ਗਾਂ ਨੇ ਲਈ ਤਿੰਨ ਭਾਰਤੀ ਫੌਜੀਆਂ ਦੀ ਜਾਨ

ਗਾਂ ਨੇ ਲਈ ਤਿੰਨ ਭਾਰਤੀ ਫੌਜੀਆਂ ਦੀ ਜਾਨ

ਮੁਕਤਸਰ: ਅਬੋਹਰ-ਦਿੱਲੀ ਸ਼ਾਹ ਮਾਰਗ 'ਤੇ ਮਲੌਟ ਨਜ਼ਦੀਕ ਬੁੱਧਵਾਰ ਰਾਤ ਇੱਕ ਅਵਾਰਾ ਗਾਂ ਨਾਲ ਫੌਜ ਦੀ ਐਂਬੂਲੈਂਸ ਵੱਜਣ ਕਾਰਨ ਵਾਪਰੇ ਹਾਦਸੇ 'ਚ ਤਿੰਨ ਭਾਰਤੀ ਫੌਜੀਆਂ ਦੀ ਮੌਤ ਹੋ ਗਈ ਜਦਕਿ ਦੋ ਜ਼ਖਮੀ ਹੋਏ ਹਨ। 

ਮਾਰੇ ਗਏ ਫੌਜੀਆਂ ਦੀ ਪਛਾਣ ਸੂਬੇਦਾਰ ਜੀਤਪਾਲ (ਕਾਂਗੜਾ, ਹਿਮਾਚਲ ਪ੍ਰਦੇਸ਼), ਨੈਬ-ਸੂਬੇਦਾਰ ਅਜੀਤ ਸਿੰਘ (ਹਿਸਾਰ, ਹਰਿਆਣਾ) ਅਤੇ ਨੈਕ ਐਨ ਪਾਂਡਿਆ (ਤਾਮਿਲ ਨਾਡੂ) ਵਜੋਂ ਹੋਈ ਹੈ। ਇਸ ਹਾਦਸੇ 'ਚ ਜ਼ਖਮੀ ਹੋਏ ਫੌਜੀਆਂ ਦੀ ਪਛਾਣ ਡਰਾਈਵਰ ਡੀਐੱਸ ਪਾਲ ਅਤੇ ਬੰਦੂਕਚੀ ਦਵਿੰਦਰ ਵਜੋਂ ਹੋਈ ਹੈ। ਇਹਨਾਂ ਨੂੰ ਚੰਡੀਗੜ੍ਹ ਦੇ ਫੌਜੀ ਹਸਪਤਾਲ ਦਾਖਲ ਕਰਵਾਇਆ ਗਿਆ। 

ਇਸ ਘਟਨਾ ਵਿੱਚ ਇੱਕ ਟਰੱਕ ਵੀ ਹਾਦਸੇ ਦਾ ਸ਼ਿਕਾਰ ਹੋਇਆ ਹੈ ਜੋ ਦੂਜੇ ਪਾਸੇ ਤੋਂ ਆ ਰਿਹਾ ਸੀ। ਪੁਲਿਸ ਨੇ ਟਰੱਕ ਡਰਾਈਵਰ ਖਿਲਾਫ ਧਾਰਾ 279, 304-ਏ, 337, 338 ਅਤੇ 427 ਅਧੀਨ ਮਾਮਲਾ ਦਰਜ ਕਰ ਲਿਆ ਹੈ ਜੋ ਮੌਕੇ ਤੋਂ ਫਰਾਰ ਹੋ ਗਿਆ ਸੀ। 

ਪੁਲਿਸ ਵੱਲੋਂ ਦਰਜ ਐਫਆਈਆਰ ਵਿੱਚ ਪੁਲਿਸ ਸਿਪਾਹੀ ਗੁਰਲਾਲ ਸਿੰਘ ਕਾਬੜਵਾਲ ਨੂੰ ਗਵਾਹ ਬਣਾਇਆ ਗਿਆ ਹੈ ਜਿਸ ਦੀ ਗਵਾਹੀ ਇਹ ਦਰਜ ਕੀਤੀ ਗਈ ਹੈ ਕਿ ਜਦੋਂ ਉਹ ਆਪਣੀ ਕਾਰ ਵਿੱਚ ਰਾਤ ਨੂੰ ਪੁਲਿਸ ਥਾਣੇ ਆ ਰਿਹਾ ਸੀ ਤਾਂ ਉਸਨੇ ਦੇਖਿਆ ਕਿ ਇੱਕ ਤੇਜ ਰਫਤਾਰ ਟਰੱਕ ਫੌਜ ਦੇ ਐਂਬੂਲੈਂਸ ਵਿੱਚ ਜਾ ਵੱਜਿਆ। 

ਜ਼ਿਕਰਯੋਗ ਹੈ ਕਿ ਪੰਜਾਬ ਦੇ ਲੋਕਾਂ 'ਤੇ ਸਰਕਾਰ ਵੱਲੋਂ ਅਵਾਰਾ ਗਾਵਾਂ ਦੀ ਸਾਂਭ-ਸੰਭਾਲ ਹਿੱਤ ਗਊ ਸ਼ਾਲਾ ਬਣਾਉਣ ਲਈ ਗਾਂ-ਟੈਕਸ ਲਾਇਆ ਜਾਂਦਾ ਹੈ ਪਰ ਇਹ ਰਕਮ ਦੇਣ ਦੇ ਬਾਵਜੂਦ ਪੰਜਾਬ ਦੇ ਅਨੇਕਾਂ ਲੋਕ ਨਿੱਤ ਇਹਨਾਂ ਅਵਾਰਾ ਗਾਵਾਂ ਦਾ ਸ਼ਿਕਾਰ ਹੁੰਦੇ ਹਨ। ਇਸ ਮਾਮਲੇ ਵਿੱਚ ਵੀ ਗਾਂ ਕਾਰਨ ਵਾਪਰੇ ਇਸ ਹਾਦਸੇ ਦਾ ਸਾਰਾ ਦੋਸ਼ ਟਰੱਕ ਡਰਾਈਵਰ ਸਿਰ ਪੈਂਦਾ ਨਜ਼ਰ ਆ ਰਿਹਾ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।