ਡੇਰਾ ਪ੍ਰੇਮੀ ਪ੍ਰਦੀਪ ਕਲੇਰ ਅਨੁਸਾਰ ਸੌਦਾ ਸਾਧ ਤੇ ਹਨੀਪ੍ਰੀਤ ਨੇ ਬੇਅਦਬੀ ਦੇ ਦਿਤੇ ਹੁਕਮ

ਡੇਰਾ ਪ੍ਰੇਮੀ ਪ੍ਰਦੀਪ ਕਲੇਰ ਅਨੁਸਾਰ  ਸੌਦਾ ਸਾਧ ਤੇ ਹਨੀਪ੍ਰੀਤ ਨੇ ਬੇਅਦਬੀ ਦੇ  ਦਿਤੇ ਹੁਕਮ

*ਚੰਡੀਗੜ੍ਹ ਦੀ ਅਦਾਲਤ ਵਿਚ ਦਰਜ ਕਰਵਾਏ ਬਿਆਨ

*ਕਲੇਰ ਨੇ ਕਿਹਾ ਕਿ ਬਿਟੂ ਵਾਂਗ ਮੇਰਾ ਵੀ ਕਤਲ ਕਰਵਾਇਆ ਜਾ ਸਕਦੈ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਚੰਡੀਗੜ੍ਹ-ਪਹਿਲੀ ਵਾਰ ਬਰਗਾੜੀ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿਚ ਹਨੀਪ੍ਰੀਤ ਇੰਸਾਂ 'ਤੇ ਮਾਮਲੇ ਵਿੱਚ ਕਥਿਤ ਤੌਰ ਤੇ ਸ਼ਾਮਿਲ ਹੋਣ ਦੇ ਇਲਜ਼ਾਮ ਲੱਗੇ ਹਨ। ਹਨੀਪ੍ਰੀਤ ਇੰਸਾਂ ਬਲਾਤਕਾਰ ਅਤੇ ਕਤਲ ਦੇ ਦੋਸ਼ੀ ਡੇਰਾ  ਸਿਰਸਾ ਦੇ ਮੁਖੀ  ਰਾਮ ਰਹੀਮ ਦੀ ਗੋਦ ਲਈ ਧੀ ਹੈ।ਹਨੀਪ੍ਰੀਤ ’ਤੇ ਬੇਅਦਬੀ ਮਾਮਲੇ ਵਿੱਚ ਸ਼ਾਮਿਲ ਹੋਣ ਦੇ ਦੋਸ਼ ਬਰਗਾੜੀ ਕਾਂਡ ਦੇ ਇੱਕ ਮੁਲਜ਼ਮ ਪ੍ਰਦੀਪ ਕਲੇਰ ਨੇ ਲਾਏ ਹਨ, ਜਿਸ ਨੂੰ ਪੰਜਾਬ ਪੁਲਿਸ ਨੇ ਫਰਵਰੀ 2024 ਵਿੱਚ ਗ੍ਰਿਫ਼ਤਾਰ ਕੀਤਾ ਸੀ।ਪ੍ਰਦੀਪ ਕਲੇਰ ਨੂੰ ਸਾਲ 2021 ਵਿੱਚ ਐਲਾਨੀਆ ਅਪਰਾਧੀ (ਪ੍ਰੋਕਲੇਮਡ ਓਫੈਂਡਰ) ਐਲਾਨਿਆ ਗਿਆ ਸੀ।ਪ੍ਰਦੀਪ ਕਲੇਰ ਉੱਤੇ ਫ਼ਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿੱਚੋਂ  ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕਰਨ ਤੇ ਇਸ ਮਗਰੋਂ ਇਸੇ ਪਿੰਡ ਦੀਆਂ ਕੰਧਾਂ ਉੱਤੇ ਵਿਵਾਦਤ ਪੋਸਟਰ ਚਿਪਕਾਉਣ ਦੇ ਨਾਲ-ਨਾਲ ਬਰਗਾੜੀ ਵਿੱਚ ਬੇਅਦਬੀ ਦੀਆਂ ਘਟਨਾਵਾਂ ਦੀ ਸਾਜਿਸ਼ ਰਚਣ ਦੇ ਇਲਜ਼ਾਮ ਹਨ।ਪ੍ਰਦੀਪ ਨੂੰ ਭਾਜਪਾ ਦੇ ਨੇਤਾ ਦੇ ਨਾਲ ਅਯੁੱਧਿਆ ਵਿਚ ਇੱਕ ਧਾਰਮਿਕ ਸਮਾਗਮ ਵਿਚ ਸ਼ਾਮਲ ਹੋਣ ਦੀਆਂ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਪੁਲਿਸ ਵਲੋਂ ਗ੍ਰਿਫਤਾਰ ਕੀਤਾ ਗਿਆ ਸੀ।

ਡੇਰਾ ਸਿਰਸਾ ਦੇ ਸਿਆਸੀ ਵਿੰਗ ਦਾ ਮੁਖੀ ਪ੍ਰਦੀਪ ਕਲੇਰ, ਜਿਸ ਦੀ ਗਿ੍ਫ਼ਤਾਰੀ ਵਿਸ਼ੇਸ਼ ਜਾਂਚ ਟੀਮ ਅਤੇ ਫ਼ਰੀਦਕੋਟ ਪੁਲਿਸ ਦੀ ਸਾਂਝੀ ਟੀਮ ਵਲੋਂ ਕੁਝ ਸਮਾਂ ਪਹਿਲਾਂ ਗੁਰੂਗਰਾਮ (ਹਰਿਆਣਾ) ਤੋਂ ਕੀਤੀ ਗਈ ਸੀ।ਪ੍ਰਦੀਪ ਕਲੇਰ ਨੇ ਚੰਡੀਗੜ੍ਹ ਦੀ ਅਦਾਲਤ ਵਿੱਚ ਧਾਰਾ 164 ਅਧੀਨ ਜੁਡੀਸ਼ੀਅਲ ਮੈਜਿਸਟਰੇਟ ਮੋਹਿਤ ਅੱਗੇ ਆਪਣਾ ਇਕਬਾਲੀਆ ਬਿਆਨ ਫਰਵਰੀ ਦੇ ਅਖੀਰ ਵਿੱਚ ਦਰਜ ਕਰਵਾਇਆ ਸੀ ਤੇ ਬੇਅਦਬੀਆਂ ਦੇ ਕੇਸ ਵਿਚ ਡੇਰਾ ਮੁਖੀ  ਤੇ ਉਸ ਦੀ ਮੂੰਹਬੋਲੀ ਧੀ ਹਨੀਪ੍ਰੀਤ ਨੂੰ ਇਨ੍ਹਾਂ ਘਟਨਾਵਾਂ ਲਈ ਮੁੱਖ ਸਾਜ਼ਿਸ਼ਕਰਤਾ ਬਣਾ ਦਿੱਤਾ ਹੈ । ਹਾਲਾਂਕਿ, ਇਸ ਤੋਂ ਪਹਿਲਾਂ ਡੇਰੇ ਦੀ ਪੰਜਾਬ ਲਈ 45 ਮੈਂਬਰੀ ਕਮੇਟੀ ਦੇ ਮੁਖੀ ਮਹਿੰਦਰਪਾਲ ਬਿੱਟੂ ਨੇ ਵੀ ਅਦਾਲਤ ਸਾਹਮਣੇ ਧਾਰਾ 164 ਅਧੀਨ ਦਰਜ ਕਰਵਾਏ ਬਿਆਨਾਂ ਵਿਚ ਪ੍ਰਦੀਪ ਕਲੇਰ ਦੇ ਬਿਆਨ ਦੀ ਤਰਜ਼ 'ਤੇ ਡੇਰਾ ਮੁਖੀ ਨੂੰ ਸਾਜਿਸ਼ਕਰਤਾ ਦੱਸਿਆ ਸੀ ਪਰ ਬਿੱਟੂ ਨੂੰ ਬਾਅਦ ਵਿਚ ਜੇਲ੍ਹ ਵਿਚ ਹੀ ਮਾਰ ਦਿੱਤਾ ਗਿਆ ਸੀ ਅਤੇ ਉਸ ਦੀ ਹੱਤਿਆ ਦੀ ਗੁੱਥੀ ਅਜੇ ਤੱਕ ਨਹੀਂ ਸੁਲਝ ਸਕੀ ।ਪ੍ਰਦੀਪ ਕਲੇਰ, ਜੋ ਪਹਿਲਾਂ ਇਸ ਕੇਸ ਵਿਚ ਭਗੌੜਾ ਐਲਾਨਿਆ ਹੋਇਆ ਸੀ, ਨੇ ਹੁਣ ਦੱਸਿਆ ਹੈ ਕਿ ਉਹ ਕਦੀ ਵੀ ਕਿਤੇ ਦੌੜਿਆ ਨਹੀਂ ਤੇ ਹਮੇਸ਼ਾ ਡੇਰੇ ਵਿਚ ਹੀ ਮੌਜੂਦ ਰਿਹਾ ਪਰ ਉਸ ਦੀ ਇਸ ਕਾਂਡ ਵਿਚ ਕੋਈ ਭੂਮਿਕਾ ਨਹੀਂ ਸੀ, ਜਦੋਂਕਿ ਸਾਜ਼ਿਸ਼ ਉਸ ਦੀ ਹਾਜ਼ਰੀ ਵਿਚ ਜ਼ਰੂਰ ਹੋਈ । ਅਦਾਲਤ ਸਾਹਮਣੇ ਦਰਜ ਕਰਵਾਏ ਬਿਆਨ ਵਿਚ ਪ੍ਰਦੀਪ ਕਲੇਰ ਨੇ ਕਿਹਾ ਹੈ ਕਿ ਉਸ ਨੂੰ 2014 ਵਿਚ ਡੇਰੇ ਦੇ ਸਿਆਸੀ ਵਿੰਗ ਦਾ ਮੁਖੀ ਥਾਪਿਆ ਗਿਆ ਸੀ ਅਤੇ ਮੇਰਾ ਕੰਮ ਰਾਜਨੀਤਿਕ ਆਗੂਆਂ ਨਾਲ ਤਾਲਮੇਲ ਰੱਖਣਾ ਸੀ ।ਉਸ ਅਨੁਸਾਰ ਮਾਰਚ-ਅਪ੍ਰੈਲ 2015 ਦੌਰਾਨ ਉਸ ਨੇ ਦਿੱਲੀ ਜਾਣਾ ਸੀ ਤਾਂ ਮੈਨੂੰ ਸੌਦਾ ਸਾਧ ਕੋਲ ਬੁਲਾਇਆ ਗਿਆ, ਜਦੋਂ ਮੈਂ ਪੁੱਜਾ ਤਾਂ ਉਥੇ ਹਨੀਪ੍ਰੀਤ, ਰਕੇਸ਼ ਕੁਮਾਰ ਦਿੜ੍ਹਬਾ, ਹਰਸ਼ ਧੂਰੀ, ਮਹਿੰਦਰਪਾਲ ਬਿੱਟੂ (ਕੋਟਕਪੂਰਾ), ਗੁਲਾਬ ਉਰਫ਼ ਗੁਲਾਬੋ, ਗੁਰਲੀਨ ਉਰਫ਼ ਰਕੇਸ਼ ਕੁਮਾਰ ਹਾਜ਼ਰ ਸਨ ।ਜਿਥੇ ਬੁਰਜ ਜਵਾਹਰਸਿੰਘ ਵਾਲਾ ਵਿਖੇ ਸਿੱਖ ਪ੍ਰਚਾਰਕ ਹਰਜਿੰਦਰ ਸਿੰਘ ਮਾਝੀ ਵਲੋਂ ਕੀਤੀ ਗਈ ਕਥਾ ਤੋਂ ਬਾਅਦ ਡੇਰੇ ਦੇ ਕਈ ਸੇਵਕਾਂ ਵਲੋਂ ਸੌਦਾ ਸਾਧ  ਦੀ ਤਸਵੀਰ ਵਾਲੇ ਲਾਕੇਟ ਗਲਾਂ ਵਿਚੋਂ ਲਾਹ ਪੈਰਾਂ ਵਿਚ ਸੁੱਟ ਦਿੱਤੇ ਗਏ ।ਪ੍ਰਦੀਪ ਕਲੇਰ ਦੇ ਬਿਆਨ ਅਨੁਸਾਰ ਇਸ 'ਤੇ ਹਨੀਪ੍ਰੀਤ ਗੁੱਸੇ ਵਿਚ ਆ ਗਈ ਅਤੇ ਉਸ ਨੇ ਪੁੱਛਿਆ ਕਿ ਜਦੋਂ ਲਾਕਿਟ ਸੁੱਟੇ ਤਾਂ ਉਸ ਤੋਂ ਬਾਅਦ ਤੁਸੀਂ ਕੁਝ ਕੀਤਾ ਕਿਉਂ ਨਹੀਂ । ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਜਾਣਾ ਚਾਹੀਦਾ ਸੀ । ਹਾਜ਼ਰ ਕੁਝ ਮੈਂਬਰਾਂ ਨੇ ਕਿਹਾ ਕਿ ਮਾਝੀ ਤਾਂ ਇਕ ਪ੍ਰਚਾਰਕ ਹੈ, ਪ੍ਰੰਤੂ ਸਿੱਖਾਂ ਦੀ ਨਿਸ਼ਾਨੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ।ਇਸ 'ਤੇ ਹਨੀਪ੍ਰੀਤ ਨੇ ਕਿਹਾ ਕਿ ਸਿੱਖਾਂ ਨਾਲ ਵੀ ਅਜਿਹਾ ਹੀ ਵਿਵਹਾਰ ਕੀਤਾ ਜਾਣਾ ਜ਼ਰੂਰੀ ਹੈ। ਗੁਰੂ ਗ੍ਰੰਥ ਸਾਹਿਬ ਨੂੰ ਵੀ ਇੰਝ ਹੀ ਪੈਰਾਂ ਵਿੱਚ ਰੋਲ ਦਿਓ।