ਠਾਕਰੇ ਪਰਿਵਾਰ ਨੂੰ ਪਹਿਲੀ ਵਾਰ ਮਿਲੀ ਮੁੱਖ ਮੰਤਰੀ ਦੀ ਕੁਰਸੀ; ਭਗਵੇਂ 'ਚ ਰੰਗੇ ਊਧਵ ਨੇ ਚੁੱਕੀ ਸਹੁੰ

ਠਾਕਰੇ ਪਰਿਵਾਰ ਨੂੰ ਪਹਿਲੀ ਵਾਰ ਮਿਲੀ ਮੁੱਖ ਮੰਤਰੀ ਦੀ ਕੁਰਸੀ; ਭਗਵੇਂ 'ਚ ਰੰਗੇ ਊਧਵ ਨੇ ਚੁੱਕੀ ਸਹੁੰ

ਮੁੰਬਈ: ਮਹਾਰਾਸ਼ਟਰ ਵਿੱਚ ਚੱਲੇ ਕਈ ਦਿਨਾਂ ਦੇ ਸਿਆਸੀ ਜੋੜ-ਤੋੜ ਮਗਰੋਂ ਬੀਤੀ ਸ਼ਾਮ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨੇ ਐਨਸੀਪੀ ਅਤੇ ਕਾਂਗਰਸ ਦੇ ਸਮਰਥਨ ਨਾਲ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕ ਲਈ। ਇਹ ਸਹੁੰ ਚੁੱਕ ਸਮਾਗਮ ਮੁੰਬਈ ਦੇ ਸ਼ਿਵਾਜੀ ਮੈਦਾਨ ਵਿੱਚ ਕੀਤਾ ਗਿਆ ਜਿੱਥੇ 53 ਸਾਲ ਪਹਿਲਾਂ ਊਧਵ ਠਾਕਰੇ ਦੇ ਪਿਤਾ ਬਾਲ ਠਾਕਰੇ ਨੇ ਸ਼ਿਵ ਸੈਨਾ ਪਾਰਟੀ ਬਣਾਉਣ ਦਾ ਐਲਾਨ ਕੀਤਾ ਸੀ। 

ਮਹਾਰਾਸ਼ਟਰ ਦੀ ਰਾਜਨੀਤੀ ਵਿੱਚ ਸਭ ਤੋਂ ਤਾਕਤਵਰ ਮੰਨੇ ਜਾਂਦੇ ਇਸ ਠਾਕਰੇ ਪਰਿਵਾਰ ਵਿੱਚੋਂ ਊਧਵ ਠਾਕਰੇ ਪਹਿਲੇ ਸਖਸ਼ ਹਨ ਜੋ ਮੁੱਖ ਮੰਤਰੀ ਬਣੇ ਹਨ। 59 ਸਾਲਾਂ ਦੇ ਠਾਕਰੇ ਨੂੰ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਸਹੁੰ ਚੁਕਾਈ।

ਇਸ ਮੌਕੇ ਠਾਕਰੇ ਤੋਂ ਇਲਾਵਾ 6 ਹੋਰ ਮੰਤਰੀਆਂ ਵੱਲੋਂ ਸਹੁੰ ਚੁੱਕੀ ਗਈ। ਸ਼ਿਵ ਸੈਨਾ ਦੇ ਇਕਾਂਤ ਸ਼ਿੰਦੇ ਅਤੇ ਸੁਭਾਸ਼ ਦੇਸਾਈ, ਐਨਸੀਪੀ ਦੇ ਜੇਅੰਤ ਪਾਟਿਲ ਅਤੇ ਛੱਗਨ ਭੁਜਬੱਲ ਅਤੇ ਕਾਂਗਰਸ ਦੇ ਬਾਲਾਸਾਹਿਬ ਥੋਰਟ ਅਤੇ ਨਿਤਿਨ ਰਾਊਤ ਨੇ ਸਹੁੰ ਚੁੱਕੀ। 

ਇਸ ਸਹੁੰ ਚੁੱਕ ਸਮਾਗਮ ਵਿੱਚ ਐਨਸੀਪੀ ਪਾਰਟੀ ਤੋਂ ਬਾਗੀ ਹੋ ਕੇ ਭਾਜਪਾ ਨੂੰ ਸਮਰਥਨ ਦਾ ਐਲਾਨ ਕਰਨ ਵਾਲੇ ਅਜੀਤ ਪਵਾਰ ਵੀ ਮੋਜੂਦ ਸਨ। ਉਹਨਾਂ ਦੇ ਸਮਰਥਨ ਦਾਅਵਾ ਕਰ ਰਹੇ ਹਨ ਕਿ ਪਿਛਲੇ ਦਿਨਾਂ ਦੌਰਾਨ ਵਾਪਰੇ ਘਟਨਾਕ੍ਰਮ ਦੇ ਬਾਵਜੂਦ ਅਜੀਤ ਸੂਬੇ ਦੇ ਉੱਪ ਮੁੱਖ ਮੰਤਰੀ ਬਣਨਗੇ। 

ਕੁਰਸੀ ਦੇ ਮੋਹ 'ਚ ਸਿਰੇ ਚੜ੍ਹੇ ਇਸ ਗਠਜੋੜ ਅੰਦਰ ਸ਼ਿਵ ਸੈਨਾ ਆਪਣੀ ਰਵਾਇਤੀ ਹਿੰਦੁਤਵੀ ਵਿਚਾਰਧਾਰਾ ਨੂੰ ਚਿੰਨਤ ਕਰਦਿਆਂ ਹੀ ਕੱਲ੍ਹ ਦੇ ਸਮਾਗਮ 'ਚ ਨਜ਼ਰ ਆਈ। ਊਧਵ ਠਾਕਰੇ ਭਗਵੇਂ ਰੰਗ ਦੇ ਕਪੜਿਆਂ 'ਚ ਸਹੁੰ ਚੁੱਕਣ ਲਈ ਆਏ ਤੇ ਸਟੇਜ 'ਤੇ ਲਾਏ ਗਏ ਸ਼ਿਵਾਜੀ ਦੇ ਬੁੱਤ ਅੱਗੇ ਸਿਰ ਝੁਕਾਇਆ। ਊਧਵ ਨੇ ਮਰਾਠੀ ਭਾਸ਼ਾ ਵਿੱਚ ਅਹੁਦੇ ਦੀ ਸਹੁੰ ਚੁੱਕੀ। 

ਇਸ ਸਮਾਗਮ ਵਿੱਚ ਬਾਲੀਵੁੱਡ ਦੀਆਂ ਕਈ ਅਹਿਮ ਹਸਤੀਆਂ ਵੀ ਮੋਜੂਦ ਸਨ। ਇਸ ਤੋਂ ਇਲਾਵਾ ਮੁਕੇਸ਼ ਅੰਬਾਨੀ, ਉਹਨਾਂ ਦੀ ਪਤਨੀ ਨੀਤਾ ਅੰਬਾਨੀ ਅਤੇ ਪੁੱਤਰ ਅਨੰਤ ਵੀ ਮੋਜੂਦ ਰਹੇ। ਡੀਐਮਕੇ ਆਗੂ ਸਟਾਲਿਨ ਅਤੇ ਟੀਆਰ ਬਾਲੂ ਵੀ ਇਸ ਸਮਾਗਮ ਵਿੱਚ ਪਹੁੰਚੇ। ਸ਼ਿਵ ਸੈਨਾ ਤੋਂ ਵੱਖ ਹੋ ਕੇ ਆਪਣੀ ਨਵੀਂ ਪਾਰਟੀ ਬਣਾਉਣ ਵਾਲੇ ਰਾਜ ਠਾਕਰੇ ਵੀ ਇਸ ਮੌਕੇ ਹਾਜ਼ਰ ਸਨ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।