦੀਲ ਨਹੀਂ ਕਰਵਾਇਆ। ਸਿੱਖਾਂ ਦੀ ਬਹਾਦਰੀ ਅਤੇ ਦਿਆਲਤਾ ਤੋਂ ਪ੍ਰਭਾਵਿਤ ਹੋ ਕੇ ਇੱਕ ਸਾਲ ਵਿਚ ਹੀ ਇੱਕ ਲੱਖ ਤੋਂ ਵੱਧ ਲੋਕ ਸਿੰਘ ਸਜ ਗਏ ਸਨ। ਸਿੱਖਾਂ ਵਿਚ ਉਸ ਪ੍ਰਤੀ ਅਥਾਹ ਸ਼ਰਧਾ ਅਤੇ ਉਸ ਦੇ ਇੱਕ ਇਸ਼ਾਰੇ 'ਤੇ ਜਾਨ ਵਾਰ ਦੇਣ ਦੀ ਭਾਵਨਾ ਸੀ। ਖਫੀ ਖ਼ਾਨ ਅਨੁਸਾਰ ਸਿੱਖ ਬਾਬਾ ਬੰਦਾ ਸਿੰਘ ਬਹਾਦਰ ਦਾ ਹੁਕਮ ਮੰਨ ਕੇ ਪ੍ਰੇਮ ਅਤੇ ਸ਼ਰਧਾ ਨਾਲ ਕਿਲ੍ਹੇ ਤੋਂ ਬਾਹਰ ਨਿਕਲਦੇ ਅਤੇ ਜੈਕਾਰੇ ਗਜਾਉਂਦੇ ਹੋਏ ਭਾਣਾ ਮੰਨ ਕੇ ਬੜੀ ਦਲੇਰੀ ਨਾਲ ਬਾਦਸ਼ਾਹੀ ਤੋਪਖਾਨੇ, ਤੀਰਾਂ, ਤਲਵਾਰਾਂ ਅਤੇ ਭਾਲਿਆਂ ਉੱਤੇ ਇਸ ਤਰ੍ਹਾਂ ਟੁੱਟ ਪੈਂਦੇ ਜਿਵੇਂ ਪਤੰਗੇ ਲਾਟ ਉੱਤੇ ਆਉਂਦੇ ਹਨ।

ਬਾਬਾ ਬੰਦਾ ਸਿੰਘ ਬਹਾਦਰ ਨੂੰ ਸੁਧਾਰਾਂ ਲਈ ਬਹੁਤਾ ਸਮਾਂ ਨਹੀਂ ਮਿਲਿਆ। ਹਕੂਮਤ ਉਸ ਦਾ ਖ਼ਾਤਮਾ ਕਰਨ ਲਈ ਹੱਥ ਧੋ ਕੇ ਪਿੱਛੇ ਪਈ ਹੋਈ ਸੀ। ਇਸ ਦੇ ਬਾਵਜੂਦ ਉਸ ਨੇ ਜਨਤਾ ਦੇ ਕਲਿਆਣ ਦਾ ਪੂਰਾ ਮਨ ਬਣਾਇਆ ਹੋਇਆ ਸੀ। ਜ਼ਿੰਮੀਦਾਰਾ ਪ੍ਰਬੰਧ ਨੂੰ ਪਲਟ ਦੇਣਾ ਉਸ ਦਾ ਵੱਡਾ ਕਾਰਜ ਸੀ। ਇਹ ਜ਼ਿੰਮੀਦਾਰ ਬਾਦਸ਼ਾਹ ਵਾਂਗ ਫਜ਼ੂਲ ਖ਼ਰਚ ਕਰਨ ਅਤੇ ਐਸ਼ ਭਰੇ ਜੀਵਨ ਲਈ ਜਾਣੇ ਜਾਂਦੇ ਸਨ। ਖੇਤਾਂ ਵਿਚ ਸਖ਼ਤ ਮਿਹਨਤ ਕਰਨ ਵਾਲੇ ਕਿਸਾਨਾਂ ਨਾਲ ਇਨ੍ਹਾਂ ਦਾ ਸਲੂਕ ਬਹੁਤ ਭੈੜਾ ਹੁੰੰਦਾ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਇਨ੍ਹਾਂ ਮਿਹਨਤੀ ਕਿਸਾਨਾਂ ਨੂੰ ਜ਼ਮੀਨ ਦੇ ਅਸਲੀ ਮਾਲਕ ਬਣਾ ਕੇ ਜ਼ਿੰਮੀਦਾਰਾਂ ਤੋਂ ਕਿਸਾਨਾਂ ਦੀ ਮੁਕਤੀ ਕਰਵਾ ਦਿੱਤੀ। ਬਾਬਾ ਬੰਦਾ ਸਿੰਘ ਬਹਾਦਰ ਨੇ ਜਾਤੀ ਭੇਦਭਾਵ ਦਾ ਸ਼ਿਕਾਰ ਬਣੇ ਛੋਟੀਆਂ ਜਾਤਾਂ ਦੇ ਸਿੱਖਾਂ ਨੂੰ ਸੈਨਾ ਵਿਚ ਉੱਚੇ ਅਹੁਦੇ ਦੇ ਕੇ ਉਨ੍ਹਾਂ ਦਾ ਮਾਣ ਵਧਾਇਆ। ਬ੍ਰਾਹਮਣ ਤੇ ਖੱਤਰੀ ਸਤਿਕਾਰ ਨਾਲ ਹੱਥ ਜੋੜ ਕੇ ਉਨ੍ਹਾਂ ਦਾ ਹੁਕਮ ਉਡੀਕਦੇ ਸਨ।

ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਨਾਂ ਦੀ ਥਾਂ ਗੁਰੂ ਨਾਨਕ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ 'ਤੇ ਸਿੱਕੇ ਜਾਰੀ ਕੀਤੇ।

ਸਿੱਕਾ ਜ਼ਦ ਬਰ ਹਰ ਦੋ ਆਲਮ ਤੇਗਿ ਨਾਨਕ ਵਾਹਿਦ ਅਸਤ

ਫ਼ਤਹਿ ਗੋਬਿੰਦ ਸਿੰਘ ਸ਼ਾਹਿ-ਸ਼ਹਾਨ ਫ਼ਜ਼ਲਿ ਸੱਚਾ ਸਾਹਿਬ ਅਸਤ

ਗੁਰੂ ਨਾਨਕ ਸਾਹਿਬ ਦੀ ਤੇਗ ਦੀ ਬਖ਼ਸ਼ਿਸ਼ ਨਾਲ ਦੋ ਜਹਾਨ 'ਤੇ ਸਿੱਕਾ ਜਾਰੀ ਹੋਇਆ

ਗੁਰੂ ਗੋਬਿੰਦ ਸਿੰਘ ਜੀ ਦੀ ਫ਼ਤਹਿ ਅਤੇ ਸੱਚੇ ਰੱਬ ਦੀ ਮਿਹਰ ਹੋਈ।

ਸਰਹਿੰਦ ਦੀ ਜਿੱਤ ਤੋਂ ਉਸ ਨੂੰ 50 ਲੱਖ ਰੁਪਏ ਦਾ ਸਾਲਾਨਾ ਮਾਲੀਆ ਪ੍ਰਾਪਤ ਹੋਣ ਲੱਗ ਪਿਆ। ਬਾਬਾ ਬੰਦਾ ਸਿੰਘ ਬਹਾਦਰ ਨੇ ਜਮਨਾ ਗੰਗਾ ਦੁਆਬ ਵਿਚ ਸਹਾਰਨਪੁਰ ਤੇ ਜਲਾਲਾਬਾਦ, ਜਲੰਧਰ ਦੁਆਬ, ਅੰਮ੍ਰਿਤਸਰ, ਬਟਾਲਾ ਕਲਾਨੌਰ, ਪਠਾਨਕੋਟ ਸਮੇਤ ਅਨੇਕ ਇਲਾਕਿਆਂ 'ਤੇ ਖ਼ਾਲਸੇ ਦੇ ਨਿਸ਼ਾਨ ਝੂਲਾ ਦਿੱਤੇ।

9 ਜੂਨ, 1716 ਈ. ਨੂੰ ਦਿੱਲੀ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੀ ਦਿਲ ਕੰਬਾਊ ਸ਼ਹਾਦਤ ਦੇ ਬਾਵਜੂਦ ਸਰਹਿੰਦ ਦੀ ਫ਼ਤਹਿ ਸਿੱਖਾਂ ਲਈ ਵੱਡੀ ਪ੍ਰੇਰਨਾ ਸ੍ਰੋਤ ਬਣੀ। ਅਠਾਰਵੀਂ ਸਦੀ ਵਿਚ ਜਦੋਂ ਹਕੂਮਤ ਦਾ ਪੱਤਾ-ਪੱਤਾ ਸਿੰਘਾਂ ਦਾ ਵੈਰੀ ਹੋ ਗਿਆ ਤਾਂ ਅਕਾਲ ਪੁਰਖ ਦੇ ਅੰਗ ਸੰਗ ਹੋਣ ਦਾ ਭਰੋਸਾ, ਸਰਹਿੰਦ ਫ਼ਤਹਿ ਦੀ ਯਾਦ, ਗੁਰੂ ਸਾਹਿਬਾਨ ਦਾ ਲਾਸਾਨੀ ਇਤਿਹਾਸ ਸਿੱਖਾਂ ਦੇ ਮਨੋਬਲ ਨਾਲ ਅਭੇਦ ਹੋ ਗਿਆ। ਖ਼ਾਲਸੇ ਨੇ ਜ਼ੁਲਮੀ ਰਾਜ ਦਾ ਅੰਤ ਕਰਕੇ ਮਾਨਵ-ਕਲਿਆਣਕਾਰੀ ਰਾਜ ਸਥਾਪਿਤ ਕਰਕੇ ਇਤਿਹਾਸ ਦਾ ਨਵਾਂ ਮਾਣਮੱਤਾ ਅਧਿਆਏ ਲਿਖਿਆ।

 

ਡਾਕਟਰ ਰਜਿੰਦਰ ਸਿੰਘ