ਆਪ ਆਗੂ ਨੇ ਪਾਰਟੀ 'ਤੇ ਪੈਸੇ ਲੈ ਕੇ ਟਿਕਟਾਂ ਵੇਚਣ ਦੇ ਦੋਸ਼ ਲਾਏ; 50 ਲੱਖ ਦੀ ਠੱਗੀ ਦਾ ਦਾਅਵਾ ਕੀਤਾ

ਆਪ ਆਗੂ ਨੇ ਪਾਰਟੀ 'ਤੇ ਪੈਸੇ ਲੈ ਕੇ ਟਿਕਟਾਂ ਵੇਚਣ ਦੇ ਦੋਸ਼ ਲਾਏ; 50 ਲੱਖ ਦੀ ਠੱਗੀ ਦਾ ਦਾਅਵਾ ਕੀਤਾ
ਤਰਲੋਚਨ ਸਿੰਘ ਚੱਠਾ ਆਪ ਮੁਖੀ ਅਰਵਿੰਦ ਕੇਜਰੀਵਾਲ ਨਾਲ ਇੱਟ ਸਟੇਜ 'ਤੇ

ਸ੍ਰੀ ਅਨੰਦਪੁਰ ਸਾਹਿਬ: ਆਮ ਆਦਮੀ ਪਾਰਟੀ ਵੱਲੋਂ ਪੈਸੇ ਲੈ ਕੇ ਟਿਕਟਾਂ ਦੇਣ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਆਗੂ ਤਰਲੋਚਨ ਸਿੰਘ ਚੱਠਾ ਨੇ ਦੋਸ਼ ਲਾਏ ਹਨ ਕਿ ਅਰਵਿੰਦ ਕੇਜਰੀਵਾਲ ਵੱਲੋਂ ਭੇਜੇ ਦੁਰਗੇਸ਼ ਪਾਠਕ, ਦੀਪਕ ਤੋਮਰ ਅਤੇ ਚੰਦਨ ਸਿੰਘ ਨੇ ਵਿਧਾਨ ਸਭਾ ਟਿਕਟ ਦੇਣ ਬਦਲੇ ਉਹਨਾਂ ਨਾਲ 50 ਲੱਖ ਰੁਪਏ ਦੀ ਠੱਗੀ ਮਾਰੀ ਹੈ। 

ਤਰਲੋਚਨ ਸਿੰਘ ਚੱਠਾ ਨੇ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ 'ਚ ਆਪ ਦੇ ਢਾਂਚੇ ਨੂੰ ਮਜ਼ਬੂਤ ਕਰਨ ਲਈ ਦੁਰਗੇਸ਼ ਪਾਠਕ ਦੀ ਅਗਵਾਈ 'ਚ ਬਣਾਈ ਗਈ ਟੀਮ ਦੇ ਮੈਂਬਰ ਅਤੇ ਪਾਰਟੀ ਦੇ ਜੁਆਇੰਟ ਸਕੱਤਰ ਦੀਪਕ ਤੋਮਰ, ਚੰਦਨ ਸਿੰਘ ਨੇ ਉਹਨਾਂ ਨੂੰ ਕਿਹਾ ਕਿ ਉਹ ਸੂਬੇ ਅੰਦਰ ਪਾਰਟੀ ਨੂੰ ਮਜ਼ਬੂਤ ਕਰਨਾ ਚਾਹੁੰਦੇ ਹਨ ਤੇ ਗੋਆ ਦੀਆਂ ਚੋਣਾਂ ਵੀ ਹਨ, ਜੇਕਰ ਉਹ 50 ਲੱਖ ਰੁਪਏ ਦੇਣ ਤਾਂ ਜਿੱਥੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਆਵੇਗਾ, ਉੱਥੇ ਹੀ ਉਨ੍ਹਾਂ ਨੂੰ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਪਾਰਟੀ ਟਿਕਟ ਵੀ ਦੇਵਾਂਗੇ। ਜਿਸ ਤੋਂ ਬਾਅਦ ਉਨ੍ਹਾਂ ਸਹਿਮਤੀ ਪ੍ਰਗਟ ਕੀਤੀ ਅਤੇ ਬੈਂਕ ਤੋਂ ਲਏ ਕਰਜ਼ ਅਤੇ ਆਪਣੀ ਵੇਚੀ ਜ਼ਮੀਨ ਨਾਲ ਇਕੱਠੀ ਕੀਤੀ ਰਕਮ 30 ਲੱਖ ਰੁਪਏ ਦੀ ਪਹਿਲੀ ਕਿਸ਼ਤ ਦੇ ਰੂਪ 'ਚ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਵਿਖੇ ਨਰਿੰਦਰ ਸ਼ੇਰਗਿੱਲ ਦੀ ਫਾਰਚਿਊਨਰ ਗੱਡੀ ਜਿਸਦਾ ਨੰਬਰ ਸੀਐੱਚਏ ਸੀ-0001 ਵਿਚ ਆਪਣੇ ਪੁੱਤਰ ਆਕਾਸ਼ ਰਾਹੀਂ 4 ਨਵੰਬਰ 2016 ਨੂੰ ਪੁਰਾਣੀ ਕਰੰਸੀ ਦੇ ਰੂਪ 'ਚ ਦਿੱਤੇ। ਜਿਸ ਦੌਰਾਨ ਇਸ ਸਾਰੇ ਘਟਨਾਕ੍ਰਮ ਦਾ ਸਟਿੰਗ ਵੀ ਬਣਾਇਆ ਗਿਆ। 

ਚੱਠਾ ਨੇ ਦੱਸਿਆ ਕਿ ਉਹਨਾਂ ਨੂੰ ਸਰਕਾਰ ਬਣਨ 'ਤੇ ਚੇਅਰਮੈਨੀ ਦੇਣ ਦਾ ਵੀ ਵਾਅਦਾ ਕੀਤਾ ਗਿਆ ਸੀ। ਉਹਨਾਂ ਦੱਸਿਆ ਕਿ ਜਦੋਂ ਸਰਕਾਰ ਨਾ ਬਣੀ ਤਾਂ ਉਹਨਾਂ ਨੂੰ ਕਿਹਾ ਗਿਆ ਕਿ ਰੋਪੜ ਤੋਂ ਵਿਧਾਇਕ ਬਣੇ ਅਮਰਜੀਤ ਸੰਦੋਆ ਉਹਨਾਂ ਨੂੰ ਪੈਸੇ ਵਾਪਿਸ ਕਰਨਗੇ ਤੇ ਜਦੋਂ ਹੁਣ ਸੰਦੋਆ ਨੇ ਵੀ ਪੈਸੇ ਨਾ ਦਿੱਤੇ ਤਾਂ ਕਿਹਾ ਗਿਆ ਕਿ ਨਰਿੰਦਰ ਸ਼ੇਰਗਿੱਲ ਉਹਨਾਂ ਨੂੰ ਪੈਸੇ ਵਾਪਿਸ ਕਰਨਗੇ। ਚੱਠਾ ਨੇ ਦੋਸ਼ ਲਾਇਆ ਕਿ ਉਹਨਾਂ ਨੂੰ ਲੰਬੇ ਸਮੇਂ ਤੋਂ ਝੂਠੇ ਲਾਰਿਆਂ ਵਿੱਚ ਰੱਖਿਆ ਜਾ ਰਿਹਾ ਹੈ ਜਦਕਿ ਇਸ ਮਾਮਲੇ ਬਾਰੇ ਕੇਜਰੀਵਾਲ ਤੋਂ ਲੈ ਕੇ ਬਲਾਕ ਪੱਧਰ ਦੇ ਸਾਰੇ ਆਗੂਆਂ ਨੂੰ ਪਤਾ ਹੈ। ਚੱਠਾ ਨੇ ਕਿਹਾ ਕਿ ਹਾਰ ਕੇ ਉਹਨਾਂ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਹੈ ਤੇ ਆਪਣੇ ਬਿਆਨ ਦਰਜ ਕਰਵਾ ਦਿੱਤੇ ਹਨ।

ਰੂਪਨਗਰ ਦੇ ਐੱਸਐੱਸਪੀ ਸਵਪਨ ਸ਼ਰਮਾ ਨੇ ਕਿਹਾ ਕਿ ਉਹਨਾਂ ਕੋਲ ਇਹ ਸ਼ਿਕਾਇਤ ਪਹੁੰਚੀ ਹੈ ਜਿਸ 'ਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਕਾਰਵਾਈ ਕੀਤੀ ਜਾ ਰਹੀ ਹੈ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ