ਭਗਤ ਸਿੰਘ  ਤੇ ਉਸਦੇ ਸਾਥੀਆਂ ਨੂੰ ਫਾਂਸੀ ਦੇ ਅਖ਼ੀਰਲੇ 12 ਘੰਟੇ

ਭਗਤ ਸਿੰਘ  ਤੇ ਉਸਦੇ ਸਾਥੀਆਂ ਨੂੰ ਫਾਂਸੀ ਦੇ ਅਖ਼ੀਰਲੇ 12 ਘੰਟੇ

                                              ਜੇਲ੍ਹ ਦੀ ਸਖ਼ਤ ਜ਼ਿੰਦਗੀ      

ਲਾਹੌਰ ਸੈਂਟਰਲ ਜੇਲ੍ਹ '23 ਮਾਰਚ, 1931 ਨੂੰ ਦਿਨ ਦੀ ਸ਼ੁਰੂਆਤ ਕਿਸੇ ਹੋਰ ਦਿਨ ਵਾਂਗ ਹੀ ਹੋਈ ਸੀ। ਫ਼ਰਕ ਸਿਰਫ਼ ਇਹ ਸੀ ਕਿ ਸਵੇਰੇ ਜ਼ੋਰਦਾਰ ਹਨ੍ਹੇਰੀ ਆਈ ਸੀ।ਜੇਲ੍ਹ ਵਿਚ ਕੈਦੀਆਂ ਨੂੰ ਉਸ ਵੇਲੇ ਕੁਝ ਅਜੀਬ ਜਿਹਾ ਲੱਗਿਆ ਜਦੋਂ ਚਾਰ ਵਜੇ ਵਾਰਡਨ ਚੜਤ ਸਿੰਘ ਨੇ ਉਨ੍ਹਾਂ ਨੂੰ ਆ ਕੇ ਕਿਹਾ ਕਿ ਉਹ ਆਪਣੀਆਂ ਕੋਠੜੀਆਂ 'ਚ ਚਲੇ ਜਾਣ। ਹਾਲਾਂਕਿ, ਇਸ ਦਾ ਕਾਰਨ ਨਹੀਂ ਦੱਸਿਆ ਗਿਆ।ਉਨ੍ਹਾਂ ਦੇ ਮੂੰਹੋਂ ਸਿਰਫ਼ ਇਹ ਨਿਕਲਿਆ ਕਿ ਇਹ ਹੁਕਮ ਉਪਰੋਂ ਹਨ। ਅਜੇ ਕੈਦੀ ਸੋਚ ਹੀ ਰਹੇ ਸਨ ਕਿ ਆਖ਼ਰ ਗੱਲ ਕੀ ਹੈ ਕਿ ਜੇਲ੍ਹ ਦਾ ਹੱਜਾਮ ਬਰਕਤ ਹਰੇਕ ਕਮਰੇ ਦੇ ਸਾਹਮਣਿਓਂ ਬੜਬੜਾਉਂਦਾ ਨਿਕਲਿਆ ਕਿ ਅੱਜ ਰਾਤ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦਿੱਤੀ ਜਾਣ ਵਾਲੀ ਹੈ।ਉਸ ਪਲ਼ ਨੇ ਉਨ੍ਹਾਂ ਨੂੰ ਹਿਲਾ ਕੇ ਰੱਖ ਦਿੱਤਾ। ਕੈਦੀਆਂ ਨੇ ਬਰਕਤ ਨੂੰ ਅਰਜ਼ ਕੀਤੀ ਕਿ ਉਹ ਫਾਂਸੀ ਤੋਂ ਬਾਅਦ ਭਗਤ ਸਿੰਘ ਦੀ ਕੋਈ ਚੀਜ਼ ਜਿਵੇਂ ਪੈੱਨ, ਕੰਘਾ ਜਾਂ ਘੜੀ ਲਿਆ ਕੇ ਦੇਵੇ ਤਾਂ ਜੋ ਉਹ ਆਪਣੇ ਪੋਤਰੇ-ਪੋਤਰੀਆਂ ਨੂੰ ਦੱਸ ਸਕਣ ਕਿ ਉਹ ਕਦੇ ਭਗਤ ਸਿੰਘ ਦੇ ਨਾਲ ਜੇਲ੍ਹ ਵਿਚ ਰਹੇ ਸਨ।ਬਰਕਤ, ਭਗਤ ਸਿੰਘ ਦੀ ਕੋਠੜੀ ਵਿਚ ਗਿਆ ਅਤੇ ਉਥੋਂ ਉਨ੍ਹਾਂ ਦਾ ਪੈੱਨ ਅਤੇ ਕੰਘਾ ਲੈ ਆਇਆ। ਸਾਰੇ ਕੈਦੀ ਉਸ 'ਤੇ ਆਪਣਾ ਅਧਿਕਾਰ ਸਮਝਣ ਲੱਗੇ ਅਤੇ ਅਖ਼ੀਰ ਇਸ ਲਈ ਡਰਾਅ ਕੱਢਿਆ ਗਿਆ ਸੀ।

ਹੁਣ ਸਾਰੇ ਕੈਦੀ ਚੁੱਪ ਹੋ ਗਏ ਸਨ। ਉਨ੍ਹਾਂ ਦੀਆਂ ਅੱਖਾਂ ਉਸ ਰਾਹ 'ਤੇ ਟਿਕੀਆਂ ਹੋਈਆਂ ਸਨ, ਜਿੱਥੋਂ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਫਾਂਸੀ ਲਈ ਲੈ ਕੇ ਜਾਣਾ ਸੀ।ਇੱਕ ਵਾਰ ਪਹਿਲਾ, ਜਦੋਂ ਭਗਤ ਸਿੰਘ ਨੂੰ ਉਸੇ ਰਸਤਿਓਂ ਲਿਜਾਇਆ ਜਾ ਰਿਹਾ ਸੀ ਤਾਂ ਪੰਜਾਬ ਕਾਂਗਰਸ ਦੇ ਆਗੂ ਭੀਮਸੈਨ ਸੱਚਰ ਨੇ ਉੱਚੀ ਆਵਾਜ਼ ਵਿਚ ਪੁੱਛਿਆ ਸੀ, "ਤੁਸੀਂ ਅਤੇ ਤੁਹਾਡੇ ਸਾਥੀਆਂ ਨੇ ਲਾਹੌਰ ਸਾਜਿਸ਼ ਕੇਸ ਵਿਚ ਅਪਣਾ ਬਚਾਅ ਕਿਉਂ ਨਹੀਂ ਕੀਤਾ ?"ਭਗਤ ਸਿੰਘ ਦਾ ਜਵਾਬ ਸੀ, "ਇਨਕਲਾਬੀਆਂ ਨੇ ਮਰਨਾ ਹੀ ਹੁੰਦਾ ਹੈ ਕਿਉਂਕਿ ਮੌਤ ਨਾਲ ਉਨ੍ਹਾਂ ਦੀ ਮੁਹਿੰਮ ਮਜ਼ਬੂਤ ਹੁੰਦੀ ਹੈ, ਨਾ ਕਿ ਅਦਾਲਤ 'ਚ ਅਪੀਲ ਨਾਲ।"ਵਾਰਡਨ ਚੜਤ ਸਿੰਘ ਭਗਤ ਸਿੰਘ ਦੇ ਸ਼ੁੱਭਚਿੰਤਕ ਸਨ ਅਤੇ ਉਨ੍ਹਾਂ ਕੋਲੋ ਭਗਤ ਸਿੰਘ ਲਈ ਜੋ ਕੁਝ ਹੁੰਦਾ ਸੀ, ਉਹ ਕਰਦਾ ਸੀ। ਉਹੀ ਲਹੌਰ ਦੀ ਦਵਾਰਕਾ ਦਾਸ ਲਾਇਬ੍ਰੇਰੀ ਤੋਂ ਭਗਤ ਸਿੰਘ ਲਈ ਕਿਤਾਬਾਂ ਜੇਲ੍ਹ ਵਿਚ ਲਿਆਉਦਾ ਸੀ।

ਜੇਲ੍ਹ ਦੀ ਸਖ਼ਤ ਜ਼ਿੰਦਗੀ

ਭਗਤ ਸਿੰਘ ਨੂੰ ਕਿਤਾਬਾਂ ਪੜ੍ਹਣ ਦਾ ਇੰਨਾ ਸ਼ੌਕ ਸੀ ਕਿ ਇੱਕ ਵਾਰ ਉਨ੍ਹਾਂ ਨੇ ਆਪਣੇ ਸਕੂਲ ਦੇ ਸਾਥੀ ਜੈਦੇਵ ਕਪੂਰ ਨੂੰ ਲਿਖਿਆ ਕਿ ਉਹ ਕਾਰਲ ਲਿਕਨੇਖ਼ ਦੀ 'ਮਿਲੀਟ੍ਰਿਜ਼ਮ', ਲੈਨਿਨ ਦੀ 'ਲ਼ੇਫਟ ਵਿੰਗ ਕਮਿਉਨਿਜ਼ਮ' ਅਤੇ ਆਪਟਨ ਸਿੰਕਲੇਅਰ ਦਾ ਨਾਵਲ 'ਦਿ ਸਪਾਈ' ਕੁਲਬੀਰ ਰਾਹੀਂ ਭੇਜ ਦੇਵੇ।ਭਗਤ ਸਿੰਘ ਜੇਲ੍ਹ ਦੀ ਸਖ਼ਤ ਜ਼ਿੰਦਗੀ ਦੇ ਆਦੀ ਹੋ ਗਏ ਸਨ। ਉਨ੍ਹਾਂ ਦੀ ਕੋਠੜੀ ਨੰਬਰ 14 ਦਾ ਫਰਸ਼ ਪੱਕਾ ਨਹੀਂ ਸੀ, ਉਸ 'ਤੇ ਘਾਹ ਉੱਗਿਆ ਹੋਇਆ ਸੀ। ਉਸ 'ਚ ਬੱਸ ਇੰਨੀ ਕੁ ਥਾਂ ਸੀ ਕਿ ਉਨ੍ਹਾਂ ਦਾ 5 ਫੁੱਟ 10 ਇੰਚ ਦਾ ਸਰੀਰ ਮੁਸ਼ਕਲ ਨਾਲ ਆ ਸਕੇ।ਭਗਤ ਸਿੰਘ ਨੂੰ ਫਾਂਸੀ ਤੋਂ ਦੋ ਘੰਟੇ ਪਹਿਲਾਂ ਉਨ੍ਹਾਂ ਦੇ ਵਕੀਲ ਪ੍ਰਾਣ ਨਾਥ ਮਹਿਤਾ ਉਨ੍ਹਾਂ ਨੂੰ ਮਿਲਣ ਆਏ। ਮਹਿਤਾ ਨੇ ਬਾਅਦ ਵਿੱਚ ਲਿਖਿਆ ਕਿ ਭਗਤ ਸਿੰਘ ਆਪਣੀ ਛੋਟੀ ਜਿਹੀ ਕੋਠੜੀ 'ਚ ਪਿੰਜਰੇ 'ਚ ਬੰਦ ਸ਼ੇਰ ਵਾਂਗ ਚੱਕਰ ਲਾ ਰਹੇ ਸਨ।

'ਇਨਕਲਾਬ ਜ਼ਿੰਦਾਬਾਦ !'ਉਨ੍ਹਾਂ ਨੇ ਮੁਸਕਰਾ ਕੇ ਮਹਿਤਾ ਦਾ ਸੁਆਗਤ ਕੀਤਾ ਅਤੇ ਪੁੱਛਿਆ ਕਿ ਕੀ ਤੁਸੀਂ ਮੇਰੀ ਕਿਤਾਬ 'ਰਿਵੋਲਿਊਸ਼ਨਰੀ ਲੇਨਿਨ' ਲਿਆਏ ਹੋ ਜਾਂ ਨਹੀਂ? ਜਦ ਮਹਿਤਾ ਨੇ ਉਨ੍ਹਾਂ ਨੂੰ ਕਿਤਾਬ ਦਿੱਤੀ ਤਾਂ ਉਹ ਉਸੇ ਸਮੇਂ ਹੀ ਪੜ੍ਹਣ ਲੱਗੇ ਸਨ ਜਿਵੇਂ ਉਨ੍ਹਾਂ ਕੋਲ ਹੁਣ ਜ਼ਿਆਦਾ ਸਮਾਂ ਨਹੀਂ ਸੀ।ਮਹਿਤਾ ਨੇ ਉਨ੍ਹਾਂ ਨੂੰ ਪੁੱਛਿਆ ਕਿ ਕੀ ਤੁਸੀਂ ਦੇਸ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ? ਭਗਤ ਸਿੰਘ ਨੇ ਕਿਤਾਬ ਤੋਂ ਆਪਣਾ ਧਿਆਨ ਹਟਾਏ ਬਿਨਾ ਕਿਹਾ, "ਸਿਰਫ਼ ਦੋ ਸੁਨੇਹੇ ... ਸਮਰਾਜਵਾਦ ਮੁਰਦਾਬਾਦ ਅਤੇ ਇਨਕਲਾਬ ਜਿੰਦਾਬਾਦ!"ਇਸ ਤੋਂ ਬਾਅਦ ਭਗਤ ਸਿੰਘ ਨੇ ਮਹਿਤਾ ਨੂੰ ਕਿਹਾ ਕਿ ਉਹ ਪੰਡਿਤ ਨਹਿਰੂ ਅਤੇ ਸੁਭਾਸ਼ ਚੰਦਰ ਬੋਸ ਨੂੰ ਮੇਰਾ ਧੰਨਵਾਦ ਪਹੁੰਚਾ ਦੇਣ, ਜਿਨ੍ਹਾਂ ਨੇ ਮੇਰੇ ਕੇਸ ਵਿੱਚ ਡੂੰਘੀ ਦਿਲਚਸਪੀ ਦਿਖਾਈ ਸੀ। ਭਗਤ ਸਿੰਘ ਨਾਲ ਮੁਲਾਕਾਤ ਤੋਂ ਬਾਅਦ ਮਹਿਤਾ ਰਾਜਗੁਰੂ ਨੂੰ ਮਿਲਣ ਉਨ੍ਹਾਂ ਦੀ ਕੋਠੜੀ ਪਹੁੰਚੇ।ਰਾਜਗੁਰੂ ਦੇ ਆਖਰੀ ਸ਼ਬਦ ਸਨ, "ਅਸੀਂ ਛੇਤੀ ਮਿਲਾਂਗੇ।"

ਸੁਖਦੇਵ ਨੇ ਮਹਿਤਾ ਨੂੰ ਯਾਦ ਦਿਵਾਇਆ ਕਿ ਉਨ੍ਹਾਂ ਦੀ ਮੌਤ ਤੋਂ ਬਾਅਦ ਉਹ ਜੇਲ੍ਹਰ ਕੋਲੋਂ ਕੈਰਮ ਬੋਰਡ ਲੈ ਲੈਣ ਜੋ ਉਨ੍ਹਾਂ ਨੇ ਉਨ੍ਹਾਂ ਨੂੰ ਕੁਝ ਮਹੀਨੇ ਪਹਿਲਾਂ ਦਿੱਤਾ ਸੀ।ਤਿੰਨ ਕ੍ਰਾਂਤੀਕਾਰੀਮਹਿਤਾ ਦੇ ਜਾਣ ਤੋਂ ਥੋੜ੍ਹੀ ਦੇਰ ਬਾਅਦ ਜੇਲ੍ਹ ਅਧਿਕਾਰੀਆਂ ਨੇ ਤਿੰਨਾਂ ਕ੍ਰਾਂਤੀਕਾਰੀਆਂ ਨੂੰ ਦੱਸ ਦਿੱਤਾ ਕਿ ਉਨ੍ਹਾਂ ਨੂੰ ਸਮੇਂ ਤੋਂ 12 ਘੰਟੇ ਪਹਿਲਾਂ ਹੀ ਫਾਂਸੀ ਦਿੱਤੀ ਜਾ ਰਹੀ ਹੈ। ਅਗਲੇ ਦਿਨ ਸਵੇਰੇ ਛੇ ਵਜੇ ਦੀ ਬਜਾਏ ਉਸੇ ਸ਼ਾਮ 7 ਵਜੇ ਫਾਂਸੀ 'ਤੇ ਚੜ੍ਹਾ ਦਿੱਤਾ ਜਾਵੇਗਾ।

ਭਗਤ ਸਿੰਘ ਮਹਿਤਾ ਵਲੋਂ ਦਿੱਤੀ ਗਈ ਕਿਤਾਬ ਦੇ ਕੁਝ ਪੰਨੇ ਹੀ ਪੜ੍ਹੇ ਸਕੇ ਸਨ। ਉਨ੍ਹਾਂ ਦੇ ਮੂੰਹੋਂ ਨਿਕਲਿਆਂ ਕਿ "ਕੀ ਤੁਸੀਂ ਮੈਨੂੰ ਇਸ ਕਿਤਾਬ ਦਾ ਇੱਕ ਅਧਿਆਏ ਵੀ ਪੂਰਾ ਨਹੀਂ ਪੜ੍ਹਣ ਦਿਓਗੇ ?"ਭਗਤ ਸਿੰਘ ਨੇ ਜੇਲ੍ਹ ਦੇ ਮੁਸਲਿਮ ਸਫ਼ਾਈ ਕਰਮਚਾਰੀ ਬੇਬੇ ਨੂੰ ਬੇਨਤੀ ਕੀਤੀ ਸੀ ਕਿ ਫਾਂਸੀ ਤੋਂ ਇਕ ਦਿਨ ਪਹਿਲਾਂ ਸ਼ਾਮ ਨੂੰ ਉਹ ਆਪਣੇ ਘਰੋਂ ਭੋਜਨ ਲਿਆਉਣ।ਪਰ ਬੇਬੇ ਭਗਤ ਸਿੰਘ ਦੀ ਇਹ ਇੱਛਾ ਪੂਰੀ ਨਹੀਂ ਕਰ ਸਕੇ, ਕਿਉਂਕਿ ਭਗਤ ਸਿੰਘ ਨੂੰ 12 ਘੰਟੇ ਪਹਿਲਾਂ ਫਾਂਸੀ ਦੇਣ ਦਾ ਫੈਸਲਾ ਲੈ ਲਿਆ ਗਿਆ ਸੀ ਅਤੇ ਬੇਬੇ ਜੇਲ੍ਹ ਦੇ ਗੇਟ ਅੰਦਰ ਨਹੀਂ ਆ ਸਕੇ।

ਅਜ਼ਾਦੀ ਦਾ ਗੀਤ

ਕੁਝ ਦੇਰ ਬਾਅਦ ਤਿੰਨਾਂ ਕ੍ਰਾਂਤੀਕਾਰੀਆਂ ਨੂੰ ਫਾਂਸੀ ਦੀ ਤਿਆਰੀ ਲਈ ਉਨ੍ਹਾਂ ਦੀਆਂ ਕੋਠੜੀਆਂ ਤੋਂ ਬਾਹਰ ਲਿਆਂਦਾ ਗਿਆ। ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੇ ਆਪਣੇ ਹੱਥ ਜੋੜੇ ਅਤੇ ਆਪਣਾ ਮਨਪਸੰਦ ਅਜ਼ਾਦੀ ਦਾ ਗੀਤ ਗਾਉਣੇ ਲੱਗੇ-

ਕਦੇ ਉਹ ਦਿਨ ਆਵੇਗਾ

ਕਿ ਜਦ ਅਸੀਂ ਅਜ਼ਾਦ ਹੋਵਾਂਗੇ

ਇਹ ਆਪਣੀ ਹੀ ਧਰਤੀ ਹੋਵੇਗੀ

ਇਹ ਆਪਣਾ ਅਸਮਾਨ ਹੋਵੇਗਾ

ਫਿਰ ਇਨ੍ਹਾਂ ਤਿੰਨਾਂ ਦਾ ਇੱਕ-ਇੱਕ ਕਰਕੇ ਭਾਰ ਤੋਲਿਆ ਗਿਆ। ਸਾਰਿਆਂ ਦਾ ਭਾਰ ਵਧਿਆ ਹੋਇਆ ਸੀ। ਇਨ੍ਹਾਂ ਸਾਰਿਆਂ ਨੂੰ ਅਪਣਾ ਆਖ਼ਰੀ ਇਸ਼ਨਾਨ ਕਰਨ ਲਈ ਕਿਹਾ ਗਿਆ। ਫਿਰ ਉਨ੍ਹਾਂ ਨੂੰ ਪਾਉਣ ਲਈ ਕਾਲੇ ਕੱਪੜੇ ਦਿੱਤੇ ਪਰ ਉਨ੍ਹਾਂ ਦੇ ਚਿਹਰੇ ਖੁੱਲ੍ਹੇ ਰਹਿਣ ਦਿੱਤੇ ਗਏ।ਚੜਤ ਸਿੰਘ ਨੇ ਭਗਤ ਸਿੰਘ ਦੇ ਕੰਨ 'ਚ ਕਿਹਾ ਵਾਹਿਗੁਰੂ ਨੂੰ ਯਾਦ ਕਰੋ।ਜਿਵੇਂ ਹੀ ਜੇਲ੍ਹ ਦੀ ਘੜੀ ਨੇ 6 ਵਜਾਏ ਤਾਂ, ਕੈਦੀਆਂ ਨੇ ਦੂਰੋਂ ਆਉਣ ਵਾਲੇ ਕੁਝ ਕਦਮਾਂ ਦੀ ਅਵਾਜ਼ ਸੁਣੀ। ਉਨ੍ਹਾਂ ਦੇ ਨਾਲ ਹੀ ਭਾਰੇ ਬੂਟਾਂ ਦੀ ਜ਼ਮੀਨ 'ਤੇ ਤੁਰਨ ਦੀ ਅਵਾਜ਼ ਵੀ ਆ ਰਹੀ ਸੀ।ਇਸ ਦੇ ਨਾਲ ਹੀ ਇੱਕ ਗਾਣੇ ਵੀ ਦੀ ਦੱਬੀ ਹੋਈ ਅਵਾਜ਼, "ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ ..." ਵੀ ਸੁਣ ਰਹੀ ਸੀ।ਸਾਰਿਆਂ ਨੂੰ ਅਚਾਨਕ 'ਇਨਕਲਾਬ ਜ਼ਿੰਦਾਬਾਦ' ਅਤੇ 'ਹਿੰਦੁਸਤਾਨ ਆਜ਼ਾਦ ਹੋ' ਦੇ ਨਾਅਰੇ ਸੁਣਨ ਲੱਗੇ। ਫਾਂਸੀ ਦਾ ਤਖ਼ਤਾ ਪੁਰਾਣਾ ਸੀ ਪਰ ਫਾਂਸੀ ਦੇਣ ਵਾਲਾ ਕਾਫ਼ੀ ਤੰਦਰੁਸਤ ਸੀ। ਫਾਂਸੀ ਦੇਣ ਲਈ ਮਸੀਹ ਜ਼ੱਲਾਦ ਨੂੰ ਲਾਹੌਰ ਨੇੜਿਓਂ ਸ਼ਾਹਦਾਰਾ ਤੋਂ ਬੁਲਾਇਆ ਗਿਆ ਸੀ।ਭਗਤ ਸਿੰਘ ਵਿਚਾਲੇ ਖੜੇ ਸਨ। ਭਗਤ ਸਿੰਘ ਆਪਣੀ ਮਾਂ ਨੂੰ ਦਿੱਤਾ ਵਚਨ ਪੂਰਾ ਕਰਨਾ ਚਾਹੁੰਦੇ ਸਨ ਕਿ ਉਹ ਦੇ ਤਖ਼ਤੇ ਤੋਂ 'ਇਨਕਲਾਬ ਜ਼ਿੰਦਾਬਾਦ' ਦਾ ਨਾਅਰਾ ਲਗਾਉਣਗੇ।

ਲਾਹੌਰ ਸੈਂਟ੍ਰਲ ਜੇਲ੍ਹ

ਲਾਹੌਰ ਜ਼ਿਲਾ ਕਾਂਗਰਸ ਦੇ ਸਕੱਤਰ ਪਿੰਡੀ ਦਾਸ ਸੋਂਧੀ ਦਾ ਘਰ ਲਹੌਰ ਸੈਂਟ੍ਰਲ ਜੇਲ੍ਹ ਦੇ ਬਿਲਕੁਲ ਨਾਲ ਸੀ। ਭਗਤ ਸਿੰਘ ਨੇ ਇੰਨੀ ਜ਼ੋਰ ਨਾਲ 'ਇਨਕਲਾਬ ਜ਼ਿੰਦਾਬਾਦ' ਦਾ ਨਾਅਰਾ ਲਗਾਇਆ ਕਿ ਉਸ ਦੀ ਆਵਾਜ਼ ਸੋਂਧੀ ਦੇ ਘਰ ਸੁਣਾਈ ਦਿੱਤੀ।ਉਨ੍ਹਾਂ ਦੀ ਅਵਾਜ਼ ਸੁਣਦਿਆਂ ਹੀ ਜੇਲ੍ਹ ਦੇ ਦੂਜੇ ਕੈਦੀ ਵੀ ਨਾਅਰੇ ਲਾਉਣ ਲੱਗੇ। ਤਿੰਨਾਂ ਨੌਜਵਾਨ ਇਨਕਲਾਬੀਆਂ ਦੇ ਗਲੇ 'ਚ ਫਾਂਸੀ ਦਾ ਰੱਸਾ ਪਾ ਦਿੱਤਾ ਗਿਆ। ਉਨ੍ਹਾਂ ਦੇ ਹੱਥ-ਪੈਰ ਬੰਨ੍ਹ ਦਿੱਤੇ ਗਏ ਸਨ। ਫਿਰ ਜੱਲਾਦ ਨੇ ਪੁੱਛਿਆ, "ਪਹਿਲਾਂ ਕੌਣ ਜਾਵੇਗਾ?""ਸੁਖਦੇਵ ਨੇ ਸਭ ਤੋਂ ਪਹਿਲਾ ਫਾਂਸੀ 'ਤੇ ਚੜ੍ਹਣ ਦੀ ਹਾਮੀ ਭਰੀ। ਜੱਲਾਦ ਨੇ ਇੱਕ ਇੱਕ ਕਰ ਕੇ ਰੱਸੀ ਖਿੱਚੀ ਅਤੇ ਉਨ੍ਹਾਂ ਦੇ ਪੈਰਾਂ ਹੇਠ ਲੱਗੇ ਤਖ਼ਤੇ ਨੂੰ ਹਟਾ ਦਿੱਤਾ। ਕਾਫ਼ੀ ਦੇਰ ਤੱਕ ਉਨ੍ਹਾਂ ਦੇ ਸਰੀਰ ਲਟਕਦੇ ਰਹੇ।ਅਖ਼ੀਰ ਉਨ੍ਹਾਂ ਨੂੰ ਹੇਠਾਂ ਲਾਇਆ ਗਿਆ ਅਤੇ ਉੱਥੇ ਮੌਜੂਦ ਡਾਕਟਰਾਂ ਲੈਫਟੀਨੈਂਟ ਕਰਨਲ ਜੇ.ਜੇ. ਨੈਲਸਨ ਅਤੇ ਲੈਫਟੀਨੈਂਟ ਕਰਨਲ ਐੱਨ.ਐੱਸ. ਸੋਂਧੀ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਅੰਤਮ ਸਸਕਾਰ

ਇੱਕ ਜੇਲ੍ਹ ਅਧਿਕਾਰੀ 'ਤੇ ਫਾਂਸੀ ਦਾ ਇੰਨਾ ਅਸਰ ਹੋਇਆ ਕਿ ਜਦੋਂ ਉਸ ਨੂੰ ਕਿਹਾ ਗਿਆ ਕਿ ਉਹ ਮ੍ਰਿਤਕਾਂ ਦੀ ਪਛਾਣ ਕਰੇ ਤਾਂ ਉਸ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਉਸ ਨੂੰ ਉਸੇ ਥਾਂ 'ਤੇ ਹੀ ਮੁਅੱਤਲ ਕਰ ਦਿੱਤਾ ਗਿਆ। ਇੱਕ ਜੂਨੀਅਰ ਅਫ਼ਸਰ ਨੇ ਇਸ ਕੰਮ ਨੂੰ ਅੰਜਾਮ ਦਿੱਤਾ।ਪਹਿਲਾ ਯੋਜਨਾ ਸੀ ਕਿ ਇਨ੍ਹਾਂ ਦੀ ਅੰਤਮ ਸਸਕਾਰ ਜੇਲ੍ਹ 'ਚ ਹੀ ਕੀਤਾ ਜਾਵੇਗਾ ਪਰ ਜਦੋਂ ਅਧਿਕਾਰੀਆਂ ਨੂੰ ਇਹ ਅਹਿਸਾਸ ਹੋਇਆ ਕਿ ਜੇਲ੍ਹ 'ਚੋਂ ਧੂੰਆਂ ਨਿਕਲਦਿਆ ਦੇਖ ਬਾਹਰ ਖੜ੍ਹੀ ਭੀੜ ਜੇਲ੍ਹ 'ਤੇ ਹਮਲਾ ਕਰ ਸਕਦੀ ਹੈ ਤਾਂ ਇਹ ਵਿਚਾਰ ਛੱਡਣਾ ਪਿਆ।ਇਸ ਲਈ ਜੇਲ੍ਹ ਦੀ ਪਿਛਲੀ ਕੰਧ ਤੋੜੀ ਗਈ ਅਤੇ ਇੱਕ ਟਰੱਕ ਜੇਲ੍ਹ ਦੇ ਅੰਦਰ ਲਿਆਂਦਾ ਗਿਆ ਤੇ ਉਸ 'ਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਬੁਰੇ ਤਰੀਕੇ ਨਾਲ ਲੱਦਿਆ ਗਿਆ।ਪਹਿਲਾ ਤੈਅ ਹੋਇਆ ਕਿ ਅੰਤਮ ਸਸਕਾਰ ਰਾਵੀ ਦੇ ਕੰਢੇ ਕੀਤਾ ਜਾਵੇਗਾ ਪਰ ਰਾਵੀ 'ਚ ਪਾਣੀ ਬਹੁਤ ਘੱਟ ਸੀ, ਇਸ ਕਰਕੇ ਸਸਕਾਰ ਲਈ ਸਤਲੁਜ ਦਾ ਕੰਢਾ ਚੁਣਿਆ ਗਿਆ।

ਲਾਹੌਰ 'ਚ ਨੋਟਿਸ

ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਨੂੰ ਫ਼ਿਰੋਜ਼ਪੁਰ ਦੇ ਨੇੜੇ ਸਤਲੁਜ ਕੰਢੇ ਲਿਆਂਦਾ ਗਿਆ। ਰਾਤ ਦੇ 10 ਵੱਜ ਚੁੱਕੇ ਸਨ। ਪੁਲਿਸ ਅਧਿਕਾਰੀ ਸੁਦਰਸ਼ਨ ਸਿੰਘ ਕਸੂਰ ਪਿੰਡ ਤੋਂ ਇੱਕ ਪੁਜਾਰੀ ਜਗਦੀਸ਼ ਅਚਰਜ ਨੂੰ ਬੁਲਾ ਲਿਆਏ।ਅਜੇ ਲਾਸ਼ਾਂ ਨੂੰ ਅੱਗ ਲਾਈ ਹੀ ਸੀ ਕਿ ਲੋਕਾਂ ਨੂੰ ਪਤਾ ਲੱਗ ਗਿਆ। ਜਿਵੇਂ ਹੀ ਬਰਤਾਨਵੀ ਸੈਨਿਕਾਂ ਨੇ ਲੋਕਾਂ ਨੂੰ ਆਪਣੇ ਵੱਲ ਆਉਂਦਿਆਂ ਦੇਖਿਆ ਤਾਂ ਉਹ ਲਾਸ਼ਾਂ ਨੂੰ ਉੱਥੇ ਛੱਡ ਕੇ ਭੱਜ ਗਏ। ਸਾਰੀ ਰਾਤ ਲੋਕਾਂ ਨੇ ਲਾਸ਼ਾਂ ਦੇ ਚਾਰੇ ਪਾਸੇ ਪਹਿਰਾ ਦਿੱਤਾ ਸੀ।ਅਗਲੇ ਦਿਨ ਕਰੀਬ ਦੁਪਹਿਰ ਵੇਲੇ ਜ਼ਿਲਾ ਮੈਜਿਸਟ੍ਰੇ਼ਟ ਦੇ ਦਸਤਖ਼ਤ ਨਾਲ ਕਈ ਇਲਾਕਿਆਂ ਵਿੱਚ ਨੋਟਿਸ ਲਗਾਏ ਗਏ ਕਿ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸਤਲੁਜ ਕੰਢੇ ਹਿੰਦੂ ਅਤੇ ਸਿੱਖ ਮਰਿਆਦਾ ਮੁਤਾਬਕ ਅੰਤਮ ਸਸਕਾਰ ਕਰ ਦਿੱਤਾ ਗਿਆ।ਇਸ ਖ਼ਬਰ 'ਤੇ ਲੋਕਾਂ ਦੀ ਸਖ਼ਤ ਪ੍ਰਤੀਕਿਰਿਆ ਆਈ ਅਤੇ ਲੋਕਾਂ ਨੇ ਕਿਹਾ ਕਿ ਇਨ੍ਹਾਂ ਦਾ ਅੰਤਮ ਸਸਕਾਰ ਕਰਨਾ ਤਾਂ ਦੂਰ, ਉਨ੍ਹਾਂ ਦੀਆਂ ਦੇਹਾਂ ਨੂੰ ਪੂਰੀ ਤਰ੍ਹਾਂ ਨਾਲ ਸਾੜਿਆ ਤੱਕ ਨਹੀਂ ਗਿਆ। ਜ਼ਿਲਾ ਮੈਜਿਸਟ੍ਰੇਟ ਨੇ ਇਸ ਦਾ ਖੰਡਨ ਕੀਤਾ ਪਰ ਕਿਸੇ ਨੇ ਉਨ੍ਹਾਂ 'ਤੇ ਵਿਸ਼ਵਾਸ ਨਹੀਂ ਕੀਤਾ।

ਭਗਤ ਸਿੰਘ ਦਾ ਪਰਿਵਾਰ

ਇਨ੍ਹਾਂ ਤਿੰਨਾਂ ਦੇ ਸਨਮਾਨ ਵਿੱਚ 3 ਮੀਲ ਲੰਬਾ ਸੋਗ ਮਾਰਚ ਕੱਢਿਆ ਗਿਆ। ਮਰਦਾਂ ਨੇ ਵਿਰੋਧ ਜਤਾਉਂਦਿਆਂ ਆਪਣੀਆਂ ਬਾਹਵਾਂ 'ਤੇ ਕਾਲੀਆਂ ਪੱਟੀਆਂ ਬੰਨੀਆਂ ਸਨ ਅਤੇ ਔਰਤਾਂ ਨੇ ਕਾਲੀਆਂ ਚੁੰਨੀਆਂ ਲਈਆਂ ਸਨ।ਲਗਭਗ ਸਾਰੇ ਲੋਕਾਂ ਦੇ ਹੱਥ ਵਿੱਚ ਕਾਲੇ ਝੰਡੇ ਸਨ। ਲਹੌਰ ਦੇ ਮਾਲ ਰੋਡ ਤੋਂ ਲੰਘਦਾ ਹੋਇਆ ਮਾਰਚ ਅਨਾਰਕਲੀ ਬਜ਼ਾਰ ਵਿਚਕਾਰ ਰੁਕਿਆ।ਅਚਾਨਕ ਪੂਰੀ ਭੀੜ ਵਿੱਚ ਉਸ ਵੇਲੇ ਚੁੱਪ ਪਸਰ ਗਈ ਜਦ ਇਹ ਐਲਾਨ ਹੋਇਆ ਕਿ ਭਗਤ ਸਿੰਘ ਦਾ ਪਰਿਵਾਰ ਤਿੰਨਾਂ ਸ਼ਹੀਦਾਂ ਦੇ ਬਚੇ ਹੋਏ ਹਿੱਸਿਆਂ ਨਾਲ ਫ਼ਿਰੋਜ਼ਪੁਰ ਤੋਂ ਇੱਥੇ ਪਹੁੰਚ ਗਿਆ ਹੈ।ਜਿਵੇਂ ਹੀ ਫੁੱਲਾਂ ਨਾਲ ਢੱਕੇ ਤਾਬੂਤਾਂ 'ਚ ਉਨ੍ਹਾਂ ਦੀਆਂ ਦੇਹਾਂ ਉੱਥੇ ਪਹੁੰਚੀਆਂ ਤਾਂ ਭੀੜ ਭਾਵੁਕ ਹੋ ਗਈ। ਲੋਕ ਆਪਣੇ ਅੱਥਰੂ ਨਹੀਂ ਰੋਕ ਸਕੇ।

ਬ੍ਰਿਟਿਸ਼ ਸਮਰਾਜ

ਉੱਥੇ ਇੱਕ ਮਸ਼ਹੂਰ ਅਖ਼ਬਾਰ ਸੰਪਾਦਕ ਮੌਲਾਨਾ ਜ਼ਫਰ ਅਲੀ ਨੇ ਇੱਕ ਨਜ਼ਮ ਪੜ੍ਹੀ, "ਕਿਵੇਂ ਇਨ੍ਹਾਂ ਸ਼ਹੀਦਾਂ ਦੀਆਂ ਅਧਸੜੀਆਂ ਲਾਸ਼ਾਂ ਨੂੰ ਖੁੱਲ੍ਹੇ ਅਸਮਾਨ ਹੇਠ ਜ਼ਮੀਨ 'ਤੇ ਛੱਡ ਦਿੱਤਾ ਗਿਆ।"ਵਾਰਡਨ ਚੜਤ ਸਿੰਘ ਸੁਸਤ ਕਦਮਾਂ ਨਾਲ ਆਪਣੇ ਕਮਰੇ 'ਚ ਆਇਆ ਅਤੇ ਉੱਚੀ-ਉੱਚੀ ਰੋਣ ਲੱਗਾ। ਆਪਣੇ 30 ਸਾਲਾਂ ਦੇ ਕਰੀਅਰ ਵਿੱਚ ਉਸ ਨੇ ਸੈਂਕੜੇ ਫਾਂਸੀਆਂ ਦੇਖੀਆਂ ਸਨ। ਪਰ ਭਗਤ ਸਿੰਘ ਅਤੇ ਉਸ ਦੇ ਦੋ ਸਾਥੀਆਂ ਵਾਂਗ ਕਿਸੇ ਨੇ ਵੀ ਮੌਤ ਨੂੰ ਇੰਨੀ ਬਹਾਦਰੀ ਨਾਲ ਗਲ ਨਹੀਂ ਲਾਇਆ।