ਨਹੀਂ ਰੁਕ ਰਿਹਾ ਗੁਰੂ ਸਾਹਿਬਾਨ ਨੂੰ ਫਿਲਮਾਉਣ ਦਾ ਰੁਝਾਨ; ਨਵੀਂ ਫਿਲਮ ਵਿੱਚ ਗੁਰੂ ਸਾਹਿਬਾਨ ਨੂੰ ਬਣਾਇਆ ਕਾਰਟੂਨ

ਨਹੀਂ ਰੁਕ ਰਿਹਾ ਗੁਰੂ ਸਾਹਿਬਾਨ ਨੂੰ ਫਿਲਮਾਉਣ ਦਾ ਰੁਝਾਨ; ਨਵੀਂ ਫਿਲਮ ਵਿੱਚ ਗੁਰੂ ਸਾਹਿਬਾਨ ਨੂੰ ਬਣਾਇਆ ਕਾਰਟੂਨ

ਚੰਡੀਗੜ੍ਹ: ਜਿੱਥੇ ਇੱਕ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵਾਰ-ਵਾਰ ਇਸ ਗੱਲ ਦੀ ਤਸਦੀਕ ਹੋ ਚੁੱਕੀ ਹੈ ਕਿ ਸਿੱਖ ਧਰਮ ਵਿੱਚ ਗੁਰੂ ਸਾਹਿਬਾਨ, ਗੁਰੂ ਪਰਿਵਾਰ ਅਤੇ ਗੁਰੂ ਕਾਲ ਦੀਆਂ ਸਤਿਕਾਰਤ ਸਿੱਖ ਸਖਸ਼ੀਅਤਾਂ ਦਾ ਕਿਸੇ ਵੀ ਰੂਪ ਵਿੱਚ ਚਿਤਰਨ ਨਹੀਂ ਕੀਤਾ ਜਾ ਸਕਦਾ, ਪਰ ਇਸ ਦੇ ਬਾਵਜੂਦ ਅਜੋਕੇ ਪੂੰਜੀਵਾਦੀ ਦੌਰ ਵਿੱਚ ਕੁੱਝ ਲੋਕ ਸਿੱਖ ਭਾਵਨਾਵਾਂ ਨੂੰ ਵਪਾਰਕ ਲਾਹੇ ਲਈ ਵਰਤਦਿਆਂ ਇਹਨਾਂ ਨਿਰਦੇਸ਼ਾਂ ਨੂੰ ਲਗਾਤਾਰ ਚੁਣੌਤੀ ਦੇ ਰਹੇ ਹਨ ਅਤੇ ਵੱਖ-ਵੱਖ ਤਰੀਕਿਆਂ ਨਾਲ ਗੁਰੂ ਸਾਹਿਬਾਨ ਨੂੰ ਫਿਲਮਾ ਰਹੇ ਹਨ। 

ਹੁਣ ਅਜਿਹਾ ਹੀ ਇੱਕ ਗੈਰਸਿਧਾਂਤਿਕ ਯਤਨ ਨਵੀਂ ਆ ਰਹੀ ਫਿਲਮ ਦਾਸਤਾਨ ਏ ਮੀਰੀ ਪੀਰੀ ਰਾਹੀਂ ਕੀਤਾ ਗਿਆ ਹੈ। ਇਹ ਇੱਕ ਐਨੀਮੇਟਿਡ ਫਿਲਮ ਹੈ ਜਿਸ ਵਿਚ ਇੱਕ ਨਹੀਂ ਬਲਕਿ ਦੋ ਗੁਰੂ ਸਾਹਿਬਾਨ ਨੂੰ ਫਿਲਮਾਇਆ ਗਿਆ ਹੈ। ਇਸ ਫਿਲਮ ਵਿੱਚ ਗੁਰੂ ਅਰਜਨ ਪਾਤਸ਼ਾਹ ਅਤੇ ਗੁਰੂ ਹਰਗੋਬਿੰਦ ਪਾਤਸ਼ਾਹ ਤੋਂ ਇਲਾਵਾ ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ, ਬਾਬਾ ਬਿਧੀ ਚੰਦ ਜੀ ਅਤੇ ਗੁਰੂ ਪਰਿਵਾਰ ਦੇ ਹੋਰ ਜੀਆਂ ਨੂੰ ਵੀ ਫਿਲਮਾਇਆ ਗਿਆ ਹੈ। 

ਇਹ ਫਿਲਮ 5 ਜੂਨ ਨੂੰ ਰਿਲੀਜ਼ ਕੀਤੀ ਜਾ ਰਹੀ ਹੈ। ਇਸ ਫਿਲਮ ਨੂੰ ਵਾਈਟ ਹਿੱਲ ਮਿਊਜ਼ਿਕ ਦੇ ਬੈਨਰ ਹੇਠ ਬਣਾਇਆ ਜਾ ਰਿਹਾ ਹੈ ਜਿਸ ਦਾ ਨਿਰਦੇਸ਼ਨ ਵਿਨੋਦ ਲੰਜੇਵਾਰ ਨੇ ਕੀਤਾ ਹੈ। ਇਸ ਫਿਲਮ ਦੇ ਨਿਰਮਾਤਾ ਮੇਜਰ ਸਿੰਘ ਸੰਧੂ, ਦਿਲਰਾਜ ਸਿੰਘ ਗਿੱਲ ਅਤੇ ਨਵਦੀਪ ਕੌਰ ਹਨ। 

ਜ਼ਿਕਰਯੋਗ ਹੈ ਕਿ ਸਿੱਖੀ ਵਿੱਚ ਬੁੱਤ ਪ੍ਰਸਤੀ ਤੋਂ ਸਖਤ ਮਨਾਹੀ ਹੈ ਪਰ ਬੁੱਤ ਪ੍ਰਸਤੀ ਦੇ ਰੂਪ ਵਿੱਚ ਸਭ ਤੋਂ ਪਹਿਲਾਂ ਗੁਰੂ ਸਾਹਿਬ ਦੀਆਂ ਤਸਵੀਰਾਂ ਸਿੱਖ ਜਗਤ ਵਿੱਚ ਵਾੜੀਆਂ ਗਈ ਤੇ ਇਸ ਦਾ ਅਗਲਾ ਰੂਪ ਐਨੀਮੇਟਿਡ ਫਿਲਮਾਂ ਵਿੱਚ ਦੇਖਣ ਨੂੰ ਮਿਲਿਆ। ਇਹ ਰੁਝਾਨ ਉਸ ਸਮੇਂ ਸਾਰੀਆਂ ਹੱਦਾਂ ਟੱਪ ਗਿਆ ਜਦੋਂ ਹਰਿੰਦਰ ਸਿੱਕਾ ਨਾਮੀਂ ਸਖਸ਼ ਨੇ ਗੁਰੂ ਨਾਨਕ ਸਾਹਿਬ ਦਾ ਕਿਰਦਾਰ ਇੱਕ ਇਕਸਾਨ ਤੋਂ ਕਰਾਉਣ ਦੀ ਕੋਸ਼ਿਸ਼ ਕੀਤੀ। ਭਾਵੇਂ ਕਿ ਹਰਿੰਦਰ ਸਿੱਕਾ ਦੇ ਇਸ ਕਦਮ ਦਾ ਸਿੱਖ ਜਗਤ ਵਿੱਚ ਭਾਰੀ ਵਿਰੋਧ ਹੋਇਆ ਅਤੇ ਇਹ ਫਿਲਮ ਵਾਪਿਸ ਲੈਣੀ ਪਈ ਪਰ ਤਸਵੀਰਾਂ ਤੋਂ ਸ਼ੁਰੂ ਹੋਇਆ ਸਿੱਖ ਸਿਧਾਂਤ ਦਾ ਇਹ ਦੌਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਇਹ ਨਵੀਂ ਫਿਲਮ ਇਸੇ ਦੌਰ ਦਾ ਹਿੱਸਾ ਹੈ। 

ਕੁਝ ਦਿਨ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਇੱਥੇ ਧਿਆਨ ਮੰਗਦਾ ਹੈ ਜਿਸ ਵਿਚ ਉਹਨਾਂ ਕਿਹਾ ਸੀ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਗਹਿਰੀ ਸਾਜਿਸ਼ ਅਧੀਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਮੂਰਤੀਆਂ ਬਣਾਈਆ ਜਾ ਰਹੀਆ ਹਨ ਜੋ ਕਿ ਬਿਲਕੁਲ ਸਿੱਖ ਮਰਿਯਾਦਾ ਦੀ ਉਲੰਘਨਾ ਹੈ। ਗੁਰੂ ਸਾਹਿਬ ਜੀ ਦੀਆਂ ਚੀਨੀ ਮਿੱਟੀ, ਧਾਂਤ ਆਦਿ ਦੀਆਂ ਮੂਰਤੀਆਂ ਘਰਾਂ ਵਿਚ ਰੱਖਣੀਆਂ ਬਿਲਕੁਲ ਮਨਮੱਤ ਹੈ।

ਇਸ ਬਿਆਨ ਦਾ ਅਧਾਰ ਇਹ ਹੀ ਹੈ ਕਿ ਗੁਰੂ ਸਾਹਿਬਾਨ ਨੂੰ ਕੋਈ ਵੀ ਸਖਸ਼ ਕਿਸੇ ਵੀ ਰੂਪ ਵਿਚ ਚਿਤਰ ਨਹੀਂ ਸਕਦਾ। ਜੇ ਕੋਈ ਅਜਿਹਾ ਕਰਦਾ ਹੈ ਤਾਂ ਉਹ ਸਿੱਖ ਸਿਧਾਂਤਾਂ ਦੇ ਖਿਲਾਫ ਹੈ। ਹੁਣ ਇਸ ਨਵੀਂ ਆ ਰਹੀ ਚੁਣੌਤੀ ਨੂੰ ਸਿੱਖ ਸਮਾਜ ਕਿਵੇਂ ਲੈਂਦਾ ਹੈ ਇਹ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ। 

ਵਿਦਿਆਰਥੀ ਜਥੇਬੰਦੀ "ਸੱਥ" ਵੱਲੋਂ ਇਸ ਫਿਲਮ ਦਾ ਵਿਰੋਧ ਕਰਦਿਆਂ  ਖਾਲਸਾ ਪੰਥ ਦੇ ਹਰ ਚੇਤੰਨ ਹਿੱਸੇ ਨੂੰ ਬੇਨਤੀ ਕੀਤੀ ਗਈ ਹੈ ਕਿ ਸ਼ਬਦ ਗੁਰੂ ਨਾਲੋਂ ਤੋੜ ਕੇ ਸਿੱਖਾਂ ਨੂੰ ਬੁੱਤ ਪ੍ਰਸਤੀ ਵੱਲ ਤੋਰਨ ਦੇ ਇਸ ਯਤਨ ਦਾ ਡਟ ਕੇ ਵਿਰੋਧ ਕੀਤਾ ਜਾਵੇ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ