ਫ਼ਸਲਾਂ, ਨਸਲਾਂ ਦਾ ਮੁੱਦਾ ਜਥੇਦਾਰ ਅਕਾਲ ਤਖਤ ਸਾਹਿਬ ਨੇ ਕਿਉਂ ਉਠਾਇਆ?

ਫ਼ਸਲਾਂ, ਨਸਲਾਂ ਦਾ ਮੁੱਦਾ ਜਥੇਦਾਰ ਅਕਾਲ ਤਖਤ ਸਾਹਿਬ ਨੇ ਕਿਉਂ ਉਠਾਇਆ?

ਨਸਲਾਂ ਦੀ ਬਰਬਾਦੀ ਦੇ ਦੋਸ਼ੀ ਸਰਕਾਰਾਂ ਨਾਲ  ਅਸੀਂ ਖ਼ੁਦ ਵੀ ਤਾਂ ਸ਼ਾਮਲ ਹਾਂ

ਜਥੇਦਾਰ ਅਕਾਲ ਤਖ਼ਤ, ਗਿਆਨੀ ਹਰਪ੍ਰੀਤ ਸਿੰਘ ਦੇ ਮੁਖਾਰਬਿੰਦ ਵਿਚੋਂ ਉਚਰੇ ਫ਼ਸਲਾਂ ਤੇ ਨਸਲਾਂਦੀ ਬਰਬਾਦੀ ਬਾਰੇ ਚਿੰਤਾ ਜ਼ਾਹਰ ਕਰਦੇ ਬੋਲਾਂ ਨੇ ਨਵੀਂ ਚਰਚਾ ਨੂੰ ਜਨਮ ਦਿੱਤਾ ਹੈ। ਸਮੇਂ-ਸਮੇਂ ਦੀਆਂ ਸਰਕਾਰਾਂ ਨੂੰ ਕਟਹਿਰੇ ਵਿਚ ਖੜ੍ਹਾ ਕਰਦਿਆਂ ਉਨ੍ਹਾਂ ਨੇ ਦੋਸ਼ ਲਗਾਇਆ ਹੈ ਕਿ ਅਜਿਹਾ ਵਰਤਾਰਾ ਗਿਣੀ-ਮਿੱਥੀ ਸਾਜ਼ਿਸ਼ ਤਹਿਤ ਕੀਤਾ ਜਾ ਰਿਹਾ ਹੈ। ਸਟੇਟ ਦੇ ਮੱਥੇ ਦੋਸ਼ ਮੜ੍ਹਦਿਆਂ ਸਿੰਘ ਸਾਹਿਬ ਨੇ ਕਿਹਾ ਕਿ ਪੰਜਾਬੀਆਂ ਨੂੰ ਆਪਣੀ ਹੀ ਧਰਤੀ ਤੋਂ ਉਜਾੜ ਕੇ ਫਿਰ ਉਸ ਦੇ ਖ਼ੁਦ ਵਾਰਸ ਬਣਨ ਦੇ ਵੀ ਮਨਸੂਬੇ ਘੜੇ ਜਾ ਰਹੇ ਹਨ। ਸਿੱਖ ਕੌਮ ਦਾ ਘਾਣ ਕਰਨ ਲਈ ਨਵੇਂ ਬਿਰਤਾਂਤ ਸਿਰਜਣ ਦਾ ਵੀ ਦੋਸ਼ ਲਗਾਇਆ ਗਿਆ ਹੈ। ਪੰਜਾਬ ਵਿਚ ਖੁੰਬਾਂ ਵਾਂਗ ਹੋਂਦ ਵਿਚ ਆਏ ਟੈਸਟ ਟਿਊਬ ਬੇਬੀ ਸੈਂਟਰਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਸੈਂਟਰਾਂ ਵਿਚ ਪੰਜਾਬ ਦੀਆਂ ਕੁੜੀਆਂ ਤੇ ਗ਼ੈਰ-ਪੰਜਾਬੀਆਂ ਦਾ ਸੀਮਨ ਵਰਤ ਕੇ ਅਗਲੀਆਂ ਪੀੜ੍ਹੀਆਂ ਨੂੰ ਬਰਬਾਦ ਕਰਨ ਦੀ ਵੀ ਸਾਜ਼ਿਸ਼ ਹੈ। ਦਰਅਸਲ, ਟੈਸਟ ਟਿਊਬ ਬੇਬੀ ਤੇ ਕਿਰਾਏ ਦੀਆਂ ਕੁੱਖਾਂ (ਸਰੋਗੇਸੀ) ਰਾਹੀਂ ਬੱਚੇ ਪੈਦਾ ਕਰਨਾ ਆਲਮੀ ਵਰਤਾਰਾ ਬਣ ਚੁੱਕਾ ਹੈ। ਕਈ ਖੋਜੀਆਂ ਲਈ ਅਜਿਹੀਆਂ ਖੋਜਾਂ ਵਰਦਾਨ ਤੇ ਕਈਆਂ ਲਈ ਸਰਾਪ ਸਿੱਧ ਹੋਈਆਂ ਸਨ। ਚਾਰ ਦਹਾਕੇ ਪਹਿਲਾਂ ਵੀਹਵੀਂ ਸਦੀ ਵਿਚ ਟੈਸਟ ਟਿਊਬ ਬੇਬੀ ਪੈਦਾ ਕਰਨ ਵਾਲੇ ਨੂੰ ਨੋਬਲ ਪੁਰਸਕਾਰ ਮਿਲ ਗਿਆ ਜਦ ਕਿ ਭਾਰਤ ਵਿਚ ਦੂਜਾ ਟੈਸਟ ਟਿਊਬ ਬੇਬੀ ਪੈਦਾ ਕਰਨ ਵਾਲੇ ਨੂੰ ਸਮਾਜ ਤੇ ਆਪਣੇ ਹੀ ਭਾਈਚਾਰੇ ਵੱਲੋਂ ਇੰਨਾ ਜ਼ਲੀਲ ਕੀਤਾ ਗਿਆ ਕਿ ਉਸ ਨੇ ਖ਼ੁਦਕੁਸ਼ੀ ਕਰ ਲਈ ਸੀ। ਪਾਕਿਸਤਾਨ ਤੇ ਕਈ ਮੁਸਲਿਮ ਬਹੁ-ਸੰਖਿਆ ਵਾਲੇ ਦੇਸ਼ਾਂ ਦੇ ਕਈ ਮੁੱਲਾਂ-ਮੌਲਾਣਿਆਂ ਨੇ ਅਜਿਹੇ ਗ਼ੈਰ-ਕੁਦਰਤੀ ਵਰਤਾਰੇ ਖ਼ਿਲਾਫ਼ ਪਿਛਲੀ ਸਦੀ ਵਿਚ ਹੀ ਫ਼ਤਵੇ ਤੇ ਫੁਰਮਾਨ ਜਾਰੀ ਕਰ ਦਿੱਤੇ ਸਨ। ਇਸ ਹਿਸਾਬ ਨਾਲ ਸਿੱਖ ਕੌਮ ਦੇ ਸਰਬਰਾਹ ਨੂੰ ਇਸ ਤੇ ਚਿੰਤਾ ਜ਼ਾਹਰ ਕਰਨ ਲਈ 44 ਸਾਲ ਲੱਗ ਗਏ! ਗ਼ੈਰ-ਕੁਦਰਤੀ ਸਾਧਨਾਂ ਤੇ ਸਰੋਤਾਂ ਰਾਹੀਂ ਔਲਾਦ ਪੈਦਾ ਕਰਨ ਦੀ ਇੱਛਾ ਜਾਂ ਚੋਖੀ ਫ਼ਸਲ ਲੈਣ ਦੇ ਲੋਭ-ਲਾਲਚ ਕਾਰਨ ਅੰਧਾ-ਧੁੰਦ ਜ਼ਹਿਰਾਂ ਦਾ ਛਿੜਕਾਅ ਕਰਨ ਪਿੱਛੇ ਸੱਤਾ ਨਾਲੋਂ ਪੰਜਾਬ ਦਾ ਸਮਾਜ ਕਿਤੇ ਵੱਧ ਜ਼ਿੰਮੇਵਾਰ ਹੈ। ਪੱਚੀ ਜੁਲਾਈ 1978 ਨੂੰ ਲੂਈਸ ਬਰਾਊਨ ਨਾਂ ਦੀ ਪਹਿਲੀ ਟੈਸਟ ਟਿਊਬ ਬੇਬੀ ਦਾ ਜਨਮ ਮਾਨਚੈਸਟਰ (ਇੰਗਲੈਂਡ) ਦੇ ਓਲਡਹਮ ਹਸਪਤਾਲ ਵਿਚ ਹੋਇਆ ਤਾਂ ਇਹ ਖ਼ਬਰ ਅਚੰਭੇ ਤੋਂ ਘੱਟ ਨਹੀਂ ਸੀ ਲੱਗ ਰਹੀ। ਦੁਨੀਆ ਦੀ ਦੂਜੀ ਟੈਸਟ ਟਿਊਬ ਬੇਬੀ 69 ਦਿਨਾਂ ਪਿੱਛੋਂ ਭਾਰਤ ਦੇ ਪੁਣੇ ਵਿਚ 3 ਅਕਤੂਬਰ 1978 ਨੂੰ ਜਨਮੀ ਜਿਸ ਦਾ ਨਾਮ ਦੁਰਗਾ ਉਰਫ਼ ਕਨੂਪਿ੍ਰਆ ਅਗਰਵਾਲ ਰੱਖਿਆ ਗਿਆ। ਪਹਿਲੀ ਟੈਸਟ ਟਿਊਬ ਬੱਚੀ ਨੂੰ ਦੁਨੀਆ ਵਿਚ ਲਿਆਉਣ ਵਾਲੇ ਡਾਕਟਰ ਦੀ ਤਿੰਨ ਦਹਾਕੇ ਕਿਸੇ ਨੇ ਸਾਰ ਨਾ ਲਈ ਤੇ ਉਹ ਬਿਨਾਂ ਕਿਸੇ ਅੰਤਰ-ਰਾਸ਼ਟਰੀ ਜਾਂ ਰਾਸ਼ਟਰੀ ਪੁਰਸਕਾਰ ਦੇ ਫ਼ੌਤ ਹੋ ਗਿਆ। ਪਰ ਚਾਰ ਅਕਤੂਬਰ 2010 ਨੂੰ ਬ੍ਰਾਊਨ ਦੇ ਦੂਜੇ ਸਾਥੀ ਡਾਕਟਰ ਨੂੰ ਉਸ ਵਰ੍ਹੇ ਦਾ ਨੋਬਲ ਪੁਰਸਕਾਰ (ਮੈਡੀਸਨ) ਹਾਸਲ ਹੋ ਗਿਆ। ਭਾਰਤ ਵਿਚ ਪੈਦਾ ਹੋਣ ਵਾਲੀ ਕਨੂਪਿ੍ਰਆ ਉਰਫ਼ ਦੁਰਗਾ ਦੇ ਵਿਧਾਤਾ ਡਾਕਟਰ ਸੁਭਾਸ਼ ਮੁਖੋਪਾਧਿਆਏ (ਮੁਖਰਜੀ) ਨੂੰ ਆਪਣੇ ਹੀ ਦੇਸ਼ ਵਿਚ ਇੰਨਾ ਕੁ ਜ਼ਲੀਲ ਹੋਣਾ ਪਿਆ ਕਿ ਉਹ 19 ਜੂਨ 1981 ਨੂੰ ਖ਼ੁਦਕੁਸ਼ੀ ਕਰ ਗਿਆ। ਪਾਕਿਸਤਾਨ ਵਿਚ ਇਨ ਵਿਟਰੋਤਕਨੀਕ (ਆਈਵੀਐੱਫ) ਦੀ ਸ਼ੁਰੂਆਤ ਅੱਸੀਵਿਆਂਚ ਹੋਈ ਸੀ। ਉੱਥੇ ਪਹਿਲੇ ਟੈਸਟ ਟਿਊਬ ਬੇਬੀ ਦਾ ਜਨਮ 1989 ਵਿਚ ਹੋਇਆ ਤਾਂ ਆਈਵੀਐੱਫ ਸੈਂਟਰ ਦੇ ਮਾਲਕ ਡਾਕਟਰ ਰਾਸ਼ਿਦ ਨੂੰ ਮੌਲਾਣਿਆਂ ਦਾ ਗੁੱਸਾ ਝੇਲਣਾ ਪਿਆ ਸੀ। ਇਸ ਬੱਚੀ ਦੇ ਜਨਮ ਨੂੰ ਹਰਾਮਤਕ ਨਾਲ ਜੋੜ ਦਿੱਤਾ ਗਿਆ। ਸਮਾਜਿਕ ਤੌਰ ਤੇ ਵੀ ਡਾਕਟਰ ਰਾਸ਼ਿਦ ਨੂੰ ਕਾਫ਼ੀ ਜ਼ਲੀਲ ਹੋਣਾ ਪਿਆ। ਉਸੇ ਪਾਕਿਸਤਾਨ ਚ ਅੱਜ ਤਕ ਹਜ਼ਾਰਾਂ ਬੱਚਿਆਂ ਨੇ ਇਸ ਤਕਨੀਕ ਰਾਹੀਂ ਦੁਨੀਆ ਦੇਖੀ ਹੈ। ਸਰੋਗੇਸੀ ਤਕਨੀਕ ਰਾਹੀਂ ਔਰਤ-ਮਰਦ ਦੇ ਆਂਡੇ ਤੇ ਸ਼ੁਕਰਾਣੂ ਦੇ ਰਲੇਵੇਂ ਨੂੰ ਕਿਸੇ ਹੋਰ ਔਰਤ ਦੀ ਬੱਚੇਦਾਨੀ (ਕਿਰਾਏ ਦੀ ਕੁੱਖ) ਵਿਚ ਰੱਖਿਆ ਜਾਂਦਾ ਹੈ। ਸਮਾਜਿਕ ਤੌਰ ਤੇ ਸਰੋਗੇਸੀ ਦਾ ਵੀ ਕਾਫ਼ੀ ਵਿਰੋਧ ਹੋਇਆ ਸੀ ਪਰ ਸਮਾਂ ਪਾ ਕੇ ਹੁਣ ਸਭ ਕੁਝ ਸ਼ਾਂਤ ਹੋ ਗਿਆ ਹੈ। ਵਿਸ਼ਵ ਭਰ ਚ ਪਹਿਲਾਂ ਵਾਂਗ ਹੁਣ ਇਸ ਦਾ ਵਿਰੋਧ ਨਹੀਂ ਹੋ ਰਿਹਾ। ਅਜਿਹੀ ਤਕਨੀਕ ਭਾਵੇਂ ਕੁਦਰਤ ਦੇ ਨਿਯਮਾਂ ਦੇ ਉਲਟ ਹੈ ਫਿਰ ਵੀ ਇਸ ਚ ਕਿਸੇ ਸਰਕਾਰ ਦਾ ਕਸੂਰ ਨਹੀਂ ਬਲਕਿ ਸਮਾਜ ਨੇ ਇਸ ਨੂੰ ਪ੍ਰਵਾਨ ਕਰ ਲਿਆ ਹੈ। ਦੁਨੀਆ ਭਰ ਦੇ ਲੱਖਾਂ ਬੇਔਲਾਦ ਲੋਕਾਂ ਦੇ ਵਿਹੜਿਆਂ ਵਿਚ ਇਸ ਖੋਜ ਦੀ ਬਦੌਲਤ ਖੇੜਾ ਆਇਆ ਹੈ। ਸਪਸ਼ਟ ਹੈ ਕਿ ਟੈਸਟ ਟਿਊਬ ਬੇਬੀ ਸੈਂਟਰ ਕੇਵਲ ਪੰਜਾਬ ਹੀ ਨਹੀਂ ਬਲਕਿ ਦੁਨੀਆ ਦੇ ਕੋਨੇ-ਕੋਨੇ ਵਿਚ ਖੁੱਲ੍ਹੇ ਹੋਏ ਹਨ ਤੇ ਬਾਂਝ ਲੋਕ ਕਿਸੇ ਦਬਾਅ ਦੀ ਬਜਾਏ ਮਨ-ਮਰਜ਼ੀ ਨਾਲ ਔਲਾਦ ਹਾਸਲ ਕਰ ਰਹੇ ਹਨ। ਸਿੰਘ ਸਾਹਿਬ ਵੱਲੋਂ ਉਠਾਇਆ ਦੂਜਾ ਮੁੱਦਾ ਪਰਵਾਸ ਨਾਲ ਜੁੜਿਆ ਹੋਇਆ ਹੈ। ਪਰਵਾਸ ਦਾ ਮੁੱਖ ਕਾਰਨ ਦੇਸ਼ ਵਿਚ ਰੋਜ਼ੀ-ਰੋਟੀ ਦੀ ਘਾਟ ਹੈ। ਇਸੇ ਵਜ੍ਹਾ ਕਰਕੇ ਬਰੇਨ ਤੇ ਮਨੀ ਡਰੇਨਹੋ ਰਹੀ ਹੈ। ਦਰਅਸਲ, ਪਰਵਾਸ ਵੀ ਸਦੀਆਂ ਪੁਰਾਣਾ ਵਰਤਾਰਾ ਹੈ। ਜ਼ੁਲਮ ਦਾ ਸ਼ਿਕਾਰ ਪਾਰਸੀ ਜਾਂ ਹੋਰ ਲੁੱਟੀਆਂ-ਕੁੱਟੀਆਂ ਜਾਣ ਵਾਲੀਆਂ ਕੌਮਾਂ ਨੂੰ ਇਕ ਪਾਸੇ ਰੱਖ ਲਈਏ ਤਾਂ ਇਹ ਚਿੱਟੇ ਦਿਨ ਵਾਂਗ ਸਾਫ਼ ਹੈ ਕਿ ਪਰਵਾਸ ਮੁੱਢ-ਕਦੀਮ ਤੋਂ ਹੀ ਹਰੀਆਂ ਚਰਾਂਦਾਂ ਦੀ ਤਲਾਸ਼ ਨਾਲ ਜੁੜਿਆ ਹੋਇਆ ਰੁਝਾਨ ਹੈ। ਪਰਵਾਸ ਕਰਨ ਦੀ ਹੋੜ ਦੇ ਕਾਰਨਾਂ ਦਾ ਜਵਾਬ ਵੀ ਸਿੰਘ ਸਾਹਿਬ ਦੀ ਤਕਰੀਰ ਵਿਚੋਂ ਹੀ ਲੱਭਿਆ ਜਾ ਸਕਦਾ ਹੈ। ਉਨ੍ਹਾਂ ਦਾ ਸਵਾਲ ਹੈ ਕਿ ਬੇਰੁਜ਼ਗਾਰੀ ਤਾਂ ਸਮਝ ਆਉਂਦੀ ਹੈ ਪਰ 50-50 ਏਕੜ ਦੇ ਮਾਲਕ ਤੇ ਸਰਕਾਰੀ ਨੌਕਰੀਆਂ ਕਰਨ ਵਾਲੇ ਵੀ ਵਿਦੇਸ਼ਾਂ ਵੱਲ ਵਹੀਰਾਂ ਕਿਉਂ ਘੱਤ ਰਹੇ ਹਨ? ਸਪਸ਼ਟ ਹੈ ਕਿ ਅਜਿਹਾ ਪਰਵਾਸ ਮਜਬੂਰੀ ਜਾਂ ਸਾਜ਼ਿਸ਼ ਵੱਸ ਨਹੀਂ ਹੈ। ਰਹੀ ਗੱਲ ਫ਼ਸਲਾਂ ਦੀ ਬਰਬਾਦੀ ਦੀ। ਕਰਜ਼ੇ ਵਿਚ ਡੁੱਬੇ ਕਿਸਾਨ ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਹਨ। ਅੰਨਦਾਤੇ ਦੀ ਅਜਿਹੀ ਦੁਰਦਸ਼ਾ ਲਈ ਸਮੇਂ ਦੀਆਂ ਸਰਕਾਰਾਂ ਨੂੰ ਮਾਫ਼ ਨਹੀਂ ਕੀਤਾ ਜਾ ਸਕਦਾ। ਦੂਜੇ ਪਾਸੇ, ‘ਹੱਥੀਂ ਕਾਰਦਾ ਮਹਾਤਮ ਵਿਸਾਰ ਕੇ ਕਿਸਾਨ ਟਰੈਕਟਰਾਂ ਤੇ ਆਧੁਨਿਕ ਖੇਤੀਬਾੜੀ ਮਸ਼ੀਨਾਂ ਤੇ ਨਿਰਭਰ ਹੋ ਗਏਹਨ। ਕਰਜ਼ਾ ਚੁੱਕ ਕੇ ਟਰੈਕਟਰ ਖ਼ਰੀਦੇ ਜਾਂਦੇ ਹਨ। ਜਦੋਂ ਲੋਨ ਨਹੀਂ ਉਤਰਦਾ ਤਾਂ ਇਹ ਟਰੈਕਟਰ ਮੰਡੀਆਂ ਵਿਚ ਅੱਧੀ ਕੀਮਤ ਤੇ ਵੇਚਣ ਲਈ ਮਜਬੂਰ ਹੋ ਜਾਂਦੇ ਹਨ। ਜੈਵਿਕ ਖੇਤੀ/ਕੁਦਰਤੀ ਖੇਤੀ ਬੀਤੇ ਦੀ ਬਾਤ ਬਣ ਕੇ ਰਹਿ ਗਈ ਹੈ। ਅੰਧਾ-ਧੁੰਦ ਜ਼ਹਿਰਾਂ ਦਾ ਛਿੜਕਾਅ ਅਤੇ ਜੀਐੱਮ ਬੀਜਾਂ ਰਾਹੀਂ ਪੰਜਾਬ ਦੀ ਜ਼ਰਖੇਜ਼ ਧਰਤੀ ਨੂੰ ਬਰਬਾਦ ਕੀਤਾ ਜਾ ਰਿਹਾ ਹੈ। ਜਥੇਦਾਰ ਅਕਾਲ ਤਖ਼ਤ ਅਜਿਹੇ ਵਰਤਾਰੇ ਨੂੰ ਧਰਤੀ ਨਾਲ ਬਲਾਤਕਾਰਕਰ ਕੇ ਉਗਾਈ ਫ਼ਸਲ ਕਹਿੰਦੇ ਹਨ। ਵੇਖਿਆ ਜਾਵੇ ਤਾਂ ਫ਼ਸਲਾਂ ਤੇ ਨਸਲਾਂ ਦੀ ਬਰਬਾਦੀ ਦੇ ਦੋਸ਼ੀ ਸਰਕਾਰਾਂ ਨਾਲ  ਅਸੀਂ ਖ਼ੁਦ ਵੀ ਤਾਂ ਸ਼ਾਮਲ ਹਾਂ।