ਪੰਜਾਬ ਵਿਚ ਨਸ਼ਿਆਂ ਦੀ ਸਪਲਾਈ ਲਾਈਨ ਦੀ ਅਹਿਮ ਕੜੀ ਪੁਲਿਸ ਹੱਥ ਲੱਗੀ

ਪੰਜਾਬ ਵਿਚ ਨਸ਼ਿਆਂ ਦੀ ਸਪਲਾਈ ਲਾਈਨ ਦੀ ਅਹਿਮ ਕੜੀ ਪੁਲਿਸ ਹੱਥ ਲੱਗੀ

ਪਟਿਆਲਾ: ਪੰਜਾਬ ਵਿਚ ਨਸ਼ਿਆਂ ਦੀ ਸਪਲਾਈ ਲਾਈਨ ਨਾਲ ਜੁੜੀ ਇਕ ਅਹਿਮ ਕੜੀ ਪੁਲਿਸ ਦੇ ਹੱਥ ਲੱਗੀ ਹੈ। ਪਟਿਆਲਾ ਪੁਲਿਸ ਵਲੋਂ ਬੁਧਵਾਰ 3.4 ਕਿੱਲੋਂ ਅਫੀਮ ਸਮੇਤ ਗ੍ਰਿਫਤਾਰ ਕੀਤੇ ਗਏ ਜਸਵਿੰਦਰ ਸਿੰਘ ਉਰਫ ਸਰਪੰਚ ਬਾਰੇ ਦੱਸਿਆ ਜਾ ਰਿਹਾ ਹੈ ਕਿ ਉਹ ਪੰਜਾਬ ਦੇ ਵੱਡੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵਿਚ ਨਸ਼ੇ ਦੀ ਸਪਲਾਈ ਕਰਦਾ ਸੀ। ਜਸਵਿੰਦਰ ਸਿੰਘ 70 ਕਿੱਲਿਆਂ ਦਾ ਮਾਲਕ ਦੱਸਿਆ ਜਾ ਰਿਹਾ ਹੈ ਤੇ ਇਹ ਨਸ਼ਾ ਸਪਲਾਈ ਕਰਨ ਲਈ ਔਡੀ ਅਤੇ ਪਜੈਰੋ ਵਰਗੀਆਂ ਵੱਡੀਆਂ ਕਾਰਾਂ ਨੂੰ ਵਰਤਦਾ ਸੀ। ਇਸ ਤੋਂ ਇਲਾਵਾ ਇਹ ਇਕ ਔਰਤ ਅਮਰਜੀਤ ਅਮਰੋ ਨੂੰ ਆਪਣੇ ਨਾਲ ਰੱਖਦਾ ਸੀ ਜਿਸ ਨੂੰ ਇਹ ਆਪਣੀ ਘਰਵਾਲੀ ਦੱਸਦਾ ਸੀ। 

ਪਟਿਆਲਾ ਦੇ ਐਸਐਸਪੀ ਮਨਦੀਪ ਸਿੰਘ ਨੇ ਦੱਸਿਆ ਕਿ ਅਮਰਜੀਤ ਅਮਰੋ ਨਸ਼ੇ ਦੀ ਸਮਗਲਿੰਗ ਨਾਲ ਸਬੰਧਿਤ 20 ਕੇਸਾਂ ਵਿਚ ਨਾਮਜ਼ਦ ਹੈ। ਪੁਲਿਸ ਦਾ ਕਹਿਣਾ ਹੈ ਕਿ ਜਸਵਿੰਦਰ ਦੀ ਪੁੱਛਗਿੱਛ ਤੋਂ ਬਾਅਦ ਜੋ ਨਾਮ ਸਾਹਮਣੇ ਆਉਣਗੇ ਉਨ੍ਹਾਂ ਤੋਂ ਵੀ ਪੁੱਛਗਿਛ ਕੀਤੀ ਜਾਵੇਗੀ। 

ਸੂਤਰਾਂ ਮੁਤਾਬਿਕ ਜਸਵਿੰਦਰ ਦੀ ਗ੍ਰਿਫਤਾਰੀ ਤੋਂ ਬਾਅਦ ਕਈ ਵੱਡੇ ਨਾਵਾਂ ਦਾ ਪੁਲਿਸ 'ਤੇ ਦਬਾਅ ਪਾਇਆ ਗਿਆ ਕਿ ਉਸਨੂੰ ਸਿੱਧਾ ਜੁਡੀਸ਼ੀਅਲ ਰਿਮਾਂਡ 'ਤੇ ਭੇਜ ਦਿੱਤਾ ਜਾਵੇ ਤੇ ਉਸ ਕੋਲੋਂ ਪੁੱਛਗਿਛ ਨਾ ਕੀਤੀ ਜਾਵੇ। 

ਪੁਲਿਸ ਅਨੁਸਾਰ ਜਸਵਿੰਦਰ 2014 ਤੋਂ ਪੰਜਾਬ ਵਿਚ ਨਸ਼ਾ ਸਪਲਾਈ ਕਰ ਰਿਹਾ ਹੈ। ਪੁਲਿਸ ਵਲੋਂ ਪਜੈਰੋ ਤੋਂ ਇਲਾਵਾ ਅਮਰੋ ਦੀ ਦਿੱਤੀ ਜਾਣਕਾਰੀ 'ਤੇ ਇਕ ਔਡੀ ਵੀ ਬਰਾਮਦ ਕੀਤੀ ਗਈ ਹੈ ਜਿਸ ਦੇ ਬੋਨਟ ਵਿਚ 400 ਗ੍ਰਾਮ ਅਫੀਮ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਪੁਲਿਸ ਦੇ ਦੱਸਣ ਅਨੁਸਾਰ ਇਹਨਾਂ ਗੱਡੀਆਂ 'ਤੇ ਨਕਲੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਸਨ। 

ਇਸ ਗ੍ਰਿਫਤਾਰੀ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਜੇ ਸਹੀ ਢੰਗ ਨਾਲ ਤਫਤੀਸ਼ ਕੀਤੀ ਗਈ ਤਾਂ ਪੁਲਿਸ ਨੂੰ ਪੰਜਾਬ ਅੰਦਰ ਨਸ਼ਿਆਂ ਦੀ ਸਪਲਾਈ ਲਾਈਨ ਤੋੜਨ ਵਿਚ ਵੱਡੀ ਕਾਮਯਾਬੀ ਮਿਲ ਸਕਦੀ ਹੈ ਤੇ ਕਈ ਵੱਡੇ ਨਾਮ ਜੋ ਇਸ ਸਪਲਾਈ ਲਾਈਨ ਨਾਲ ਜੁੜੇ ਹਨ ਉਹ ਸਾਹਮਣੇ ਆ ਸਕਦੇ ਹਨ।