ਸ਼ਰਾਬ ਮਾਫੀਆ ਨਿੱਕਲਿਆ ਕਾਂਗਰਸੀ; ਕੈਪਟਨ ਸਰਕਾਰ ਦੀ ਨਲਾਇਕੀ ਖਿਲਾਫ ਰਾਜਪਾਲ ਦੀ ਸ਼ਰਨ ਪਹੁੰਚੇ ਕਾਂਗਰਸੀ ਐਮਪੀ

ਸ਼ਰਾਬ ਮਾਫੀਆ ਨਿੱਕਲਿਆ ਕਾਂਗਰਸੀ; ਕੈਪਟਨ ਸਰਕਾਰ ਦੀ ਨਲਾਇਕੀ ਖਿਲਾਫ ਰਾਜਪਾਲ ਦੀ ਸ਼ਰਨ ਪਹੁੰਚੇ ਕਾਂਗਰਸੀ ਐਮਪੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਬੀਤੇ ਦਿਨਾਂ ਦੌਰਾਨ ਪੰਜਾਬ ਵਿਚ ਸ਼ਰਾਬ ਪੀਣ ਨਾਲ ਹੋਈਆਂ 100 ਤੋਂ ਵੱਧ ਮੌਤਾਂ ਦਾ ਮਾਮਲਾ ਪੰਜਾਬ ਦੀ ਸਿਆਸਤ ਵਿਚ ਵੱਡੇ ਫੇਰਬਦਲ ਕਰਨ ਵੱਲ ਵਧ ਰਿਹਾ ਹੈ। ਕਾਂਗਰਸ ਦੇ ਪੰਜਾਬ ਤੋਂ ਦੋ ਮੈਂਬਰ ਪਾਰਲੀਮੈਂਟ ਹੁਣ ਆਪਣੀ ਹੀ ਸਰਕਾਰ ਦੀ ਨਲਾਇਕੀ ਖਿਲਾਫ ਪੰਜਾਬ ਦੇ ਰਾਜਪਾਲ ਕੋਲ ਜਾ ਪੇਸ਼ ਹੋਏ ਹਨ। 

ਕਾਂਗਰਸੀ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਨੇ ਪੰਜਾਬ ਦੇ ਸ਼ਰਾਬ ਮਾਫ਼ੀਏ ਦੇ ਮਾਮਲੇ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਧਾ ਨਿਸ਼ਾਨੇ ’ਤੇ ਲੈਂਦਿਆਂ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨਾਲ ਮੁਲਾਕਾਤ ਕੀਤੀ ਅਤੇ ਸ਼ਰਾਬ ਕਾਰਨ ਮਾਝੇ ਵਿੱਚ ਵਾਪਰੀ ਤਰਾਸਦੀ ਅਤੇ ਪੰਜਾਬ ਦੇ ਸ਼ਰਾਬ ਮਾਫ਼ੀਏ ਦੀ ਸੀਬੀਆਈ ਅਤੇ ਈਡੀ ਤੋਂ ਜਾਂਚ ਕਰਾਏ ਜਾਣ ਦੀ ਮੰਗ ਕੀਤੀ ਹੈ। ਦੋਵਾਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੂੰ ਪੰਜਾਬ ਸਰਕਾਰ ਦੀ ਜਾਂਚ ’ਤੇ ਭਰੋਸਾ ਨਹੀਂ ਹੈ। ਰਾਜਪਾਲ ਨੇ ਭਰੋਸਾ ਦਿੱਤਾ ਕਿ ਉਹ ਕੇਂਦਰ ਸਰਕਾਰ ਨੂੰ ਇਹ ਮੰਗ ਲਿਖਤੀ ਤੌਰ ’ਤੇ ਭੇਜ ਦੇਣਗੇ ਅਤੇ ਨਾਲ ਹੀ ਉਹ ਪੰਜਾਬ ਸਰਕਾਰ ਤੋਂ ਵੀ ਇਸ ਮਾਮਲੇ ’ਤੇ ਰਿਪੋਰਟ ਮੰਗਣਗੇ।

ਦੋਸ਼ੀਆਂ ਦੇ ਕਾਂਗਰਸ ਨਾਲ ਸਿੱਧੇ ਸਬੰਧ
ਇਸ ਮਾਮਲੇ ਵਿਚ ਪੁਲਸ ਵੱਲੋਂ ਭਾਲੇ ਜਾ ਰਹੇ ਮੁੱਖ ਦੋਸ਼ੀ ਸਬੰਧੀ ਖਬਰਾਂ ਨਸ਼ਰ ਹੋਈਆਂ ਹਨ ਕਿ ਉਹ ਕਾਂਗਰਸ ਪਾਰਟੀ ਨਾਲ ਸਬੰਧਿਤ ਹੈ। ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਛਪੀਆਂ ਖਬਰਾਂ ਮੁਤਾਬਕ ਇਸ ਸ਼ਰਾਬ ਮਾਫੀਏ ਨੂੰ ਤਰਨਤਾਰਨ ਜ਼ਿਲ੍ਹੇ ਦੇ ਰਸ਼ਪਾਲ ਅਤੇ ਗੁਰਪਾਲ ਨਾਮੀਂ ਭਰਾ ਚਲਾ ਰਹੇ ਸਨ। ਇਹਨਾਂ ਦੋਵਾਂ ਨੇ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਕਾਂਗਰਸ ਪਾਰਟੀ ਵਿਚ ਸ਼ਮੂਲੀਅਤ ਕੀਤੀ ਸੀ। 

ਪੁਲਸ ਨੇ ਗੁਰਪਾਲ ਨੂੰ 9 ਜੁਲਾਈ ਵਾਲੇ ਦਿਨ ਫਿਲੌਰ ਤੋਂ 4000 ਲੀਟਰ ਸ਼ਰਾਬ ਨਾਲ ਗ੍ਰਿਫਤਾਰ ਕੀਤਾ ਸੀ ਜਦਕਿ ਰਸ਼ਪਾਲ ਅਜੇ ਫਰਾਰ ਹੈ।

ਇਹਨਾਂ ਦੋਵਾਂ ਭਰਾਵਾਂ ਦੀ ਕਾਂਗਰਸ ਵਿਚ ਸ਼ਮੂਲੀਅਤ ਬਾਰੇ ਕਾਂਗਰਸੀ ਐਮਐਲਏ ਹਰਮਿੰਦਰ ਸਿੰਘ ਗਿੱਲ ਨੇ 26 ਮਾਰਚ 2019 ਨੂੰ ਫੇਸਬੁੱਕ ਪੋਸਟ ਪਾਈ। ਇਸ ਪੋਸਟ ਵਿਚ ਕਿਹਾ ਗਿਆ ਕਿ ਢੋਟੀਆਂ ਪਿੰਡ ਦੇ 55 ਅਕਾਲੀ ਪਰਿਵਾਰ ਰਸ਼ਪਾਲ ਸਿੰਘ ਸ਼ਾਲੂ, ਗੁਰਪਾਲ ਸਿੰਘ ਅਤੇ ਕੈਪਟਨ ਹੀਰਾ ਸਿੰਘ ਦੀ ਪ੍ਰੇਰਣਾ ਨਾਲ ਕਾਂਗਰਸ ਵਿਚ ਸ਼ਾਮਲ ਹੋਏ ਅਤੇ ਚੋਣਾਂ ਵਿਚ ਕਾਂਗਰਸ ਦੀ ਮਦਦ ਕਰਨ ਦੀ ਸੋਂਹ ਖਾਧੀ।

ਸੰਸਦ ਮੈਂਬਰਾਂ ਨੇ ਕੈਪਟਨ ਅਮਰਿੰਦਰ 'ਤੇ ਨਜ਼ਲਾ ਝਾੜਿਆ
ਰਾਜਪਾਲ ਨੂੰ ਮਿਲੇ ਕਾਂਗਰਸੀ ਸੰਸਦ ਮੈਂਬਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਖ-ਵੱਖ ਮੁੱਦਿਆਂ ’ਤੇ ਪੂਰੀ ਤਰ੍ਹਾਂ ਫੇਲ੍ਹ ਰਹੀ ਹੈ, ਜਿਸ ਬਾਰੇ ਉਹ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਮੀਟਿੰਗ ਕਰਕੇ ਜਾਣੂ ਕਰਾਉਣਗੇ। ਜ਼ਹਿਰੀਲੀ ਸ਼ਰਾਬ ਨਾਲ ਵਾਪਰੀ ਘਟਨਾ ਦੀ ਜਾਂਚ ਲਈ ਉਹ ਬਾਕੀ ਸੰਸਦ ਮੈਂਬਰਾਂ ਨਾਲ ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਵੀ ਮਿਲਣਗੇ। ਸੰਸਦ ਮੈਂਬਰਾਂ ਨੇ ਕਿਹਾ ਕਿ ਮਾਝੇ ਦੀ ਘਟਨਾ ਮਹਿਜ਼ ਹਾਦਸਾ ਨਹੀਂ ਹੈ ਬਲਕਿ ਸ਼ਰਾਬ ਮਾਫ਼ੀਏ ਦੇ ਲੋਭ ਦਾ ਨਤੀਜਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਲੌਕਡਾਊਨ ਦੌਰਾਨ ਡਿਸਟਿਲਰੀਜ਼ ਨੇ ਸ਼ਰਾਬ ਤਸਕਰੀ ਕਰਕੇ ਸਰਕਾਰੀ ਖ਼ਜ਼ਾਨੇ ਨੂੰ ਵੱਡੀ ਢਾਹ ਲਾਈ ਹੈ। ਗ਼ੈਰਕਾਨੂੰਨੀ ਸ਼ਰਾਬ ਫ਼ੈਕਟਰੀਆਂ ਨੇ ਹੱਥ ਰੰਗੇ ਹਨ ਪ੍ਰੰਤੂ ਕਿਸੇ ਵੀ ਅਸਲ ਦੋਸ਼ੀ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਗਈ। ਪੰਜਾਬ ਵਿਚ ਗ਼ੈਰਕਾਨੂੰਨੀ ਸ਼ਰਾਬ ਫ਼ੈਕਟਰੀਆਂ ਦੇ ਕਾਰੋਬਾਰ ਨੂੰ ਖ਼ਤਮ ਕਰਨ ਵਿਚ ਮੁੱਖ ਮੰਤਰੀ ਪੂਰੀ ਤਰ੍ਹਾਂ ਫੇਲ੍ਹ ਰਹੇ ਹਨ। ਮੁੱਖ ਮੰਤਰੀ ਦੇ ਆਪਣੇ ਜ਼ਿਲ੍ਹੇ ਵਿਚ ਘਨੌਰ ਤੇ ਰਾਜਪੁਰਾ ਵਿਚ ਗ਼ੈਰਕਾਨੂੰਨੀ ਸ਼ਰਾਬ ਫ਼ੈਕਟਰੀਆਂ ਫੜੀਆਂ ਗਈਆਂ ਹਨ।

ਸੰਸਦ ਮੈਂਬਰਾਂ ਨੇ ਕਿਹਾ ਕਿ ਉਹ ਕਈ ਵਾਰ ਮੁੱਖ ਮੰਤਰੀ ਦੇ ਧਿਆਨ ਵਿਚ ਮਾਮਲਾ ਲਿਆ ਚੁੱਕੇ ਹਨ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਈਡੀ ਵਲੋਂ ਪੜਤਾਲ ਸ਼ੁਰੂ ਕੀਤੀ ਗਈ ਤਾਂ ਉਸ ਵਿਚ ਅੜਿੱਕੇ ਪਾਏ ਜਾ ਰਹੇ ਹਨ ਕਿਉਂਕਿ ਇਸ ਨਾਲ ਗ਼ੈਰਕਾਨੂੰਨੀ ਧੰਦੇ ਦੇ ਮੁੱਖ ਸੂਤਰਧਾਰ ਸਾਹਮਣੇ ਆਉਣਗੇ। ਸੰਸਦ ਮੈਂਬਰਾਂ ਨੇ ਕਿਹਾ ਕਿ ਸ਼ਰਾਬ ਮਾਫ਼ੀਆ ਦੀ ਬਦੌਲਤ ਸਰਕਾਰੀ ਖ਼ਜ਼ਾਨੇ ਨੂੰ ਖੋਰਾ ਲੱਗ ਰਿਹਾ ਹੈ।