ਸਟੇਨ ਸੁਆਮੀ ਦੀ ਮੌਤ 'ਤੇ ਲੋਕਤੰਤਰੀ ਸੰਸਥਾਵਾਂ ਦਾ ਕੱਚ ਸੱਚ

ਸਟੇਨ ਸੁਆਮੀ ਦੀ ਮੌਤ 'ਤੇ ਲੋਕਤੰਤਰੀ ਸੰਸਥਾਵਾਂ ਦਾ ਕੱਚ ਸੱਚ

          ਉਸ ਲੋਕਤੰਤਰ ਦੀਆਂ ਪੌੜੀਆਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਜਾਰੀ ਹੈ।

ਉਹ ਜੋ ਚੌਰਾਸੀ ਸਾਲ ਦਾ ਹੋਵੇ..ਉਹ ਜੋ ਕਈ ਬਿਮਾਰੀਆਂ ਨਾਲ ਗ੍ਰਸਤ ਹੋਵੇ..ਹੱਥ ਕੰਬਦੇ ਹੋਣ..ਉਠਣ ਬੈਠਣ ਲਈ ਸਹਾਰਾ ਭਾਲਦਾ ਹੋਵੇ..ਤਿੰਨ ਜੁਲਾਈ ਨੂੰ ਤਾਰੀਖ ਲੱਗੀ ਹੋਣ ਉਪਰੰਤ ਕੋਰਟ ਕੋਲ ਸਮਾਂ ਨਾ ਹੋਣ ਕਾਰਨ ਛੇ ਜੁਲਾਈ ਦੇ ਦਿੱਤੀ ਗਈ ਹੋਵੇ.…ਤੇ ਉਹ ਬਿਮਾਰੀ ਤੋਂ ਪੀੜਤ ਬਿਰਧ ਤੰਗ ਆਇਆ ਤਰਲਾ ਮਾਰ ਰਿਹਾ ਹੋਵੇ ਕਿ ਜ਼ਮਾਨਤ ਨਾ ਮਿਲੀ ਤਾਂ ਮੈਂ ਮਰ ਜਾਵਾਂਗਾ…ਤੇ ਉਹ ਸੱਚੀ ਅਗਲੀ ਤਾਰੀਖ਼ ਆਉਣ ਤੋਂ ਪਹਿਲਾਂ 'ਲੋਕਤੰਤਰ ਦੇ ਕੋਹਜੇ ਚਿਹਰੇ' ਤੋਂ ਪਰਦਾ ਹਟਾ ਕੇ ਚੱਲ ਵੱਸਿਆ।..ਏਸ ਨੂੰ ਮੌਤ ਕਹੀਏ ਜਾਂ ਹੱਤਿਆ ਜਾਂ ਲੋਕਤੰਤਰੀ ਸੰਸਥਾਵਾਂ ਦੀ ਹੱਤਿਆ ..ਕੀ ਕਹੀਏ? ਇਹ ਭੱਖਦਾ ਸੁਆਲ ਸਾਡੇ ਸਿਰ ਚੜ੍ਹ ਕੇ ਬੋਲ ਰਿਹਾ ਹੈ।     ਸੱਤਾਵਾਨਾਂ ਨੇ ਸਿਰਫ ਸੱਤਾ ਹੀ ਨਹੀਂ ਸੰਭਾਲਨੀ ਹੁੰਦੀ,ਬਲਕਿ ਸੰਵਿਧਾਨ ਦੀ ਮੂਲ ਭਾਵਨਾਵਾਂ ਦੀ ਰਾਖੀ ਦੇ ਨਾਲ ਨਾਲ ਲੋਕਤੰਤਰੀ ਸੰਸਥਾਵਾਂ ਨੂੰ ਲੋਕ ਹਿੱਤ ਲਈ ਸੁਚਾਰੂ ਢੰਗ ਨਾਲ ਵਰਤਣਾ ਵੀ ਹੁੰਦਾ ਹੈ। ਅਗਰ ਇਹ ਸਭ ਕੁੱਝ ਨਹੀਂ ਹੁੰਦਾ ਤਾਂ ਨਿਸਚੇ ਹੀ ਲੋਕਤੰਤਰ ਉਪਰ ਸੁਆਲ ਉਠਦਾ ਹੈ ਕਿ ਕੀ ਇਹ ਲੋਕਤੰਤਰ ਹੈ ਜਾਂ ਲੋਕਤੰਤਰ ਦੇ ਨਾਂ ਤੇ ਕੁੱਝ ਹੋਰ?

 ਲੋਕਤੰਤਰੀ ਦੀ ਭਾਵਨਾ ਨੂੰ ਸੱਟ ਇਹ ਨਹੀਂ ਕਿ ਮੋਦੀ ਸਰਕਾਰ ਵੇਲੇ ਹੀ ਵੱਜ ਰਹੀ ਹੈ,ਇਹ ਕੁਚੱਕਰ ਪਹਿਲੋਂ ਬਣੀਆਂ ਕਾਂਗਰਸ ਸਰਕਾਰਾਂ ਵੇਲੇ ਤੋਂ ਹੀ ਚੱਲਦਾ ਆ ਰਿਹਾ ਹੈ। ਪਰ ਇਹ ਗਲਤ ਰੁਝਾਨ ਮੋਦੀ ਸਰਕਾਰ ਵੇਲੇ ਕੁੱਝ ਜ਼ਿਆਦਾ ਹੀ ਮੁੱਖਰ ਹੋ ਗਿਆ ਹੈ। ਸਟੇਨ ਸੁਆਮੀ ਦੀ ਮੌਤ ਇਹਨਾਂ ਗਲਤ ਰੁਝਾਨਾਂ ਦਾ ਪ੍ਰਤਿਫਲ ਹੈ। ਅਜੋਕੀ ਸਰਕਾਰ ਦੀ ਸਾਰੀ ਦੀ ਸਾਰੀ ਕਾਰਗੁਜ਼ਾਰੀ ਜਿਵੇਂ ਏਸ ਗੱਲ ਤੇ ਲੱਗੀ ਹੋਵੇ ਕਿ ਵਿਰੋਧ ਦੀ ਸੁਰ ਨੂੰ ਕਿਵੇਂ ਦਬਾਉਣਾ ਹੈ,ਬੇਸ਼ੱਕ ਇਸ ਦੀ ਬਿਨਾ ਤੇ ਲੋਕਤੰਤਰੀ ਸੰਸਥਾਵਾਂ ਦਾ ਹਨਨ ਹੁੰਦਾ ਹੈ ਤਾਂ ਹੋਈ ਜਾਵੇ।... ਲੱਗਦੈ ਇਹ ਸਰਕਾਰ ਆਪਣੇ ਗੁਪਤ ਅਜੰਡੇ ਤੇ ਪੂਰੀ ਸ਼ਕਤੀ ਨਾਲ ਚੱਲ ਰਹੀ ਹੈ।ਉਹ ਇਹ ਕਿ ਕਾਰਪੋਰੇਟ ਪੋਸ਼ਤ ਹਿੰਦੂ ਰਾਸ਼ਟਰਵਾਦ ਦੀ ਉਸਾਰੀ ਲਈ ਜਿਵੇਂ ਟਿੱਲ ਲਾ ਰਹੀ ਹੋਵੇ। ਆਪਣੇ ਹਿੰਦੂ ਰਾਸ਼ਟਰਵਾਦ ਦੀ ਉਸਾਰੀ ਖਾਤਰ ਮੋਦੀ ਸਰਕਾਰ ਤੇ ਉਸਦੀ ਰੀੜ੍ਹ ਦੀ ਹੱਡੀ ਰਸਸ ਲੋਕਤੰਤਰੀ ਸੰਸਥਾਵਾਂ ਨੂੰ ਆਪਣੇ ਉਦੇਸ਼ਾਂ ਖਾਤਰ ਆਪਣੇ ਅਨੁਸਾਰ ਹੌਲੀ ਹੌਲੀ ਢਾਲ ਰਹੀਆਂ ਨੇ। ਇਉਂ ਲੱਗ ਰਿਹੈ ਕਿ ਤਮਾਮ ਸੰਸਥਾਵਾਂ ਹੌਲੀ ਹੌਲੀ ਖੋਰੇ 'ਚ ਲੱਗ ਰਹੀਆਂ ਹਨ। ਇਹਨਾਂ ਸੰਸਥਾਵਾਂ ਦਾ ਖੁਰਨਾ ਲੋਕਤੰਤਰੀ ਢਾਂਚੇ ਦੀ ਸ਼ਾਹਰੱਗ ਨੂੰ ਨੱਪਣ ਦੇ ਬਰਾਬਰ ਹੈ।ਇਹ ਰਸਤਾ ਲਾਜ਼ਮੀ ਹੀ ਡਿਕਟੇਟਰਸ਼ਿਪ ਆਲੇ ਪਾਸੇ ਤੁਰਦਾ ਹੈ। ਜਦੋਂ ਸਟੇਨ ਸੁਆਮੀ ਵਰਗੇ ਬ੍ਰਿਧ,ਬਿਮਾਰ ਜੇਲ ਦੀਆਂ ਸੀਖਾਂ ਅੰਦਰ ਮਰ ਰਹੇ ਹੋਣ ਤਾਂ ਜੁਡੀਸਰੀ ਤੇ ਵੀ ਸੁਆਲ ਆਉਂਦਾ ਹੈ।ਏਸ ਵੇਲੇ ਜੁਡੀਸ਼ਰੀ ਤੋਂ ਲੋਕਾਂ ਦਾ ਭਰੋਸਾ ਚੁੱਕਿਆ ਜਾ ਰਿਹਾ ਹੈ। ਲੋਕਤੰਤਰ ਦੀ ਭਰੋਸੇਯੋਗ ਸੰਸਥਾ ਜੁਡੀਸ਼ਰੀ ਤੋਂ ਅਗਰ ਲੋਕਾਂ ਦਾ ਭਰੋਸਾ ਚੁੱਕਿਆ ਜਾ ਰਿਹਾ ਹੈ,ਤਾਂ ਫਿਰ ਲਾਜ਼ਮੀ ਹੀ 'ਬੱਗਲੇ ਦੇ ਚਿਹਰੇ ਹੇਠ ਕੋਈ ਚਲਾਕ ਕਾਂ' ਪੈਰ ਪਸਾਰ ਰਿਹਾ ਹੈ।ਇਹ ਅਜੋਕੀ ਸਥਿਤੀ ਭਾਰਤ ਦੇ ਲੋਕਤੰਤਰ, ਲੋਕਤੰਤਰੀ ਸੰਸਥਾਵਾਂ, ਸੰਵਿਧਾਨ,ਧਰਮ ਨਿਰਪੱਖਤਾ ਤੇ ਸਮੁੱਚੇ ਕਿਰਤੀ, ਕਿਸਾਨਾਂ ਤੇ ਆਮ ਜਨਤਾ ਲਈ ਖ਼ਤਰੇ ਦੀ ਘੰਟੀ ਹੈ।ਸਟੇਨ ਸੁਆਮੀ ਦੀ ਮੌਤ ਇਕ ਵਿਸਲ ਬਲੋਅਰ ਦਾ ਸੰਦੇਸ਼ ਦੇ ਰਹੀ ਹੈ।....ਇਸ ਮੌਜੂਦਾ ਸਮਿਆਂ ਦੌਰਾਨ ਬੁਧੀਜੀਵੀਆਂ, ਚਿੰਤਕਾਂ, ਵਿਦਿਆਰਥੀਆਂ, ਨੌਜਵਾਨਾਂ ਦਾ ਪਹਿਲਾਂ ਨਾਲੋਂ ਵੱਧ ਚੇਤੰਨ ਹੋਣਾ ਲਾਜ਼ਮੀ ਇਸ ਕਰਕੇ ਵੀ ਹੈ ਕਿ ਜਿਸ ਅੱਧੇ ਅਧੂਰੇ ਲੋਕਤੰਤਰ ਦੀ ਉਸਾਰੀ ਵਿਚ ਅਸੀਂ ਸਾਹ ਲੈਣ ਜੋਗੇ ਹੋਏ ਸੀ,ਉਸ ਲੋਕਤੰਤਰ ਦੀਆਂ ਪੌੜੀਆਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਜਾਰੀ ਹੈ। ਸਟੇਨ ਸੁਆਮੀ ਦੀ ਮੌਤ ਇਸ ਦੀ ਉਘੜਵੀਂ ਉਦਾਹਰਣ ਹੈ।

  ਅਮਰਜੀਤ ਅਰਪਨ