ਖੇਤੀ ਜਿਣਸਾਂ ਬਾਰੇ ਕੇਂਦਰੀ ਆਰਡੀਨੈਂਸਾਂ ਸਬੰਧੀ ਬੈਠਕ ਵਿਚ ਆਪੋ-ਆਪਣੀਆਂ ਸਿਆਸੀ ਰੋਟੀਆਂ ਸੇਕੀਆਂ ਗਈਆਂ

ਖੇਤੀ ਜਿਣਸਾਂ ਬਾਰੇ ਕੇਂਦਰੀ ਆਰਡੀਨੈਂਸਾਂ ਸਬੰਧੀ ਬੈਠਕ ਵਿਚ ਆਪੋ-ਆਪਣੀਆਂ ਸਿਆਸੀ ਰੋਟੀਆਂ ਸੇਕੀਆਂ ਗਈਆਂ

ਅੰਮ੍ਰਿਤਸਰ ਟਾਈਮਜ਼ ਬਿਊਰੋ

ਭਾਰਤ ਦੀ ਕੇਂਦਰ ਸਰਕਾਰ ਵੱਲੋਂ ਖੇਤੀ ਜਿਣਸਾਂ ਬਾਰੇ ਜਾਰੀ ਕੇਂਦਰੀ ਆਰਡੀਨੈਂਸਾਂ ਦੇ ਮੁੱਦੇ 'ਤੇ ਗੱਲਬਾਤ ਕਰਨ ਲਈ ਬੀਤੇ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸੱਦੀ ਸਰਬ ਪਾਰਟੀ ਬੈਠਕ ਇਕ ਵਾਰ ਫੇਰ ਦਰਸਾ ਗਈ ਕਿ ਸਾਰੀਆਂ ਸਿਆਸੀ ਜਮਾਤਾਂ ਪੰਜਾਬ ਦੇ ਭਲੇ ਨੂੰ ਵਿਸਾਰ ਚੁੱਕੀਆਂ ਹਨ ਤੇ ਹਰ ਮੁੱਦੇ ਨੂੰ ਆਪਣੀਆਂ ਸਿਆਸੀ ਰੋਟੀਆਂ ਸੇਕਣ ਤੱਕ ਸੀਮਤ ਰੱਖ ਰਹੀਆਂ ਹਨ।

ਜਿੱਥੇ ਕੈਪਟਨ ਅਮਰਿੰਦਰ ਸਿੰਘ ਨੇ ਇਸ ਸਰਬ ਪਾਰਟੀ ਬੈਠਕ ਵਿਚ ਸੁਖਦੇਵ ਸਿੰਘ ਢੀਂਡਸਾ ਨੂੰ ਤਾਂ ਬੁਲਾਇਆ ਪਰ ਇਹਨਾਂ ਆਰਡੀਨੈਂਸਾਂ ਖਿਲਾਫ ਜਨਤਕ ਮੁਹਿੰਮ ਚਲਾ ਰਹੇ ਲੋਕ ਇਨਸਾਫ ਪਾਰਟੀ ਦੇ ਬੈਂਸ ਭਰਾਵਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ। 

ਬੈਠਕ ਵਿਚ ਇਹਨਾਂ ਆਰਡੀਨੈਂਸਾਂ ਦੇ ਖਿਲਾਫ ਲਿਆਂਦੇ ਗਏ ਮਤਿਆਂ 'ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਭਾਜਪਾ ਨੇ ਸਹਿਮਤੀ ਨਹੀਂ ਦਿੱਤੀ। ਇਹਨਾਂ ਦੋਵਾਂ ਨੂੰ ਛੱਡ ਕੇ ਬੈਠਕ ਵਿਚ ਸ਼ਾਮਲ ਹੋਈਆਂ ਬਾਕੀ ਧਿਰਾਂ ਜਿਹਨਾਂ ਵਿਚ ਕਾਂਗਰਸ, ਆਪ, ਸੀਪੀਆਈ ਦੇ ਸਕੱਤਰ ਬੰਤ ਸਿੰਘ ਬਰਾੜ, ਸੀਪੀਐੱਮ ਦੇ ਸੁਖਵਿੰਦਰ ਸਿੰਘ ਸੇਖੋਂ, ਬਹੁਜਨ ਸਮਾਜ ਪਾਰਟੀ ਦੇ ਜਸਵੀਰ ਸਿੰਘ ਗੜੀ ਨੇ ਮਤੇ ਦੀ ਹਮਾਇਤ ਕੀਤੀ।

ਵੀਡੀਓ ਕਾਨਫਰੰਸ ਜ਼ਰੀਏ ਹੋਈ ਸਰਬ ਪਾਰਟੀ ਮੀਟਿੰਗ ਦੀ ਪ੍ਰਧਾਨਗੀ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਅਤੇ ਮੀਟਿੰਗ ਕਰੀਬ ਸਾਢੇ ਚਾਰ ਘੰਟੇ ਚੱਲੀ। ਸੂਤਰਾਂ ਅਨੁਸਾਰ ਮੀਟਿੰਗ ਵਿਚ ਅੱਜ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਦਰਮਿਆਨ ਨੋਕ-ਝੋਕ ਵੀ ਹੋਈ। ਇਸੇ ਦੌਰਾਨ ‘ਆਪ’ ਦੇ ਕਨਵੀਨਰ ਭਗਵੰਤ ਮਾਨ ਅਤੇ ਸੁਖਬੀਰ ਬਾਦਲ ਵੀ ਭਿੜੇ।

ਮੁੱਖ ਮੰਤਰੀ ਨੇ ਮੀਟਿੰਗ ਮਗਰੋਂ ਜਾਰੀ ਬਿਆਨ ਵਿਚ ਕਿਹਾ ਕਿ ਕਿਸਾਨ ਵਿਰੋਧੀ ਆਰਡੀਨੈਂਸਾਂ ਬਾਰੇ ਭਾਜਪਾ ਨੂੰ ਛੱਡ ਕੇ ਪੰਜਾਬ ਦੀਆਂ ਪ੍ਰਮੁੱਖ ਰਾਜਸੀ ਧਿਰਾਂ ਨੇ ਮਤਾ ਪਾਸ ਕੀਤਾ ਹੈ ਕਿ ਲੋਕ ਹਿੱਤ ਵਿਚ ਕੇਂਦਰ ਕਿਸਾਨ ਵਿਰੋਧੀ ਆਰਡੀਨੈਂਸਾਂ ਨੂੰ ਵਾਪਸ ਲਵੇ ਅਤੇ ਘੱਟੋ-ਘੱਟ ਸਮਰਥਨ ਮੁੱਲ ਨਾਲ ਛੇੜਛਾੜ ਨਾ ਕੀਤੀ ਜਾਵੇ। ਮੁੱਖ ਮੰਤਰੀ ਨੇ ਦੱਸਿਆ ਕਿ ਕੇਂਦਰੀ ਆਰਡੀਨੈਂਸਾਂ ਨੂੰ ਕਿਸਾਨਾਂ ਹਿਤਾਂ ਦੇ ਮੱਦੇਨਜ਼ਰ ਵਾਪਸ ਲੈਣ ਦੀ ਮੰਗ ਕੀਤੀ ਜਾਵੇਗੀ ਅਤੇ ਸਰਬ ਪਾਰਟੀ ਦਲ ਜਲਦੀ ਹੀ ਪ੍ਰਧਾਨ ਮੰਤਰੀ ਅਤੇ ਕੇਂਦਰੀ ਖੇਤੀ ਮੰਤਰੀ ਨੂੰ ਮਿਲੇਗਾ। ਮੀਟਿੰਗ ਦੌਰਾਨ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸਪੱਸ਼ਟ ਕੀਤਾ ਕਿ ਇਹ ਆਰਡੀਨੈਂਸ ਕਿਸਾਨ ਵਿਰੋਧੀ ਨਹੀਂ ਹਨ ਅਤੇ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕਰਦੇ ਹਨ। ਉਨ੍ਹਾਂ ਮਤੇ ਨੂੰ ਹਮਾਇਤ ਨਹੀਂ ਦਿੱਤੀ।

ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਮੀਟਿੰਗ ਮਗਰੋਂ ਕਿਹਾ ਕਿ ਅਕਾਲੀ ਦਲ ਤੇ ਭਾਜਪਾ ਨੂੰ ਛੱਡ ਕੇ ਸਭਨਾਂ ਧਿਰਾਂ ਦਾ ਇੱਕ ਵਫਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇਗਾ ਅਤੇ ਕਿਸਾਨਾਂ ਦੇ ਹੱਕ ਵਿਚ ਆਵਾਜ਼ ਉਠਾਈ ਜਾਵੇਗੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਅੱਜ ਦੁਬਿਧਾ ਵਿਚ ਫਸਿਆ ਹੋਇਆ ਸੀ ਕਿਉਂਕਿ ਇੱਕ ਪਾਸੇ ਕੁਰਸੀ ਸੀ ਅਤੇ ਦੂਜੇ ਪਾਸੇ ਕਿਸਾਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੋਵੇਂ ਬੇੜੀਆਂ ਵਿੱਚ ਪੈਰ ਰੱਖਣਾ ਚਾਹੁੰਦਾ ਸੀ ਅਤੇ ਇਸੇ ਕਸ਼ੀਦਗੀ ਵਿੱਚ ਮੀਟਿੰਗ ਲੰਮੀ ਚੱਲੀ।

ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਨੇ ਸਾਫ ਕਰ ਦਿੱਤਾ ਹੈ ਕਿ ਆਰਡੀਨੈਂਸ ਕਿਸਾਨ ਵਿਰੋਧੀ ਹਨ ਅਤੇ ਸੰਘੀ ਢਾਂਚੇ ਦਾ ਗਲਾ ਘੁੱਟਣ ਵਾਲੇ ਹਨ। ਸੂਬਿਆਂ ਦੇ ਅਧਿਕਾਰਾਂ ਵਿਚ ਦਖ਼ਲ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਲੋਕਾਂ ਦਾ ਵੀ ਡਰ ਹੈ ਅਤੇ ਕੁਰਸੀ ਨਾਲ ਵੀ ਪਿਆਰ ਹੈ। ਉਨ੍ਹਾਂ ਮੀਟਿੰਗ ਵਿਚ ਵੀਡੀਓ ਵੀ ਦਿਖਾਈ ਜਿਸ ਵਿਚ ਗਡਕਰੀ ਦਾ ਬਿਆਨ ਅਤੇ ਹੁਸ਼ਿਆਰਪੁਰ ਮੰਡੀ ਵਿਚ ਮਿੱਟੀ ਦੇ ਭਾਅ ਮੱਕੀ ਵੇਚਣ ਵਾਲੇ ਕਿਸਾਨ ਦੀ ਜ਼ੁਬਾਨੀ ਕਹਾਣੀ ਸੀ। ਜਾਖੜ ਨੇ ਕਿਹਾ ਕਿ ਮੀਟਿੰਗ ਵਿੱਚ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਣ ਦੀ ਮੰਗ ਵੀ ਉਠਾਈ ਗਈ ਅਤੇ ਕਾਨੂੰਨੀ ਮਸ਼ਵਰਾ ਲਏ ਜਾਣ ਦੀ ਗੱਲ ਵੀ ਚੱਲੀ। ਉਨ੍ਹਾਂ ਤੇਲ ਕੀਮਤਾਂ ਵਿੱਚ 12 ਫੀਸਦੀ ਵਾਧੇ ਦਾ ਮਾਮਲਾ ਵੀ ਚੁੱਕਿਆ। 

ਮੁੱਖ ਮੰਤਰੀ ਨੇ ਅਕਾਲੀ ਦਲ ਨੂੰ ਕਿਹਾ ਕਿ ਇਸ ਪੜਾਅ ’ਤੇ ਜੋ ਲੋਕਾਂ ਨਾਲ ਖੜੂ, ਉਹੀ ਬਚੇਗਾ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅੱਜ ਪੂਰੇ ਦਸਤਾਵੇਜ਼ਾਂ ਅਤੇ ਪਾਰਟੀ ਟੀਮ ਨਾਲ ਆਏ ਹੋਏ ਸਨ। ਉਨ੍ਹਾਂ ਨਾਲ ਐੱਮਪੀ ਬਲਵਿੰਦਰ ਸਿੰਘ ਭੂੰਦੜ, ਪ੍ਰੇਮ ਸਿੰਘ ਚੰਦੂਮਾਜਰਾ, ਜਥੇਦਾਰ ਤੋਤਾ ਸਿੰਘ ਅਤੇ ਡਾ.ਦਲਜੀਤ ਸਿੰਘ ਸ਼ਾਮਲ ਸਨ। ਸੁਖਬੀਰ ਨੇ ਮੁੱਖ ਮੰਤਰੀ ਨੂੰ ਸਲਾਹ ਦਿੱਤੀ ਕਿ ਕੇਂਦਰ ਤੋਂ ਸਾਰੇ ਨੁਕਤਿਆਂ ਬਾਰੇ ਲਿਖਤੀ ਸਪੱਸ਼ਟੀਕਰਨ ਮੰਗਿਆ ਜਾ ਸਕਦਾ ਹੈ। ਸਾਂਝਾ ਪੱਤਰ ਲਿਖ ਕੇ ਸਰਕਾਰੀ ਭਾਅ ਦੇ ਖਾਤਮੇ ਬਾਰੇ ਅਖੌਤੀ ਪ੍ਰਾਪੇਗੰਡੇ ਦੀ ਸਚਾਈ ਬਾਰੇ ਪੁੱਛਿਆ ਜਾ ਸਕਦਾ ਹੈ। ਅਜਿਹੇ ਸੁਆਲ ਪੁੱਛਣ ਵਾਲੇ ਕਿਸੇ ਵੀ ਦਸਤਾਵੇਜ਼ ’ਤੇ ਅਕਾਲੀ ਦਲ ਹਸਤਾਖਰ ਕਰਨ ਨੂੰ ਤਿਆਰ ਹੈ। ਸੰਸਦ ਵਿਚ ਵੀ ਇਨ੍ਹਾਂ ਆਰਡੀਨੈਂਸਾਂ ਤੇ ਚਰਚਾ ਕਰਨ ਲਈ ਤਿਆਰ ਹੈ। ਉਨ੍ਹਾਂ ਮੰਗ ਕੀਤੀ ਕਿ ਮੁੱਖ ਮੰਤਰੀ ਪੰਜਾਬ ਵਿਚਲੇ ਸ਼ਰਾਬ, ਬੀਜ ਤੇ ਰਾਸ਼ਨ ਘੁਟਾਲੇ ਤੇ ਚਰਚਾ ਲਈ ਵੀ ਸਰਬ ਪਾਰਟੀ ਮੀਟਿੰਗ ਸੱਦਣ।

‘ਆਪ’ ਦੇ ਕਨਵੀਨਰ ਅਤੇ ਐੱਮਪੀ ਭਗਵੰਤ ਮਾਨ ਨੇ ਮੀਟਿੰਗ ਦੌਰਾਨ ਕਿਹਾ ਕਿ ਪਹਿਲਾਂ ਅਕਾਲੀ ਦਲ ਆਪਣਾ ਸਟੈਂਡ ਸਪੱਸ਼ਟ ਕਰੇ ਅਤੇ ਦੱਸੇ ਕਿ ਕੇਂਦਰ ਸਰਕਾਰ ਨੇ ਕਿਹੜੀ ਐਮਰਜੈਂਸੀ ਕਰਕੇ ਕਿਸਾਨ ਵਿਰੋਧੀ ਆਰਡੀਨੈਂਸ ਜਾਰੀ ਕੀਤੇ। ਭਗਵੰਤ ਮਾਨ ਨੇ ‘ਆਪ’ ਵੱਲੋਂ ਮਤੇ ਦੀ ਹਮਾਇਤ ਕੀਤੀ। ਉਨ੍ਹਾਂ ਖੇਤੀ ਤੋਂ ਇਲਾਵਾ ਸਿੱਖਿਆ ਅਤੇ ਸਿਹਤ ਦੇ ਵਿਸ਼ੇ ਨੂੰ ਵੀ ਮਤੇ ਵਿੱਚ ਸ਼ਾਮਲ ਕਰਨ ਦੀ ਗੱਲ ਆਖੀ। ਇਸ ਮੌਕੇ ਭਗਵੰਤ ਮਾਨ ਅਤੇ ਸੁਖਬੀਰ ਬਾਦਲ ਵਿਚਾਲੇ ਹਲਕੀ ਬਹਿਸ ਵੀ ਹੋਈ। 

ਮੀਟਿੰਗ ਵਿਚ ਅੱਜ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੀ ਸ਼ਾਮਲ ਹੋਏ, ਜਿਨ੍ਹਾਂ ਮਤੇ ਦੀ ਹਮਾਇਤ ਕੀਤੀ। ਪ੍ਰਧਾਨ ਸੁਖਬੀਰ ਬਾਦਲ ਨੇ ਬਿਨਾਂ ਨਾਮ ਲਏ ਢੀਂਡਸਾ ਦੀ ਮੀਟਿੰਗ ਵਿਚ ਸ਼ਮੂਲੀਅਤ ’ਤੇ ਉਂਗਲ ਚੁੱਕੀ ਅਤੇ ਕਿਹਾ ਕਿ ਬਿਨਾਂ ਪਾਰਟੀ ਵਾਲੇ ਕਈ ਆਗੂ ਮੀਟਿੰਗ ਵਿਚ ਮੁੱਖ ਮੰਤਰੀ ਨੇ ਬੁਲਾ ਲਏ ਹਨ ਅਤੇ ਜੋ ਵਿਧਾਇਕ ਸਿਆਸੀ ਪਾਰਟੀਆਂ ਵਜੋਂ ਮਾਨਤਾ ਚਾਹੁੰਦੇ ਹਨ, ਉਨ੍ਹਾਂ ਸਮੇਤ ਕਿਸੇ ਕਿਸਾਨ ਯੂਨੀਅਨ ਨੂੰ ਵੀ ਮੀਟਿੰਗ ਵਿਚ ਸ਼ਾਮਲ ਨਹੀਂ ਕੀਤਾ ਗਿਆ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੈਠਕ ਤੋਂ ਬਾਅਦ ਕਿਹਾ ਕਿ ਕਿਸਾਨਾਂ ਦੀ ਭਲਾਈ ਲਈ ਸ਼੍ਰੋਮਣੀ ਅਕਾਲੀ ਦਲ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹੈ ਅਤੇ ਸੰਘਵਾਦ ਦੇ ਮੂਲ ਸਿਧਾਂਤਾਂ ਦੀ ਰਾਖੀ ਲਈ ਦਲ ਯਤਨ ਜਾਰੀ ਰੱਖੇਗਾ। ਉਨ੍ਹਾਂ ਕਿਹਾ ਕਿ ਪਾਰਟੀ ਲਈ ਮੰਤਰੀ ਦਾ ਕੋਈ ਅਹੁਦਾ, ਸਰਕਾਰ ਜਾਂ ਗਠਜੋੜ ਅੰਨਦਾਤਾ ਦੀ ਭਲਾਈ ਤੋਂ ਪਰ੍ਹੇ ਦੀਆਂ ਗੱਲਾਂ ਹਨ। ਬਾਦਲ ਨੇ ਕਿਹਾ ਕਿ ਖੇਤੀ ਜਿਣਸਾਂ ਦੀ ਖਰੀਦ ਸਬੰਧੀ ਨਵੇਂ ਆਰਡੀਨੈਂਸ ਬਾਰੇ ਸੰਵਿਧਾਨਕ ਮਾਹਿਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਤੇ ਜੇਕਰ ਲੋੜ ਪਈ ਤਾਂ ਮਾਮਲਾ ਕੇਂਦਰ ਕੋਲ ਚੁੱਕਾਂਗੇ। ਅਕਾਲੀ ਦਲ ਨੇ ਦਾਅਵਾ ਕੀਤਾ ਕਿ ਘੱਟੋ-ਘੱਟ ਸਮਰਥਨ ਮੁੱਲ ਬਦਲਿਆ ਨਹੀਂ ਜਾ ਸਕਦਾ ਤੇ ਕੇਂਦਰੀ ਖੇਤੀਬਾੜੀ ਮੰਤਰੀ ਨੇ ਵੀ ਇਹੀ ਭਰੋਸਾ ਦਿਵਾਇਆ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਜੇਕਰ ਤਸੱਲੀ ਨਾ ਹੋਈ ਤਾਂ ਇਹ ਮਾਮਲਾ ਸੰਸਦ ਵਿੱਚ ਰੱਖਾਂਗੇ। ਉਨ੍ਹਾਂ ਕਿਹਾ ਕਿ ਸਰਬ ਪਾਰਟੀ ਦਾ ਇਕ ਵਫ਼ਦ ਪ੍ਰਧਾਨ ਮੰਤਰੀ ਨੂੰ ਮਿਲ ਕੇ ਇਹ ਆਰਡੀਨੈਂਸ ਵਾਪਸ ਲੈਣ ਦੀ ਮੰਗ ਕਰੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਬ ਪਾਰਟੀ ਮੀਟਿੰਗ ਬਾਰੇ ਜਾਰੀ ਪ੍ਰੈੱਸ ਬਿਆਨ ਝੂਠਾ ਅਤੇ ਗੁੰਮਰਾਹਕੁਨ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੋਵੇਂ ਇੱਕੋ ਪੰਨੇ ’ਤੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਐਕਟਾਂ ਦਾ ਘੱਟੋ-ਘੱਟ ਖਰੀਦ ਮੁੱਲ ਅਤੇ ਫ਼ਸਲ ਖਰੀਦ ਨਾਲ ਕੁਝ ਲੈਣਾ ਦੇਣਾ ਨਹੀਂ ਹੈ।