ਡਾਕਟਰ ਅੰਬੇਡਕਰ ਦੇ ਜਨਮ ਦਿਨ ਉਪਰ ਵਿਸ਼ੇਸ਼

ਡਾਕਟਰ ਅੰਬੇਡਕਰ ਦੇ ਜਨਮ ਦਿਨ ਉਪਰ ਵਿਸ਼ੇਸ਼

ਡਾਕਟਰ ਅੰਬੇਦਕਰ ਗਾਂਧੀ ਦੇ ਵਿਰੋਧੀ ਕਿਉਂ ਸਨ ?

ਗਾਂਧੀ ਦੀਆਂ ਯਾਦਾਂ ਇਸ ਦੇਸ਼ ਦੇ ਲੋਕਾਂ ਦੇ ਜ਼ਿਹਨ ਤੋਂ ਜਾ ਚੁੱਕੀਆਂ ਹਨ।"

ਵਰਣ ਵੰਡ ਵਿਵਸਥਾ ਤਹਿਤ ਦਲਿਤ ਸਦੀਆਂ ਤੱਕ ਗੁਲਾਮੀ ਤੇ ਮੰਦਹਾਲੀ ਦਾ ਸ਼ਿਕਾਰ ਰਹੇ। ਸਮਾਜ ਦੇ ਇਸ ਉਲਝੇ ਵਾਤਾਵਰਨ ਵਿਚ ਮਹਾਰ ਜਾਤੀ ਵਿਚ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ 14 ਅਪਰੈਲ 1891 ਨੂੰ ਪਿਤਾ ਰਾਮ ਜੀ ਅਤੇ ਮਾਤਾ ਭੀਮਾ ਬਾਈ ਦੇ ਘਰ ਹੋਇਆ। ਰਾਮ ਜੀ ਈਸਟ ਇੰਡੀਆ ਕੰਪਨੀ ਵਿਚ ਫੌਜੀ ਹੋਣ ਕਾਰਨ ਭੀਮ ਰਾਓ ਪੜ੍ਹਾਈ ਕਰਨ ਦੇ ਯੋਗ ਹੋਏ। ਉਨ੍ਹਾਂ ਕੈਂਪ ਦੇ ਸਤਾਰਾ ਸਕੂਲ ਤੋਂ ਪ੍ਰਾਇਮਰੀ ਸਿੱਖਿਆ ਸ਼ੁਰੂ ਕੀਤੀ ਪਰ ਥੋੜ੍ਹੇ ਹੀ ਸਮੇਂ ਬਾਅਦ ਉਨ੍ਹਾਂ ਦੀ ਮਾਤਾ ਦਾ ਦੇਹਾਂਤ ਹੋ ਗਿਆ। ਇਸੇ ਦੌਰਾਨ ਉਹ ਸਿਲੇਬਸ ਤੋਂ ਇਲਾਵਾ ਹੋਰ ਕਿਤਾਬਾਂ ਦਾ ਅਧਿਐਨ ਵੀ ਕਰਨ ਲੱਗ ਪਏ। ਉੱਧਰ, ਉਨਾਂ ਦੀ ਪੜ੍ਹਾਈ ਦੇ ਨਾਲ ਨਾਲ ਛੂਆ-ਛਾਤ ਵੀ ਚਲਦੀ ਰਹੀ ਪਰ ਇਹ ਨਾਕਾਰਾਤਮਕ ਹਾਲਾਤ ਉਨ੍ਹਾਂ ਦੀ ਵਿਦਿਆ ਪ੍ਰਾਪਤੀ ਦੀ ਲਗਨ ਵਿਚ ਰੁਕਾਵਟ ਨਾ ਬਣ ਸਕੇ। 17 ਸਾਲ ਦੀ ਉਮਰ ਵਿਚ ਭੀਮ ਰਾਓ ਦਾ ਵਿਆਹ ਰਾਮਾਬਾਈ ਨਾਲ ਹੋਇਆ। 1912 ਵਿਚ ਬੜੋਦਾ ਰਿਆਸਤ ਦੇ ਮਹਾਰਾਜਾ ਸ੍ਰੀ ਸਿਆਜੀ ਰਾਓ ਗਾਇਕਵਾੜ ਦੁਆਰਾ 25 ਰੁਪਏ ਪ੍ਰਤੀ ਮਹੀਨਾ ਵਜ਼ੀਫੇ ਨਾਲ ਉਹ ਬੀਏ ਪਾਸ ਕਰ ਗਏ ਅਤੇ ਜਨਵਰੀ 1913 ਵਿਚ ਬੜੋਦਾ ਵਿਚ ਸਟੇਟ ਫੋਰਸ ਵਿਚ ਲੈਫਟੀਨੈਂਟ ਭਰਤੀ ਹੋ ਗਏ। ਇਹ ਅਹੁਦਾ ਉਨ੍ਹਾਂ ਨੂੰ ਇੱਕ ਮਹੀਨੇ ਬਾਅਦ ਹੀ ਪਿਤਾ ਜੀ ਦੀ ਸਿਹਤ ਖਰਾਬ ਹੋਣ ਕਾਰਨ ਤਿਆਗਣਾ ਪਿਆ। ਘਰ ਆਉਣ ਤੇ ਉਨ੍ਹਾਂ ਦੇ ਪਿਤਾ ਜੀ ਦਾ ਦੇਹਾਂਤ ਹੋ ਗਿਆ। ਜੁਲਾਈ 1913 ਵਿਚ ਉਹ ਸ੍ਰੀ ਸਿਆਜੀ ਗਾਇਕਵਾੜ ਨਾਲ ਬੜੋਦਾ ਰਿਆਸਤ ਦੀ ਦਸ ਸਾਲ ਸੇਵਾ ਕਰਨ ਦਾ ਇਕਰਾਰਨਾਮਾ ਕਰਕੇ ਉਨ੍ਹਾਂ ਦੀ ਸਹਾਇਤਾ ਨਾਲ ਨਿਊ ਯਾਰਕ ਦੀ ਕੋਲੰਬੀਆ ਯੂਨੀਵਰਸਿਟੀ ਵਿਚ ਉਚੇਰੀ ਵਿੱਦਿਆ ਪ੍ਰਾਪਤ ਕਰਨ ਲਈ ਚਲੇ ਗਏ। ਇੱਥੇ ਸਖਤ ਮਿਹਨਤ ਕਰਦਿਆਂ 1915 ਵਿਚ ਉਨ੍ਹਾਂ ਪ੍ਰਾਚੀਨ ਭਾਰਤੀ ਵਪਾਰਨਾਮੀ ਪੁਸਤਕ ਲਿਖ ਕੇ ਐੱਮਏ ਕੀਤੀ। ਜੂਨ 1916 ਵਿਚ ਉਨ੍ਹਾਂ ਖੋਜ ਗ੍ਰੰਥ ਭਾਰਤ ਦਾ ਕੌਮੀ ਲਾਭ ਅੰਸ਼ਲਿਖ ਕੇ ਡਾਕਟਰ ਆਫ ਫਿਲਾਸਫੀ ਦੀ ਡਿਗਰੀ ਪ੍ਰਾਪਤ ਕੀਤੀ ਅਤੇ ਡਾਕਟਰ ਅੰਬੇਡਕਰ ਬਣ ਗਏ। ਸਤੰਬਰ 1917 ਵਿਚ ਡਾਕਟਰ ਅੰਬੇਡਕਰ ਆਪਣੇ ਵਾਅਦੇ ਮੁਤਾਬਕ ਬੜੋਦਾ ਰਿਆਸਤ ਦੀ ਸੇਵਾ ਲਈ ਪਹੁੰਚ ਗਏ। ਉਨ੍ਹਾਂ ਨੂੰ ਫੌਜੀ ਸਕੱਤਰ ਨਿਯੁਕਤ ਕੀਤਾ ਗਿਆ ਪਰ ਜਾਤੀ ਕਾਰਨ ਇਹ ਨੌਕਰੀ ਛੱਡਣੀ ਪਈ। 1920 ਵਿਚ ਡਾਕਟਰ ਅੰਬੇਡਕਰ ਆਪਣੇ ਕੁਝ ਜੋੜੇ ਹੋਏ ਰੁਪਏ, ਕੁਝ ਮਹਾਰਾਜਾ ਕੋਹਲਾਪੁਰ ਤੋਂ ਸਹਾਇਤਾ ਲੈ ਕੇ ਅਤੇ ਕੁੱਝ ਦੋਸਤਾਂ ਤੋਂ ਉਧਾਰ ਲੈ ਕੇ ਕਾਨੂੰਨ ਤੇ ਅਰਥ ਸ਼ਾਸਤਰ ਦੀ ਪੜ੍ਹਾਈ ਲਈ ਲੰਡਨ ਚਲੇ ਗਏ। ਅਥਾਹ ਮਿਹਨਤ ਤੋਂ ਬਾਅਦ ਉਨ੍ਹਾਂ ਖੋਜ ਗ੍ਰੰਥ ਬਰਤਾਨਵੀ ਭਾਰਤ ਵਿਚ ਸਾਮਰਾਜੀ ਵਿੱਤ ਦਾ ਪ੍ਰਦੇਸ਼ਕ ਵਿਕੇਂਦਰੀਕਰਨਪੂਰਾ ਕਰਕੇ ਡਾਕਟਰ ਆਫ ਸਾਇੰਸ ਦੀ ਡਿਗਰੀ ਲਈ। ਅਕਤੂਬਰ 1922 ਵਿਚ ਉਨ੍ਹਾਂ ਆਪਣਾ ਦੂਜਾ ਖੋਜ ਗ੍ਰੰਥ ਰੁਪਏ ਦਾ ਮਸਲਾਲਿਖ ਕੇ ਡਾਕਟਰ ਆਫ ਫਿਲਾਸਫੀ ਦੀ ਡਿਗਰੀ ਪ੍ਰਾਪਤ ਕੀਤੀ। ਬੰਬਈ ਪਰਤਣ ਤੇ 1923 ਵਿਚ ਉਨ੍ਹਾਂ ਬਤੌਰ ਵਕੀਲ ਆਪਣਾ ਕਰੀਅਰ ਸ਼ੁਰੂ ਕੀਤਾ। ਜਾਤ ਪਾਤ ਦਾ ਕੋਹੜ ਇੱਥੇ ਵੀ ਉਨ੍ਹਾਂ ਨੂੰ ਪ੍ਰੇਸ਼ਾਨ ਕਰਦਾ ਰਿਹਾ। ਉਨ੍ਹਾਂ 1924 ਵਿਚ ਬਹਿਸ਼ਕ੍ਰਿਤ ਹਿਤਕਾਰਨੀ ਸਭਾ ਰਾਹੀਂ ਸਮਾਜ ਸੁਧਾਰਕ ਵਜੋਂ ਸ਼ੋਸ਼ਿਤ ਲੋਕਾਂ ਦੀ ਅਣਖ ਨੂੰ ਵੰਗਾਰਿਆ। ਉਨ੍ਹਾਂ ਅਸਮਾਨਤਾ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਕਰੋ ਜਾਂ ਮਰੋ ਦਾ ਹੋਕਾ ਦਿੱਤਾ। ਉਹ ਆਪ ਇਨ੍ਹਾਂ ਹਾਲਾਤ ਵਿਚੋਂ ਗੁਜ਼ਰੇ ਹੋਣ ਕਾਰਨ ਉਨ੍ਹਾਂ ਦੇ ਬੋਲਾਂ ਵਿਚ ਦਰਦ ਅਤੇ ਤੜਫ ਸੀ। ਛੇਤੀ ਹੀ ਉਨ੍ਹਾਂ ਦਾ ਮਿਸ਼ਨ, ਮੰਜ਼ਲ ਵੱਲ ਵਧਣ ਲੱਗਾ। ਮਹਾਡ ਵਿਚ ਲੋਕਾਂ ਦੇ ਵੱਡੇ ਇਕੱਠ ਨੂੰ ਲਲਕਾਰਦਿਆਂ ਉਨ੍ਹਾਂ ਸਿੱਖਿਆ ਪ੍ਰਾਪਤੀ ਤੇ ਜ਼ੋਰ ਦੇਣ, ਆਪਣੇ ਰਹਿਣ ਸਹਿਣ ਦਾ ਢੰਗ ਤਰੀਕਾ ਸੁਧਾਰਨ, ਮਰੇ ਹੋਏ ਜਾਨਵਰਾਂ ਦਾ ਮਾਸ ਨਾ ਖਾਣ ਅਤੇ ਸਵੈ-ਮਾਣ ਦਾ ਜਜ਼ਬਾ ਪੈਦਾ ਕਰਨਾ ਬਾਰੇ ਕਿਹਾ। ਸਿੱਟੇ ਵਜੋਂ 19 ਮਾਰਚ 1927, ਭਾਵ ਉਸੇ ਸ਼ਾਮ ਲੋਕਾਂ ਦੇ ਭਾਰੀ ਹਜੂਮ ਨੇ ਡਾਕਟਰ ਅੰਬੇਡਕਰ ਦੀ ਅਗਵਾਈ ਹੇਠ ਚੋਦਾਰ ਤਲਾਬ ਦਾ ਪਾਣੀ ਪੀਤਾ ਜਿਸ ਤਲਾਬ ਦਾ ਪਾਣੀ ਪੀਣ ਦੀ ਇਨ੍ਹਾਂ ਲੋਕਾਂ ਨੂੰ ਸਦੀਆਂ ਤੋਂ ਪਾਬੰਦੀ ਲੱਗੀ ਹੋਈ ਸੀ। ਇਹ ਉਨ੍ਹਾਂ ਦਾ ਕ੍ਰਾਂਤੀਕਾਰੀ ਕਦਮ ਸੀ। ਪਹਿਲੀ ਗੋਲਮੇਜ਼ ਕਾਨਫਰੰਸ ਵਿਚ ਡਾਕਟਰ ਅੰਬੇਡਕਰ ਨੇ ਬਰਤਾਨੀਆ ਪ੍ਰਸ਼ਾਸਨ ਨੂੰ ਭਾਰਤ ਦੇ ਅਸਮਾਨਤਾ ਭਰੇ ਸਮਾਜ ਬਾਰੇ ਕੁੱਝ ਨਾ ਕਰਨ ਕਰਕੇ ਭੰਡਿਆ। ਉਨ੍ਹਾਂ ਦਾ ਅੰਦੋਲਨ ਸਮਾਜਿਕ ਸਮਾਨਤਾ ਅਤੇ ਰਾਜਨੀਤਿਕ ਆਜ਼ਾਦੀ ਨਾਲ ਸਬੰਧਤ ਸੀ। ਉਨ੍ਹਾਂ ਲੰਡਨ ਵਿਚ ਅਖਬਾਰਾਂ ਰਾਹੀਂ ਅਤੇ ਸਭਾਵਾਂ ਕਰਕੇ ਅੰਗਰੇਜ਼ਾਂ ਨੂੰ ਭਾਰਤ ਦੇ ਦਲਿਤਾਂ ਦੀ ਦੁਰਦਸ਼ਾ ਤੋਂ ਜਾਣੂ ਕਰਾਇਆ। ਨਤੀਜੇ ਵਜੋਂ ਪੂਰੇ ਸੰਸਾਰ ਨੂੰ ਭਾਰਤੀ ਦਲਿਤਾਂ ਦੀ ਮਾੜੀ ਦਸ਼ਾ ਦਾ ਪਤਾ ਲੱਗਿਆ। ਬਰਤਾਨਵੀਂ ਪਾਰਲੀਮੈਂਟ ਦੇ ਮੈਂਬਰਾਂ ਦਾ ਪ੍ਰਤੀਨਿਧ, ਲਾਰਡ ਸੰਕੀ ਨੂੰ ਮਿਲਿਆ ਤੇ ਉਨ੍ਹਾਂ ਭਾਰਤੀ ਦਲਿਤਾਂ ਨੂੰ ਵੋਟ ਦਾ ਅਧਿਕਾਰ ਦੇਣ ਅਤੇ ਇਨ੍ਹਾਂ ਦਾ ਸਮਾਜਿਕ ਤੇ ਆਰਥਿਕ ਪੱਧਰ ਚੁੱਕਣ ਲਈ ਕਿਹਾ। ਸਿੱਟੇ ਵਜੋਂ ਭਾਰਤ ਵਿਚ ਪੁਲੀਸ ਵਿਭਾਗ ਵਿਚ ਦਲਿਤ ਵਰਗ ਲਈ ਭਰਤੀ ਖੋਲ੍ਹ ਦਿੱਤੀ ਗਈ। ਗੋਲਮੇਜ਼ ਕਾਨਫਰੰਸ ਦਾ ਦੂਜਾ ਸੰਮੇਲਨ 7 ਸਤੰਬਰ 1931 ਨੂੰ ਸ਼ੁਰੂ ਹੋਇਆ। ਮਹਾਤਮਾ ਗਾਂਧੀ ਨੇ ਪਹਿਲੇ ਹੀ ਭਾਸ਼ਣ ਵਿਚ ਮੁਸਲਮਾਨਾਂ ਅਤੇ ਸਿੱਖਾਂ ਤੋਂ ਇਲਾਵਾ ਕਿਸੇ ਹੋਰ ਨੂੰ ਵਿਸ਼ੇਸ਼ ਅਧਿਕਾਰ ਦੇਣ ਦਾ ਵਿਰੋਧ ਕੀਤਾ ਜਦਕਿ ਡਾਕਟਰ ਅੰਬੇਡਕਰ ਦਲਿਤ ਵਰਗਾਂ, ਭਾਰਤੀ ਇਸਾਈਆਂ ਅਤੇ ਐਂਗਲੋ ਇੰਡੀਅਨ ਲੋਕਾਂ ਨੂੰ ਵਿਸ਼ੇਸ਼ ਅਧਿਕਾਰ ਦੇਣ ਦੀ ਮੰਗ ਕਰ ਰਹੇ ਸਨ। ਭਾਰਤੀ ਸ਼ੋਸ਼ਿਤ ਲੋਕਾਂ ਨੂੰ ਗਾਂਧੀ ਜੀ ਦੇ ਵਿਰੋਧ ਬਾਰੇ ਪਤਾ ਲੱਗਣ ਤੇ ਉਨ੍ਹਾਂ ਵਿਰੋਧ ਪ੍ਰਗਟਾਉਣ ਦਾ ਪ੍ਰੋਗਰਾਮ ਉਲੀਕਿਆ। ਉਧਰ ਲੰਡਨ ਵਿਚ ਡਾਕਟਰ ਅੰਬੇਡਕਰ ਦੀਆਂ ਪ੍ਰਭਾਵਸ਼ਾਲੀ, ਸੱਚੀਆਂ ਤੇ ਖਰੀਆਂ ਤਕਰੀਰਾਂ ਤਹਿਤ ਪ੍ਰਧਾਨ ਮੰਤਰੀ ਰੈਮਜੇ ਮੈਕਡਾਨਲਡ ਵੱਲੋਂ ਦਲਿਤਾਂ ਲਈ ਕੁਝ ਚੋਣ ਹਲਕੇ ਸੁਰੱਖਿਆ ਕੀਤੇ ਗਏ ਅਤੇ ਇਨ੍ਹਾਂ ਨੂੰ ਦੋਹਰੀ ਵੋਟ ਦਾ ਅਧਿਕਾਰ ਦੇ ਦਿੱਤਾ ਗਿਆ। ਇਹ ਦਲਿਤ ਉਮੀਦਵਾਰ ਤੋਂ ਇਲਾਵਾ ਹਿੰਦੂ ਉਮੀਦਵਾਰ ਦੀ ਚੋਣ ਵਿਚ ਵੀ ਹਿੱਸਾ ਲੈ ਸਕਦੇ ਸਨ। ਡਾਕਟਰ ਅੰਬੇਡਕਰ ਦੀ ਇਹ ਸਿਰੇ ਦੀ ਦੂਰਅੰਦੇਸ਼ੀ ਸੀ ਕਿ ਇਹ ਦੋਹਰੀ ਵੋਟ ਪ੍ਰਣਾਲੀ ਦਲਿਤਾਂ ਦੇ ਦੁੱਖ ਕੱਟਣ ਵਿਚ ਸਹਾਈ ਹੋਏਗੀ। ਮਹਾਤਮਾ ਗਾਂਧੀ ਨੇ ਇਸ ਖ਼ਿਲਾਫ਼ 18 ਅਗਸਤ 1932 ਨੂੰ ਪ੍ਰਧਾਨ ਮੰਤਰੀ ਮੈਕਡਾਨਲਡ ਨੂੰ ਪੱਤਰ ਲਿਖਿਆ ਕਿ ਇਸ ਪੱਤਰ ਨੂੰ ਵਾਪਸ ਲਿਆ ਜਾਵੇ ਨਹੀਂ ਤਾਂ ਉਹ ਮਰਨ ਵਰਤ ਆਰੰਭ ਕਰਨਗੇ। ਉੱਤਰ ਵਿਚਪ੍ਰਧਾਨ ਮੰਤਰੀ ਨੇ ਲਿਖਿਆ ਕਿ ਦਲਿਤਾਂ ਦੀ ਸਮਾਜਿਕ, ਆਰਥਿਕ ਤੇ ਰਾਜਨੀਤਿਕ ਖੇਤਰਾਂ ਵਿਚ ਨਿੱਘਰੀ ਅਵਸਥਾ ਨੂੰ ਸੁਧਾਰਨ ਲਈ ਇਸ ਸਮੇਂ ਇਨ੍ਹਾਂ ਨੂੰ ਵਿਸੇਸ਼ ਅਧਿਕਾਰ ਦੇਣੇ ਬਣਦੇ ਹਨ; ਇਹ ਵਿਸੇਸ਼ ਅਧਿਕਾਰ ਅਸੀਂ ਵੀਹ ਸਾਲਾਂ ਲਈ ਦੇ ਰਹੇ ਹਾਂ ਪਰ ਗਾਂਧੀ ਜੀ ਨੇ ਮਰਨ ਵਰਤ ਸ਼ੁਰੂ ਕਰ ਦਿੱਤਾ। ਮਹਾਤਮਾ ਗਾਂਧੀ ਨੇ ਅੰਬੇਡਕਰ ਨੂੰ ਕਿਹਾ- ਮੇਰੀ ਜਾਨ ਤੁਹਾਡੇ ਹੱਥ ਵਿਚ ਹੈ। ਫਿਰ ਇਹ ਖਬਰ ਫੈਲ ਗਈ ਕਿ ਗਾਂਧੀ ਜੀ ਦੀ ਹਾਲਤ ਕਾਫੀ ਖਰਾਬ ਹੋ ਗਈ ਹੈ। ਗਾਂਧੀਵਾਦੀ ਡਾਕਟਰ ਅੰਬੇਡਕਰ ਨੂੰ ਧਮਕੀਆਂ ਦੇ ਰਹੇ ਸਨ ਕਿ ਜੇ ਮਹਾਤਮਾ ਗਾਂਧੀ ਨੂੰ ਕੁੱਝ ਹੋ ਗਿਆ ਤਾਂ ਉਹ ਦਲਿਤਾਂ ਦੇ ਖੂਨ ਦੀ ਹੋਲੀ ਖੇਡਣਗੇ। ਦੂਜੇ, ਉਹ ਬਰਤਾਨਵੀ ਸਰਕਾਰ ਅੱਗੇ ਇਹ ਐਲਾਨ ਕਰਕੇ ਪ੍ਰਭਾਵ ਪਾ ਰਹੇ ਸਨ ਕਿ ਦਲਿਤਾਂ ਲਈ ਧਰਮਸ਼ਾਲਾਵਾਂ ਤੇ ਮੰਦਰਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਜਾਣਗੇ। ਇਥੇ ਡਾਕਟਰ ਅੰਬੇਡਕਰ ਦੁਚਿਤੀ ਵਿਚ ਸਨ। ਉਨ੍ਹਾਂ ਅਨੁਸਾਰ, ਇਹ ਸੁਨਹਿਰੀ ਮੌਕਾ ਉਨ੍ਹਾਂ ਦੇ ਸਮਾਜ ਲਈ ਬੜਾ ਔਖਾ ਆਇਆ ਹੈ; ਦੂਜੇ ਪਾਸੇ ਉਹ ਇਨਸਾਨੀਅਤ ਵਜੋਂ ਮਹਾਤਮਾ ਗਾਂਧੀ ਦੇ ਜੀਵਨ ਬਾਰੇ ਵੀ ਚਿੰਤਤ ਸਨ। ਉਨ੍ਹਾਂ ਨੂੰ ਆਪਣੇ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਦੀ ਵੀ ਚਿੰਤਾ ਸੀ। ਅਖੀਰ 27 ਸਤੰਬਰ 1932 ਨੂੰ ਉਨ੍ਹਾਂ ਪੂਨਾ ਵਿਚ ਮਹਾਤਮਾ ਗਾਂਧੀ ਦਾ ਮਰਨ ਵਰਤ ਤੁੜਵਾਉਂਦਿਆਂ ਆਪਣੀ ਕਲਮ ਤੋੜ ਕੇ ਇਹ ਸ਼ਬਦ ਕਹੇ ਸਨ- ਮੇਰਾ ਸਮਾਜ ਹੁਣ 100 ਸਾਲ ਪਿੱਛੇ ਚਲਾ ਗਿਆ ਹੈ। ਫਿਰ ਵੀ ਇਸ ਪੂਨਾ ਪੈਕਟ ਵਿਚੋਂ ਡਾਕਟਰ ਅੰਬੇਡਕਰ ਨੇ ਕਾਫੀ ਕੁਝ ਖੱਟਿਆ। ਹੁਣ ਦਲਿਤ ਕੇਂਦਰੀ ਅਤੇ ਪ੍ਰਦੇਸ਼ਿਕ ਵਿਧਾਨ ਸਭਾਵਾਂ ਵਿਚ ਆਪਣੇ ਪ੍ਰਤੀਨਿਧੀ ਭੇਜ ਸਕਦੇ ਸਨ। ਸਰਕਾਰੀ ਨੌਕਰੀਆਂ ਅਤੇ ਵਿਦਿਅਕ ਸੰਸਥਾਵਾਂ ਵਿਚ ਰਾਖਵਾਂਕਰਨ ਲਾਗੂ ਹੋਣਾ ਪੂਨਾ ਪੈਕਟ ਤਹਿਤ ਹੀ ਹੈ। ਗੌਰਮਿੰਟ ਆਫ ਇੰਡੀਆ ਐਕਟ-1935 ਅਧੀਨ 1937 ਵਿਚ ਸੂਬਾਈ ਸਰਕਾਰਾਂ ਨੂੰ ਅੰਤਿਮ ਸ਼ਾਸਨ ਦਾ ਅਧਿਕਾਰ ਦਿੱਤਾ ਜਾਣਾ ਸੀ। ਹਰ ਪਾਰਟੀ ਚੋਣ ਲੜਨ ਦੀ ਤਿਆਰੀ ਕਰ ਰਹੀ ਸੀ। ਡਾਕਟਰ ਅੰਬੇਡਕਰ ਨੇ ਵੀ ਸਾਥੀਆਂ ਦੀ ਸਲਾਹ ਨਾਲ ਆਜ਼ਾਦ ਮਜ਼ਦੂਰ ਪਾਰਟੀ ਬਣਾਈ। ਕੁਲ 75 ਸੀਟਾਂ ਵਿਚੋਂ 15 ਸੀਟਾਂ ਰਾਖਵੀਆਂ ਸਨ। ਉਨ੍ਹਾਂ ਬੰਬਈ ਦੇ ਅਲੱਗ ਅਲੱਗ ਜ਼ਿਲ੍ਹਿਆਂ ਵਿਚ 17 ਉਮੀਦਵਾਰ ਖੜ੍ਹੇ ਕੀਤੇ ਜਿਨ੍ਹਾਂ ਵਿਚੋਂ 15 ਨੇ ਜਿੱਤਾਂ ਪ੍ਰਾਪਤ ਕੀਤੀਆਂ। ਡਾਕਟਰ ਅੰਬੇਡਕਰ ਦੀ ਉੱਚ ਯੋਗਤਾ ਦਾ ਹੀ ਕਮਾਲ ਸੀ ਕਿ ਉਨ੍ਹਾਂ ਨੂੰ 2 ਜੁਲਾਈ 1942 ਨੂੰ ਵਾਇਸਰਾਏ ਹਿੰਦ ਦੀ ਕਾਰਜ ਸਾਧਕ ਕੌਂਸਲ ਦਾ ਮੈਂਬਰ ਨਿਯੁਕਤ ਕੀਤਾ ਗਿਆ। ਸੁਰੱਖਿਆ ਕੌਂਸਲ ਦੀ ਮੀਟਿੰਗ ਵਿਚ ਭਾਗ ਲੈਣ ਤੋਂ ਬਾਅਦ ਉਨ੍ਹਾਂ 11 ਜੁਲਾਈ ਨੂੰ ਬੰਬਈ ਵਿਚ ਭਾਰੀ ਇਕੱਠ ਦੌਰਾਨ ਕਿਹਾ- ਸਾਡੀ ਲੜਾਈ ਨਾ ਧਨ ਦੌਲਤ ਵਾਸਤੇ ਹੈ ਅਤੇ ਨਾ ਹੀ ਤਾਕਤ ਪ੍ਰਾਪਤ ਕਰਨ ਲਈ ਸਗੋਂ ਆਜ਼ਾਦੀ ਵਾਸਤੇ ਹੈ। ਯਿਊਲਾ ਕਾਨਫਰੰਸ ਵਿਚ ਡਾਕਟਰ ਅੰਬੇਡਕਰ ਨੇ ਕਿਹਾ- ਮੈਂ ਉਸ ਧਰਮ ਵਿਚ ਨਹੀਂ ਰਹਿਣਾ ਚਾਹੁੰਦਾ ਜੋ ਮਨੁੱਖੀ ਵਿਤਕਰਿਆ ਤੇ ਆਧਾਰਿਤ ਹੋਵੇ। ਜੋ ਧਰਮ ਤੁਹਾਨੂੰ ਪਾਣੀ ਪੀਣ ਤੋਂ ਰੋਕਦਾ ਹੋਵੇ, ਧਾਰਮਿਕ ਸਥਾਨਾਂ ਵਿਚ ਦਾਖਲ ਹੋਣ ਤੋਂ ਰੋਕਦਾ ਹੋਵੇ। ਫਿਰ ਤੁਹਾਡੀ ਅਣਖ ਕਿੱਥੇ ਹੈ? ਇਸ ਕਾਨਫਰੰਸ ਤੋਂ ਬਾਅਦ ਬੰਬਈ ਵਿਖੇ ਪੂਰੀ ਮਹਾਰ ਜਾਤੀ ਨੇ ਧਰਮ ਪਰਿਵਰਤਨ ਦਾ ਮਤਾ ਪਾਸ ਕਰ ਦਿੱਤਾ।  ਉਨ੍ਹਾਂ 14 ਅਕਤੂਬਰ 1956 ਨੂੰ ਧਰਮ ਪਰਿਵਰਤਨ ਕਰਦਿਆਂ ਬੁੱਧ ਧਰਮ ਅਪਣਾ ਲਿਆ। 3 ਅਗਸਤ 1947 ਨੂੰ ਆਜ਼ਾਦ ਭਾਰਤ ਦੇ ਪਹਿਲੇ ਮੰਤਰੀ ਮੰਡਲ ਦੇ ਨਾਵਾਂ ਦਾ ਐਲਾਨ ਕੀਤਾ ਗਿਆ। ਦੇਸ਼ ਵੰਡ ਦੀ ਕਤਲੋਗਾਰਤ ਕਾਰਨ ਕਾਂਗਰਸ ਨੂੰ ਇਕੱਲਿਆਂ ਸਰਕਾਰ ਚਲਾਉਣਾ ਮੁਸ਼ਕਿਲ ਜਾਪਿਆ ਅਤੇ ਉਨ੍ਹਾਂ ਵਿਰੋਧੀ ਪਾਰਟੀਆਂ ਦਾ ਸਹਿਯੋਗ ਲਿਆ। ਡਾਕਟਰ ਅੰਬੇਡਕਰ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਬਣੇ। ਸੰਵਿਧਾਨ ਖਰੜਾ ਕਮੇਟੀ ਬੇਸ਼ਕ ਸੱਤ ਮੈਂਬਰੀ ਸੀ ਪਰ ਵਿਧਾਨ ਦਾ ਖਰੜਾ ਤਿਆਰ ਕਰਨ ਲਈ ਉਨ੍ਹਾਂ ਨੂੰ ਇਕੱਲਿਆਂ ਹੀ ਕੰਮ ਕਰਨਾ ਪਿਆ। ਅੱਜ ਆਜ਼ਾਦੀ ਦੇ ਸੱਤ ਦਹਾਕਿਆਂ ਬਾਅਦ ਵੀ ਜਾਤੀਗਤ ਟਿੱਪਣੀਆਂ ਤਕਰੀਬਨ ਸਾਰੇ ਭਾਰਤ ਭਰ ਵਿਚ ਸਿੱਧੇ ਜਾਂ ਅਸਿੱਧੇ ਰੂਪ ਵਿਚ ਹੋ ਰਹੀਆਂ ਹਨ। ਜਾਤੀ ਆਧਾਰਿਤ ਦੰਗੇ-ਫਸਾਦ ਜਾਰੀ ਹਨ। ਆਰਥਿਕ ਕਾਣੀਵੰਡ ਅਤੇ ਰਾਜਨੀਤੀ ਦਾ ਕੇਂਦਰੀਕਰਨ ਅਸਲ ਵਿਚ ਅੰਬੇਡਕਰਵਾਦ ਨੂੰ ਢੁਕਵੇਂ ਰੂਪ ਵਿਚ ਲਾਗੂ ਨਾ ਕਰਨਾ ਹੈ। ਅਖੀਰ 6 ਦਸੰਬਰ 1956 ਨੂੰ ਇਹ ਜੋਤ ਬੁਝ ਗਈ।   

   ਗਾਂਧੀ ਦੇ ਵਿਰੋਧੀ ਬਾਬਾ ਸਾਹਿਬ   

                                 

ਦਲਿਤ ਪੱਖੀ ਅਖਵਾਉਣ ਵਾਲੇ ਗਾਂਧੀ ਨੂੰ ਭੀਮ ਰਾਓ ਨੇ ਕੀ ਸਵਾਲ ਕੀਤੇ ਸਨ ।ਦਿਲਚਸਪ ਗੱਲ ਹੈ ਕਿ ਭਾਰਤ ਦੀਆਂ ਦੋ ਮਹਾਨ ਸ਼ਖ਼ਸੀਅਤਾਂ ਭੀਮਰਾਓ ਅੰਬੇਡਕਰ ਅਤੇ ਮਹਾਤਮਾ ਗਾਂਧੀ ਵਿਚਕਾਰ ਕਦੇ ਨਹੀਂ ਬਣੀ।ਦੋਵੇਂ ਮਹਾਨ ਵਿਅਕਤੀਆਂ ਵਿਚਾਲੇ ਕਈ ਮੁਲਾਕਾਤਾਂ ਹੋਈਆਂ ਪਰ ਉਹ ਆਪਣੇ ਮਤਭੇਦਾਂ ਨੂੰ ਕਦੇ ਖਤਮ ਨਹੀਂ ਕਰ ਸਕੇ।ਆਜ਼ਾਦੀ ਤੋਂ ਦਹਾਕੇ ਪਹਿਲਾਂ ਅੰਬੇਡਕਰ ਨੇ ਆਪਣੇ ਆਪ ਨੂੰ ਆਪਣੇ ਸਮਰਥਕਾਂ ਨਾਲ ਆਜ਼ਾਦੀ ਅੰਦੋਲਨ ਤੋਂ ਅਲੱਗ ਥਲੱਗ ਕਰ ਲਿਆ ਸੀ।

ਅਛੂਤਾਂ ਪ੍ਰਤੀ ਗਾਂਧੀ ਦੇ ਪਿਆਰ ਅਤੇ ਉਨ੍ਹਾਂ ਵੱਲੋਂ ਬੋਲਣ ਦੇ ਉਨ੍ਹਾਂ ਦੇ ਦਾਅਵਿਆਂ ਨੂੰ ਉਹ ਇੱਕ ਜੋੜ-ਤੋੜ ਦੀ ਰਣਨੀਤੀ ਮੰਨਦੇ ਸਨ।ਜਦੋਂ 14 ਅਗਸਤ 1931 ਨੂੰ ਗਾਂਧੀ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ ਸੀ ਤਾਂ ਗਾਂਧੀ ਨੇ ਉਨ੍ਹਾਂ ਨੂੰ ਕਿਹਾ ਸੀ "ਮੈਂ ਅਛੂਤਾਂ ਦੀਆਂ ਸਮੱਸਿਆਵਾਂ ਬਾਰੇ ਉਦੋਂ ਤੋਂ ਸੋਚ ਰਿਹਾ ਹਾਂ ਜਦੋਂ ਤੁਸੀਂ ਪੈਦਾ ਵੀ ਨਹੀਂ ਹੋਏ ਸੀ। ਮੈਨੂੰ ਤਾਜ਼ੁਬ ਹੈ ਕਿ ਇਸ ਦੇ ਬਾਵਜੂਦ ਤੁਸੀਂ ਮੈਨੂੰ ਉਨ੍ਹਾਂ ਦਾ ਹਿਤੈਸ਼ੀ ਨਹੀਂ ਮੰਨਦੇ?"

ਧਨੰਜੈ ਕੀਰ ਨੇ ਅੰਬੇਡਕਰ ਦੀ ਜੀਵਨੀ 'ਡਾਕਟਰ ਅੰਬੇਡਕਰ: ਲਾਈਫ ਐਂਡ ਮਿਸ਼ਨ' ਵਿੱਚ ਲਿਖੀ ਹੈ, "ਅੰਬੇਡਕਰ ਨੇ ਗਾਂਧੀ ਨੂੰ ਕਿਹਾ ਕਿ ਜੇਕਰ ਤੁਸੀਂ ਅਛੂਤਾਂ ਦੇ ਖੈਰਖਵਾਹ ਹੁੰਦੇ ਤਾਂ ਆਪਣੇ ਕਾਂਗਰਸ ਦੇ ਮੈਂਬਰ ਹੋਣ ਲਈ ਖਾਦੀ ਪਹਿਨਣ ਦੀ ਸ਼ਰਤ ਦੀ ਬਜਾਏ ਅਛੂਤਤਾ ਨਿਵਾਰਣ ਨੂੰ ਪਹਿਲੀ ਸ਼ਰਤ ਬਣਾਇਆ ਹੁੰਦਾ।"ਕਿਸੇ ਵੀ ਵਿਅਕਤੀ ਨੂੰ ਜਿਸ ਨੇ ਆਪਣੇ ਘਰ ਵਿੱਚ ਘੱਟ ਤੋਂ ਘੱਟ ਇੱਕ ਅਛੂਤ ਵਿਅਕਤੀ ਜਾਂ ਔਰਤ ਨੂੰ ਨੌਕਰੀ ਨਹੀਂ ਦਿੱਤੀ ਹੋਵੇ ਜਾਂ ਉਸ ਨੇ ਇੱਕ ਅਛੂਤ ਵਿਅਕਤੀ ਦੇ ਪਾਲਣ ਪੋਸ਼ਣ ਦਾ ਬੀੜਾ ਨਾ ਚੁੱਕਿਆ ਹੋਵੇ ਜਾਂ ਉਸ ਨੇ ਘੱਟ ਤੋਂ ਘੱਟ ਹਫ਼ਤੇ ਵਿੱਚ ਇੱਕ ਵਾਰ ਕਿਸੇ ਅਛੂਤ ਵਿਅਕਤੀ ਨਾਲ ਖਾਣਾ ਨਾ ਖਾਧਾ ਹੋਵੇ, ਕਾਂਗਰਸ ਦਾ ਮੈਂਬਰ ਬਣਨ ਦੀ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ ਸੀ।"

"ਤੁਸੀਂ ਕਦੇ ਵੀ ਕਿਸੇ ਜ਼ਿਲ੍ਹਾ ਕਾਂਗਰਸ ਪਾਰਟੀ ਦੇ ਪ੍ਰਧਾਨ ਨੂੰ ਪਾਰਟੀ ਤੋਂ ਕੱਢਿਆ ਨਹੀਂ ਜੋ ਮੰਦਿਰਾਂ ਵਿੱਚ ਅਛੂਤਾਂ ਦੇ ਦਾਖਲੇ ਦਾ ਵਿਰੋਧ ਕਰਦੇ ਦੇਖਿਆ ਗਿਆ ਹੋਵੇ।"

26 ਫਰਵਰੀ 1955 ਵਿੱਚ ਜਦੋਂ  ਅੰਬੇਡਕਰ ਤੋਂ ਗਾਂਧੀ ਬਾਰੇ ਉਨ੍ਹਾਂ ਦੀ ਰਾਏ ਜਾਨਣੀ ਚਾਹੀ ਤਾਂ ਉਨ੍ਹਾਂ ਨੇ ਸਾਫ਼ ਸ਼ਬਦਾਂ ਵਿੱਚ ਕਿਹਾ, "ਮੈਨੂੰ ਇਸ ਗੱਲ 'ਤੇ ਕਾਫ਼ੀ ਹੈਰਾਨੀ ਹੁੰਦੀ ਹੈ ਕਿ ਪੱਛਮ ਗਾਂਧੀ ਵਿੱਚ ਇੰਨੀ ਦਿਲਚਸਪੀ ਕਿਉਂ ਲੈਂਦਾ ਹੈ?"

"ਜਿੱਥੋਂ ਤੱਕ ਭਾਰਤ ਦੀ ਗੱਲ ਹੈ ਉਹ ਦੇਸ਼ ਦੇ ਇਤਿਹਾਸ ਦੇ ਇੱਕ ਹਿੱਸਾ ਭਰ ਹਨ। ਕੋਈ ਯੁੱਗ ਨਿਰਮਾਣ ਕਰਨ ਵਾਲੇ ਨਹੀਂ। ਗਾਂਧੀ ਦੀਆਂ ਯਾਦਾਂ ਇਸ ਦੇਸ਼ ਦੇ ਲੋਕਾਂ ਦੇ ਜ਼ਿਹਨ ਤੋਂ ਜਾ ਚੁੱਕੀਆਂ ਹਨ।"

                ਅੰਬੇਡਕਰ ਸ਼ੁਰੂ ਤੋਂ ਹੀ ਜਾਤੀਗਤ ਭੇਦਭਾਵ ਦੇ ਸ਼ਿਕਾਰ ਹੋਏ                                              

ਅੰਬੇਡਕਰ ਨੂੰ ਬਚਪਨ ਤੋਂ ਹੀ ਆਪਣੀ ਜਾਤ ਕਾਰਨ ਲੋਕਾਂ ਦੇ ਭੇਦਭਾਵ ਦਾ ਸ਼ਿਕਾਰ ਹੋਣਾ ਪਿਆ1901 ਵਿੱਚ ਜਦੋਂ ਉਹ ਆਪਣੇ ਪਿਤਾ ਨੂੰ ਮਿਲਣ ਸਤਾਰਾ ਤੋਂ ਕੋਰੇਗਾਂਵ ਗਏ ਤਾਂ ਸਟੇਸ਼ਨ 'ਤੇ ਬੈਲ ਗੱਡੀ ਵਾਲੇ ਨੇ ਉਨ੍ਹਾਂ ਨੂੰ ਆਪਣੇ ਪਿਤਾ ਦੇ ਘਰ ਲੈ ਕੇ ਜਾਣ ਤੋਂ ਇਨਕਾਰ ਕਰ ਦਿੱਤਾ।ਦੁੱਗਣੇ ਪੈਸੇ ਦੇਣ 'ਤੇ ਉਹ ਇਸ ਗੱਲ ਲਈ ਰਾਜ਼ੀ ਹੋ ਗਿਆ ਕਿ ਨੌਂ ਸਾਲ ਦੇ ਅੰਬੇਡਕਰ ਅਤੇ ਉਨ੍ਹਾਂ ਦੇ ਭਰਾ ਬੈਲ ਗੱਡੀ ਚਲਾਉਣਗੇ ਅਤੇ ਉਹ ਪੈਦਲ ਉਨ੍ਹਾਂ ਨਾਲ ਚੱਲੇਗਾ।

1945 ਵਿੱਚ ਵਾਇਸਰਾਏ ਦੀ ਕੌਂਸਲ ਦੇ ਲੇਬਰ ਮੈਂਬਰ ਵਜੋਂ ਭੀਮਰਾਓ ਅੰਬੇਡਕਰ ਉੜੀਸਾ ਦੇ ਜਗਨਨਾਥ ਮੰਦਿਰ ਗਏ ਤਾਂ ਉਨ੍ਹਾਂ ਨੂੰ ਉਸ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ।ਉਸੇ ਸਾਲ ਜਦੋਂ ਉਹ ਕਲਕੱਤਾ ਵਿੱਚ ਮਹਿਮਾਨ ਵਜੋਂ ਇੱਕ ਸ਼ਖ਼ਸ ਦੇ ਕੋਲ ਗਏ ਤਾਂ ਉਸ ਦੇ ਨੌਕਰਾਂ ਨੇ ਉਨ੍ਹਾਂ ਨੂੰ ਖਾਣਾ ਪਰੋਸਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹ ਮਹਾਰ ਜਾਤ ਤੋਂ ਆਉਂਦੇ ਸਨ।ਸ਼ਾਇਦ ਇਹੀ ਸਭ ਕਾਰਨ ਸਨ ਜਿਨ੍ਹਾਂ ਦੀ ਵਜ੍ਹਾ ਨਾਲ ਅੰਬੇਡਕਰ ਨੇ ਆਪਣੀ ਜਵਾਨੀ ਦੇ ਦਿਨਾਂ ਵਿੱਚ ਜਾਤ ਵਿਵਸਥਾ ਦੀ ਵਕਾਲਤ ਕਰਨ ਵਾਲੀ ਮਨੂਸਮਰਿਤੀ ਨੂੰ ਸਾੜਿਆ ਸੀ।

ਭਾਰਤ ਦੇ ਸਭ ਤੋਂ ਪੜ੍ਹੇ ਲਿਖੇ ਸ਼ਖ਼ਸ

ਅੰਬੇਡਕਰ ਆਪਣੇ ਜ਼ਮਾਨੇ ਵਿੱਚ ਭਾਰਤ ਦੇ ਸੰਭਾਵਿਤ, ਸਭ ਤੋਂ ਪੜ੍ਹੇ ਲਿਖੇ ਵਿਅਕਤੀ ਸਨ।ਉਨ੍ਹਾਂ ਨੇ ਮੁੰਬਈ ਦੇ ਮਸ਼ਹੂਰ ਅਲਫਿਸਟਨ ਕਾਲਜ ਤੋਂ ਬੀਏ ਦੀ ਡਿਗਰੀ ਲਈ ਸੀ। ਬਾਅਦ ਵਿੱਚ ਉਨ੍ਹਾਂ ਨੇ ਕੋਲੰਬੀਆ ਯੂਨੀਵਰਸਿਟੀ ਅਤੇ ਲੰਡਨ ਸਕੂਲ ਆਫ ਇਕਨੌਮਿਕਸ ਤੋਂ ਪੀਐੱਚਡੀ ਦੀ ਡਿਗਰੀ ਪ੍ਰਾਪਤ ਕੀਤੀ ਸੀ।ਸ਼ੁਰੂ ਤੋਂ ਹੀ ਉਹ ਪੜ੍ਹਨ, ਬਾਗਬਾਨੀ ਕਰਨ ਅਤੇ ਕੁੱਤੇ ਪਾਲਣ ਦੇ ਸ਼ੌਕੀਨ ਸਨ। ਉਸ ਜ਼ਮਾਨੇ ਵਿੱਚ ਉਨ੍ਹਾਂ ਕੋਲ ਦੇਸ਼ ਵਿੱਚ ਕਿਤਾਬਾਂ ਦਾ ਸੰਭਾਵਿਤ, ਸਭ ਤੋਂ ਬਿਹਤਰੀਨ ਸੰਗ੍ਰਹਿ ਸੀ।ਮਸ਼ਹੂਰ ਕਿਤਾਬ 'ਇਨਸਾਈਡ ਏਸ਼ੀਆ' ਦੇ ਲੇਖਕ ਜੌਨ ਗੁੰਥੇਰ ਨੇ ਲਿਖਿਆ ਹੈ, "ਜਦੋਂ 1938 ਵਿੱਚ ਮੇਰੀ ਰਾਜਗ੍ਰਹਿ ਵਿੱਚ ਅੰਬੇਡਕਰ ਨਾਲ ਮੁਲਾਕਾਤ ਹੋਈ ਸੀ ਤਾਂ ਉਨ੍ਹਾਂ ਕੋਲ 8000 ਕਿਤਾਬਾਂ ਸਨ। ਉਨ੍ਹਾਂ ਦੀ ਮੌਤ ਤੱਕ ਇਹ ਗਿਣਤੀ ਵਧ ਕੇ 35000 ਹੋ ਗਈ ਸੀ।"ਬਾਬਾ ਸਾਹੇਬ ਅੰਬੇਡਕਰ ਦੇ ਨਜ਼ਦੀਕੀ ਸਹਿਯੋਗੀ ਰਹੇ ਸ਼ੰਕਰਾਨੰਦ ਸ਼ਾਸਤਰੀ ਆਪਣੀ ਕਿਤਾਬ 'ਮਾਈ ਐਕਸਪੀਰੀਐਂਸੇਜ਼ ਐਂਡ ਮੈਮੋਰੀਜ਼ ਆਫ਼ ਡਾਕਟਰ ਬਾਬਾ ਸਾਹੇਬ ਅੰਬੇਡਕਰ' ਵਿੱਚ ਲਿਖਦੇ ਹਨ, "ਮੈਂ ਐਤਵਾਰ 20 ਦਸੰਬਰ, 1944 ਨੂੰ ਦੁਪਹਿਰ ਇੱਕ ਵਜੇ ਅੰਬੇਡਕਰ ਨੂੰ ਮਿਲਣ ਉਨ੍ਹਾਂ ਦੇ ਘਰ ਗਿਆ। ਉਨ੍ਹਾਂ ਨੇ ਮੈਨੂੰ ਆਪਣੇ ਨਾਲ ਜਾਮਾ ਮਸਜਿਦ ਇਲਾਕੇ ਵਿੱਚ ਚੱਲਣ ਲਈ ਕਿਹਾ।" "ਉਹ ਉਨ੍ਹਾਂ ਦਿਨਾਂ ਵਿੱਚ ਪੁਰਾਣੀਆਂ ਕਿਤਾਬਾਂ ਖਰੀਦਣ ਦਾ ਅੱਡਾ ਹੁੰਦਾ ਸੀ। ਮੈਂ ਉਨ੍ਹਾਂ ਨੂੰ ਕਹਿਣ ਦੀ ਕੋਸ਼ਿਸ਼ ਕੀਤੀ ਕਿ ਦਿਨ ਦੇ ਖਾਣੇ ਦਾ ਸਮਾਂ ਹੋ ਰਿਹਾ ਹੈ, ਪਰ ਉਨ੍ਹਾਂ 'ਤੇ ਇਸ ਦਾ ਕੋਈ ਅਸਰ ਨਹੀਂ ਹੋਇਆ। ਜਾਮਾ ਮਸਜਿਦ ਵਿੱਚ ਹੋਣ ਦੀ ਖ਼ਬਰ ਚਾਰੇ ਪਾਸੇ ਫੈਲ ਗਈ ਅਤੇ ਲੋਕ ਉਨ੍ਹਾਂ ਦੇ ਚਾਰੇ ਪਾਸੇ ਇਕੱਠੇ ਹੋਣ ਲੱਗੇ।ਇਸ ਭੀੜ ਵਿੱਚ ਵੀ ਉਨ੍ਹਾਂ ਨੇ ਵਿਭਿੰਨ ਵਿਸ਼ਿਆਂ 'ਤੇ ਲਗਭਗ ਦੋ ਦਰਜਨ ਕਿਤਾਬਾਂ ਖਰੀਦੀਆਂ। ਉਹ ਆਪਣੀਆਂ ਕਿਤਾਬਾਂ ਕਿਸੇ ਨੂੰ ਵੀ ਪੜ੍ਹਨ ਲਈ ਉਧਾਰ ਨਹੀਂ ਦਿੰਦੇ ਸਨ। ਉਹ ਕਿਹਾ ਕਰਦੇ ਸਨ ਕਿ ਜੇਕਰ ਕਿਸੇ ਨੂੰ ਉਨ੍ਹਾਂ ਦੀਆਂ ਕਿਤਾਬਾਂ ਪੜ੍ਹਨੀਆਂ ਹਨ ਤਾਂ ਉਨ੍ਹਾਂ ਨੂੰ ਉਨ੍ਹਾਂ ਦੀ ਲਾਇਬ੍ਰੇਰੀ ਵਿੱਚ ਆ ਕੇ ਪੜ੍ਹਨਾ ਚਾਹੀਦਾ ਹੈ।"

ਕਰਤਾਰ ਸਿੰਘ ਪੋਲੋਨਿਯਸ ਨੇ ਚੇਨਈ ਤੋਂ ਪ੍ਰਕਾਸ਼ਿਤ ਹੋਣ ਵਾਲੇ 'ਜੈ ਭੀਮ' ਦੇ 13 ਅਪ੍ਰੈਲ 1947 ਦੇ ਅੰਕ ਵਿੱਚ ਲਿਖਿਆ ਸੀ, "ਇੱਕ ਵਾਰ ਮੈਂ ਬਾਬਾ ਸਾਹੇਬ ਨੂੰ ਪੁੱਛਿਆ ਕਿ ਤੁਸੀਂ ਇੰਨੀਆਂ ਢੇਰ ਸਾਰੀਆਂ ਕਿਤਾਬਾਂ ਕਿਵੇਂ ਪੜ੍ਹ ਲੈਂਦੇ ਹੋ ਤਾਂ ਉਨ੍ਹਾਂ ਦਾ ਜਵਾਬ ਸੀ ਲਗਾਤਾਰ ਕਿਤਾਬਾਂ ਪੜ੍ਹਦੇ ਰਹਿਣ ਨਾਲ ਉਨ੍ਹਾਂ ਨੂੰ ਇਹ ਅਨੁਭਵ ਹੋ ਗਿਆ ਸੀ ਕਿ ਕਿਸ ਤਰ੍ਹਾਂ ਕਿਤਾਬ ਦੇ ਮੁਲਾਂਕਣ ਨੂੰ ਆਤਮਸਾਤ ਕਰ ਕੇ ਉਸ ਦੀਆਂ ਫਜ਼ੂਲ ਚੀਜ਼ਾਂ ਨੂੰ ਦਰਕਿਨਾਰ ਕਰ ਦਿੱਤਾ ਜਾਵੇ।ਉਨ੍ਹਾਂ ਨੇ ਮੈਨੂੰ ਦੱਸਿਆ ਸੀ ਕਿ ਤਿੰਨ ਕਿਤਾਬਾਂ ਦਾ ਉਸ ਦੇ ਉੱਪਰ ਸਭ ਤੋਂ ਜ਼ਿਆਦਾ ਅਸਰ ਹੋਇਆ ਸੀ। ਪਹਿਲੀ ਸੀ 'ਲਾਈਫ ਆਫ ਟੌਲਸਟਾਇ' ਦੂਜੀ ਵਿਕਟਰ ਹਿਯੂਗੋ ਦੀ 'ਲਾ ਮਿਸਰਾ' ਅਤੇ ਤੀਜੀ ਟੌਮਸ ਹਾਰਡੀ ਦੀ 'ਫਾਰ ਫਰਾਮ ਦਿ ਮੈਡਨਿੰਗ ਕਰਾਊਡ' ਕਿਤਾਬਾਂ ਪ੍ਰਤੀ ਉਨ੍ਹਾਂ ਦੀ ਭਗਤੀ ਇਸ ਹੱਦ ਤੱਕ ਸੀ ਕਿ ਉਹ ਸਵੇਰ ਹੋਣ ਤੱਕ ਕਿਤਾਬਾਂ ਵਿੱਚ ਹੀ ਲੀਨ ਰਹਿੰਦੇ ਸਨ।ਅੰਬੇਡਕਰ ਦੇ ਇੱਕ ਹੋਰ ਸ਼ਾਗਿਰਦ ਨਾਮਦੇਵ ਨਿਮਗੜੇ ਆਪਣੀ ਕਿਤਾਬ 'ਇਨ ਦਿ ਟਾਈਗਰਜ਼ ਸ਼ੈਡੋ: ਦਿ ਆਟੋਬਾਇਓਗ੍ਰਾਫ਼ੀ ਆਫ਼ ਐਨ ਅੰਬੇਡਕਰਾਈਟ' ਵਿੱਚ ਲਿਖਦੇ ਹਨ, "ਇੱਕ ਵਾਰ ਮੈਂ ਉਨ੍ਹਾਂ ਨੂੰ ਪੁੱਛਿਆ ਸੀ ਕਿ ਤੁਸੀਂ ਇੰਨੇ ਲੰਬੇ ਸਮੇਂ ਤੱਕ ਪੜ੍ਹਨ ਦੇ ਬਾਅਦ ਆਪਣਾ 'ਰਿਲੈਕਸੇਸ਼ਨ' ਯਾਨਿ ਮਨੋਰੰਜਨ ਕਿਸ ਤਰ੍ਹਾਂ ਕਰਦੇ ਹੋ ਤਾਂ ਉਨ੍ਹਾਂ ਦਾ ਜਵਾਬ ਸੀ ਮੇਰੇ ਲਈ 'ਰਿਲੈਕਸੇਸ਼ਨ' ਦਾ ਮਤਲਬ ਇੱਕ ਵਿਸ਼ੇ ਤੋਂ ਦੂਜੇ ਭਿੰਨ ਵਿਸ਼ੇ ਦੀ ਕਿਤਾਬ ਨੂੰ ਪੜ੍ਹਨਾ ਹੁੰਦਾ ਹੈ।"

ਅੰਬੇਡਕਰ ਦੇ ਲਾਇਬ੍ਰੇਰੀਅਨ ਵਜੋਂ ਕੰਮ ਕਰਨ ਵਾਲੇ ਦੇਵੀ ਦਿਆਲ ਨੇ ਆਪਣੇ ਲੇਖ 'ਡੇਲੀ ਰੂਟੀਨ ਆਫ ਡਾਕਟਰ ਅੰਬੇਡਕਰ' ਵਿੱਚ ਲਿਖਿਆ ਹੈ, "ਅੰਬੇਡਕਰ ਆਪਣੇ ਸੌਣ ਵਾਲੇ ਕਮਰੇ ਨੂੰ ਆਪਣੀ ਸਮਾਧੀ ਸਮਝਦੇ ਸਨ। ਬਾਬਾ ਸਾਹਿਬ ਆਪਣੇ ਬਿਸਤਰੇ 'ਤੇ ਅਖ਼ਬਾਰ ਪੜ੍ਹਨਾ ਪਸੰਦ ਕਰਦੇ ਸਨ। 

ਅੰਬੇਡਕਰ ਦੀ ਜੀਵਨੀ ਲਿਖਣ ਵਾਲੇ ਧਨੰਜੈ ਕੀਰ ਲਿਖਦੇ ਹਨ, "ਅੰਬੇਡਕਰ ਪੂਰੀ ਰਾਤ ਪੜ੍ਹਨ ਦੇ ਬਾਅਦ ਤੜਕੇ ਸੌਂ ਜਾਂਦੇ ਸਨ। ਸਿਰਫ਼ ਦੋ ਘੰਟੇ ਸੌਣ ਤੋਂ ਬਾਅਦ ਉਹ ਥੋੜ੍ਹੀ ਕਸਰਤ ਕਰਦੇ ਸਨ। ਉਸ ਦੇ ਬਾਅਦ ਉਹ ਨਹਾਉਣ ਦੇ ਬਾਅਦ ਨਾਸ਼ਤਾ ਕਰਦੇ ਸਨ।ਅਖ਼ਬਾਰ ਪੜ੍ਹਨ ਤੋਂ ਬਾਅਦ ਉਹ ਆਪਣੀ ਕਾਰ ਤੋਂ ਕੋਰਟ ਜਾਂਦੇ ਸਨ। ਇਸ ਦੌਰਾਨ ਉਹ ਉਨ੍ਹਾਂ ਕਿਤਾਬਾਂ ਨੂੰ ਪਲਟ ਰਹੇ ਹੁੰਦੇ ਸਨ ਜੋ ਉਸ ਦਿਨ ਉਨ੍ਹਾਂ ਕੋਲ ਡਾਕ ਰਾਹੀਂ ਆਈਆਂ ਹੁੰਦੀਆਂ ਸਨ।ਕੋਰਟ ਖਤਮ ਹੋਣ ਦੇ ਬਾਅਦ ਉਹ ਕਿਤਾਬਾਂ ਦੀਆਂ ਦੁਕਾਨਾਂ ਦਾ ਚੱਕਰ ਲਗਾਉਂਦੇ ਸਨ ਅਤੇ ਜਦੋਂ ਉਹ ਸ਼ਾਮ ਨੂੰ ਘਰ ਪਰਤਦੇ ਸਨ ਤਾਂ ਉਨ੍ਹਾਂ ਦੇ ਹੱਥ ਵਿੱਚ ਨਵੀਆਂ ਕਿਤਾਬਾਂ ਦਾ ਇੱਕ ਬੰਡਲ ਹੁੰਦਾ ਸੀ।"

ਸਿਆਸੀ ਨੇਤਾਵਾਂ ਨਾਲ ਸਾਂਝ

ਉਨ੍ਹਾਂ ਨੂੰ ਆਪਣੇ ਸੂਬੇ ਮਹਾਰਾਸ਼ਟਰ 'ਤੇ ਵੀ ਮਾਣ ਸੀ। ਕਾਂਗਰਸ ਪਾਰਟੀ ਦੇ ਨੇਤਾਵਾਂ ਵਿੱਚ ਲੋਕਮਾਨਿਆ ਤਿਲਕ ਨੂੰ ਉਹ ਸਭ ਤੋਂ ਜ਼ਿਆਦਾ ਮੰਨਦੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਤਿਲਕ ਤੋਂ ਜ਼ਿਆਦਾ ਤਕਲੀਫ਼ ਕਿਸੇ ਕਾਂਗਰਸ ਨੇਤਾ ਨੇ ਨਹੀਂ ਝੱਲੀ।ਤਿਲਕ ਨੂੰ ਛੇ ਫੁੱਟ ਚੌੜੀ ਅਤੇ ਅੱਠ ਫੁੱਟ ਲੰਬੀ ਕੋਠੜੀ ਵਿੱਚ ਰੱਖਿਆ ਜਾਂਦਾ ਸੀ ਅਤੇ ਉਹ ਜ਼ਮੀਨ 'ਤੇ ਸੌਂਦੇ ਹੁੰਦੇ ਸਨ ਜਦ ਕਿ ਜਵਾਹਰ ਲਾਲ ਨਹਿਰੂ, ਸਰਦਾਰ ਪਟੇਲ ਅਤੇ ਗਾਂਧੀ ਨੇ ਏ ਕਲਾਸ ਤੋਂ ਹੇਠ ਕੋਈ ਸੁਵਿਧਾ ਸਵੀਕਾਰ ਨਹੀਂ ਕੀਤੀ।ਆਪਣੇ ਸਮਕਾਲੀ ਲੋਕਾਂ ਵਿੱਚ ਗੋਵਿੰਦਵੱਲਭ ਪੰਤ ਲਈ ਉਨ੍ਹਾਂ ਦੇ ਮਨ ਵਿੱਚ ਬਹੁਤ ਇੱਜ਼ਤ ਸੀ। ਉਨ੍ਹਾਂ ਦੀ ਨਜ਼ਰ ਵਿੱਚ ਪੰਤ ਮਹਾਰਾਸ਼ਟਰ ਦੇ ਮੂਲ ਨਿਵਾਸੀ ਸਨ। ਉਨ੍ਹਾਂ ਦੇ ਪੁਰਖੇ 1857 ਵਿੱਚ ਨਾਨਾ ਸਾਹੇਬ ਦੇ ਵਿਦਰੋਹ ਦੌਰਾਨ ਉੱਤਰ ਭਾਰਤ ਵਿੱਚ ਆ ਕੇ ਵਸ ਗਏ ਸਨ।"

ਪਾਰਟੀਆਂ ਵਿੱਚ ਸਮਾਂ ਬਰਬਾਦ ਕਰਨ ਦੇ ਸਖ਼ਤ ਖਿਲਾਫ਼

1948 ਵਿੱਚ ਅੰਬੇਡਕਰ ਨੂੰ ਸ਼੍ਰੀ ਲੰਕਾ ਦੇ ਸੁਤੰਤਰਤਾ ਦਿਵਸ 'ਤੇ ਹੋ ਰਹੇ ਸਮਾਗਮ ਵਿੱਚ ਉੱਥੋਂ ਦੇ ਹਾਈ ਕਮਿਸ਼ਨਰ ਨੇ ਸੱਦਾ ਦਿੱਤਾ ਸੀ।ਇਸ ਸਮਾਰੋਹ ਵਿੱਚ ਲਾਰਡ ਮਾਊਂਟਬੈਟਨ ਅਤੇ ਜਵਾਹਰ ਲਾਲ ਨਹਿਰੂ ਵੀ ਮੌਜੂਦ ਸਨ।ਐੱਨਸੀ ਰੱਤੂ ਆਪਣੀ ਕਿਤਾਬ 'ਰੇਮਿਨੇਂਸੇਂਸੇਜ਼ ਐਂਡ ਰਿਮੈਂਬਰੈਂਸ ਆਫ ਡਾਕਟਰ ਬੀ ਆਰ ਅੰਬੇਡਕਰ' ਵਿੱਚ ਲਿਖਦੇ ਹਨ, "ਜਦੋਂ ਮੈਂ ਬਾਬਾ ਸਾਹਿਬ ਨੂੰ ਪੁੱਛਿਆ ਕਿ ਤੁਸੀਂ ਇਸ ਸਮਾਗਮ ਵਿੱਚ ਕਿਉ ਨਹੀਂ ਜਾ ਰਹੇ ਹੋ ਤਾਂ ਉਨ੍ਹਾਂ ਦਾ ਜਵਾਬ ਸੀ ਮੈਂ ਉੱਥੇ ਆਪਣਾ ਕੀਮਤੀ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦਾ।ਦੂਜਾ ਮੈਨੂੰ ਸ਼ਰਾਬ ਪੀਣ ਦਾ ਸ਼ੌਕ ਨਹੀਂ ਹੈ ਜੋ ਇਸ ਤਰ੍ਹਾਂ ਦੀਆਂ ਪਾਰਟੀਆਂ ਵਿੱਚ ਪਰੋਸੀ ਜਾਂਦੀ ਹੈ। ਅੰਬੇਡਕਰ ਨੂੰ ਨਾ ਤਾਂ ਨਸ਼ੇ ਦੀ ਕਿਸੇ ਚੀਜ਼ ਦਾ ਸ਼ੌਕ ਸੀ ਅਤੇ ਨਾ ਹੀ ਉਹ ਸਿਗਰਟ ਪੀਂਦੇ ਸਨ। 

ਬਿੜਲਾ ਵੱਲੋਂ ਦਿੱਤੇ ਪੈਸਿਆਂ ਨੂੰ ਅਸਵੀਕਾਰ ਕੀਤਾ

 31 ਮਾਰਚ 1950 ਨੂੰ ਮਸ਼ਹੂਰ ਉਦਯੋਗਪਤੀ ਧਨਸ਼ਿਆਮ ਦਾਸ ਬਿੜਲਾ ਦੇ ਵੱਡੇ ਭਰਾ ਜੁਗਲ ਕਿਸ਼ੋਰ ਬਿੜਲਾ ਅੰਬੇਡਕਰ ਨੂੰ ਮਿਲਣ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਆਏ।ਕੁਝ ਦਿਨ ਪਹਿਲਾਂ ਬਾਬਾ ਸਾਹੇਬ ਨੇ ਮਦਰਾਸ ਵਿੱਚ ਪੇਰਿਯਾਰ ਦੀ ਮੌਜੂਦਗੀ ਵਿੱਚ ਹਜ਼ਾਰਾਂ ਲੋਕਾਂ ਦੇ ਸਾਹਮਣੇ ਭਗਵਤ ਗੀਤਾ ਦੀ ਆਲੋਚਨਾ ਕੀਤੀ ਸੀ।ਬਾਬਾ ਸਾਹੇਬ ਦੇ ਸਹਿਯੋਗੀ ਰਹੇ ਸ਼ੰਕਰਾਨੰਦ ਸ਼ਾਸਤਰੀ 'ਮਾਈ ਐਕਸਪੀਰੀਐਂਸੇਜ਼ ਐਂਡ ਮੈਮੋਰੀਜ਼ ਆਫ ਡਾਕਟਰ ਬਾਬਾ ਸਾਹੇਬ ਅੰਬੇਡਕਰ' ਵਿੱਚ ਲਿਖਦੇ ਹਨ, "ਬਿੜਲਾ ਨੇ ਉਨ੍ਹਾਂ ਨੂੰ ਸਵਾਲ ਕੀਤਾ ਕਿ ਤੁਸੀਂ ਗੀਤਾ ਦੀ ਆਲੋਚਨਾ ਕਿਉਂ ਕੀਤੀ ਜੋ ਕਿ ਹਿੰਦੂਆਂ ਦੀ ਸਭ ਤੋਂ ਵੱਡੀ ਧਾਰਮਿਕ ਕਿਤਾਬ ਹੈ, ਇਸ ਦੀ ਆਲੋਚਨਾ ਕਰਨ ਦੀ ਬਜਾਏ ਹਿੰਦੂ ਧਰਮ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ।"ਇਸ ਦਾ ਜਵਾਬ ਦਿੰਦੇ ਹੋਏ ਅੰਬੇਡਕਰ ਨੇ ਕਿਹਾ, ਮੈਂ ਆਪਣੇ ਆਪ ਨੂੰ ਕਿਸੇ ਨੂੰ ਵੇਚਣ ਲਈ ਨਹੀਂ ਪੈਦਾ ਹੋਇਆ ਹਾਂ। ਮੈਂ ਗੀਤਾ ਦੀ ਇਸ ਲਈ ਆਲੋਚਨਾ ਕੀਤੀ ਸੀ ਕਿਉਂਕਿ ਇਸ ਵਿੱਚ ਸਮਾਜ ਨੂੰ ਵੰਡਣ ਦੀ ਸਿੱਖਿਆ ਦਿੱਤੀ ਗਈ ਹੈ।"