“ਜਿੱਥੇ ਗੁਰੂ ਤੋ ਦੁੱਧ ਮੰਗਦੇ ਹੋ ਪੁੱਤ ਮੰਗਦੇ ਹੋ ਓਥੇ ਸ਼ਹਾਦਤ ਦੀ ਦਾਤ ਵੀ ਮੰਗਿਆ ਕਰੋ" : ਜਸਵੰਤ ਸਿੰਘ ਖਾਲੜਾ

“ਜਿੱਥੇ ਗੁਰੂ ਤੋ ਦੁੱਧ ਮੰਗਦੇ ਹੋ ਪੁੱਤ ਮੰਗਦੇ ਹੋ ਓਥੇ ਸ਼ਹਾਦਤ ਦੀ ਦਾਤ ਵੀ ਮੰਗਿਆ ਕਰੋ

ਜੀਵਤ ਸਾਹਿਬੁ ਸੇਵਿਓ ਅਪਨਾ ਚਲਤੇ ਰਾਖਿਓ ਚੀਤਿ ॥

ਹੇ ਗੁਰੂ ਤੇਗ ਬਹਾਦਰ ਪਾਤਸ਼ਾਹ,  ਕੌਣ ਕਹਿੰਦਾ ਸਿੱਖ ਮਨੁੱਖੀ ਅਧਿਕਾਰਾਂ ਪ੍ਰਤੀ ਅਵੇਸਲੇ ਹਨ ਆਪ ਜੀ ਦਾ ਸਿੱਖ ਭਾਈ ਜਸਵੰਤ ਸਿੰਘ ਜੀ ਖਾਲੜਾ ਅਜੇ ਕੱਲ ਦੀ ਤੇ ਗੱਲ ਏ ! ਓਹ ਆਪ ਜੀ ਦੇ ਸਿੱਖਾਂ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਵਾਗਰਾਂ ਸ਼ਹੀਦੀ ਕਾਫ਼ਲੇ ਚ, ਜਾ ਸ਼ਾਮਲ ਹੋਇਆ । ਕਿੰਓਕਿ ਲੋਕਾਈ ਨਾਲ ਬੇ ਇਨਸਾਫੀ ਉਹਦੇ ਸੁਭਾਅ ਨੂੰ ਵਾਰਾ ਨਹੀਂ ਸੀ ਖਾਂਦੀ, ਤੇ ਨਾਂ ਹੀ ਓਹ ਸਾਡੇ ਵਾਂਗ ਆਪ ਜੀ ਦੇ ਉਪਕਾਰਾਂ ਨੂੰ ਭੁੱਲ ਜਾਣ ਵਾਲਾ ਅਕ੍ਰਿਤਘਣ ਸੀ ! ਓਹ ਅੰਤਲੇ ਸਾਹ ਤੱਕ ਡੋਲਿਆ ਨਹੀਂ ਕਿੰਓਕਿ ਉਸ ਦਾ ਮੁੱਖ ਆਪ ਜੀ ਵੱਲ ਸੀ । ਉਹ ਚਾਂਦਨੀ ਚੌੰਕ ਦੇ ਸ਼ਹੀਦਾਂ ਦੀ ਸੋਚ ਦਾ ਵਾਰਸ਼ ਸੀ, ਲਵਾਰਸ਼ਾਂ ਦਾ ਵਾਰਸ਼ ਸੀ ! ਉਹ ਜਿੰਦੜੀਆਂ ਜਿਨਾਂ ਨੂੰ ਚਾਂਦਨੀ ਚੌੰਕ ਨੇੜਲਾ ਔਰੰਗੇ ਦੇ ਤੱਖਤ ਦੇ ਅਕ੍ਰਿਤਘਣ  ਵਾਰਸ਼ਾ ਨੇ ਲਵਾਰਸ਼ ਲਾਸ਼ਾਂ ਵਿੱਚ ਬਦਲ ਦਿੱਤਾ ਸੀ ! ਗੁਰੂ ਦਾ ਪਿਆਰਾ ਖਾਲੜਾ ਅਨੇਕਾਂ ਬਦਨਸੀਬ ਮਾਂਵਾਂ ਦਾ ਦਰਦ ਚੁੱਕੀ ਕਦੇ ਸਿਵਿਆਂ ਦੀ ਸਵਾਹ ਫਰੋਲਦਾ ਤੇ ਕਦੇ ਹਰੀਕੇ ਪੱਤਣ ਦੇ ਪਾਣੀ ਨੂੰ ਨਿਹਾਰਦਾ ਮਤੇ ਕੋਈ ਕਿਹੇ ਦੇ ਗੁਆਚੇ ਪੁੱਤ ਭਰਾ ਦੀ ਨਿਸ਼ਾਨੀ ਲੱਭ ਜਾਏ ! ਫਿਰ ਇਕ ਦਿਨ ਆਇਆ ਅਕ੍ਰਿਤਘਣ ਹਕੂਮਤ ਦੇ ਕਰਿੰਦਿਆਂ ਦੇ ਘੋਰ ਤਸ਼ਦੱਦ ਦਾ ਅੱਧਮੋਇਆ ਖਾਲੜਾ ਸੱਖਤ ਸੁਰੱਖਿਆ ਪਹਿਰੇ ਹੇਠ ਜਕੜਿਆ ਕਤਲਗਾਹ ਵੱਲ ਨੂੰ ਲਿਜਾਇਆ ਜਾ ਰਿਹਾ ਹੈ ! ਅੱਖਾਂ ਤੇ ਪੱਟੀ ਤੇ ਉੱਪਰ ਕੋਈ ਹੋਰ ਕੱਪੜਾ ਬੱਧਾ ਹੋਇਆ ਹੈ ! ਸਿਰ ਤੇ ਚਾਂਦਨੀ ਚੌੰਕ ਵਾਲੇ ਸਹੀਦਾਂ ਦਾ ਪਹਿਰਾ ਏ ਚੜਦੀ ਕਲਾ ਵਿਚ ਰਸਤੇ ਚ, ਇਕ ਪੁਲਿਸ ਵਾਲੇ ਨੂੰ ਪੁੱਛਦਾ, “ਭਾਈ ਟੈਮ ਕੀ ਹੋਇਆ” 
ਪੁਲਸੀਆ, “ਪੌਣੇ ਸੱਤ ਤਕਾਲਾਂ ਦੇ”
ਚੰਗਾ ਸਿੰਘਾ, “ਰਹਿਰਾਸ ਸਾਹਿਬ ਦਾ ਟੈਮ ਹੋ ਗਿਆ”
ਫਿਰ ਰਹਿਰਾਸ ਸਾਹਿਬ ਤੇ ਕੀਰਤਨ ਸੋਹਿਲਾ ਸਾਹਿਬ ਦੀ ਸਮਾਪਤੀ ਉਪਰੰਤ ਹੁੰਦਾ ਹੈ ਗੋਲ਼ੀਆਂ ਦਾ ਖੜਾਕ ! ਪੱਤਣ ਦੇ ਪਰਿੰਦੇ ਖੰਭ ਖਿਲਾਰ ਆਪਣੀ ਬੋਲੀ ਚ, ਅਸਮਾਨ ਚੁੱਕਣਾ ਲੈ ਲੈੰਦੇ ਨੇ ਮਾਨੋ ਜੈ ਜੈ ਕਰ ਰਹੇ ਹੋਣ ! ਤੇ ਫਿਜ਼ਾ ਚੋ ਇਕ ਅਵਾਜ਼ਾ ਆਉੰਦਾ,
ਸੇਵਕ ਕੀ ਓੜਕਿ ਨਿਬਹੀ ਪ੍ਰੀਤਿ ॥ 
ਜੀਵਤ ਸਾਹਿਬੁ ਸੇਵਿਓ ਅਪਨਾ ਚਲਤੇ ਰਾਖਿਓ ਚੀਤਿ ॥
…..ਤੇ ਅੰਤ ਜਸਵੰਤ ਸਿੰਘ ਖਾਲੜਾ ਅਪਣੇ ਸ਼ਹੀਦਾਂ ਦੇ ਪਹਿਰੇ ਹੇਠ ਪਾਸ ਹੋ ਜਾਂਦਾ ! ਲਵਾਰਿਸ਼ ਲਾਸ਼ਾਂ ਦਾ ਇਹ ਜਾਂਬਾਜ ਵਾਰਸ਼ ਅੱਜ ਦੀ ਸ਼ਾਮ ਆਪਣੇ ਅਨੇਕਾਂ ਭਾਈਆਂ ਵਾਂਗ ਪੱਤਣ ਦੇ ਜਲ ਜੀਵਾਂ ਦਾ ਅਹਾਰ ਬਣ ਗਿਆ ! ਤੇ ਸੰਸਾਰ ਵਿੱਚ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਦੇ ਨਾਂ ਨਾਲ ਸਦੈਵ ਅਮਰ ਹੋ ਗਿਆ !
ਭਾਣਾ ਵਰਤ ਚੁੱਕਾ ਹੈ ਭਾਈ ਖਾਲੜਾ ਜੀ ਅਮਰ ਸ਼ਹੀਦ ਬਣ ਚੁੱਕੇ ਹਨ ! ਇਕ ਸ਼ਖਸ ਬੜਾ ਪਰੇਸ਼ਾਨ ਏ ! ਉਨ ਨਾਂ ਤਕਾਲ ਵੇਲਾ ਖਾਦਾ ਤੇ ਨਾਂ ਅਗਲੇ ਦਿਨ ਸਵੇਰੇ ਸ਼ਾਹ ਵੇਲਾ ਕੀਤਾ ! ਓਹ ਬੇਚੈਨ ਏ ! ਉਹ ਪਰੇਸ਼ਾਨ ਏ, ਪਰ ਕਰ ਕੁਹ ਨਹੀਂ ਸਕਦਾ ! ਉਹਦੀ ਸੁਣਨ ਵਾਲਾ ਵੀ ਤੇ ਕੋਈ ਨਹੀਂ ! ਸ਼ਾਇਦ ਉਹਨੂੰ ਪਤਾ ਏ ਕਿ ਜੇ ਮੈ ਬੋਲਿਆ ਮੈਂ ਵੀ ਲਵਾਰਸ਼ ਲਾਸ਼ ਬਣ ਜਾਵਾਂਗਾ ! ਤੇ ਸੱਚ ਸਦਾ ਲਈ ਦਫ਼ਨ ਹੋ ਜਾਣਾ ! ਆਖਿਰ ਉਹ ਪੁਲਿਸ ਵਾਲਾ ਰੱਬ ਦਾ ਬੰਦਾ ਬੋਲ ਪਿਆ ਤੇ “ਪੰਜਾਬ ਦੇ ਬੁੱਚੜ” ਗਿੱਲ ਤੇ “ਮਾਝੇ ਦਾ ਜੱਲਾਦ” ਕਰਕੇ ਜਾਣੇ ਜਾਂਦੇ ਜੀਤੇ ਸੰਧੂ ਨੂੰ ਨਸ਼ਰ ਕਰ ਆਪਣੀ ਆਤਮਾਂ ਦਾ ਬੋਝ ਲਾਹ ਸੁਰਖ਼ਰੂ ਹੋਇਆ ! 
(ਬੜੀਆਂ ਹੋਰ ਜਿੰਓਦੀਆਂ ਲਾਸ਼ਾਂ ਨੇ ਜੋ ਬੋਝ ਚੁੱਕੀ ਫਿਰਦੀਆਂ ਵੇਖੋ ਕਦੋਂ ਸੁਰਖ਼ਰੂ ਹੁੰਦੀਆਂ ?)
ਕਾਲੀਆਂ ਬੋਲੀਆਂ ਕਹਿਰੀ ਰਾਤਾਂ ਚ, ਚੜਦੀ ਕਲਾ ਦਾ ਦੀਵਾ ਜਗਾਉਣ ਵਾਲਾ ਇਹ ਸੁਰਮਾ ਸਦੈਵ ਜਗਮਗਾਉੰਦਾ ਰਹੇਗਾ । ਤੇ ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਵਜੋਂ ਦੁਨੀਆਂ ਯਾਦ ਕਰੇਗੀ ! ਮਨੁੱਖੀ ਅਧਿਕਾਰਾਂ ਲਈ ਆਪਾ ਵਾਰਨ ਵਾਲਾ ਭਾਈ ਖਾਲੜਾ ਜੇ ਦੁਨੀਆਂ ਦੇ ਕਿਸੇ ਹੋਰ ਖ਼ਿੱਤੇ ਵਿੱਚ ਸ਼ਹੀਦ ਹੋਇਆ ਹੁੰਦਾ ਤਾਂ ਲੋਕ ਅਧਿਕਾਰਾਂ ਲਈ ਅੰਤਰ ਰਾਸ਼ਟਰੀ ਸ਼ਹੀਦ ਅਖਵਾਉੰਦਾ ਤੇ ਸ਼ਾਇਦ ਨੋਬਲ ਪਰਾਇਜ਼ ਦਾ ਹੱਕਦਾਰ ਵੀ ਹੁੰਦਾ ! (ਅਫ਼ਗ਼ਾਨ ਕੁੜੀ ਮਲਾਲਾ ਯੂਸਫ਼ਜਈ ਦੀ ਉਦਾਹਰਣ ਸਾਡੇ ਸਾਹਮਣੇ ਹੈ) ਪਰ ਅਫ਼ਸੋਸ ਉਹਨਾਂ ਲੋਕਾਂ ਤੇ ਜਿਨਾਂ ਇਸ ਸ਼ਹਾਦਤ ਨੂੰ ਦੁਨੀਆਂ ਸਾਹਮਣੇ ਹਾਈਲਾਈਟ ਨਹੀਂ ਕੀਤਾ । ਕੋਟਾਨਿ ਕੋਟਿ ਲਾਹਨਤਾਂ ਉਹਨਾਂ ਲੋਕਾਂ ਤੇ ਜਿਨਾਂ ਮਹਾਨ ਕੁਰਬਾਨੀ ਨੂੰ ਅਣਗੌਲਿਆਂ ਕੀਤਾ ਤੇ ਖਾਲੜਾ ਪਰਿਵਾਰ ਦੇ ਉੱਲਟ ਭੁਗਤੇ ।


ਖ਼ੈਰ ! ਅਮਰ ਸ਼ਹੀਦ ਮਹਾਂਮਾਨਵ ਭਾਈ ਜਸਵੰਤ ਸਿੰਘ ਜੀ ਖਾਲੜਾ ਦੇ ਹੇਠ ਲਿਖੇ ਬਚਨ ਜੇ ਹਰੇਕ ਸਿੱਖ ਅਰਦਾਸ ਵਿੱਚ ਸ਼ਾਮਲ ਕਰ ਲਏ ਤਾਂ ਹਰ ਮੈਦਾਨ ਫ਼ਤਿਹ,
“ਜਿੱਥੇ ਗੁਰੂ ਤੋ ਦੁੱਧ ਮੰਗਦੇ ਹੋ ਪੁੱਤ ਮੰਗਦੇ ਹੋ ਓਥੇ ਸ਼ਹਾਦਤ ਦੀ ਦਾਤ ਵੀ ਮੰਗਿਆ ਕਰੋ,
ਕਿਉਂਕਿ ਗੁਰੂ ਗੱਦੀ ਤਾਂ ਹੁਣ ਕਿਸੇ ਨੂੰ ਦਿੰਦਾ ਨਹੀਂ ,
ਪਰ ਇੱਕ ਚੀਜ਼ ਹੈ ਜੋ ਗੁਰੂ ਹਰ ਸਿੱਖ ਨੂੰ ਦਿੰਦਾ ਹੈ, ਓਹ ਹੈ ਸ਼ਹੀਦੀ ਦੀ ਦਾਤ, ਸਿੱਖ ਇਤਿਹਾਸ ਵਿੱਚ ਜੇਕਰ ਗੁਰੂ ਸਾਹਿਬ ਤੋਂ ਬਾਦ ਸਭ ਤੋ ਵੱਧ ਸਤਿਕਾਰ ਕਿਸੇ ਦਾ ਕੀਤਾ ਜਾਂਦਾ ਹੈ ਤਾਂ ਓਹ ਸ਼ਹੀਦਾਂ ਦਾ ਹੈ” ਸ਼ਹੀਦ ਸਿੱਖ ਕੌਮ ਦਾ ਉਹ ਸਰਮਾਇਆ ਹਨ ਜਿਨ੍ਹਾਂ  ਦੀ ਸੋਚ ਵਿਚ ਗੁਰੂ ਪ੍ਰਤੀ  ਸਮਰਪਣ ਦੀ ਭਾਵਨਾ , ਤੇ ਪਿਆਰ ਦੀ ਖੁਸ਼ਬੋਂ ਰਹਿੰਦੀ ਦੁਨੀਆਂ ਤੱਕ ਫ਼ੈਕਦੀ ਰਹੇਗੀ। ਜਸਵੰਤ ਸਿੰਘ ਜਿਹੀਆਂ ਰੂਹਾਂ ਸਦੈਵ ਲੋਕ ਮਨਾ ਦਾ ਹਿੱਸਾ ਬਣਈਆਂ ਰਹਿਣਗੀਆ।  

 

ਅਰਪਿੰਦਰ ਸਿੰਘ ਬਿੱਟੂ