ਇਤਿਹਾਸਕ ਗੁਰਦੁਆਰਾ ਗੁਰੂਸਰ ਸਾਹਿਬ ਪਿੰਡ  ਕੋਟਗੁਰੂ (ਬਠਿੰਡਾ)

ਇਤਿਹਾਸਕ ਗੁਰਦੁਆਰਾ ਗੁਰੂਸਰ ਸਾਹਿਬ ਪਿੰਡ  ਕੋਟਗੁਰੂ (ਬਠਿੰਡਾ)

ਪਾਤਸ਼ਾਹੀ ਦਸਵੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਰਨਛੋਹ ਪ੍ਰਾਪਤ      .     

ਬਠਿੰਡਾ ਜਿਲ੍ਹੇ ਦੀ ਧਰਤੀ ਨੂੰ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਹ ਹੋਣ ਦਾ ਮਾਣ ਪ੍ਰਾਪਤ ਹੈ। ਬਠਿੰਡਾ ਬੀਕਾਨੇਰ ਰੇਲਵੇ ਮਾਰਗ ਤੇ ਬਠਿੰਡਾ ਤੋ 17 ਕਿਲੋਮੀਟਰ ਦੂਰ ਸਥਿਤ ਸੰਗਤ ਮੰਡੀ ਤੋਂ 3 ਕਿਲੋਮੀਟਰ ਦੂਰ ਪੱਛਮ ਵਿੱਚ ਸਥਿਤ ਘੁੱਗ ਵਸਦਾ ਪਿੰਡ ਕੋਟ ਗੁਰੂ (ਗੁਰੂਕੇ) ਹੈ।ਇਸ ਪਿੰਡ ਦੇ ਜਿਆਦਾਤਰ  ਲੋਕਾਂ ਦਾ ਮੁੱਖ ਧੰਦਾ /ਕਾਰੋਬਾਰ ਖੇਤੀਬਾੜੀ ਹੀ ਹੈ। ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਦਾ ਇਹ ਪਿੰਡ ਕੋਟਗੁਰੂ ਗੋਬਿੰਦ ਸਿੰਘ ਜੀ ਮਾਰਗ ਤੇ ਸਥਿਤ ਹੈ।ਪਿੰਡ ਕੋਟਗੁਰੂ ਦੀ ਪਵਿੱਤਰ ਧਰਤੀ ਨੁੰ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ  ਗੋਬਿੰਦ ਸਿੰਘ ਜੀ ਦੀ ਚਰਨਛੋਹ ਹੋਣ ਦਾ ਮਾਣ ਪ੍ਰਾਪਤ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੋਂ ਮਗਰੋਂ ਖਿਦਰਾਣੇ ਦੀ ਢਾਬ(ਸ਼੍ਰੀ ਮੁਕਤਸਰ ਸਾਹਿਬ ) ਤੋਂ ਬਾਅਦ ਮਾਲਵੇ ਦੇ ਵੱਖ ਵੱਖ ਪਿੰਡਾਂ ਵਿੱਚੋ ਦੀ ਹੁੰਦੇ ਹੋੲੇ ਪਿੰਡ ਕੋਟਗੁਰੂ ਦੀ ਜਮੀਨ/ਧਰਤੀ ਤੇ ਜੇਠ ਦੇ ਮਹੀਨੇ ਸ਼ੰਨ 1706 ਈਸਵੀ ਨੂੰ ਪਹੁੰਚ  ਕੇ ਆਪਣੇ ਪਵਿੱਤਰ ਚਰਨਾਂ  ਦੀ ਛੋਹ ਨਾਲ ਪਿੰਡ ਕੋਟਗੁਰੂ ਦੀ ਧਰਤੀ ਨੂੰ ਵੀ ਸਦਾ/ਹਮੇਸ਼ਾਂ ਲਈ ਪਵਿੱਤਰ ਕਰ ਦਿੱਤਾ । ਗੁਰੂ  ਗੋਬਿੰਦ ਸਿੰਘ ਜੀ ਇੱਥੇ ਇੱਕ ਰਾਤ ਵਿਸਰਾਮ ਕਰਨ ਓਪਰੰਤ ਅਗਲੇ ਦਿਨ ਇਥੋਂ ਪਿੰਡ ਜੱਸੀ ਬਾਗ ਵਾਲੀ ਲਈ ਰਵਾਨਾ ਹੋ ਗੲੇ ਸਨ। ਜੱਸੀ ਬਾਗ਼ ਵਾਲੀ ਤੋਂ ਬਾਅਦ ਪਿੰਡ ਪੱਕਾ ਕਲਾਂ ਆਦਿ ਪਿੰਡਾਂ ਵਿੱਚੋਂ ਦੀ ਹੁੰਦੇ ਹੋੲੇ ਗੁਰੂ  ਗੋਬਿੰਦ ਸਿੰਘ ਜੀ ਤਲਵੰਡੀ ਸਾਬੋ (ਦਮਦਮਾ ਸਾਹਿਬ) ਪਹੁੰਚੇ ਸਨ.  

ਪਿੰਡ ਕੋਟਗੁਰੂ ਦੀ ਜਿਸ ਜਗ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਰਨਾਂ ਨਾਲ ਪਵਿੱਤਰ ਕੀਤਾ ਸੀ ਓਸ ਅਸਥਾਨ ਓਪਰ ਹੁਣ ਬਹੁਤ ਹੀ ਸਾਨਦਾਰ ਇਮਾਰਤ ਵਾਲਾ ਇਤਿਹਾਸਕ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਪਿੰਡੋਂ ਬਾਹਰ ਖੇਤਾਂ ਵਿੱਚ ਬਣੇ ਇਸ ਗੁਰਦੁਆਰਾ ਸਾਹਿਬ ਦਾ ਦਿ੍ਸ ਖੁੱਲੇ ਡੁੱਲੇ ਮਾਹੌਲ ਵਿੱਚ ਹੋਣ ਕਰਕੇ ਬਹੁਤ ਹੀ ਦਿਲਚਸਪ ਨਜਾਰਾ ਪੇਸ਼ ਕਰਦਾ ਪ੍ਰਤੀਤ ਹੁੰਦਾ ਹੈ ।ਇਸ ਗੁਰਦੁਆਰਾ ਸਾਹਿਬ ਵਿੱਚ ਆਸ ਪਾਸ ਦੇ ਅਨੇਕਾਂ ਪਿੰਡਾਂ ਤੋਂ ਇਲਾਵਾ ਦੂਰ- ਦੂਰਾਂਡੇ ਤੋਂ ਵੀ ਸੰਗਤਾਂ ਇੱਥੇ ਅਕਸਰ ਹੀ ਨਤਮਸਤਕ ਹੋਣ ਲਈ  ਆਓਦੀਆਂ ਰਹਿੰਦੀਆਂ ਹਨ । ਜਿਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਇਸ ਅਸਥਾਨ ਤੇ ਪਹੁੰਚੇ ਸਨ, ਓਸ ਸਮੇਂ ਇੱਥੇ ਰੋਹੀ ਬੀਆਬਾਨ ਸੀ ਤੇ ਇੱਕ ਬਹੁਤ ਵੱਡੀ ਝਿੜੀ (ਦਰੱਖਤਾਂ ਦਾ ਝੁੰਡ ) ਸੀ।ਇਸ ਝਿੜੀ ਦੇ ਵਿਚਕਾਰ ਇੱਕ ਪਾਣੀ ਵਾਲੀ ਛਪੜੀ ਵੀ ਮੌਜੂਦ ਸੀ ।ਇੱਥੇ ਪਹੁੰਚਣ ਮਗਰੋਂ ਜਿਸ ਜੰਡ ਦੇ ਰੁੱਖ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਘੋੜੇ ਨੂੰ ਬੰਨ੍ਹਿਆ ਸੀ ਓਸ ਜੰਡ ਦੇ ਰੁੱਖ ਦੀ ਕੁੱਝ ਕੁ ਹੋਂਦ ਅੱਜ ਵੀ ਇੱਥੇ ਮੌਜੂਦ ਹੈ।ਕਿਸੇ ਸਮੇਂ ਰੋਹੀ ਬੀਆਬਾਨ ਇਸ ਜਗ੍ਹਾਂ ਤੇ ਹੁਣ ਚਾਰੇ ਪਾਸੇ ਹਰਿਆਲੀ ਛਾਈ ਹੋਈ ਹੈ ।ਇਸ ਰਮਣੀਕ ਸਥਾਨ ਲਈ ਹਰ ਕਿਸੇ ਦਾ ਮਨ ਮੱਲੋ ਮੱਲੀ ਖਿੱਚਿਆ ਜਾਂਦਾ ਹੈ। ਗੁਰਦੁਆਰਾ ਸਾਹਿਬ ਦੇ ਵਿਹੜੇ ਵਿੱਚ ਇੱਕ ਬਹੁਤ ਹੀ ਢੱਕਵਾ ਤੇ ਸਾਨਦਾਰ ਸਰੋਵਰ ਵੀ ਬਣਿਆ  ਹੋਇਆ ਹੈ । ਪਿੰਡ ਕੋਟਗੁਰੂ ਦੇ ਇਸ ਇਤਿਹਾਸਕ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਸਵਰਗਵਾਸੀ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲਿਆਂ ਵੱਲੋਂ ਸਵ: ਬਾਬਾ ਅਜੈਬ ਸਿੰਘ ਜੀ ਦੇ ਸਪੁਰਦ ਕਰਕੇ ਅੱਜ ਤੋਂ ਕਈ ਸਾਲ ਪਹਿਲਾਂ ਸੁਰੂ ਕਰਵਾਈ ਗਈ ਸੀ ,ਜੋ ਹੁਣ ਤੱਕ ਵੀ ਨਿਰੰਤਰ ਜਾਰੀ ਹੈ ।ਇਸ ਸਮੇਂ ਇਸ ਇਤਿਹਾਸਕ ਗੁਰਦੁਆਰਾ ਸਾਹਿਬ ਜੀ ਦੀ ਕਾਰ ਸੇਵਾ ਬਾਬਾ ਚਰਨਜੀਤ ਸਿੰਘ ਜੀ ਦੀ ਜਿੰਮੇਵਾਰੀ/ਰਹਿਨੁਮਾਈ  ਹੇਠ ਚੱਲ ਰਹੀ ਹੈ ।  ਇੱਥੇ ਅਕਸਰ ਹੀ ਧਾਰਮਿਕ ਤੇ ਹੋਰ ਸਮਾਜਿਕ ਸਮਾਗਮ ਵੀ ਅਕਸਰ ਹੀ ਹੁੰਦੇ ਰਹਿੰਦੇ ਹਨ।ਬਲਾਕ ਸੰਗਤ ਦੀ ਮੈਡੀਕਲ ਪ੍ਰੈਕਟੀਸਨਰ ਅੈਸੋਸੲੇਸਨ ਵੱਲੋਂ ਹਰ ਸਾਲ ਜੋੜ ਮੇਲੇ ਸਮੇਂ ਡਾ. ਗੁਰਦੀਪ ਸਿੰਘ ਘੁੱਦਾ ਦੀ ਯੋਗ ਅਗਵਾਈ ਹੇਠ ਖੂਨ ਦਾਨ ਕੈੰਪ ਦਾ ਵੀ ਆਯੋਜਨ ਕੀਤਾ ਜਾਂਦਾ ਹੈ।ਹਰ ਸਾਲ ਮਾਰਚ ਦੇ ਮਹੀਨੇ ਇਸ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਬਹੁਤ ਹੀ ਭਾਰੀ ਜੋੜ ਮੇਲਾ ਵੀ ਮਨਾਇਆ ਜਾਂਦਾ ਹੈ, ਜਿੱਥੇ ਵੱਡੀ ਤਾਦਾਦ ਵਿੱਚ ਸੰਗਤਾਂ ਇੱਥੇ ਨਤਮਸਤਕ ਹੋਣ ਲਈ ਪੁੱਜਦੀਆਂ ਹਨ ।                 
 

  ਅੰਗਰੇਜ਼ ਸਿੰਘ ਵਿੱਕੀ 

 (ਸਾਬਕਾ ਚੇਅਰਮੈਨ ਪਸਵਕ/ ਸਾਬਕਾ ਪੰਚਾਇਤ ਮੈਂਬਰ) 
ਮੋ.98888 70822