ਸਿਰੜ ਅਤੇ ਸਿਦਕ ਦੀ ਮਿਸਾਲ ਸਿੱਖੀ

ਸਿਰੜ ਅਤੇ ਸਿਦਕ ਦੀ ਮਿਸਾਲ ਸਿੱਖੀ

ਜੂਨ 84 ਵਿਚ ਧਰਮ ਅਤੇ ਸਿਆਸਤ ਨੂੰ ਰਲਗੱਡ ਕਰਨ ਵਾਲਿਆਂ ਵਲੋਂ

ਘੱਲੂਘਾਰਿਆਂ ਦਾ ਸਿੱਖ ਧਰਮ ਨਾਲ ਡੂੰਘਾ ਸਬੰਧ ਹੈ। ਸਿੱਖ ਧਰਮ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸਿੱਖੀ ਏਨੇ ਵਾਪਰੇ ਘੱਲੂਘਾਰਿਆਂ ਦੇ ਬਾਵਜੂਦ ਵੀ ਵਧਦੀ ਫੁੱਲਦੀ ਰਹੀ ਹੈ। ਇਹ ਸਿੱਖ ਧਰਮ ਦੀ ਗੁੜਤੀ ਦਾ ਹੀ ਫਲ਼ ਕਿਹਾ ਜਾ ਸਕਦਾ ਹੈ ਕਿ ਸਿੱਖ ਆਪਣੇ ਉਪਰ ਆਈ ਹਰ ਬਿਪਤਾ ਨੂੰ ਸਿਰੜ ਅਤੇ ਸਿਦਕ ਨਾਲ ਖਿੜੇ ਮੱਥੇ ਝੱਲਦੇ ਆਏ ਹਨ। ਇਹੋ ਸਿਰੜ ਅਤੇ ਸਿਦਕ ਦੀ ਪ੍ਰੇਰਨਾ ਸਦਕਾ ਹੀ ਛੋਟਾ ਘੱਲੂਘਾਰਾ ਅਤੇ ਵੱਡਾ ਘੱਲੂਘਾਰਾ ਸਿੱਖਾਂ ਨੇ ਆਪਾ ਵਾਰ ਕੇ ਹੰਡਾਇਆ। ਜ਼ੁਲਮ ਅਤੇ ਅਨਿਆਂ ਦੇ ਖਿਲਾਫ਼ ਹਮੇਸ਼ਾ ਮੂਹਰੇ ਹੋ ਡਟ ਕੇ ਮੁਕਾਬਲਾ ਕਰਨ ਵਾਲੀ ਇਹ ਕੌਮ ਮਨੁੱਖਤਾ ਨੂੰ ਸਾਂਝੀਵਾਲਤਾ ਦਾ ਸੰਦੇਸ਼ ਦਿੰਦੀ ਹੋਈ ਹਮੇਸ਼ਾ ਸਰਬੱਤ ਦੇ ਭਲੇ ਦਾ ਪਾਠ ਪੜ੍ਹਾਉਂਦੀ ਹੈ। ਪਰ ਸਮੇਂ ਸਮੇਂ `ਤੇ ਸਮੇਂ ਦੇ ਹਾਕਮਾਂ ਵਲੋਂ ਪੈਦਾ ਕੀਤੇ ਅਣਸੁਖਾਵੇਂ ਮਾਹੌਲ ਨੇ ਇਨ੍ਹਾਂ ਨੂੰ ਤੱਤੀ ਤਵੀ `ਤੇ ਬਿਠਾ ਕੇ, ਚਾਂਦਨੀ ਚੌਕ ਵਿਚ ਸ਼ਹੀਦ ਕਰਕੇ, ਦੇਗਾਂ ਵਿਚ ਉਬਾਲ ਕੇ, ਚਰਖੜੀਆਂ `ਤੇ ਚਾੜ੍ਹ ਕੇ, ਆਰਿਆਂ ਨਾਲ ਚੀਰ ਕੇ, ਬੰਦ ਬੰਦ ਕਟਵਾ ਕੇ, ਬੱਚਿਆਂ ਦੇ ਟੋਟੇ ਟੋਟੇ ਕਰਵਾ ਕੇ, ਸਰਹਿੰਦ ਦੀ ਦੀਵਾਰ ਵਿਚ ਚਿਣ ਕੇ, ਚਮਕੌਰ ਦੀ ਗੜ੍ਹੀ ਵਿਚ ਸ਼ਹੀਦੀਆਂ ਦਿਵਾ ਕੇ ਇਨ੍ਹਾਂ ਦੇ ਸਿਰੜ ਅਤੇ ਸਿਦਕ ਨੂੰ ਪਰਖਿਆ। ਗੁਰੂਆਂ ਦੇ ਸਮੇਂ ਤੋਂ ਬਾਅਦ ਸਿੱਖ ਧਰਮ ਵਿਚ ਪੈਦਾ ਹੋਏ ਰਾਜੇ ਮਹਾਰਾਜਿਆਂ ਨੇ ਮੁਗਲਾਂ ਵਲੋਂ ਕੀਤੇ ਜਾਂਦੇ ਜ਼ੁਲਮਾਂ ਦਾ ਟਾਕਰਾ ਸਿੱਖੀ ਸਿਰੜ ਅਤੇ ਸਿਦਕ ਨਾਲ ਕਰਕੇ ਸਿੱਖ ਧਰਮ ਦੇ ਪਹਿਲੇ ਸਬਕ ਵਿਚ ਪਰਪੱਕ ਹੋਣਾ ਦਰਸਾਇਆ। ਬਦਲਦੇ ਸਮੇਂ ਨਾਲ ਜਦੋਂ ਸਿਆਸਤ ਅਤੇ ਧਰਮ ਰਲਗੱਡ ਹੋਣ ਲੱਗੀਆਂ ਤਾਂ ਸਿੱਖ ਧਰਮ `ਤੇ ਇਕ ਹੋਰ ਅਣਚਿਤਵਿਆ ਕਹਿਰ ਵਾਪਰਿਆ, ਜਿਸ ਨੂੰ ਘੱਲੂਘਾਰਾ `84 ਕਿਹਾ ਜਾਂਦਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਮੌਕੇ ਆਮ ਸਿੱਖ ਸ਼ਰਧਾਲੂ ਆਪਣੀ ਮਨੋਵਿਰਤੀ ਨਾਲ ਆਉਣ ਵਾਲੇ ਖਤਰੇ ਤੋਂ ਅਣਜਾਣ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਸਿੱਖ ਧਰਮ ਦਾ ਮੱਕਾ ਹੋਣ ਕਰਕੇ ਸ੍ਰੀ ਦਰਬਾਰ ਸਾਹਿਬ ਵਿਖੇ ਕਿਸੇ ਵੀ ਦਿਨ ਦਿਹਾੜੇ `ਤੇ ਸੰਗਤਾਂ ਆਪ ਮੁਹਾਰੇ ਨਤਮਸਤਕ ਹੁੰਦੀਆਂ ਹਨ। ਜੂਨ 84 ਵਿਚ ਧਰਮ ਅਤੇ ਸਿਆਸਤ ਨੂੰ ਰਲਗੱਡ ਕਰਨ ਵਾਲਿਆਂ ਵਲੋਂ ਬੁਣੇ ਮੱਕੜਜਾਲ ਵਿਚ ਪਤਾ ਨਹੀਂ ਕਿੰਨੇ ਹੀ ਨਿਰਦੋਸ਼ ਸਿੱਖਾਂ ਨੂੰ ਆਪਣੀ ਅਹੁਤੀ ਦੇਣੀ ਪਈ।

1 ਜੂਨ ਤੋਂ ਸ਼ੁਰੂ ਹੋ ਕੇ 6 ਜੂਨ ਤੱਕ ਵਾਪਰੇ ਇਸ ਘੱਲੂਘਾਰੇ ਵਿਚ ਹਰ ਮਾਈ-ਭਾਈ ਨੇ ਸਿੱਖ ਧਰਮ ਦੀ ਮਿਲੀ ਮੁਢਲੀ ਗੁੜਤੀ ਦਾ ਸਿਰੜ ਅਤੇ ਸਿਦਕ ਪ੍ਰਤੀ ਪਰਪੱਕ ਹੋਣ ਦਾ ਸਬੂਤ ਦਿੱਤਾ। ਇਸ ਘੱਲੂਘਾਰੇ ਦੌਰਾਨ ਪਤਾ ਨਹੀਂ ਕਿੰਨੇ ਕੁ ਸਿੱਖ ਆਪਣੇ ਅੰਦਰੋਂ ਉਪਜੀ ਕੁਰਬਾਨ ਹੋਣ ਦੀ ਭਾਵਨਾ ਨਾਲ 'ਤੂੰ ਹੱਟ ਪਹਿਲਾਂ ਮੈਂ` 'ਤੂੰ ਹੱਟ ਪਹਿਲਾਂ ਮੈਂ` ਕਰਦੇ ਹੋਏ ਚਾਈਂ ਚਾਈਂ ਸ਼ਹੀਦੀ ਦਾ ਜਾਮ ਪੀ ਗਏ। ਗੁਰੂ ਵਲੋਂ ਬਖਸ਼ੀ 'ਅੰਮ੍ਰਿਤ ਦੀ ਪਾਹੁਲ` ਸਦਕਾ ਹੀ ਇਹ ਸਿਰੜ ਅਤੇ ਸਿਦਕ ਨਾਲ ਉਸ ਅਣਚਿਤਵੇ ਕਹਿਰ ਨੂੰ ਹੱਸ ਹੱਸ ਕੇ ਜ਼ਰ ਗਏ। ਇਸ ਘੱਲੂਘਾਰੇ ਤੋਂ ਬਾਅਦ ਸਿੱਖ ਮਨਾਂ ਵਿਚ ਉਪਜਿਆ ਵਿਰੋਧ ਦਾ ਬੂਟਾ ਅੱਜ ਬੋਹੜ ਬਣਨ ਦੇ ਨਾਲ ਨਾਲ ਸਮੇਂ ਦੀਆਂ ਹਕੂਮਤਾਂ ਨਾਲ ਲੋਹਾ ਲੈ ਰਿਹਾ ਹੈ। ਚਾਈਂ ਚਾਈਂ ਗੁਰੂ ਦੇ ਦਰਸ਼ਨ ਕਰਨ ਆਈਆਂ ਅਚੇਤ ਮਨ ਸੰਗਤਾਂ ਨੂੰ ਇਸ ਅਣਚਿਤਵੇ ਕਹਿਰ ਨੇ ਇਸ ਤਰ੍ਹਾਂ ਕਲਾਵੇ ਵਿਚ ਲਿਆ ਕਿ ਉਨ੍ਹਾਂ ਨੂੰ ਕੀ ਪਤਾ ਸੀ ਕਿ ਇਹ ਦਿਨ ਇਤਿਹਾਸ ਵਿਚ ਉਨ੍ਹਾਂ ਦੇ ਨਾਂ ਨਾਲ ਲਿਖਿਆ ਜਾਵੇਗਾ। ਇਸ ਹਫ਼ਤੇ ਦੌਰਾਨ ਪਤਾ ਨਹੀਂ ਕਿੰਨੇ ਕੁ ਸਿੱਖ ਆਪਣੀ ਕੌਮ ਦਾ ਭਵਿੱਖ ਉਜਲਾ ਕਰਨ ਲਈ ਇਕ ਪ੍ਰੇਰਨਾ ਦੀ ਚਿਣਗ ਪੈਦਾ ਕਰ ਗਏ ਜਿਸ ਨਾਲ ਅੱਜ ਤੱਕ ਹਰ ਮਾਈ-ਭਾਈ, ਬੱਚਾ ਉਸ ਦੌਰਾਨ ਵਾਪਰੇ ਘੱਲੂਘਾਰੇ ਨੂੰ ਆਪਣੇ ਮਨ ਅੰਦਰ ਸਮੋਈ ਉਸ ਸਮੇਂ ਦੀ ਭਿਆਨਕਤਾ ਦਾ ਦਰਦ ਮਹਿਸੂਸ ਕਰਦਾ ਹੈ। ਧਰਮ ਅਤੇ ਸਿਆਸਤ ਨਾਲ ਰਲਗੱਡ ਇਸ ਸਮੇਂ ਵਿਚ ਧਰਮ ਦੀ ਪਰਖ ਕਰਨ ਲਈ ਹਕੂਮਤਾਂ ਵਲੋਂ ਆਪਣੇ ਲਾਮਲਸ਼ਕਰ ਨਾਲ ਉਹ ਅਣਚਿਤਵੇ ਕਹਿਰ ਢਾਹਿਆ ਜਿਸ ਦੀ ਉਦਾਹਰਣ ਦੁਨੀਆ ਭਰ ਵਿਚ ਕਿਤੇ ਵੀ ਨਹੀਂ ਮਿਲਦੀ। ਉਸੇ ਘੱਲੂਘਾਰੇ ਕਾਰਨ ਪਤਾ ਨਹੀਂ ਕਿੰਨੇ ਕੁ ਸਿੱਖਾਂ ਦੇ ਮਨਾਂ ਵਿਚ ਇਸ ਦੀ ਟੀਸ ਹਾਲੇ ਤੱਕ ਵੀ ਧੁਖਦੀ ਹੈ। ਆਪਣੇ ਗੁਰੂਆਂ ਵਲੋਂ ਦਰਸਾਏ ਸਿਰੜ ਅਤੇ ਸਿਦਕ ਦੇ ਪਾਂਧੀ ਬਣਦਿਆਂ ਗੁਰੂ ਦੇ ਸਾਜੇ ਉਸ ਪਿਆਰੇ ਵਲੋਂ ਧਰਮ ਅਤੇ ਸਿਆਸਤ ਨਾਲ ਰਲਗਡ ਬੁਣੇ ਚੱਕਰਵਿਊ ਨੂੰ ਤੋੜਨ ਲਈ ਉਸ ਵਾਹਿਗੁਰੂ ਦਾ ਓਟ ਆਸਰਾ ਲੈ ਕੇ ਅਜਿਹਾ ਮੋੜਵਾਂ ਜਵਾਬ ਦਿੱਤਾ ਕਿ ਸਮੇਂ ਦੀਆਂ ਹਕੂਮਤਾਂ ਨੂੰ ਭਵਿੱਖ ਬਾਰੇ ਸੋਚਣਾ ਪੈ ਗਿਆ। `84 ਦਾ ਇਹ ਘੱਲੂਘਾਰਾ ਜਿੱਥੇ ਸਿੱਖ ਮਨਾਂ ਵਿਚ ਸਿਰੜ ਅਤੇ ਸਿਦਕ ਦਾ ਮੁਢਲਾ ਪਾਠ ਪਰਪੱਕ ਕਰ ਗਿਆ ਉਥੇ ਸਮੇਂ ਦੀਆਂ ਹਕੂਮਤਾਂ ਨੂੰ ਭਵਿੱਖ ਵਿਚ ਅਜਿਹਾ ਕਰਨ ਤੋਂ ਪਹਿਲਾਂ ਸੋਚਣ ਲਈ ਮਜ਼ਬੂਰ ਕਰ ਗਿਆ। ਆਓ ਇਸੇ ਸਿਰੜ ਅਤੇ ਸਿਦਕ ਦੀ ਭਾਵਨਾ ਨੂੰ ਮੁੱਖ ਰੱਖਦਿਆਂ ਗੁਰੂ ਆਸ਼ੇ ਅਨੁਸਾਰ ਜੀਵਨ ਬਸ਼ਰ ਕਰਨ ਦੀ ਚਾਹਤ ਪਾਲੀਏ।

 

ਅੰਮ੍ਰਿਤਪਾਲ ਸਿੰਘ

9592174901