ਅਮੈਰੀਕਨ ਏਅਰਲਾਈਨਜ ਦੇ ਯਾਤਰੀ ਦੀ ਉਡਾਣ ਦੌਰਾਨ ਹੋਈ ਮੌਤ

ਅਮੈਰੀਕਨ ਏਅਰਲਾਈਨਜ ਦੇ ਯਾਤਰੀ ਦੀ ਉਡਾਣ ਦੌਰਾਨ ਹੋਈ ਮੌਤ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਉੱਤਰੀ ਕੈਰੋਲੀਨਾ ਜਾ ਰਹੇ ਅਮੈਰੀਕਨ ਏਅਰਲਾਈਨਜ ਦੇ ਜਹਾਜ਼ ਵਿਚ ਉਡਾਣ ਦੌਰਾਨ ਬਿਮਾਰ ਹੋਈ ਇਕ ਔਰਤ ਯਾਤਰੀ ਦੀ ਮੌਤ ਹੋ ਜਾਣ ਦੀ ਖਬਰ ਹੈ। ਏਅਰ ਲਾਈਨਜ ਦੇ ਇਕ ਬੁਲਾਰੇ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਅਮੈਰੀਕਨ ਏਅਰਲਾਈਨਜ ਫਲਾਈਟ 2790 ਡੋਮੀਨੀਕਨ ਰਿਪਬਲਿਕ ਦੇ ਪੂੰਟਾ ਕਾਨਾ ਹਵਾਈ ਅੱਡੇ ਤੋਂ ਰਵਾਨਾ ਹੋਈ ਸੀ। ਪੁਲਿਸ ਅਨੁਸਾਰ ਔਰਤ ਨੂੰ ਡਾਕਟਰੀ ਸਹਾਇਤਾ ਦੇਣ ਲਈ ਕਮਰਸ਼ੀਅਲ ਜਹਾਜ਼ ਨੂੰ ਬਾਹਾਮਾਸ ਦੇ ਦੱਖਣ ਪੂਰਬ ਵਿਚ ਇਕ ਟਾਪੂ 'ਤੇ ਉਤਾਰਿਆ ਗਿਆ। ਰਾਇਲ ਟਰਕਸ ਐਂਡ ਸਾਈਕੋਸ ਆਈਲੈਂਡ ਪੁਲਿਸ ਫੋਰਸ ਅਨੁਸਾਰ ਜਹਾਜ਼ ਚਾਰਲੋਟ ਜਾ ਰਿਹਾ ਸੀ ਜਿਸ ਨੂੰ ਇਕ 41 ਸਾਲਾ ਔਰਤ ਦੇ ਬਿਮਾਰ ਹੋਣ ਉਪਰੰਤ ਇਥੇ ਉਤਾਰਿਆ ਗਿਆ। ਪੁਲਿਸ ਅਨੁਸਾਰ ਸ਼ਾਮ 6.15 ਵਜੇ ਏਅਰ ਟਰੈਫਿਕ ਕੰਟਰੋਲ ਟਾਵਰ ਤੋਂ ਆਏ ਇਕ ਫੋਨ ਵਿੱਚ ਇਕ ਔਰਤ ਨੂੰ ਡਾਕਟਰੀ ਸਹਾਇਤਾ ਦੇਣ ਦੀ ਬੇਨਤੀ ਕੀਤੀ ਗਈ ਸੀ। ਇਕ ਡਾਕਟਰੀ ਟੀਮ ਨੂੰ ਪੁਲਿਸ ਅਫਸਰਾਂ ਸਮੇਤ ਤੁਰੰਤ ਰਵਾਨਾ ਕੀਤਾ ਗਿਆ ਤੇ ਔਰਤ ਨੂੰ ਹਸਪਤਾਲ ਪਹੁੰਚਾਇਆ ਗਿਆ ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਅਧਿਕਾਰੀਆਂ ਨੇ ਕਿਹਾ ਹੈ ਕਿ ਮੌਤ ਦੇ ਕਾਰਨ ਦਾ ਪਤਾ ਲਾਉਣ ਲਈ ਮ੍ਰਿਤਕ ਔਰਤ ਦਾ ਪੋਸਟ ਮਾਰਟਮ ਕੀਤਾ ਜਾਵੇਗਾ। ਅਜੇ ਤੱਕ ਮ੍ਰਿਤਕ ਔਰਤ ਦੇ ਨਾਂ ਬਾਰੇ ਪਤਾ ਨਹੀਂ ਲੱਗਾ ਹੈ।