ਲੰਗਾਹ ਦਾ ਸਹਿਯੋਗ ਕਰਨ ਵਾਲੇ ਸ਼੍ਰੋਮਣੀ ਕਮੇਟੀ ਮੈਂਬਰ ਨੂੰ ਅਕਾਲ ਤਖ਼ਤ ਸਾਹਿਬ ਤੋਂ ਤਨਖਾਹੀਆ ਐਲਾਨਿਆ ਗਿਆ

ਲੰਗਾਹ ਦਾ ਸਹਿਯੋਗ ਕਰਨ ਵਾਲੇ ਸ਼੍ਰੋਮਣੀ ਕਮੇਟੀ ਮੈਂਬਰ ਨੂੰ ਅਕਾਲ ਤਖ਼ਤ ਸਾਹਿਬ ਤੋਂ ਤਨਖਾਹੀਆ ਐਲਾਨਿਆ ਗਿਆ


ਅੰਮ੍ਰਿਤਸਰ ਟਾਈਮਜ਼ ਬਿਊਰੋ
ਅਸ਼ਲੀਲ ਵੀਡੀਓ ਅਤੇ ਅਪੱਤੀਜਨਕ ਸਬੰਧਾਂ ਕਾਰਨ ਪੰਥ ਵਿਚੋਂ ਛੇਕੇ ਗਏ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਸੁੱਚਾ ਸਿੰਘ ਲੰਗਾਹ ਨੂੰ ਅਕਾਲ ਤਖ਼ਤ ਸਾਹਿਬ ਨੂੰ ਚੁਣੌਤੀ ਦਿੰਦਿਆਂ ਗੁਰਦੁਆਰਾ ਬਾਬਾ ਬੰਦਾ ਬਹਾਦਰ ਗੜੀ ਗੁਰਦਾਸ ਨੰਗਲ ਵਿਖੇ ਅੰਮ੍ਰਿਤ ਛਕਾਉਣ ਵਿਚ ਸ਼ਾਮਲ ਰਹੇ ਕਾਦੀਆਂ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ ਅਤੇ ਧਾਰੀਵਾਲ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਦੇ ਪਤੀ ਅਤੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਰਹੇ ਰਤਨ ਸਿੰਘ ਜ਼ਫਰਵਾਲ ਨੂੰ ਅਕਾਲ ਤਖ਼ਤ ਸਾਹਿਬ ਤੋਂ ਤਨਖਾਹੀਆ ਕਰਾਰ ਦੇ ਦਿੱਤਾ ਗਿਆ ਹੈ।

ਅਪੱਤੀਜਨਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਖਾਲਸਾ ਪੰਥ ਵਿਚੋਂ ਛੇਕੇ ਗਏ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਾਬਕਾ ਆਗੂ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸੁੱਚਾ ਸਿੰਘ ਲੰਗਾਹ ਨੇ ਇਕ ਹੋਰ ਗੁਨਾਹ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਨੂੰ ਚੁਣੌਤੀ ਦਿੰਦਿਆਂ ਗੁਰਦੁਆਰਾ ਗੜ੍ਹੀ ਬਾਬਾ ਬੰਦਾ ਸਿੰਘ ਬਹਾਦਰ ਗੁਰਦਾਸ ਨੰਗਲ ਵਿਖੇ ਪੰਜ ਸਿੰਘਾਂ ਅੱਗੇ ਪੇਸ਼ ਹੋ ਕੇ ਮੁਆਫੀ ਦੀ ਤਨਖਾਹ ਲਵਾ ਅੰਮ੍ਰਿਤ ਛਕ ਲਿਆ ਸੀ। ਇਹ ਸਿੱਖ ਰਵਾਇਤ ਤੋਂ ਉਲਟ ਗੱਲ ਹੈ ਕਿਉਂਕਿ ਅਕਾਲ ਤਖ਼ਤ ਸਾਹਿਬ ਤੋਂ ਛੇਕੇ ਗਏ ਸਿੱਖ ਨੂੰ ਮੁਆਫੀ ਅਕਾਲ ਤਖ਼ਤ ਸਾਹਿਬ ਤੋਂ ਹੀ ਮਿਲ ਸਕਦੀ ਹੈ।

ਲੰਗਾਹ ਦੀ ਇਸ ਗੁਸਤਾਖੀ ਵਿਚ ਗੁਰਿੰਦਰਪਾਲ ਸਿੰਘ ਗੋਰਾ ਅਤਟ ਰਤਨ ਸਿੰਘ ਜ਼ਫਰਵਾਲ ਵੀ ਭਾਈਵਾਲ ਸਨ। 

ਇਹਨਾਂ ਸਬੰਧੀ ਪਹੁੰਚੀਆਂ ਸਿਕਾਇਤਾਂ 'ਤੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਹੋਈ ਜਿਸ ਵਿਚ ਇਹਨਾਂ ਦੋਵਾਂ ਬਾਰੇ ਫੈਂਸਲਾ ਲਿਆ ਗਿਆ। ਇਹ ਫੈਂਸਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੜ੍ਹ ਕੇ ਸੁਣਾਇਆ।

ਸੁੱਚਾ ਸਿੰਘ ਲੰਗਾਹ ਨੂੰ ਅੰਮ੍ਰਿਤ ਛਕਾਉਣ ਵਾਲੇ ਪੰਜ ਸਿੰਘ ਵੀ ਅੱਜ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਏ। ਹਲਾਂਕਿ ਉਹਨਾਂ ਸਬੰਧੀ ਫਿਲਹਾਲ ਕੋਈ ਫੈਂਸਲਾ ਨਹੀਂ ਲਿਆ ਗਿਆ ਹੈ।