ਡੇਰਾ ਬਿਆਸ ਮੁਖੀ 'ਤੇ ਭਾਣਜੇ ਨੇ ਕਰੋੜਾਂ ਦੀ ਧੋਖਾਧੜੀ ਦਾ ਦੋਸ਼ ਲਾਇਆ

ਡੇਰਾ ਬਿਆਸ ਮੁਖੀ 'ਤੇ ਭਾਣਜੇ ਨੇ ਕਰੋੜਾਂ ਦੀ ਧੋਖਾਧੜੀ ਦਾ ਦੋਸ਼ ਲਾਇਆ

ਨਵੀਂ ਦਿੱਲੀ: ਡੇਰਾ ਰਾਧਾ ਸੁਆਮੀ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਉੱਤੇ ਵੱਡੀ ਧੋਖਾਧੜੀ ਦਾ ਇਲਜ਼ਾਮ ਲੱਗਿਆ ਹੈ ਤੇ ਇਹ ਦੋਸ਼ ਢਿੱਲੋਂ ਦੇ ਭਾਣਜੇ ਅਤੇ ਰੈਨਬੈਕਸੀ, ਫੋਰਟਿਸ, ਰੈਲੀਗੇਅਰ ਅੰਪਾਇਰ ਵਰਗੀਆਂ ਵੱਡੀਆਂ ਕੰਪਨੀਆਂ ਦੇ ਮਾਲਕ ਮਲਵਿੰਦਰ ਸਿੰਘ ਨੇ ਲਾਏ ਹਨ। 

ਰੈਨਬੈਕਸੀ, ਫੋਰਟਿਸ, ਰੈਲੀਗੇਅਰ ਅੰਪਾਇਰ ਵਰਗੀਆਂ ਵੱਡੀਆਂ ਕੰਪਨੀਆਂ ਦੇ 22,500 ਕਰੋੜ ਰੁਪਏ ਦੇ ਘਪਲੇ ਸਬੰਧੀ ਕਾਫੀ ਸਮੇਂ ਤੋਂ ਰੇੜਕਾ ਚੱਲ ਰਿਹਾ ਸੀ ਜਿਸ ਉੱਤੋਂ ਪਰਦਾ ਚੁਕਦਿਆਂ ਅੱਜ ਇਨ੍ਹਾਂ ਕੰਪਨੀਆਂ ਦੇ ਦੋਵਾਂ ਸਕੇ ਹਿਸੇਦਾਰ ਭਰਾਵਾਂ ਵਿੱਚੋਂ ਇੱਕ ਮਲਵਿੰਦਰ ਸਿੰਘ ਨੇ ਆਪਣੇ ਮਾਮੇ ਡੇਰਾ ਰਾਧਾ ਸੁਆਮੀ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ 'ਤੇ ਹਜਾਰਾਂ ਕਰੋੜਾਂ ਰੁਪਇਆਂ ਦੀ ਘਪਲੇਬਾਜੀ ਅਤੇ ਜਾਨੋ ਮਾਰ ਦੇਣ ਦੀ ਧਮਕੀ ਦੇਣ ਦਾ ਇਲਜ਼ਾਮ ਲਾਇਆ ਹੈ ।

ਇਹ ਸ਼ਕਾਇਤ ਦਿੱਲੀ ਵਿਖੇ ਆਰਥਿਕ ਅਪਰਾਧ ਵਿੰਗ ਨੂੰ ਕੀਤੀ ਗਈ ਹੈ। ਮਲਵਿੰਦਰ ਨੇ ਸ਼ਕਾਇਤ ਦੇ ਵਿੱਚ ਡੇਰਾ ਮੁੱਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਦੇ ਨਾਲ ਨਾਲ ਉਸ ਦੀ ਪਤਨੀ, ਉਸ ਦੇ ਮੁੰਡੇ, ਬਾਬੇ ਦੇ ਖਾਸ ਮਿੱਤਰ ਅਤੇ ਹੋਣ ਵਾਲੇ ਕੁੜਮ ਅਤੇ ਆਪਣੇ ਸਕੇ ਭਰਾ ਸ਼ਵਿੰਦਰ ਸਿੰਘ ਨੂੰ ਦਾ ਨਾਮ ਵੀ ਲਿਖਾਇਆ ਹੈ।

ਇਸ ਸ਼ਿਕਾਇਤ ਮੁਤਾਬਕ ਡੇਰਾ ਮੁੱਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਨੇ ਮਲਵਿੰਦਰ ਸਿੰਘ ਨੂੰ ਆਪਣੇ ਵਕੀਲ ਫੈਰੀਡਾ ਚੋਪੜਾ ਰਾਹੀਂ ਮਾਰਨ ਦੀ ਧਮਕੀ ਦਿੱਤੀ ਸੀ। ਮਲਵਿੰਦਰ ਅਨੁਸਾਰ ਇਹ ਧਮਕੀ ਉਦੋਂ ਦਿੱਤੀ ਗਈ ਜਦੋਂ ਉਸ ਨੇ ਆਪਣੀ ਰਕਮ ਵਾਪਸ ਲੈਣ ਲਈ ਬਾਬੇ ਨੂੰ ਕਾਨੂੰਨੀ ਨੋਟਿਸ ਭੇਜਿਆ।

ਮਲਵਿੰਦਰ ਨੇ ਇਸ ਸ਼ਿਕਾਇਤ ਰਾਹੀਂ ਕਿਹਾ ਹੈ ਕਿ ਉਸ ਨੇ ਮੁਲਜਮਾਂ ਕੋਲੋਂ 8,742 ਕਰੋੜ ਰੁਪਿਆ ਵਾਪਸ ਲੈਣਾ ਹੈ ।

ਇਹ ਸ਼ਕਾਇਤ ਪੰਜ ਫਰਵਰੀ ਨੂੰ ਕੀਤੀ ਗਈ ਸੀ। ਇਸ ਸ਼ਕਾਇਤ ਵਿੱਚ ਬਾਬੇ ਦੇ ਹੋਣ ਵਾਲੇ ਕੁੜਮ ਸੁਨੀਲ ਗੋਧਵਾਨੀ ਦਾ ਨਾਮ ਵੀ ਸ਼ਾਮਲ ਹੈ। ਗੁਰਕੀਰਤ ਸਿੰਘ ਢਿਲੋਂ, ਬਾਬੇ ਦਾ ਛੋਟਾ ਮੁੰਡਾ, ਗੋਧਵਾਨੀ ਦੀ ਕੁੜੀ ਨਾਲ ਮੰਗਿਆ ਹੋਇਆ ਹੈ। 

ਸ਼ਿਕਾਇਤ ਅਨੁਸਾਰ ਬਾਬੇ ਅਤੇ ਗੋਧਵਾਨੀ ਅਤੇ ਦੋਵਾਂ ਪਰਿਵਾਰਾਂ ਦੇ ਹੋਰ ਮੈਂਬਰਾਂ ਦੇ ਨਾਮ 'ਤੇ ਬਣੀਆਂ ਕੰਪਨੀਆਂ ਦੇ ਖਾਤੇ 'ਚ ਦੋਵਾਂ ਭਰਾਵਾਂ ਦੀਆਂ ਕੰਪਨੀਆਂ ਦੇ 1,006.3 ਕਰੋੜ ਰੁਪਏ ਜਮਾਂ ਕਰਵਾਏ ਗਏ ਹਨ। ਇਹ ਪੈਸਾ ਲੋਨ ਦੇ ਰੂਪ ਵਿੱਚ ਦਿੱਤਾ ਗਿਆ।

ਗੁਰਿੰਦਰ ਸਿੰਘ ਢਿੱਲੋਂ 'ਤੇ ਡੇਰਾ ਬਿਆਨ ਦੇ ਨਾਂ 'ਤੇ ਭੂ-ਮਾਫੀਆ ਚਲਾਉਣ ਦੇ ਵੀ ਲੱਗੇ ਦੋਸ਼
ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਖਿਲਾਫ ਪਹਿਲਾਂ ਵੀ ਬਿਆਸ ਸਥਿਤ ਡੇਰੇ ਦੇ ਨਾਲ ਲਗਦੀ ਪਿੰਡਾਂ ਦੇ ਲੋਕਾਂ ਦੀ ਜ਼ਮੀਨ ਨੂੰ ਧੱਕੇ ਨਾਲ ਦੱਬਣ ਦੇ ਦੋਸ਼ ਲਗਦੇ ਰਹੇ ਹਨ। ਇਸ ਤੋਂ ਇਲਾਵਾ ਡੇਰਾ ਬਿਆਸ 'ਤੇ ਦੋਸ਼ ਲਗਦਾ ਹੈ ਕਿ ਉਨ੍ਹਾਂ ਬਿਆਸ ਦਰਿਆ ਦੇ ਕੁਦਰਤੀ ਵਹਿਣ ਨੂੰ ਬੰਨ੍ਹ ਬਣਾ ਕੇ ਤਬਦੀਲ ਕਰ ਦਿੱਤਾ ਜਿਸ ਨਾਲ ਦਰਿਆ ਦੇ ਦੂਜੇ ਪਾਸੇ ਦੀ ਕਿਸਾਨਾਂ ਦੀ ਵਾਹੀਯੋਗ ਜ਼ਮੀਨ ਦਰਿਆ ਵਿਚ ਮਿਲ ਗਈ।