ਆਪਣੇ ਸਹਿਯੋਗੀਆਂ ਤੋਂ ਡਰੀ ਕੀ ਭਾਜਪਾ ਭਗਵਾਂ ਆਪਰੇਸ਼ਨ ਲੋਟਸ ਕਰੇਗੀ?
*4 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਵਡੀ ਪ੍ਰਾਪਤੀ ਦੀ ਘਟ ਸੰਭਾਵਨਾ
*ਆਪਣੇ ਹੀ ਸਹਿਯੋਗੀ ਅਤੇ ਪੁਰਾਣੇ ਗ਼ੈਰ-ਰਸਮੀ ਤੌਰ 'ਤੇ ਸਹਿਯੋਗੀ ਰਹੇ ਦਲਾਂ ਨੂੰ ਤੋੜਨ ਦੀ ਮੁਹਿੰਮ ਸ਼ੁਰੂ
ਲਗਦਾ ਹੈ ਕਿ ਭਾਜਪਾ ਦੇ ਸਿਖਰਲੀ ਲੀਡਰਸ਼ਿਪ ਭਾਵ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਨ ਲਿਆ ਹੈ ਕਿ 4 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਦੇ ਹੱਥ ਕੁਝ ਨਹੀਂ ਲਗਣਾ ਅਤੇ ਨਤੀਜੇ ਆਉਣ ਤੋਂ ਬਾਅਦ ਕੇਂਦਰ 'ਚ ਉਨ੍ਹਾਂ ਦੇ ਸਹਿਯੋਗੀ ਉਨ੍ਹਾਂ ਦੀ ਸਰਕਾਰ ਲਈ ਪ੍ਰੇਸ਼ਾਨੀ ਖੜ੍ਹੀ ਕਰ ਸਕਦੇ ਹਨ।
ਇਸ ਲਈ ਉਨ੍ਹਾਂ ਨੇ ਹੁਣ ਤੋਂ ਉਸ ਸਥਿਤੀ ਨਾਲ ਨਜਿੱਠਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਸਿਲਸਿਲੇ ਵਿਚ ਉਨ੍ਹਾਂ ਨੇ ਆਪਣੇ ਹੀ ਸਹਿਯੋਗੀ ਅਤੇ ਪੁਰਾਣੇ ਗ਼ੈਰ-ਰਸਮੀ ਤੌਰ 'ਤੇ ਸਹਿਯੋਗੀ ਰਹੇ ਦਲਾਂ ਨੂੰ ਤੋੜਨ ਲਈ 'ਆਪਰੇਸ਼ਨ ਲੋਟਸ' ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦਾ ਨਿਸ਼ਾਨਾ ਸੰਸਦ ਦੇ ਦੋਵਾਂ ਸਦਨਾਂ ਵਿਚ ਭਾਜਪਾ ਦਾ ਬਹੁਮਤ ਕਾਇਮ ਕਰਨ ਦਾ ਹੈ। ਇਸ ਸਮੇਂ ਲੋਕ ਸਭਾ 'ਚ ਭਾਜਪਾ ਨੂੰ ਬਹੁਮਤ ਲਈ 32 ਅਤੇ ਰਾਜ ਸਭਾ 'ਚ 15 ਸੰਸਦ ਮੈਂਬਰਾਂ ਦੀ ਜ਼ਰੂਰਤ ਹੈ। ਭਾਜਪਾ ਨੂੰ ਹਰ ਮੌਕੇ 'ਤੇ ਸੰਸਦ 'ਚ ਸਮਰਥਨ ਦਿੰਦੇ ਰਹੇ ਬੀਜੂ ਜਨਤਾ ਦਲ ਅਤੇ ਵਾਈ.ਐੱਸ.ਆਰ. ਕਾਂਗਰਸ ਦੇ ਰਾਜ ਸਭਾ ਵਿਚ ਕ੍ਰਮਵਾਰ 8 ਅਤੇ 11 ਮੈਂਬਰ ਹਨ। ਬੀਜੂ ਜਨਤਾ ਦਲ ਦੀ ਇਕ ਰਾਜ ਸਭਾ ਮੈਂਬਰ ਹੁਣੇ ਜਿਹੇ ਭਾਜਪਾ ਵਿਚ ਸ਼ਾਮਿਲ ਹੋ ਗਈ ਹੈ। ਇਸੇ ਪਾਰਟੀ ਦੇ ਕੁਝ ਹੋਰ ਸੰਸਦ ਮੈਂਬਰ ਵੀ ਭਾਜਪਾ ਦੇ ਸੰਪਰਕ ਵਿਚ ਹਨ। ਉੱਧਰ ਵਾਈ.ਐੱਸ.ਆਰ. ਕਾਂਗਰਸ ਦੇ ਵੀ ਕੁਝ ਸੰਸਦ ਮੈਂਬਰਾਂ ਨੂੰ ਭਾਜਪਾ ਆਪਣੇ ਨਾਲ ਲਿਆਉਣ ਦੀ ਕੋਸ਼ਿਸ਼ ਵਿਚ ਹੈ। ਲੋਕ ਸਭਾ ਵਿਚ ਬਹੁਮਤ ਦਾ ਅੰਕੜਾ ਛੂਹਣ ਦੀ ਭਾਜਪਾ ਦੀ ਅਜਿਹੀ ਹੀ ਕੋਸ਼ਿਸ਼ ਜਨਤਾ ਦਲ (ਯੂ.) ਅਤੇ ਚਿਰਾਗ ਪਾਸਵਾਨ ਦੀ ਲੋਕ ਜਨਸ਼ਕਤੀ ਪਾਰਟੀ ਨੂੰ ਤੋੜਨ ਲਈ ਚੱਲ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਚਿਰਾਗ ਦੀ ਪਾਰਟੀ ਦੇ 5 ਵਿਚੋਂ 3 ਸੰਸਦ ਮੈਂਬਰ ਭਾਜਪਾ 'ਚ ਸ਼ਾਮਿਲ ਹੋ ਸਕਦੇ ਹਨ। ਭਾਜਪਾ ਦੀ ਯੋਜਨਾ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਤੋਂ ਬਾਅਦ ਏਕਨਾਥ ਸ਼ਿੰਦੇ ਦੀ ਸ਼ਿਵ ਸੈਨਾ ਨੂੰ ਤੋੜਨ ਦੀ ਵੀ ਹੈ, ਜਿਸ ਦੇ ਲੋਕ ਸਭਾ ਵਿਚ 7 ਸੰਸਦ ਮੈਂਬਰ ਹਨ।
ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਭਾਜਪਾ ਸਫਲ ਨਾ ਹੋਈ ਤਾਂ ਉਸ ਨੂੰ ਸਿਆਸੀ ਦਿਕਤਾਂ ਦਾ ਸਾਹਮਣਾ ਕਰਨਾ ਪਵੇਗਾ।ਉਸ ਦੀਆਂ ਗਠਜੋੜ ਪਾਰਟੀਆਂ ਦਾ ਦਬਾਅ ਵੀ ਵਧੇਗਾ ਤੇ ਭਾਜਪਾ ਦੀ ਸਿਆਸੀ ਇਮਾਨਦਾਰੀ ਉਪਰ ਵਿਸ਼ਵਾਸ ਵੀ ਟੁਟੇਗਾ।
Comments (0)