ਸੂਖ਼ਮ ਰੰਗਾਂ ਦਾ ਸ਼ਾਇਰ - ਕਮਲ ਬੰਗਾ ਸੈਕਰਾਮੈਂਟ
ਪੁਸਤਕ ਦਾ ਨਾਮ : ਕਾਵਿ-ਕ੍ਰਿਸ਼ਮਾ
ਲੇਖਕ ਦਾ ਨਾਮ : ਕਮਲ ਬੰਗਾ ਸੈਕਰਾਮੈਂਟੋ
ਸਾਲ : 2024
ਪ੍ਰਕਾਸ਼ਕ ਦਾ ਨਾਮ : ਪੰਜਾਬੀ ਵਿਰਸਾ ਟਰੱਸਟ (ਰਜਿ:) ਫਗਵਾੜਾ
ਕੀਮਤ: 300/- ਰੁਪਏ
ਪੰਨੇ : 248
‘‘ਉਂਜ ਵੀ ਕਲਮ ਵਾਲਾ, ਸਮੁੰਦਰ ’ਚੋਂ ਲੰਘਦਾ ਜਦ।
ਹਿੰਮਤ ਕਰਦਾ, ਖ਼ਾਰੇ ਪਾਣੀ ਨਾਲ ਪਿਆਸ ਬੁਝਾਉਣ ਦੀ।’’
ਵਰਗੇ ਸ਼ਿਅਰ ਲਿਖਣ ਵਾਲਾ ਸ਼ਾਇਰ ਕਮਲ ਬੰਗਾ ਸੈਕਰਾਮੈਂਟੋ ਸੂਖ਼ਮ ਰੰਗਾਂ ਦਾ ਸ਼ਾਇਰ ਹੈ। ਰੰਗ ਤਾਂ ਸੱਤ ਨੇ, ਪਰ ਕਮਲ ਬੰਗਾ ਨੌਂ ਰੰਗਾਂ ’ਚ ਰੰਗਿਆ ਸ਼ਾਇਰ ਹੈ। ਉਸ ਦਾ ਅੱਠਵਾਂ ਰੰਗ ਸੂਖ਼ਮਤਾ ਹੈ ਅਤੇ ਨੌਵਾਂ ਰੰਗ ਨਿਵੇਕਲਾ ਪਨ।
ਕਮਲ ਬੰਗਾ ਦੀਆਂ ਗ਼ਜ਼ਲਾਂ ਪੜ੍ਹਦਿਆਂ ਇੰਜ ਜਾਪਦਾ ਹੈ ਜਿਵੇਂ ਦਰਿਆ ਦੇ ਪਾਣੀਆਂ ’ਚ ਗੋਤੇ ਲਾ ਰਹੇ ਹੋਈਏ, ਹਵਾਵਾਂ ਨੂੰ ਫੜ ਰਹੇ ਹੋਈਏ ਅਤੇ ਜਾਂ ਫਿਰ ਸਾਵੀਂ ਪੱਧਰੀ ਧਰਤੀ ਉੱਤੇ ਲੋਕਾਂ ਨਾਲ ਖੜ੍ਹ ਕੇ ਜ਼ਿੰਦਗੀ ਦਾ ਰਸ ਮਾਣ ਰਹੇ ਹੋਈਏ।
ਉਸ ਦੀ 18ਵੀਂ ਕਿਤਾਬ ‘ਕਾਵਿ-ਕ੍ਰਿਸ਼ਮਾ ' ਅਸਲ ਮਾਅਨਿਆਂ ’ਚ ਕ੍ਰਿਸ਼ਮਾ ਹੈ। ਉਹਦੇ ਮਨ ਦੇ ਰੰਗਾਂ ਦੀ ਗੂੜ੍ਹੀ, ਅਰਥ ਭਰੂਪਰ ਤਰਜ਼ਮਾਨੀ। ਉਹਦੇ ਲਿਖੇ ਸ਼ਿਅਰ ਅਗਿਆਤ ਦਾ ਆਭਾਸ ਅਤੇ ਅਪ੍ਰਕਟ ਦਾ ਪ੍ਰਕਟ ਹੋਣਾ ਲੱਗਦੇ ਹਨ।
ਭੀੜ ਤੋਂ ਦੂਰੀ ਰੱਖ ਕੇ, ਉਸ ਦੇ ਤਿਲਿਸਮ ਤੋਂ ਮੁਕਤ ਰਹਿ ਕੇ, ਸਾਹਿਤਕਾਰ ਦੀ ਸਾਧਕ, ਜ਼ਿੰਦਗੀ ਨੂੰ ਸਮਝਣ ਦਾ ਯਤਨ ਹੁੰਦੀ ਹੈ। ਲਿਖਣ ਅਤੇ ਸਿਰਜਣ ਵਿਚਲਾ ਸਬੰਧ ਡੂੰਘਾ ਹੈ। ਭਾਸ਼ਾ ਸਵੈ ਦੇ ਨਾਲ, ਸਵੈ ਭਾਸ਼ਾ ਦੇ ਨਾਲ, ਭਾਸ਼ਾ ਸਿਰਜਣਾ ਦੇ ਨਾਲ, ਸਿਰਜਣਾ ਭਾਸ਼ਾ ਦੇ ਨਾਲ, ਸਿਰਜਣਾ ਸਵੈ ਦੇ ਨਾਲ ਤੇ ਸਵੈ ਸਿਰਜਣਾ ਦੇ ਨਾਲ ਕਾਰਜਸ਼ੀਲ ਰਹਿੰਦੀ ਹੈ। ਇਹ ਸਿਰਜਣਾ, ਲਿਖਤ ਦਾ ਚੱਕਰ ਹੈ। ਸਾਡਾ ਗ਼ਜ਼ਲਗੋ ਕਮਲ ਬੰਗਾ ਸੈਕਰਾਮੈਂਟੋ ਇਸ ਤਿਕੋਨੀ ਚੱਕਰ ਦਾ ਮਾਹਿਰ ਸ਼ਾਇਰ ਹੈ।
ਕਵੀ ਲੋਕਾਂ ਨੂੰ ਕੰਨ ਧਾਰਣ ਕਰਨਾ ਸਿਖਾਉਂਦਾ ਹੈ। ਅਸੀਂ ਬਿਨਾਂ ਕੰਨਾਂ ਦੇ ਹੁੰਦੇ ਹਾਂ, ਸਾਨੂੰ ਧੁਨੀ ਸੁਣਦੀ ਨਹੀਂ। ਪਰ ਉਹ ਕਵੀ ਸਾਨੂੰ ਕੰਨਦਾਨ ਕਰਦਾ ਹੈ। ਸੰਭਾਵਨਾਵਾਂ ਪੈਦਾ ਕਰਨਾ, ਕੰਨ ਈਜਾਦ ਕਰਨਾ, ਜ਼ੁਬਾਨ ਈਜਾਦ ਕਰਨਾ, ਇੰਦਰੀਆਂ ਈਜਾਦ ਕਰਨਾ। ਅਤੇ ਇਸ ਤਰ੍ਹਾਂ ਰੂਹ ਸਿਰਜਣਾ। ਇਹ ਸਭ ਕੁਝ ਕਵੀ ਦੇ ਹਿੱਸੇ ਆਉਂਦਾ ਹੈ। ਸ਼ਾਇਰ ਬੰਗਾ ਇਹ ਸਭ ਕੁਝ ਕਰਕੇ ਆਪਣਾ ਕਵੀ ਹੋਣ ਦਾ ਫ਼ਰਜ਼ ਨਿਭਾਅ ਰਿਹਾ ਹੈ।
ਕਲਾਕਾਰ ਲਈ, ਕਵੀ ਲਈ, ਲੇਖਕ ਲਈ, ਲੇਖਣ ਤੇ ਕਲਾ ਕੋਈ ਜਾਦੂ ਨਹੀਂ ਹੁੰਦੇ। ਇਹ ਤਾਂ ਕਵੀ ਦੀ ਕਲਪਨਾ ਹੈ, ਆਲਾ-ਦੁਆਲਾ ਵੇਖਣਾ, ਉਸ ਨੂੰ ਸਮਝਣਾ ਤੇ ਫਿਰ ਸੂਖ਼ਮ ਰੰਗਾਂ ’ਚ ਚਿਤਰਣ ਕਰਨਾ। ਸ਼ਬਦਾਂ ਨੂੰ ਬੋਲ ਦੇਣੇ, ਅਰਥ ਭਰਪੂਰ ਬੋਲ। ਸ਼ਾਇਰ ਕਮਲ ਬੰਗਾ ਸ਼ਬਦਾਂ ਨੂੰ ਬੋਲ ਦਿੰਦਾ ਹੈ, ਰੰਗ-ਬਰੰਗੀ ਦੁਨੀਆ ਸਿਰਜਦਾ ਹੈ। ਪਾਠਕਾਂ ਦੀ ਝੋਲੀ ਭਰਦਾ ਹੈ। ਕਵੀ ਲੋਕਾਂ ਨੂੰ ਤੋਹਫ਼ਾ ਦਿੰਦਾ ਹੈ, ਸ਼ਬਦਾਂ ਦਾ। ਇਹ ਤੋਹਫ਼ਾ ਉਦੋਂ ਤੱਕ ਸੰਪੂਰਨ ਨਹੀਂ ਹੁੰਦਾ, ਜਦੋਂ ਤੱਕ ਇਸ ਨੂੰ ਅੱਗੇ ਦੀ ਅੱਗੇ ਨਾ ਤੋਰ ਦਿੱਤਾ ਜਾਵੇ। ਕਵੀ ਬੰਗਾ ਨਿਰੰਤਰ ਤੁਰਦਾ ਹੈ, ਉਹਦੀ ਤੋਰ ਤਿੱਖੀ ਹੈ, ਨਿਵੇਕਲੀ ਹੈ, ਅਰਥ ਭਰਪੂਰ ਹੈ। ਉਹਦੇ ਕੁਝ ਸ਼ਿਅਰ ਨਜ਼ਰ ਹਨ -
ਜਦ ਸ਼ਾਇਰ ਦੀ ਗ਼ਜ਼ਲ, ਪੂਰੀ ਹੋ ਜਾਂਦੀ ‘ਕਮਲ’,
ਇਹ ਵੀ ਤਾਂ ਸ਼ਾਇਰੀ ਦੀ, ਰੂਹ ਨਸ਼ਿਆਉਂਦੀ
* * * * *
ਇਕ ਸ਼ਾਇਰ ਕਰਦਾ ਬਹਿਰ ਦੀ ਗੱਲ।
ਦੂਆ ਸ਼ਾਇਰ ਕਰਦਾ ਲਹਿਰ ਦੀ ਗੱਲ।
ਸ਼ਾਇਰ ਬੰਗਾ ‘ਲਹਿਰ’ ਦਾ ਕਵੀ ਹੈ। ਲੋਕਾਂ ਦਾ ਸ਼ਾਇਰ ਹੈ। ਆਪਣੇ ਨਿੱਜ ਤੱਕ ਸਿਮਟਿਆ ਸ਼ਾਇਰ ਨਹੀਂ ਹੈ।
ਸ਼ਾਇਰ ਬੰਗਾ ਸ਼ਰਧਾ, ਜਨੂੰਨੀ ਵਫ਼ਾਦਾਰੀ, ਸੁਪਨਿਆਂ, ਵੈਰਾਗ ਦਾ ਸ਼ਾਇਰ ਹੈ। ਮਨੁੱਖ ਨੂੰ ਵੈਰਾਗੀ ਹੋਏ ਬਗੈਰ ਆਪਣੇ ਕੀਤੇ ਕੰਮ ਦੀਆਂ ਗ਼ਲਤੀਆਂ, ਉਸ ਦੀਆਂ ਕਮੀਆਂ, ਉਸ ਦੀਆਂ ਤਰੁੱਟੀਆਂ ਨਜ਼ਰ ਨਹੀਂ ਆਉਂਦੀਆਂ। ਖ਼ੂਬਸੂਰਤ ਗੱਲ ਇਹ ਹੈ ਕਿ ਵੈਰਾਗ ਲੈ ਕੇ ਹੀ ਅਭਿਆਸ ਕਰਨਾ ਹੁੰਦਾ ਹੈ। ਵੈਰਾਗ ਲੈ ਕੇ ਹੀ ਸ਼ਰਧਾ ਰੱਖਣੀ ਹੁੰਦੀ ਹੈ ਅਤੇ ਤਿੰਨਾਂ ਦਾ ਆਪਸ ਵਿਚ ਕੋਈ ਰਿਸ਼ਤਾ ਨਾ ਲਗਦੇ ਹੋਏ ਵੀ ਰਿਸ਼ਤਾ ਰਹਿੰਦਾ ਹੈ। ਸ਼ਾਇਰ ਬੰਗਾ ਇਸ ਗੱਲ ਨੂੰ ਸਮਝਦਿਆਂ ਲਿਖਦਾ ਹੈ, ਨਿਰੰਤਰ ਲਿਖਦਾ ਹੈ। ਉਹਦੀ ਕਲਮ ਨੂੰ ਸਲਾਮ।
ਉਸ ਦੇ ਗ਼ਜ਼ਲ ਸੰਗਿ੍ਰਹ ’ਚ ਸਵਾ ਦੋ ਸੋ ਗ਼ਜ਼ਲਾਂ ਹਨ, ਕੁਝ ਸ਼ਿਅਰ ਹਨ, ਰੁਬਾਈ ਹੈ ਅਤੇ ਸਭ ਤੋਂ ਖ਼ੂਬਸੂਰਤ ਗੱਲ ਇਹ ਹੈ ਕਿ ਉਸ ਨੇ ਸ਼ਾਇਰ ਅਜ਼ਾਦ ਜਲੰਧਰੀ ਅਤੇ ਯੁਗ ਸ਼ਾਇਰ ਸੁਰਜੀਤ ਪਾਤਰ ਨੂੰ ਵੀ ਯਾਦ ਕੀਤਾ ਹੈ।
- ਗੁਰਮੀਤ ਸਿੰਘ ਪਲਾਹੀ
98158-02070
Comments (0)