ਲਾਪ੍ਰਵਾਹ ਭਾਰਤੀ ਕੇਂਦਰੀ ਮੰਤਰੀ ਹੋਇਆ ਕੋਰੋਨਾ ਦਾ ਸ਼ਿਕਾਰ; ਬਿਨ੍ਹਾਂ ਮਾਸਕ ਪਾਏ ਬੈਠਕ ਵਿਚ ਸ਼ਾਮਲ ਹੋਇਆ ਸੀ

ਲਾਪ੍ਰਵਾਹ ਭਾਰਤੀ ਕੇਂਦਰੀ ਮੰਤਰੀ ਹੋਇਆ ਕੋਰੋਨਾ ਦਾ ਸ਼ਿਕਾਰ; ਬਿਨ੍ਹਾਂ ਮਾਸਕ ਪਾਏ ਬੈਠਕ ਵਿਚ ਸ਼ਾਮਲ ਹੋਇਆ ਸੀ

ਅੰਮ੍ਰਿਤਸਰ ਟਾਈਮਜ਼ ਬਿਊਰੋ
18 ਅਗਸਤ ਨੂੰ ਸਤਲੁੱਜ ਯਮੁਨਾ ਲਿੰਕ ਨਹਿਰ (ਐਸਵਾਈਐਲ) ਸਬੰਧੀ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਬੈਠਕ ਕਰਾਉਣ ਵਾਲੇ ਭਾਰਤ ਦੇ ਜਲ ਸ਼ਕਤੀ ਮੰਤਰੀ  ਗਜੇਂਦਰ ਸ਼ੇਖਾਵਤ ਨੂੰ ਕੋਰੋਨਾ ਹੋ ਗਿਆ ਹੈ। ਅਹਿਮ ਗੱਲ ਇਹ ਹੈ ਕਿ ਸਰਕਾਰੀ ਨਿਯਮਾਂ ਦਾ ਉਲੰਘਣ ਕਰਦਿਆਂ ਉਸ ਬੈਠਕ ਵਿਚ ਮੰਤਰੀ ਸ਼ੇਖਾਵਤ ਬਿਨ੍ਹਾਂ ਮਾਸਕ ਲਾਏ ਸ਼ਾਮਲ ਹੋਏ ਸਨ। ਬੈਠਕ ਦੀਆਂ ਤਸਵੀਰਾਂ ਵਿਚ ਸਾਫ ਦਿਸ ਰਿਹਾ ਹੈ ਕਿ ਮੰਤਰੀ ਸ਼ੇਖਾਵਤ ਨੇ ਮੂੰਹ 'ਤੇ ਮਾਸਕ ਨਹੀਂ ਲਾਇਆ ਸੀ।

ਅੱਜ ਆਪਣੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਸਬੰਧੀ ਜਾਣਕਾਰੀ ਦਿੰਦਿਆਂ ਮੰਤਰੀ ਨੇ ਕਿਹਾ, "ਬਿਮਾਰੀ ਦੇ ਕੁਝ ਸੰਕੇਤਾਂ ਮਗਰੋਂ ਮੈਂ ਕਰੋਨਾ ਟੈਸਟ ਕਰਵਾ ਲਿਆ ਅਤੇ ਮੇਰੀ ਰਿਪੋਰਟ ਪਾਜ਼ੇਟਿਵ ਆਈ ਹੈ। ਡਾਕਟਰਾਂ ਦੀ ਸਲਾਹ ’ਤੇ ਹਸਪਤਾਲ ਵਿੱਚ ਭਰਤੀ ਹੋ ਰਿਹਾ ਹਾਂ। ਮੇਰੀ ਬੇਨਤੀ ਹੈ ਕਿ ਜਿਹੜੇ ਲੋਕ ਬੀਤੇ ਦਿਨਾਂ ਵਿੱਚ ਮੇਰੇ ਸੰਪਰਕ ਵਿੱਚ ਸਨ ਉਹ ਆਪਣਾ ਟੈਸਟ ਜ਼ਰੂਰ ਕਰਵਾਉਣ ਤੇ ਇਕਾਂਤਵਾਸ ਹੋ ਜਾਣ।'

ਦੱਸ ਦਈਏ ਕਿ ਉਸ ਦਿਨ ਦੀ ਬੈਠਕ ਵਿਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸ਼ਾਮਲ ਹੋਏ ਸਨ ਅਤੇ ਮੰਤਰੀ ਸ਼ੇਖਾਵਤ ਦੇ ਬਿਲਕੁਲ ਲਾਗਲੀ ਕੁਰਸੀ 'ਤੇ ਬੈਠੇ ਨਜ਼ਰ ਆਏ ਸਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀਡੀਓ ਕਾਨਫਰੰਸਿੰਗ ਰਾਹੀਂ ਬੈਠਕ ਵਿਚ ਸ਼ਾਮਲ ਹੋਏ ਸਨ। 

ਬੈਠਕ ਦੀਆਂ ਤਸਵੀਰਾਂ ਵਿਚ ਸਾਫ ਨਜ਼ਰ ਆ ਰਿਹਾ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੀ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਅਤੇ ਮਾਸਕ ਲਾਏ ਬਿਨ੍ਹਾਂ ਹੀ ਬੈਠਕ ਵਿਚ ਸ਼ਾਮਲ ਹੋਏ।