ਕੈਲੀਫੋਰਨੀਆ ਵਿਚ ਫਲਸਤੀਨ ਪੱਖੀ ਰੈਲੀ ਦੌਰਾਨ ਹੋਏ ਝਗੜੇ ਵਿੱਚ ਯਹੂਦੀ ਵਿਅਕਤੀ ਦੀ ਮੌਤ

ਕੈਲੀਫੋਰਨੀਆ ਵਿਚ ਫਲਸਤੀਨ ਪੱਖੀ ਰੈਲੀ ਦੌਰਾਨ ਹੋਏ ਝਗੜੇ ਵਿੱਚ ਯਹੂਦੀ ਵਿਅਕਤੀ ਦੀ ਮੌਤ

 ਸ਼ੱਕੀ ਨੂੰ ਫੜ ਕੇ ਛੱਡਿਆ, ਮਾਮਲਾ ਜਾਂਚ ਅਧੀਨ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਦੱਖਣੀ ਕੈਲੀਫੋਰਨੀਆ ਵਿਚ ਹੋਈ ਰੈਲੀ ਦੌਰਾਨ ਇਕ ਫਲਸਤੀਨੀਅਨ ਪੱਖੀ ਪ੍ਰਦਰਸ਼ਨਕਾਰੀ ਨਾਲ ਤਕਰਾਰ ਉਪਰੰਤ ਹੋਏ ਝਗੜੇ ਵਿੱਚ ਇਕ 69 ਸਾਲਾ ਯਹੂਦੀ ਦੀ ਮੌਤ ਹੋਣ ਦੀ ਖਬਰ ਹੈ। ਵੈਨਟੂਰਾ ਕਾਊਂਟੀ ਸ਼ੈਰਿਫ ਨੇ ਕਿਹਾ ਹੈ ਕਿ ਇਸ ਮਾਮਲੇ ਨੂੰ ਸੰਭਾਵੀ ਤੌਰ 'ਤੇ ਨਫਰਤੀ ਅਪਰਾਧ ਵਜੋਂ ਵਿਚਾਰਿਆ ਜਾ ਸਕਦਾ ਹੈ। ਅਧਿਕਾਰੀਆਂ ਅਨੁਸਾਰ ਮ੍ਰਿਤਕ ਵਿਅਕਤੀ ਦੀ ਪਛਾਣ ਪੌਲ ਕੇਸਲਰ ਵਜੋਂ ਹੋਈ ਹੈ ਤੇ ਇਹ ਹੱਤਿਆ ਦਾ ਮਾਮਲਾ ਹੈ। ਸ਼ੈਰਿਫ ਫਰਾਈਹੋਫ ਨੇ ਇਕ ਜਾਰੀ ਬਿਆਨ ਵਿਚ ਕਿਹਾ ਹੈ ਕਿ 50 ਸਾਲਾ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਗਿਆ ਸੀ ਪਰੰਤੂ ਬਾਅਦ ਵਿਚ ਉਸ ਨੂੰ ਛੱਡ ਦਿੱਤਾ ਗਿਆ ਕਿਉਂਕਿ ਮਾਮਲਾ ਅਜੇ ਜਾਂਚ ਅਧੀਨ ਹੈ।  ਮੌਕੇ ਦੇ ਗਵਾਹਾਂ ਅਨੁਸਾਰ ਥਾਊਸੈਂਡ ਓਕਸ ਖੇਤਰ ਵਿਚ ਇਸਰਾਈਲ ਤੇ ਫਲਸਤੀਨ ਪੱਖੀ ਹੋਈਆਂ ਦੋ ਰੈਲੀਆਂ ਦੌਰਾਨ ਕੇਸਲਰ ਇਕ ਫਲਸਤੀਨ ਪੱਖੀ ਪ੍ਰਦਰਸ਼ਨਕਾਰੀ ਨਾਲ ਉਲਝ ਗਿਆ ਜਿਸ ਦੌਰਾਨ ਉਹ ਸਿਰ ਵਿਚ ਸੱਟ ਵੱਜਣ ਕਾਰਨ ਜ਼ਖਮੀ ਹੋ ਗਿਆ। ਫਰਾਈਹੋਫ ਨੇ ਕਿਹਾ ਹੈ ਕਿ ਇਹ ਸਪੱਸ਼ਟ ਹੈ ਕਿ ਦੋਨਾਂ ਵਿਚਾਲੇ ਤਕਰਾਰ ਹੋਈ ਪਰੰਤੂ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਕੇਸਲਰ ਦੀ ਮੌਤ ਸ਼ੱਕੀ ਵਿਅਕਤੀ ਵੱਲੋਂ ਸੱਟ ਮਾਰਨ ਕਾਰਨ ਹੋਈ ਹੈ। ਸ਼ੈੈਰਿਫ ਨੇ ਆਮ ਲੋਕਾਂ ਜੋ ਮੌਕੇ 'ਤੇ ਮੌਜੂਦ ਸਨ,ਨੂੰ ਜਾਂਚ ਵਿਚ ਮੱਦਦ ਕਰਨ ਲਈ ਕਿਹਾ ਹੈ। ਉਨਾਂ ਕਿਹਾ ਹੈ ਕਿ ਜੇ ਕਿਸੇ ਕੋਲ ਵੀਡੀਓ ਹੋਵੇ ਤਾਂ ਉਹ ਅਧਿਕਾਰੀਆਂ ਨਾਲ ਸੰਪਰਕ ਕਰੇ।