'ਹਮ ਹਿੰਦੂ ਨਹੀਂ ਹੈਂ’ ਦਾ ਸਿੱਖ ਬਿਰਤਾਂਤ ਬਦਲਣ ਦੀ ਲੋੜ

'ਹਮ ਹਿੰਦੂ ਨਹੀਂ ਹੈਂ’ ਦਾ ਸਿੱਖ ਬਿਰਤਾਂਤ ਬਦਲਣ ਦੀ ਲੋੜ

ਗੁਰਬਚਨ ਸਿੰਘ

ਸਿੱਖਾਂ ਦੀ ਮੌਜੂਦਾ ਸਮਾਜੀ-ਰਾਜਸੀ ਮੰਦੀ ਹਾਲਤ ਦਾ ਇਕ ਕਾਰਨ ਸਿੰਘ ਸਭਾ ਲਹਿਰ ਵੇਲੇ ਸਿੱਖੀ ਦੀ ਵਿਆਖਿਆ ਕਰਦਿਆਂ ‘ਹਮ ਹਿੰਦੂ ਨਹੀਂ’ ਦਾ ਬਣਿਆ ਬਿਰਤਾਂਤ (ਨੈਰੇਟਿਵ) ਹੈ। ਭਾਈ ਕਾਨ੍ਹ ਸਿੰਘ ਨਾਭਾ ਦੀ ਇਸੇ ਨਾਂ ਦੀ ਲਿਖਤ ਅਜੇ ਤਕ ਸੂਝਵਾਨ ਸਿੱਖ ਮਨਾਂ ਵਿਚ ਆਪਣੀ ਅਹਿਮ ਥਾਂ ਬਣਾਈ ਬੈਠੀ ਹੈ। ਕਿਹਾ ਜਾ ਸਕਦਾ ਹੈ ਤੇ ਇਹ ਕਿਹਾ ਜਾਣਾ ਠੀਕ ਵੀ ਹੈ ਕਿ ਭਾਈ ਕਾਨ੍ਹ ਸਿੰਘ ਨਾਭਾ ਨੇ ਇਸ ਲਿਖਤ ਦਾ ਨਾਂ ਕਿਸੇ ਹੋਰ ਪ੍ਰਸੰਗ ਵਿਚ ਰਖਿਆ ਸੀ,ਪਰ ਅਜੋਕੇ ਪ੍ਰਸੰਗ ਵਿਚ ਇਸ ਧਾਰਨਾ ਨੇ ਪੰਜਾਬ ਵਿਚ ਇਕ ਅਜਿਹਾ ਸਮਾਜੀ ਤੇ ਰਾਜਸੀ ਮਾਹੌਲ ਸਿਰਜਿਆ ਹੈ, ਜਿਸ ਨੇ ਦੋ ਪੰਜਾਬੀ ਫਿਰਕਿਆਂ ਨੂੰ ਇਕ-ਦੂਜੇ ਦੇ ਵਿਰੋਧ ਵਿਚ ਖੜ੍ਹਾ ਕਰ ਦਿਤਾ ਹੈ ਅਤੇ ਤੀਜੇ ਭਾਈਚਾਰੇ ਦੀ ਹੋਂਦ ਨੂੰ ਗ੍ਰਹਿਣ ਲਾ ਦਿੱਤਾ ਹੈ। ਜੂਨ 1984 ‘ਚ ਦਰਬਾਰ ਸਾਹਿਬ ‘ਤੇ ਹੋਏ ਫੌਜੀ ਹਮਲੇ ਪਿਛੋਂ ਇਹ ਬਿਰਤਾਂਤ ਹੋਰ ਵੀ ਚਰਚਾ ਦਾ ਵਿਸ਼ਾ ਬਣਿਆ ਹੈ। ਇੰਦਰਾ ਗਾਂਧੀ ਦੀ ਸਿੱਖ ਵਿਰੋਧੀ ਹਿੰਦੂ ‘ਰਾਸ਼ਟਰਵਾਦੀ’ ਰਾਜਨੀਤੀ ਨੇ ਇਸ ਧਾਰਨਾ ਨੂੰ ਸਿੱਖ ਮਨਾਂ ਵਿਚ ਹੋਰ ਵੀ ਦ੍ਰਿੜ ਕੀਤਾ ਹੈ। ਨਰਿੰਦਰ ਮੋਦੀ ਦੇ ਹਿੰਦੂ ‘ਰਾਸ਼ਟਰਵਾਦ’ ਨੇ ਸਿੱਖ ਮਨਾਂ ਵਿਚ ਬਣੇ ਇਸ ਬਿਰਤਾਂਤ ਦੀ ਪੁਸ਼ਟੀ ਕਰ ਦਿੱਤੀ ਹੈ।
ਦਰਅਸਲ ਇਹ ਸਿੱਖੀ ਦੀ ਵਿਆਖਿਆ ਦਾ ਨੱਕਾਰੀ ਬਿਰਤਾਂਤ ਹੈ। ਅਜੋਕੀਆਂ ਸਮਾਜੀ ਤੇ ਰਾਜਸੀ ਹਾਲਤਾਂ ਵਿਚ ਇਸ ਬਿਰਤਾਂਤ ਨੂੰ ਬਦਲਣ ਦੀ ਲੋੜ ਹੈ। ਸਿੱਖੀ ਕਿਸੇ ਵੀ ਭਾਈਚਾਰੇ ਜਾਂ ਧਰਮ ਦਾ ਵਿਰੋਧ ਜਾਂ ਨਿਖੇਧ ਕਰਨ ਲਈ ਹੋਂਦ ਵਿਚ ਨਹੀਂ ਆਈ। ਸਿੱਖੀ ਇਕ ਪੂਰਨ ਜੀਵਨ ਜੁਗਤ ਹੈ, ਜਿਸ ਦਾ ਤਤ ਹੈ-ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਇਸ ਜੀਵਨ ਜੁਗਤ ਦੀ ਆਧਾਰਸ਼ਿਲਾ ਗੁਰਮਤਿ ਵਿਚ ਦਰਜ ਫਿਲਾਸਫੀ ਦੇ ਗਿਆਨ ਨੇ ਰੱਖੀ ਹੈ। ਗੁਰਮਤਿ ਫਿਲਾਸਫੀ ਦਾ ਇਹ ਆਤਮਕ ਗਿਆਨ ਆਪਣੇ ਤੋਂ ਪਹਿਲੀ ਸਾਰੀ ਮਨੁਖੀ ਸਿਆਣਪ ਨੂੰ ਆਪਣੇ ਵਿਚ ਆਤਮਸਾਤ ਕਰਕੇ ਹੋਂਦ ਵਿਚ ਆਇਆ ਹੈ। ਇਸ ਆਤਮਕ ਗਿਆਨ ਵਿਚ ਆਪਣੇ ਤੋਂ ਪਹਿਲੇ ਵਿਕਸਿਤ ਹੋਏ ਸਾਰੇ ਧਰਮਾਂ ਦਾ ਗਿਆਨ ਸ਼ਾਮਿਲ ਹੈ। ਇਸ ਆਤਮਕ ਗਿਆਨ ਨੂੰ ਨਕਾਰ ਕੇ ਇਸ ਤੋਂ ਪਹਿਲੀ ਕਿਸੇ ਵੀ ਫਿਲਾਸਫੀ ਦੀ ਅਜੋਕੀ ਵਿਆਖਿਆ ਨਹੀਂ ਕੀਤੀ ਜਾ ਸਕਦੀ। ਇਸ ਲਈ ਜਦੋਂ ਅਸੀਂ ਕਹਿੰਦੇ ਹਾਂ ਕਿ ਸਿੱਖ ਹਿੰਦੂ ਨਹੀਂ ਜਾਂ ਸਿੱਖ ਮੁਸਲਮਾਨ ਨਹੀਂ ਤਾਂ ਅਸੀਂ ਨਾ ਸਿਰਫ ਗੁਰਮਤਿ ਨੂੰ ਛੁਟਿਆ ਰਹੇ ਹੁੰਦੇ ਹਾਂ, ਸਗੋਂ ਅਸੀਂ ਮਨੁੱਖ ਜਾਤੀ ਨੂੰ ਗੁਰਮਤਿ ਨੇ ਜੋ ਨਵਾਂ ਆਤਮਕ ਗਿਆਨ ਦਿੱਤਾ ਹੈ, ਉਸ ਨੂੰ ਵੀ ਅਣਗੌਲਿਆ ਕਰ ਰਹੇ ਹੁੰਦੇ ਹਾਂ। ਇਸ ਆਤਮਕ ਗਿਆਨ ਨੂੰ ਅਣਗੌਲਿਆ ਕਰਕੇ ਕੋਈ ਵੀ ਨਵਾਂ ਮਨੁੱਖੀ ਸਮਾਜ ਨਹੀਂ ਸਿਰਜਿਆ ਜਾ ਸਕਦਾ।
‘ਹਮ ਹਿੰਦੂ ਨਹੀਂ ਹੈਂ’ ਲਿਖਤ ਦਾ ਪਿਛੋਕੜ ਫਰੋਲੀਏ ਤਾਂ ਪਤਾ ਲਗਦਾ ਹੈ ਕਿ ਆਰੀਆ ਸਮਾਜ ਦੇ ਇਕ ਸਿੱਖ ਮੈਂਬਰ ਜਗਤ ਸਿੰਘ ਨੇ ਆਪਣੇ ਰਿਸਾਲੇ ‘ਰਿਸਾਲਾ ਸਤ ਪ੍ਰਕਾਸ਼’ ਵਿਚ ਇਕ ਲਿਖਤ ਛਾਪ ਕੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਕਿ ਸਿੱਖ ਧਰਮ ਆਰੀਆ ਸਮਾਜ ਲਹਿਰ ਦਾ ਇਕ ਪੁਰਾਤਨ ਰੂਪ ਹੈ। ਆਰੀਆ ਸਮਾਜੀ ਬਾਵਾ ਨਾਰਾਇਣ ਸਿੰਘ ਤੇ ਲਾਲਾ ਠਾਕਰ ਦਾਸ ਨੇ ‘ਸਿੱਖ ਹਿੰਦੂ ਹੈਂ’ ਲਿਖ ਕੇ ਜਗਤ ਸਿੰਘ ਦੇ ਇਸ ਕਥਨ ਦੀ ਹਾਮੀ ਭਰੀ। ਇਸ ਲਿਖਤ ਦੇ ਜੁਆਬ ਵਿਚ ਹੀ ਭਾਈ ਕਾਨ੍ਹ ਸਿੰਘ ਨਾਭਾ ਨੇ ਆਪਣੀ ਲਿਖਤ ‘ਹਮ ਹਿੰਦੂ ਨਹੀਂ ਹੈਂ’ ਲਿਖੀ ਸੀ। ਇਹ ਲਿਖਤ ਉਸ ਖਾਸ ਮੌਕੇ ਦੀ ਦੇਣ ਸੀ, ਜਦੋਂ ਹਿੰਦੂਆਂ ਤੇ ਮੁਸਲਮਾਨਾਂ ਵਿਚਾਲੇ ਆਪੋ ਆਪਣੀ ਗਿਣਤੀ ਵਧਾਉਣ ਦੀ ਦੌੜ ਲੱਗੀ ਹੋਈ ਸੀ।
ਪੰਜਾਬ ਵਿਚ ਅੰਗਰੇਜ਼ ਸਾਮਰਾਜੀਆਂ ਦੇ ਆਉਣ ਨਾਲ ਪੱਛਮੀ ਜਮਹੂਰੀਅਤ ਦਾ ਸੰਕਲਪ ਲੋਕ ਮਨਾਂ ਵਿਚ ਆਪਣੀਆਂ ਜੜ੍ਹਾਂ ਜਮਾਉਣ ਲੱਗਾ ਸੀ ਤੇ ਜਿਸ ਦੇ ਲਾਜਮੀ ਸਿਟੇ ਵਜੋਂ ਗੁਣਾਂ ਦੀ ਥਾਂ ਸਿਰਾਂ ਦੀ ਗਿਣਤੀ ਦੀ ਅਹਿਮੀਅਤ ਜੋਰ ਫੜ ਰਹੀ ਸੀ। ਇਸ ਬਹੁਗਿਣਤੀ-ਘਟਗਿਣਤੀ ਦੀ ‘ਜਮਹੂਰੀ’ ਸੋਚ ਨੇ ਆਪੋ ਆਪਣੀ ਗਿਣਤੀ ਵਧਾਉਣ ਦੇ ਮੁਕਾਬਲੇ ਨੂੰ ਹੋਰ ਤੇਜ ਕੀਤਾ। ਇਸ ਮੁਕਾਬਲੇ ਨੇ ਪੰਜਾਬ ਅੰਦਰਲੇ ਤਿੰਨਾਂ ਭਾਈਚਾਰਿਆਂ ਦੇ ਮਨਾਂ ਵਿਚ ਵੱਡੀ ਉਥਲ-ਪੁਥਲ ਮਚਾਈ।
ਇਸ ਉਥਲ-ਪੁਥਲ ਦੀ ਜਾਣਕਾਰੀ ਸਾਨੂੰ ਕੇਂਥ ਡਬਲਿਊ ਜੋਨਸ ਨੇ ਦਿੱਤੀ ਹੈ। ਲਿਖਤ ‘ਹਮ ਹਿੰਦੂ ਨਹੀਂ-ਆਰੀਆ ਸਿੱਖ ਰਿਸ਼ਤੇ’ ਵਿਚ ਉਸ ਨੇ ਲਿਖਿਆ ਹੈ, “ਉਸ ਦੌਰ ਦੇ ਪੰਜਾਬ ਦਾ ਇਤਿਹਾਸ ਦੋ ਘੱਟਗਿਣਤੀ ਭਾਈਚਾਰਿਆਂ (ਹਿੰਦੂਆਂ ਤੇ ਮੁਸਲਮਾਨਾਂ) ਵਿਚਾਲੇ ਧਾਰਮਿਕ ਮੁਕਾਬਲੇ ਦੀ ਬੜੀ ਨਾਟਕੀ ਪੇਸ਼ਕਾਰੀ ਕਰਦਾ ਸੀ, ਜਿਸ ਦਾ ਬਹੁਤਾ ਸਬੰਧ ਤਾਕਤ ਤੇ ਦਾਬੇ ਨਾਲੋਂ ਵੱਧ ਆਪੋ ਆਪਣੀ ਧਾਰਮਿਕ ਪਛਾਣ ਦੀ ਭਾਵਨਾ ਨਾਲ ਜੁੜਿਆ ਹੋਇਆ ਸੀ। ਪੰਜਾਬੀ ਹਿੰਦੂਆਂ ਦੀ ਇਕ ਨਵੀਂ, ਆਧੁਨਿਕ ਤੇ ਸਤਿਕਾਰਤ ਧਾਰਮਿਕ ਪਰੰਪਰਾ ਸਿਰਜਣ ਦੇ ਯਤਨਾਂ ਨੇ, ਉਨ੍ਹਾਂ ਦੇ ਆਪਣੇ ਭਾਈਚਾਰੇ ਤਕ ਸੀਮਤ ਨਾ ਰਹਿ ਕੇ ਪੰਜਾਬ ਅੰਦਰਲੇ ਬਾਕੀ ਭਾਈਚਾਰਿਆਂ-ਮੁਸਲਮਾਨਾਂ ਤੇ ਸਿੱਖਾਂ ਨਾਲ ਉਨ੍ਹਾਂ ਦੇ ਰਿਸ਼ਤਿਆਂ ਨੂੰ ਵੀ ਬਦਲ ਦਿਤਾ। ਇਕ ਅੰਗਰੇਜ਼ੀ ਪੜ੍ਹਿਆ ਲਿਖਿਆ ਸ੍ਰੇਸ਼ਠ ਹਿੰਦੂ ਵਰਗ ਹੋਂਦ ਵਿਚ ਆਇਆ। ਇਹ ਵਰਗ ਮੁੱਖ ਹਿੰਦੂ ਭਾਈਚਾਰੇ ਦੀਆਂ ਕਦਰਾਂ-ਕੀਮਤਾਂ ਤੋਂ ਟੁੱਟਿਆ ਹੋਇਆ ਤੇ ਹਿੰਦੂ ਸਮਾਜ ਦੇ ਹਾਸ਼ੀਏ ਉਤੇ ਧੱਕਿਆ ਹੋਇਆ ਸੀ। ਇਸ ਵਰਗ ਨੇ ਪੁਰਾਣੇ ਸੰਸਾਰ ਦੀ ਨਵੀਂ ਵਿਆਖਿਆ ਕਰਨੀ ਸ਼ੁਰੂ ਕਰ ਦਿੱਤੀ ਅਤੇ ਇਸ ਤਰ੍ਹਾਂ ਕਰਦਿਆਂ ਨਵਾਂ ਵਿਚਾਰਧਾਰਕ ਸੋਚ ਪ੍ਰਬੰਧ ਸਿਰਜਿਆ, ਜਿਸ ਦਾ ਮੰਤਵ ਬੀਤੇ ਤੇ ਵਰਤਮਾਨ ਦੀ ਨਵੀਂ ਵਿਆਖਿਆ ਕਰਨਾ ਤੇ ਭਵਿਖ ਲਈ ਨਵਾਂ ਦ੍ਰਿਸ਼ਟੀਕੋਣ ਸਿਰਜਣਾ ਸੀ।
ਪੁਰਾਣੇ ਵਿਚਾਰਾਂ ਦੀ ਨਵੀਂ ਵਿਆਖਿਆ, ਵਿਸਥਾਰ ਤੇ ਪ੍ਰਚਾਰ ਨੇ ਜਿਥੇ ਸਮੂਹਿਕ ਚੇਤਨਾ ਪੈਦਾ ਕੀਤੀ, ਉਥੇ ਇਸ ਵਰਗ ਵਿਚ ਆਪਣੇ ਨਿਵੇਕਲੇਪਣ ਦਾ ਅਹਿਸਾਸ ਵੀ ਪੈਦਾ ਕੀਤਾ ਅਤੇ ਇਨ੍ਹਾਂ ਨਵੇਂ ਵਿਸ਼ਵਾਸਾਂ ਨੂੰ ਮੰਨਣ ਤੇ ਨਾ ਮੰਨਣ ਵਾਲੇ ਵਰਗਾਂ ਵਿਚਾਲੇ ਇਕ ਦੂਰੀ ਪੈਦਾ ਕੀਤੀ। ਆਪਣੀ ਪਛਾਣ ਦੀ ਮੁੜ ਵਿਆਖਿਆ ਦੇ ਇਸ ਵਰਤਾਰੇ ਨੇ ਉਨੀਵੀਂ ਸਦੀ ਦੇ ਪਿਛਲੇ ਦਹਾਕਿਆਂ ‘ਚ ਪੰਜਾਬ ਵਿਚ ਇਕ ਐਸੀ ਹਲਚਲ ਮਚਾਈ ਕਿ ਇਸ ਨਾਲ ਵਧੇ ਵਿਚਾਰਧਾਰਕ ਤੇ ਧਾਰਮਿਕ ਤਣਾਓ ਨੇ ਸਭ ਧਾਰਮਿਕ ਭਾਈਚਾਰਿਆਂ ਵਿਚ ਬਹਿਸਾਂ ਦਾ ਮਾਹੌਲ ਭਖਾ ਦਿੱਤਾ। ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਨੇ ਆਪੋ ਆਪਣੇ ਸੰਕਲਪਾਂ ਨੂੰ ਸਾਹਮਣੇ ਲਿਆਉਣਾ ਅਰੰਭ ਦਿੱਤਾ, ਜਿਸ ਨੇ ਦੂਜੇ ਭਾਈਚਾਰਿਆਂ ਨਾਲ ਤੇ ਆਪਣੇ ਭਾਈਚਾਰੇ ਅੰਦਰਲੇ ਵਿਚਾਰਧਾਰਕ ਸੰਘਰਸ਼ ਨੂੰ ਹੋਰ ਤੇਜ ਕੀਤਾ। ਇਕ-ਦੂਜੇ ਨੂੰ ਸੁਆਲ-ਜੁਆਬ ਕਰਨ ਦੇ ਇਸ ਵਰਤਾਰੇ ਨੇ ਪੰਜਾਬੀ ਧਾਰਮਿਕ ਭਾਈਚਾਰਿਆਂ ਵਿਚਲੇ ਰਿਸ਼ਤੇ ਸਥਾਈ ਰੂਪ ਵਿਚ ਬਦਲ ਦਿਤੇ। ਇਸ ਤੋਂ ਵੀ ਵੱਧ ਬੁਨਿਆਦੀ ਤਬਦੀਲੀ ਇਹ ਵਾਪਰੀ ਕਿ ਇਸ ਨੇ ਬਹੁਤ ਸਾਰੇ ਸਮੂਹਾਂ ਅੰਦਰਲੇ ਆਪਣੇ ਧਾਰਮਿਕ ਸੰਕਲਪਾਂ ਨੂੰ ਵੀ ਬਦਲ ਦਿਤਾ।’’
(ਹਵਾਲਾ: ਹਮ ਹਿੰਦੂ ਨਹੀਂ-ਆਰੀਆ ਸਿੱਖ ਰਿਸ਼ਤੇ, 1877-1905, ਕੇਂਥ ਡਬਲਿਊ ਜੋਨਸ, ਜਰਨਲ ਆਫ ਏਸ਼ੀਅਨ ਸਟੱਡੀਜ਼, ਜਿਲਦ 32, ਅੰਕ 3, ਮਈ 1973, ਸਫਾ 457)
ਅੰਗਰੇਜ਼ੀ ਪੜ੍ਹੇ-ਲਿਖੇ ਤੇ ਪੂੰਜੀਵਾਦੀ ਸਾਮਰਾਜੀ ਆਰਥਕ ਰਿਸ਼ਤਿਆਂ ਦੀ ਬਦੌਲਤ ਨਵੇਂ-ਨਵੇਂ ਅਮੀਰ ਬਣੇ ਇਸ ਸ੍ਰੇਸ਼ਠ ਹਿੰਦੂ ਵਰਗ ਰਾਹੀਂ ਪੰਜਾਬ ‘ਚ ਪਹਿਲਾਂ ਬ੍ਰਹਮੋ ਸਮਾਜ ਤੇ ਫਿਰ ਆਰੀਆ ਸਮਾਜ ਦੀ ਆਮਦ ਹੋਈ। ਆਰੀਆ ਸਮਾਜ ਦੀ ਆਮਦ ਨੇ ਪੰਜਾਬ ‘ਚ ਹਿੰਦੂ-ਸਿੱਖ ਤੁਫਰਕਾ ਪੈਦਾ ਕੀਤਾ, ਜਿਸ ਦਾ ਜ਼ਿਕਰ ਭਾਈ ਕਾਨ੍ਹ ਸਿੰਘ ਨਾਭਾ ਨੇ ਕੀਤਾ ਹੈ। ਇਸ ਲਿਖਤ ਵਿਚ ਹੀ ਦਰਜ ਹੈ, ‘‘ਪਯਾਰੇ ਭਾਈ! ਏਹ ਕਹਾਵਤ ਪ੍ਰਸਿਧ ਹੈ ਕਿ ‘ਤਾੜੀ ਦੋਹਾਂ ਹਥਾਂ ਨਾਲ ਵਜਦੀ ਹੈ’, ਸੋ ਜੋ ਕੋਈ ਅਕਾਰਣ ਸਿੱਖਾਂ ਨਾਲ ਵਿਰੋਧ ਕਰੇ ਤਾਂ ਇਸ ਪਾਸਿਓਂ ਸ਼ਾਂਤੀ ਹੋਣ ਕਰਕੇ ਆਪੇ ਹੀ ਵਿਰੋਧ ਸ਼ਾਂਤ ਹੈ।…ਔਰ ਅਸੀਂ ਏਹ ਭੀ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਹਿੰਦੂਆਂ ਦਾ ਸਾਡੇ ਨਾਲ ਕੋਈ ਵੈਰ ਨਹੀਂ ਸਗੋਂ ਪ੍ਰੇਮ ਹੈ, ਔਰ ਓਹ ਸਾਡੇ ਸਤਗੁਰਾਂ ਦੇ ਉਪਕਾਰਾਂ ਨੂੰ ਅਛੀ ਤਰ੍ਹਾਂ ਜਾਣਦੇ ਹਨ, ਔਰ ਅਸੀਂ ਭੀ ਸਦੈਵ ਉਨ੍ਹਾਂ ਦਾ ਭਲਾ ਚਾਹੁੰਨੇ ਹਾਂ। ਵਿਰੋਧ ਦਾ ਕਾਰਨ ਸਿਰਫ ਓਹ ਆਦਮੀ ਹਨ, ਜਿਨ੍ਹਾਂ ਨੂੰ ਖੁਦਗਰਜ਼ੀ ਰੂਪੀ ਰੋਗ ਲਗਿਆ ਹੋਯਾ ਹੈ। ਔਰ ਜੋ ਸਿੱਖ ਕੌਮ ਨੂੰ ਆਪਣਾ ਦਾਸ ਬਣਾ ਕੇ ਖੀਸੇ ਭਰਨਾ ਚਾਹੁੰਦੇ ਹਨ।…ਉਨ੍ਹਾਂ ਨੂੰ ਭਰੋਸਾ ਹੋ ਗਯਾ ਹੈ ਕਿ ਜੇ ਸਿੱਖ ਕੌਮ ਸਾਡੇ ਹਥੋਂ ਜਾਂਦੀ ਰਹੀ ਤਾਂ ਆਮਦਨ ਦਾ ਭਾਰੀ ਹਿਸਾ ਮਾਰਿਆ ਜਾਊ। ਏਹੀ ਲੋਕ ਜਗ੍ਹਾ ਜਗ੍ਹਾ ਸ਼ੋਰ ਮਚਾ ਕੇ ਉਪਾਧੀ ਛੇੜ ਰਹੇ ਹਨ ਔਰ ਵਿਰੋਧ ਫੈਲਾ ਰਹੇ ਹਨ। ਜੇ ਵਾਹਿਗੁਰੂ ਇਨ੍ਹਾਂ ਨੂੰ ਸੁਮਤਿ ਦੇਵੇ ਤਾਂ ਕਮਾਈ ਕਰਕੇ ਖਾਣ ਨੂੰ ਚੰਗਾ ਸਮਝਣ ਔਰ ਬੇਗਾਨੇ ਹਕ ਨੂੰ ਹਰਾਮ ਜਾਣਨ, ਫੇਰ ਆਪ ਹੀ ਸਾਰੇ ਝਗੜੇ ਮਿਟੇ ਪਏ ਹਨ।’’
‘‘ਇਨ੍ਹਾਂ ਸਵਾਰਥੀ ਲੋਕਾਂ ਨੇ ਹੀ ਪੋਥੀਆਂ ਛਾਪ ਕੇ ਔਰ ਅਖਬਾਰਾਂ ਵਿਚ ਮਜ਼ਮੂਨ ਦੇ ਕੇ ਏਹ ਸਿੱਧ ਕਰਨ ਦਾ ਯਤਨ ਕੀਤਾ ਹੈ ਕਿ ‘ਸਿੱਖ ਹਿੰਦੂ ਹਨ’। ਭਲਾ ਕੋਈ ਵਿਚਾਰਵਾਨ ਸੋਚੇ ਕਿ ਜੇ ਸਿੱਖ ਆਪਣੇ ਆਪ ਨੂੰ ‘ਅਹਿੰਦੂ’ ਕਹਿੰਦੇ ਹਨ ਤਾਂ ਕਿਸੇ ਦਾ ਵੀ ਕੀ ਵਿਗੜਦਾ ਹੈ? ਹਾਂ, ਜੇ ਸਿੱਖ ਹਿੰਦੂਆਂ ਨੂੰ ਆਖਣ ਕਿ ਤੁਸੀਂ ਹਿੰਦੂ ਨਹੀਂ ਤਾਂ ਬੇਸ਼ਕ ਝਗੜੇ ਦੀ ਗੱਲ ਹੈ। ਜੇ ਕੋਈ ਏਹ ਆਖੇ ਕਿ ਹਿੰਦੂ ਸਿੱਖਾਂ ਨਾਲ ਹਮਦਰਦੀ ਕਰਦੇ ਹਨ ਔਰ ਉਨ੍ਹਾਂ ਨੂੰ ਆਪਣੇ ਤੋਂ ਵਖਰਾ ਹੁੰਦਾ ਦੇਖ ਕੇ ਦੁਖ ਮੰਨਦੇ ਹਨ ਤਾਂ ਏਹ ਗੱਲ ਭੀ ਨਿਰੀ ਝੂਠ ਹੈ। ਕਯੋਂ ਕਿ ਚਾਰੇ ਪਾਸਿਆਂ ਤੋਂ ਸਿੱਖਾਂ ਨੂੰ ਮਲੀਆਮੇਟ ਕਰਨ ਲਈ ਜੋ ਹਿੰਦੂਆਂ ਦੀ ਤਰਫੋਂ ਯਤਨ ਹੋ ਰਹਿਆ ਹੈ, ਸੋ ਕਿਸੇ ਤੋਂ ਗੁਝਾ ਨਹੀਂ। ਕੋਈ ਹਿੰਦੂ ਇਕ ਦ੍ਰਿਸ਼ਟਾਂਤ ਲਈ ਤਾਂ ਦਸੋ ਕਿ ਫਲਾਣੇ ਸਿੱਖ ਨੂੰ ਧਰਮ ਤੋਂ ਪਤਿਤ ਹੁੰਦੇ ਕਿਸੇ ਹਿੰਦੂ ਨੇ ਬਚਾਯਾ ਹੈ।’’
‘‘ਇਸ ਦੇ ਵਿਰੁਧ ਅਸੀਂ ਹਜ਼ਾਰਾਂ ਦ੍ਰਿਸ਼ਟਾਂਤ ਵਿਖਾ ਸਕਦੇ ਹਾਂ ਕਿ ਕਿਤਨਿਆਂ ਸਿੱਖਾਂ ਦੇ ਹਿੰਦੂਆਂ ਨੇ ਕੇਸ ਦੂਰ ਕੀਤੇ, ਕਈਆਂ ਨੂੰ ਹੁਕੇ ਦੀ ਧੂਪ ਦਿੱਤੀ, ਕਈਆਂ ਦੀ ਕ੍ਰਿਪਾਨ, ਕੱਛ ਉਤਰਵਾ ਕੇ ਸੰਕਲਪ ਕਰਵਾਏ, ਕਿਤਨਿਆਂ ਹੀ ਗੁਰਮੰਦਰਾਂ ਵਿਚ ਪੁਰਾਣੀਆਂ ਸਿੱਖ ਧਰਮ ਦੀਆਂ ਰੀਤਾਂ ਹਟਾ ਕੇ ਆਪਣੇ ਘੰਟਿਆਂ ਦੀ ਘਨਘੋਰ ਮਚਾ ਕੇ ਭੋਲੇ ਸਿੱਖਾਂ ਨੂੰ ਇੰਦ੍ਰ-ਜਾਲ ਨਾਲ ਮੋਹਿਤ ਕੀਤਾ, ਕਈ ਗੁਰਦੁਆਰਿਆਂ ਦੀਆਂ ਜਾਯਦਾਤਾਂ ਆਪਣੇ ਨਾਉਂ ਕਰਵਾ ਕੇ ਅੱਜ ਸਿੱਖੀ ਤੋਂ ਇਨਕਾਰੀ ਔਰ ਆਕੀ ਹੋਏ ਬੈਠੇ ਹਨ। ਐਹੋ ਜਿਹੇ ਆਪ ਨੂੰ ਕੀ ਕੀ ਪ੍ਰਸੰਗ ਸੁਣਾਈਏ, ਜੋ ਸਿੱਖ ਧਰਮ-ਦ੍ਰਿਸ਼ਟੀ ਵਿਚ ਇਨ੍ਹਾਂ ਮਹਾਂ-ਕੌਤਕੀਆਂ ਨੇ ਉਲਟ-ਪੁਲਟ ਕੀਤੀ ਹੈ। ਐਸੀ ਹਾਲਤ ਵਿਚ ਕੌਣ ਬੁਧੀਮਾਨ ਆਖ ਸਕਦਾ ਹੈ ਕਿ ਹਿੰਦੂਆਂ ਦੀ ਤਰਫੋਂ ਹਮਦਰਦੀ ਦੇ ਖਿਆਲ ਕਰਕੇ ਸਿੱਖਾਂ ਨੂੰ ਹਿੰਦੂ ਸਾਬਤ ਕਰਨ ਦੀ ਕੋਸ਼ਿਸ਼ ਹੋ ਰਹੀ ਹੈ?”
ਇਨ੍ਹਾਂ ਸਾਰੀਆਂ ਭੜਕਾਊ ਕਾਰਵਾਈਆਂ ਦੇ ਬਾਵਜੂਦ ਆਪਣੀ ਲਿਖਤ ਨਾਲ ਸਿੱਖ ਮਨਾਂ ਵਿਚ ਹਿੰਦੂਆਂ ਪ੍ਰਤੀ ਕੋਈ ਨਫਰਤ ਪੈਦਾ ਨਾ ਹੋਵੇ, ਇਸ ਬਾਰੇ ਸੁਚੇਤ ਕਰਦਿਆਂ ਭਾਈ ਕਾਨ੍ਹ ਸਿੰਘ ਨਾਭਾ ਨੇ ਇਸ ਲਿਖਤ ਦੇ ਦੂਜੇ ਐਡੀਸ਼ਨ ਵਿਚ ਸਿੱਖਾਂ ਨੂੰ ਅਪੀਲ ਕੀਤੀ, ‘‘ਪਯਾਰੇ ਪਾਠਕ ਜੀ! ‘ਹਮ ਹਿੰਦੂ ਨਹੀਂ’ ਪੁਸਤਕ ਪੜ੍ਹ ਕੇ ਆਪ ਨੂੰ ਕੇਵਲ ਇਹ ਜਾਣਨਾ ਯੋਗਯ ਹੈ ਕਿ ਸਿੱਖ ਧਰਮ, ਹਿੰਦੂ ਆਦਿਕ ਧਰਮਾਂ ਤੋਂ ਭਿੰਨ ਹੈ, ਔਰ ਸਿੱਖ ਕੌਮ ਹੋਰ ਕੌਮਾਂ ਦੀ ਤਰ੍ਹਾਂ ਇਕ ਜੁਦੀ ਕੌਮ ਹੈ, ਪਰ ਇਹ ਕਦੇ ਨਹੀਂ ਹੋਣਾ ਚਾਹੀਯੇ ਕਿ ਆਪ ‘ਹਿੰਦੂ ਜਾਂ ਹੋਰ ਧਰਮੀਆਂ’ ਨਾਲੋਂ ਵਿਰੋਧ ਕਰੋ ਔਰ ਉਨ੍ਹਾਂ ਦੇ ਧਰਮਾਂ ਉਪਰ ਕੁਤਰਕ ਕਰੋ ਅਥਵਾ ਦੇਸ-ਭਾਈਆਂ ਨੂੰ ਆਪਣਾ ਅੰਗ ਨਾ ਮੰਨ ਕੇ ਜਨਮ-ਭੂਮੀ ਤੋਂ ਸਰਾਪ ਲਓ…।’’
ਇਸ ਸੁਹਿਰਦਤਾ ਦੇ ਬਾਵਜੂਦ ਆਰੀਆ ਸਮਾਜੀਆਂ ਨੇ ਸਿੱਖ ਗੁਰੂਆਂ ਪ੍ਰਤੀ ਮੰਦੀ ਸ਼ਬਦਾਵਲੀ ਵਰਤਣੀ ਤੇ ਕੇਸਾਧਾਰੀ ਸਿੱਖਾਂ ਨੂੰ ਹਿੰਦੂ ਬਣਾਉਣ ਦੇ ਯਤਨ ਜਾਰੀ ਰੱਖੇ। ਪ੍ਰਸਿਧ ਇਤਿਹਾਸਕਾਰ ਡਾ. ਗੰਡਾ ਸਿੰਘ ਦੇ ਕਥਨ ਅਨੁਸਾਰ ਪੰਜਾਬ ‘ਚ ਹਿੰਦੂ-ਸਿੱਖ ਤਣਾਓ ਦਾ ਅਰੰਭ ਆਰੀਆ ਸਮਾਜ ਦੇ ਆਉਣ ਨਾਲ ਹੋਇਆ। ਉਨ੍ਹਾਂ ਨੇ ਇਸ ਦੀ ਜਾਣਕਾਰੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਛਿਮਾਹੀ ਰਸਾਲੇ ‘ਪੰਜਾਬ ਬੀਤਿਆ ਤੇ ਵਰਤਮਾਨ’ (ਠਹੲ ਫੁਨਜਅਬ ਫਅਸਟ ਅਨਦ ਫਰੲਸੲਨਟ) ਦੇ ਅਕਤੂਬਰ 1977 ਦੇ ਅੰਕ ਵਿਚ ਦਿੱਤੀ ਹੈ। ਡਾ. ਗੰਡਾ ਸਿੰਘ ਦੀ ਇਸ ਲਿਖਤ ਅਨੁਸਾਰ ਪੰਜਾਬ ‘ਚ ‘‘ਸਿੱਖ ਰਾਜ ਤੋਂ ਲੈ ਕੇ ਪਿਛਲੀ (19ਵੀਂ) ਸਦੀ ਦੇ ਅੱਧ ਤਕ ਹਿੰਦੂ ਸਿੱਖ ਤਣਾਓ ਨਾਂ ਦੀ ਕੋਈ ਚੀਜ਼ ਨਹੀਂ ਸੀ।’’
ਡਾ. ਗੰਡਾ ਸਿੰਘ ਦੇ ਇਸ ਕਥਨ ਦੀ ਪੁਸ਼ਟੀ ‘ਜੰਗਨਾਮਾ ਸਿੱਖਾਂ ਤੇ ਫਿਰੰਗੀਆਂ’ ਵਿਚ ਪੰਜਾਬੀ ਮੁਸਲਮਾਨ ਕਵੀ ਸ਼ਾਹ ਮੁਹੰਮਦ ਨੇ ਵੀ ਇਸ ਕਾਵਿਬੰਦ ਵਿਚ ਕੀਤੀ ਹੈ,
ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ,
ਸਿਰ ਦੋਹਾਂ ਦੇ ਉਤੇ ਅਫਾਤ ਆਈ।
ਸ਼ਾਹ ਮੁਹੰਮਦਾ ਵਿਚ ਪੰਜਾਬ ਦੇ ਜੀ,
ਕਦੇ ਨਹੀਂ ਸੀ ਤੀਸਰੀ ਜਾਤ ਆਈ।
ਡਾ. ਗੰਡਾ ਸਿੰਘ ਹੁਰੀਂ ਲਿਖਦੇ ਹਨ, ‘‘ਇਤਿਹਾਸਕ ਤੌਰ ‘ਤੇ ਵੇਖਿਆਂ ਇਸ ਤਣਾਓ ਦਾ ਮੁੱਢ ਆਰੀਆ ਸਮਾਜ ਦੇ ਬਾਨੀ ਸੁਆਮੀ ਦਇਆ ਨੰਦ ਵਲੋਂ ਆਪਣੀ ਪੁਸਤਕ ‘ਸਤਿਆਰਥ ਪ੍ਰਕਾਸ਼’ (ਜੋ 1875 ਵਿਚ ਛਪੀ, ਜਿਸ ਸਾਲ 10 ਅਪਰੈਲ ਨੂੰ ਬੰਬੇ ਵਿਚ ਪਹਿਲੇ ਆਰੀਆ ਸਮਾਜ ਦੀ ਸਥਾਪਨਾ ਹੋਈ) ਵਿਚ ਗੁਰੂ ਨਾਨਕ ਅਤੇ ਉਸ ਦੇ ਸ਼ਰਧਾਲੂਆਂ ਪ੍ਰਤੀ ਮਾੜੀ ਭਾਸ਼ਾ ਵਰਤਣ ਕਰਕੇ ਬੱਝਾ।’’ ਡਾ. ਗੰਡਾ ਸਿੰਘ ਨੇ ਇਥੇ ਇਕ ਟਿੱਪਣੀ ਵੀ ਕੀਤੀ ਹੈ, ‘‘ਮੈਂ ਕੁੜਿਤਣ ਤੋਂ ਬਚਣ ਲਈ ਸਤਿਆਰਥ ਪ੍ਰਕਾਸ਼ ਦੀ ਉਸ ਛਾਪ ਜਾਂ ਬਾਅਦ ਵਿਚ ਮੁੜ ਸੋਧੀਆਂ ਛਾਪਾਂ ਵਿਚੋਂ ਜ਼ਿਆਦਾ ਟੂਕਾਂ ਨਹੀਂ ਦੇਵਾਂਗਾ।’’
ਡਾ. ਗੰਡਾ ਸਿੰਘ ਲਿਖਦੇ ਹਨ, ‘‘ਉਸ ਵਿਚ ਸਿੱਖ ਗੁਰੂ ਸਾਹਿਬ ਲਈ ਧੂਰਤ ਸ਼ਬਦ ਵਰਤਿਆ ਗਿਆ ਹੈ, ਜਿਸ ਦਾ ਬੇਟ ਦੇ ਹਿੰਦੀ ਭਾਸ਼ਾ ਕੋਸ਼ ਅਨੁਸਾਰ ਅਰਥ ਹੈ, ‘ਠਗ’, ‘ਧੋਖੇਬਾਜ਼’, ‘ਦਗੇਬਾਜ਼’, ‘ਫਰੇਬੀ’, ‘ਬੇਈਮਾਨ’, ‘ਮਕਰਾ’, ‘ਸ਼ਰਾਰਤੀ’, ‘ਦੁਸ਼ਟ’। ਸਿੱਖਾਂ ਦੇ ਪਵਿਤਰ ਧਾਰਮਿਕ ਗ੍ਰੰਥ ‘ਗੁਰੂ ਗ੍ਰੰਥ ਸਾਹਿਬ’ ਦੀ ਬਾਣੀ ਨੂੰ ਮਿਥਿਆ ਤੇ ਸਧਾਰਨ ਲੋਕਾਂ ਤੋਂ ਉਨ੍ਹਾਂ ਦੇ (ਧਨ ਆਦਿਕ ਹਰਨ ਵਾਸਤੇ) ਧਨ ਤੇ ਜਾਇਦਾਦ ਲੁਟਣ ਤੇ ਠਗਣ ਵਾਲਾ ਇਕ ਜਾਲ (ਮੋਹ ਜਾਲ) ਦਸਿਆ ਗਿਆ ਹੈ। ਦੋ ਸਾਲ ਬਾਅਦ (1877) ਸੁਆਮੀ ਦਇਆ ਨੰਦ ਪੰਜਾਬ ਆਇਆ ਅਤੇ ਉਸ ਨੇ ਲਾਹੌਰ ਵਿਚ ਆਰੀਆ ਸਮਾਜ ਸਥਾਪਤ ਕੀਤਾ। ਪੰਜਾਬ ਵਿਚਲੀ ਆਪਣੀ ਫੇਰੀ ਦੌਰਾਨ ਉਸ ਨੇ ਸਿੱਖ ਗੁਰੂਆਂ ਦੀ ਸ਼ਲਾਘਾ ਕੀਤੀ। ਇਸ ਨਾਲ ਕਈ ਸਿੱਖ ਆਰੀਆ ਸਮਾਜ ਵਲ ਖਿਚੇ ਗਏ। ਉਨ੍ਹਾਂ ਵਿਚ ਇਕ ਭਾਈ ਜਵਾਹਰ ਸਿੰਘ ਸੀ, ਜੋ ਬਾਅਦ ਵਿਚ ਲਾਹੌਰ ਆਰੀਆ ਸਮਾਜ ਅਤੇ ਡੀ. ਏ. ਵੀ. ਕਾਲਜ ਦੀ ਪ੍ਰਬੰਧਕ ਕਮੇਟੀ ਦਾ ਸਕਤਰ ਬਣਿਆ।’’
‘‘ਪੰਜਾਬ ਤੋਂ ਆਪਣੀ ਵਾਪਸੀ ਪਿਛੋਂ ਜਦੋਂ ਸੁਆਮੀ ਦਇਆ ਨੰਦ ਕਾਨਪੁਰ ਠਹਿਰਿਆ ਤਾਂ ਅਜਮੇਰ ਤਹਿਸੀਲ ਦੇ ਸਬ ਇੰਜੀਨੀਅਰ ਭਗਤ ਸਿੰਘ ਨੇ ‘ਸਤਿਆਰਥ ਪ੍ਰਕਾਸ਼’ ਵਿਚਲੇ ਉਸ ਦੇ ਸਿੱਖਾਂ ਅਤੇ ਸਿੱਖੀ ਬਾਰੇ ਇਤਰਾਜ਼ਯੋਗ ਕਥਨਾਂ ਵਿਰੁਧ ਰੋਸ ਵਜੋਂ ਉਸ ਨੂੰ ਲਿਖਿਆ। ਸਵਾਮੀ ਦਇਆ ਨੰਦ ਨੇ ਉਸ ਨੂੰ ਵਾਪਸੀ ਖੱਤ ਵਿਚ ਇਹ ਕਹਿੰਦਿਆਂ ਲਿਖਿਆ ਕਿ ਪੰਜਾਬ ਵਿਚਲੀ ਆਪਣੀ ਯਾਤਰਾ ਦੌਰਾਨ ਉਸ ਦੇ ਵਿਚਾਰਾਂ ਵਿਚ ਤਬਦੀਲੀ ਆ ਗਈ ਹੈ ਅਤੇ ਕਿਤਾਬ ਦੀ ਅਗਲੀ ਛਾਪ ਵਿਚ ਇਤਰਾਜ਼ਯੋਗ ਕਥਨ ਕੱਢ ਦਿਤੇ ਜਾਣਗੇ; ਪਰ ਕੀਤਾ ਕੁਝ ਵੀ ਨਾ ਗਿਆ।”
‘‘ਸਮੇਂ ਦੇ ਬੀਤਣ ‘ਤੇ ‘ਸਤਿਆਰਥ ਪ੍ਰਕਾਸ਼’ ਦੀ ਦੂਜੀ ਛਾਪ ਦੇ ਛਪਣ ਅਤੇ ਆਰੀਆ ਸਮਾਜ ਵਿਚ ਕੁਝ ਲੋੜੋਂ ਵਧ ਜੋਸ਼ੀਲੇ ਨੌਜਵਾਨਾਂ ਦੇ ਦਾਖਲੇ ਨਾਲ ਆਰੀਆ ਸਮਾਜ ਦੇ ਕੁਝ ਆਗੂਆਂ ਦਾ ਵਤੀਰਾ ਹੋਰ ਵਧ ਦੁਸ਼ਮਣਾਨਾ ਬਣਦਾ ਗਿਆ। ਉਨ੍ਹਾਂ ਦਿਨਾਂ ਦੇ ਆਰੀਆ ਸਮਾਚਾਰ ਮੇਰਠ ਅਤੇ ਆਰੀਆ ਪੱਤ੍ਰਿਕਾ ਲਾਹੌਰ ਦੇ ਕਾਲਮ ਇਸ ਹਕੀਕਤ ਦੀ ਗਵਾਹੀ ਦਿੰਦੇ ਹਨ।…ਸਤਿਆਰਥ ਪ੍ਰਕਾਸ਼ ਦੀ ਦੂਜੀ ਛਾਪ ਹੋਰ ਵੀ ਨਿਰਾਸ਼ਾਜਨਕ ਅਤੇ ਦੁਸ਼ਮਣਾਨਾ ਨਿਕਲੀ। ਇਸ ਵਿਚ ਸਿੱਖ ਗੁਰੂਆਂ, ਸਿੱਖਾਂ ਦੇ ਧਾਰਮਿਕ ਗ੍ਰੰਥਾਂ ਅਤੇ ਆਮ ਸਿੱਖ ਜਨਤਾ ਉਤੇ ਹਮਲਾ ਹੋਰ ਵੱਧ ਸਿੱਧਾ, ਵੱਧ ਜ਼ਹਿਰੀਲਾ ਤੇ ਵੱਧ ਦੁਖਦਾਈ ਸੀ। ਗੁਰੂ ਨਾਨਕ ਨੂੰ ਅਨਪੜ੍ਹ, ਆਤਮ ਘੁਮੰਡੀ ਅਤੇ ਪਾਖੰਡੀ ਦਸਿਆ ਗਿਆ ਸੀ। ਸਿੱਖਾਂ ਦੇ ਪਵਿਤਰ ਗ੍ਰੰਥਾਂ ਦੀ ਨਿਰਾਦਰੀ ਕੀਤੀ ਗਈ ਸੀ। ਸਿੱਖੀ ਦੇ ਚਿੰਨ੍ਹਾਂ ਤੇ ਪਰੰਪਰਾਵਾਂ ਦਾ ਮਖੌਲ ਉਡਾਇਆ ਗਿਆ ਸੀ। ਸਿੱਖਾਂ ਨੂੰ ਆਮ ਤੌਰ ‘ਤੇ ਹੰਕਾਰੀ ਅਤੇ ਲਾਲਸਾ ਦੇ ਗੁਲਾਮ ਵਜੋਂ ਪੇਸ਼ ਕੀਤਾ ਗਿਆ ਸੀ।’’
ਡਾ. ਗੰਡਾ ਸਿੰਘ ਆਪਣੀ ਲਿਖਤ ਇਸ ਟਿਪਣੀ ਨਾਲ ਖਤਮ ਕਰਦੇ ਹਨ, ‘‘ਇਹ ਹਕੀਕੀ ਰੂਪ ਵਿਚ ਪਿਛਲੀ ਸਦੀ ਦੇ ਸੱਤਰਵਿਆਂ ਤੇ ਅਸੀਵਿਆਂ ਵਿਚ ਆਰੀਆ ਸਮਾਜ ਦੇ ਜਨਮ ਤੋਂ ਫੌਰੀ ਬਾਅਦ ਹਿੰਦੂ-ਸਿੱਖ ਤਣਾਓ ਕਿਵੇਂ ਸ਼ੁਰੂ ਹੋਇਆ, ਦਾ ਸੰਖੇਪ ਹੈ।’’
ਉਕਤ ਸਾਰਾ ਵੇਰਵਾ ਇਸ ਲਈ ਦਿੱਤਾ ਗਿਆ ਹੈ ਤਾਂ ਕਿ ਮੇਰੀ ਇਸ ਲਿਖਤ ਉਤੇ ਇਹ ਦੋਸ਼ ਨਾ ਲਾਇਆ ਜਾਵੇ ਕਿ ਇਹ ਸਾਰਾ ਕੁਝ ਤਤਕਾਲੀ ਪ੍ਰਸੰਗ ਨਾਲੋਂ ਤੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਭਾਈ ਕਾਨ੍ਹ ਸਿੰਘ ਨਾਭਾ ਦੀ ਲਿਖਤ ‘ਹਮ ਹਿੰਦੂ ਨਹੀਂ ਹੈਂ’ ਦੀ ਪੇਸ਼ਕਾਰੀ ਆਪਣੇ ਤਤਕਾਲੀ ਪ੍ਰਸੰਗ ਵਿਚ ਠੀਕ ਹੋਣ ਦੇ ਬਾਵਜੂਦ ਅਜੋਕੇ ਪ੍ਰਸੰਗ ਵਿਚ ਇਹ ਬਿਰਤਾਂਤ ਗੁਰਮਤਿ ਫਿਲਾਸਫੀ ਨੂੰ ਛੁਟਿਆਉਣ ਦਾ ਕਾਰਨ ਬਣ ਰਿਹਾ ਹੈ। ਜੂਨ 1984 ਪਿਛੋਂ ਸਿੱਖਾਂ ਦੀ ਵੱਡੀ ਧਿਰ ਆਪਣੀ ਹੋਂਦ ‘ਹਮ ਹਿੰਦੂ ਨਹੀਂ ਹੈਂ’ ਦੇ ਬਿਰਤਾਂਤ ਵਿਚੋਂ ਲਭ ਰਹੀ ਹੈ। ਉਸ ਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਕਿ ਗੁਰੂ ਸਾਹਿਬ ਨੇ ਸਿੱਖ ਪੰਥ ਦੀ ਸਿਰਜਣਾ ਇਸ ਤੋਂ ਕਿਤੇ ਵੱਡੇ ਨਿਸ਼ਾਨੇ ਨੂੰ ਮੁੱਖ ਰੱਖ ਕੇ ਕੀਤੀ ਹੈ। ‘ਆਪ ਮੁਕਤੁ ਮੁਕਤੁ ਕਰੈ ਸੰਸਾਰ’ ਦੇ ਨਿਸ਼ਾਨੇ ਨੂੰ ਮੁੱਖ ਰਖ ਕੇ ਸਿਰਜੇ ਗਏ ਪੰਥ ਨੂੰ ਜਦੋਂ ਆਪਣੇ ਆਪ ਨੂੰ ‘ਹਮ ਹਿੰਦੂ ਨਹੀਂ ਹੈਂ’ ਦੇ ਪ੍ਰਸੰਗ ਵਿਚੋਂ ਆਪਣੀ ਹੋਂਦ ਦਾ ਨਿਰਣਾ ਕਰਦਿਆਂ ਵੇਖੀਦਾ ਹੈ ਤਾਂ ਇਹ ਬੜਾ ਮੰਦਭਾਗਾ ਜਾਪਦਾ ਹੈ। ਬੇਸ਼ਕ ਭਾਈ ਕਾਨ੍ਹ ਸਿੰਘ ਨਾਭਾ ਦੀ ਲਿਖਤ ਖੁਦ ਆਪਣੀ ਇਸ ਸੀਮਤਾਈ ਬਾਰੇ ਸੁਚੇਤ ਹੈ।
1898 ਵਿਚ ਛਪੇ ਇਸ ਲਿਖਤ ਦੇ ਪਹਿਲੇ ਐਡੀਸ਼ਨ ਦੇ ਮੁਖ ਸਫੇ ਉਤੇ ਗੁਰੂ ਗ੍ਰੰਥ ਸਾਹਿਬ ਦੀ ਇਹ ਤੁਕ ਛਪੀ ਹੈ, “ਹਮਰਾ ਝਗਰਾ ਰਹਾ ਨ ਕੋਊ॥ ਪੰਡਿਤ ਮੁਲਾ ਛਾਡੇ ਦੋਊ॥” ਇਸ ਦੇ ਨਾਲ ਹੀ ਭਾਈ ਗੁਰਦਾਸ ਦੀ ਇਹ ਟੂਕ ਛਪੀ ਹੈ, “ਕੀਤੋਸੁ ਅਪਣਾ ਪੰਥ ਨਿਰਾਲਾ।” ਸਾਰੀ ਲਿਖਤ ਅੰਦਰ ਅਨੇਕ ਹਵਾਲੇ ਸਿੱਖੀ ਦੇ ਨਿਆਰੇਪਣ ਨੂੰ ਸਪਸ਼ਟ ਕਰਦੇ ਹਨ: 1. ਨਾ ਹਮ ਹਿੰਦੂ ਨ ਮੁਸਲਮਾਨ॥ (ਭੈਰਉ ਕਬੀਰ ਜੀ) 2. ਪੰਡਿਤ ਮੁਲਾਂ ਜੋ ਲਿਖ ਦੀਆ॥ ਛਾਡਿ ਚਲੇ ਹਮ ਕਛੂ ਨ ਲੀਆ॥ (ਭੈਰਉ ਕਬੀਰ ਜੀ) 3. ਭਾਈ ਮਨੀ ਸਿੰਘ ਜੀ ਗਯਾਨ ਰਤਨਾਵਲੀ ਵਿਚ ਲਿਖਦੇ ਹਨ-ਬਾਬੇ ਨੂੰ ਹਾਜੀਆਂ ਨੇ ਪੁਛਿਆ, ‘‘ਹੇ ਫਕੀਰ! ਤੂੰ ਹਿੰਦੂ ਹੈ ਕਿ ਮੁਸਲਮਾਨ?’’ ਤਾਂ ਬਾਬਾ ਬੋਲਿਆ, ‘‘ਮੈਂ ਹਿੰਦੂ ਮੁਸਲਮਾਨ-ਦੋਹਾਂ ਦਾ ਗਵਾਹ ਹਾਂ।’’ 4. ਖਾਲਸਾ ਹਿੰਦੂ ਮੁਸਲਮਾਨ ਕੀ ਕਾਣ ਕੋ ਮੇਟੇ। (ਰਹਿਤਨਾਮਾ ਭਾਈ ਦਯਾ ਸਿੰਘ) 5. ਸਿਧਾਂਤ ਗੁਰੂ ਸਾਹਿਬ ਦਾ ਇਹ ਹੈ ਕਿ ਜਿਸ ਦੇਸ ਦੇ ਲੋਕ ਅਖਲਾਕ ਤੋਂ ਡਿੱਗ ਕੇ ਖੁਸ਼ਾਮਦ, ਡਰ ਔਰ ਲਾਲਚ ਪਿਛੇ ਆਪਣਾ ਧਰਮ ਹਾਰ ਦਿੰਦੇ ਹਨ, ਉਹ ਮਹਾਂ ਅਧਰਮੀ ਔਰ ਕਮੀਨੇ ਸਮਝੇ ਜਾਂਦੇ ਹਨ।
ਏਨੀ ਸਪਸ਼ਟਤਾ ਦੇ ਬਾਵਜੂਦ 120 ਸਾਲ ਪਿਛੋਂ ਵੀ ਇਹ ਲਿਖਤ ਇਹੀ ਬਿਰਤਾਂਤ ਸਿਰਜ ਰਹੀ ਹੈ; ਸਗੋਂ ਜੂਨ 1984 ਦੇ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ‘ਤੇ ਹੋਏ ਫੌਜੀ ਹਮਲੇ ਨੇ ਇਸ ਬਿਰਤਾਂਤ ਨੂੰ ਸਿੱਖ ਮਨਾਂ ਵਿਚ ਹੋਰ ਵੀ ਗੂੜ੍ਹਾ ਕਰ ਦਿਤਾ ਹੈ; ਕਿਉਂਕਿ ਇਹ ਮੰਨ ਲਿਆ ਗਿਆ ਹੈ ਕਿ ਦਿੱਲੀ ਸਰਕਾਰ ਹਿੰਦੂਆਂ ਦੀ ਸਰਕਾਰ ਹੈ। ਫਿਰ ਜਿਵੇਂ ਧਰਮ ਯੁਧ ਮੋਰਚੇ ਨੂੰ ਹਿੰਦੂ-ਸਿੱਖ ਮਸਲਾ ਬਣਾ ਕੇ ਪੇਸ਼ ਕੀਤਾ ਗਿਆ, ਉਸ ਨੇ ਵੀ ਸਿੱਖ ਮਨਾਂ ਵਿਚ ਇਸ ਧਾਰਨਾ ਨੂੰ ਹੋਰ ਦ੍ਰਿੜ ਕੀਤਾ ਹੈ। ਇਸ ਧਾਰਨਾ ਨੇ ਪੰਜਾਬ ਦੇ ਦੋ ਭਾਈਚਾਰਿਆਂ ਵਿਚ ਦਰਾਰ ਪੈਦਾ ਕੀਤੀ ਹੈ ਅਤੇ ਤੀਜਾ ਭਾਈਚਾਰਾ ਸਾਰੇ ਦ੍ਰਿਸ਼ ਵਿਚੋਂ ਹੀ ਅਲੋਪ ਹੋ ਗਿਆ ਹੈ। ਸਿੱਖੀ ਵਿਰੋਧੀ ਧਿਰਾਂ ਨੂੰ ਇਹ ਦਰਾਰ ਰਾਜਸੀ ਤੌਰ ‘ਤੇ ਬਹੁਤ ਰਾਸ ਆਉਂਦੀ ਹੈ, ਪਰ ਸਿੱਖ ਧਿਰਾਂ ਦੀ ਨਾ ਸਿਰਫ ਇਹ ਰਾਜਸੀ ਸਗੋਂ ਸਿਧਾਂਤਕ ਲੋੜ ਹੈ ਕਿ ਉਹ ਮੌਜੂਦਾ ਆਲਮੀ ਪ੍ਰਸੰਗ ਵਿਚ ਗੁਰਮਤਿ ਦੇ ਇਸ ਤੋਂ ਕਿਤੇ ਵੱਡੇ ਅਤੇ ਮੌਲਿਕ ਨਿਸ਼ਾਨੇ ਨੂੰ ਪ੍ਰਗਟ ਕਰਨ ਤਾਂ ਕਿ ਸਰਬਪੱਖੀ ਸੰਕਟ ਵਿਚ ਘਿਰੀ ਮਨੁੱਖ ਜਾਤੀ ਗੁਰਮਤਿ ਗਿਆਨ ਤੋਂ ਕੋਈ ਸੇਧ ਲੈ ਸਕੇ। ਗੁਰਮਤਿ ਦੇ ਵੱਡੇ ਤੇ ਮੌਲਿਕ ਨਿਸ਼ਾਨੇ ਨੂੰ ਪ੍ਰਗਟ ਕਰਕੇ ਹੀ ਸਿੱਖ ਪੰਜਾਬ ਨੂੰ ਕੋਈ ਨਵੀਂ ਰਾਜਨੀਤਕ ਦਿਸ਼ਾ ਦੇਣ ਦੇ ਯੋਗ ਹੋ ਸਕਣਗੇ।
ਗੁਰੂ ਨਾਨਕ ਸਾਹਿਬ ਦੇ ਸੁਲਤਾਨਪੁਰ ਲੋਧੀ ਵਿਖੇ ਵੇਈਂ ਵਿਚ ਟੁੱਭੀ ਲਾਉਣ ਦੇ ਸਮੇਂ ਨਾਲ ਇਕ ਸਾਖੀ ਜੁੜੀ ਹੋਈ ਹੈ। ਜਦੋਂ ਗੁਰੂ ਸਾਹਿਬ ਤਿੰਨ ਦਿਨ ਬਾਅਦ ਵੇਈਂ ਵਿਚੋਂ ਬਾਹਰ ਆਏ ਤਾਂ ਉਨ੍ਹਾਂ ਦੇ ਪਹਿਲੇ ਸ਼ਬਦ ਸਨ, “ਨਾ ਕੋ ਹਿੰਦੂ ਨ ਮੁਸਲਮਾਨ॥” ਸਪਸ਼ਟ ਹੈ ਕਿ ਗੁਰੂ ਸਾਹਿਬ ਸਿੱਖੀ ਦੇ ਨਿਆਰੇਪਣ ਦਾ ਉਸ ਵੇਲੇ ਦੇ ਪ੍ਰਚਲਿਤ ਦੋਹਾਂ ਵੱਡੇ ਧਰਮਾਂ ਤੋਂ ਨਿਖੇੜਾ ਕਰ ਰਹੇ ਸਨ। ਇਥੇ ਧਿਆਨ ਦੇਣ ਵਾਲੀ ਗੱਲ ਇਹ ਵੀ ਹੈ ਕਿ ਉਹ ਦੋਹਾਂ ਧਰਮਾਂ ਦੀ ਹੋਂਦ ਤੋਂ ਇਨਕਾਰੀ ਨਹੀਂ ਸਨ, ਪਰ ਉਹ ਇਨ੍ਹਾਂ ਦੋਹਾਂ ਧਰਮਾਂ ਤੋ ਆਪਣੀ ਨਿਵੇਕਲੀ ਹੋਂਦ ਦਾ ਪ੍ਰਗਟਾਵਾ ਕਰ ਰਹੇ ਸਨ। ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ,
ਨਾ ਹਮ ਹਿੰਦੂ ਨ ਮੁਸਲਮਾਨ॥
ਅਲਹ ਰਾਮ ਕੇ ਪਿੰਡ ਪਰਾਨ॥ (ਪੰਨਾ 1136)
ਜਦੋਂ ਅਸੀਂ ਇਨ੍ਹਾਂ ਸ਼ਬਦਾਂ ਦੇ ਭਾਵਅਰਥਾਂ ਦੀ ਤਹਿ ਵਿਚ ਜਾਂਦੇ ਹਾਂ ਤਾਂ ਪਤਾ ਲਗਦਾ ਹੈ ਕਿ ਕਿਸੇ ਮਨੁੱਖੀ ਹੋਂਦ ਦੀ ਇਹ ਕਿੰਨੀ ਖੂਬਸੂਰਤ ਵਿਆਖਿਆ ਹੈ। ਭਾਵ ਨਾ ਅਸੀਂ ਹਿੰਦੂ ਹਾਂ ਅਤੇ ਨਾ ਹੀ ਅਸੀਂ ਮੁਸਲਮਾਨ ਹਾਂ, ਪਰ ਸਾਡਾ ਇਹ ਸਰੀਰ ਤੇ ਜਿੰਦ ਸਾਨੂੰ ‘ਅਲਹ ਰਾਮ’ ਨੇ ਦਿੱਤੇ ਹਨ। ਕਿੱਡਾ ਅਜਬ ਹੈ ਕਿ ਨਾ ਅਸੀਂ ਹਿੰਦੂ ਹਾਂ ਤੇ ਨਾ ਮੁਸਲਮਾਨ ਪਰ ਸਾਡੀ ਹੋਂਦ ‘ਅਲਹ ਰਾਮ’ ਦੀ ਦੇਣ ਹੈ। ਅਲਹ ਮੁਸਲਮਾਨਾਂ ਲਈ ਅਤੇ ਰਾਮ ਹਿੰਦੂਆਂ ਲਈ ਸਰਬ-ਉਚ ਹਸਤੀ ਹੈ।
ਇਹ ਅਲਹ ਰਾਮ ਕੌਣ ਹੈ? ਇਸ ਦੀ ਵਿਆਖਿਆ ਵਾਰ-ਵਾਰ ਗੁਰੂ ਗ੍ਰੰਥ ਸਾਹਿਬ ਵਿਚ ਕੀਤੀ ਗਈ ਹੈ,
ਕਾਰਨ ਕਰਨ ਕਰੀਮ॥
ਸਰਬ ਪ੍ਰਤਿਪਾਲ ਰਹੀਮ॥
ਅਲਹ ਅਲਖ ਅਪਾਰ॥
ਖੁਦਿ ਖੁਦਾਇ ਵਡ ਬੇਸੁਮਾਰ॥
ਖਾਲਕੁ ਰਵਿ ਰਹਿਆ ਸਰਬ ਠਾਈ॥ ਰਹਾਉ॥
ਨਾਰਾਇਣ ਨਰਹਰ ਦਇਆਲ॥
ਰਮਤ ਰਾਮ ਘਟ ਘਟ ਆਧਾਰ॥
ਕਹੁ ਨਾਨਕ ਗੁਰਿ ਖੋਏ ਭਰਮ॥
ਏਕੋ ਅਲਹੁ ਪਾਰਬ੍ਰਹਮ॥ (ਪੰਨਾ 896)
ਭਾਵ ਸਮੁਚੀ ਖਲਕਤ ਨੂੰ ਪੈਦਾ ਕਰਨ ਵਾਲਾ ਖਾਲਕ ਸਰਬਵਿਆਪਕ ਹੈ ਤੇ ਉਹ ਸਭ ਥਾਂ ਰਮ ਰਿਹਾ ਹੈ। ਓਹੀ ਕਾਰਨ ਭਾਵ ਕਰਨ ਵਾਲਾ ਹੈ। ਓਹੀ ਬਖਸ਼ਿੰਦ ਹੈ। ਓਹੀ ਸਭ ਦੀ ਪਾਲਣਾ ਕਰਨ ਵਾਲਾ ਅਤੇ ਸਭ ‘ਤੇ ਰਹਿਮਤਾਂ ਕਰਨ ਵਾਲਾ ਹੈ। ਇਹ ਅਲਹ ਦੇ ਰੂਪ ਵਿਚ ਅਪਹੁੰਚ ਅਤੇ ਬੇਅੰਤ ਹੈ। ਇਸ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ।
ਗੁਰੂ ਸਾਹਿਬ ਬਚਨ ਕਰਦੇ ਹਨ ਕਿ ਗੁਰੂ ਨੇ ਮੇਰੇ ਮਨ ਦੇ ਸਾਰੇ ਭਰਮ ਦੂਰ ਕਰ ਦਿੱਤੇ ਹਨ ਅਤੇ ਮੈਨੂੰ ਹੁਣ ਪਤਾ ਲੱਗਾ ਹੈ ਕਿ ਇਹ ਸਰਬ ਵਿਆਪਕ ਏਕੋ ਹੀ ਅਲਹ ਅਤੇ ਇਹ ਏਕੋ ਹੀ ਪਾਰਬ੍ਰਹਮ ਹੈ। ਭਾਵ ਹਿੰਦੂ ਫਿਲਾਸਫੀ ਅਤੇ ਇਸਲਾਮੀ ਫਿਲਾਸਫੀ ਵਿਚਲੀ ਰੱਬੀ ਹਸਤੀ ਇਕੋ ਹੀ ਹੈ। ਇਸ ਸ਼ਬਦ ਦੀ ਖੂਬਸੂਰਤੀ ਇਹ ਹੈ ਕਿ ਇਸ ਵਿਚ ਗੁਰੂ ਸਾਹਿਬ ਨੇ ਹਿੰਦੂ ਤੇ ਇਸਲਾਮੀ ਫਲਸਫੇ ਵਿਚਲੀ ਰੱਬੀ ਹਸਤੀ ਬਾਰੇ ਆਮ ਵਰਤੇ ਜਾਂਦੇ ਨਾਂਵਾਂ ਰਾਹੀਂ ਕੁਦਰਤ ਵਿਚੋਂ ਸ਼ਨਾਖਤ ਕੀਤੇ ਜਾਣ ਵਾਲੇ ਦਾਤਾਰ ਭਾਵ ਸਰਬ ਵਿਆਪਕ ‘ਏਕੋ’ (ਦਾਤਾ-ਕਰਤਾ) ਦੀ ਬੜੀ ਖੂਬਸੂਰਤ ਵਿਆਖਿਆ ਕੀਤੀ ਹੈ। ਇਹੀ ਏਕੋ ਰਮਤ ਰਾਮ ਭਾਵ ਸਭ ਥਾਂ ਰਮਿਆ ਹੋਇਆ ਰਾਮ ਹੈ, ਜੋ ਸਭ ਜੀਆਂ ਦਾ ਆਧਾਰ ਹੈ।
ਅਵਲਿ ਅਲਹ ਨੂਰੁ ਉਪਾਇਆ
ਕੁਦਰਤਿ ਕੇ ਸਭ ਬੰਦੇ॥
ਏਕ ਨੂਰ ਤੇ ਸਭੁ ਜਗੁ ਉਪਜਿਆ
ਕਉਨ ਭਲੇ ਕੋ ਮੰਦੇ॥ (ਪੰਨਾ 1349)

ਕਹੁ ਨਾਨਕ ਜਿਨਿ ਹੁਕਮੁ ਪਛਾਤਾ॥
ਪ੍ਰਭ ਸਾਹਿਬ ਕਾ ਤਿਨਿ ਭੇਦੁ ਜਾਤਾ॥ (ਪੰਨਾ 885)
ਅਲਹ ਸਰਬਉਚ ਹੈ, ਜਿਸ ਨੇ ਨੂਰ ਭਾਵ ਜ਼ਿੰਦਗੀ ਦੀ ਰੌਂਅ ਪੈਦਾ ਕੀਤੀ ਹੈ। ਸਾਰੇ ਮਨੁੱਖ ਕੁਦਰਤ ਦੀ ਉਪਜ ਹਨ। ਜਦੋਂ ਸਾਰੇ ਮਨੁੱਖ ਇਕ ਹੀ ਨੂਰ ਤੋਂ ਪੈਦਾ ਹੋਏ ਹਨ ਤਾਂ ਫਿਰ ਕਿਸੇ ਦੇ ਚੰਗੇ-ਮੰਦੇ ਹੋਣ ਦਾ ਭਰਮ ਕਿਉਂ ਕੀਤਾ ਜਾਏ? ਗੁਰਮਤਿ ਅਡ-ਅਡ ਧਰਮਾਂ ਦੇ ਪੈਰੋਕਾਰਾਂ ਦੇ ਵਖਰੇਵੇਂ ਨੂੰ ਨਫਰਤ ਨਹੀਂ ਕਰਦੀ, ਸਗੋਂ ਇਨ੍ਹਾਂ ਸਭ ਦੀ ਏਕਤਾ ਦੇ ਇਸ ਤੋਂ ਵੱਡੇ ਆਧਾਰ ਭਾਵ ਹੁਕਮ ਅਨੁਸਾਰ ਜ਼ਿੰਦਗੀ ਜਿਉਣ ਦੇ ਆਤਮਕ ਗਿਆਨ ਦੀ ਜਾਣਕਾਰੀ ਦਿੰਦੀ ਹੈ।
ਇਸ ਲਈ ਸਿੱਖ ਚਿੰਤਕਾਂ ਨੂੰ ‘ਹਮ ਹਿੰਦੂ ਨਹੀਂ ਹੈਂ’ ਦੇ ਬਿਰਤਾਂਤ ਵਿਚੋਂ ਬਾਹਰ ਨਿਕਲ ਕੇ ਗੁਰਮਤਿ ਦੇ ਇਸ ਤੋਂ ਕਿਤੇ ਵੱਡੇ ਬਿਰਤਾਂਤ ਨੂੰ ਸਪਸ਼ਟ ਕਰਨ ਦੀ ਲੋੜ ਹੈ। ਗੁਰਮਤਿ ਦਾ ਇਹੀ ਬਿਰਤਾਂਤ ਹਿੰਦੂਆਂ, ਮੁਸਲਮਾਨਾਂ ਸਮੇਤ ਪੰਜਾਬ ਦੇ ਸਾਰੇ ਲੋਕਾਂ ਨੂੰ ਆਪਣੇ ਕਲਾਵੇ ਵਿਚ ਲੈ ਸਕੇਗਾ ਅਤੇ ਜੋ ਹਿੰਦੂ ਮੁਸਲਮਾਨ ਦੀ ਕਾਣ ਨੂੰ ਮੇਟਣ ਦਾ ਕੰਮ ਕਰੇਗਾ। ਆਲਮੀ ਰਾਜਨੀਤੀ ਜਿਸ ਪਾਸੇ ਨੂੰ ਮੋੜਾ ਕੱਟ ਰਹੀ ਹੈ, ਉਸ ਨੂੰ ਧਿਆਨ ਵਿਚ ਰੱਖਦਿਆਂ ਸਿੱਖਾਂ ਨੂੰ ਆਪਣੀ ਵੱਡੀ ਜਿੰਮੇਵਾਰੀ ਸਮਝਣ ਦੀ ਲੋੜ ਹੈ।