ਬਹਿਬਲ ਕਲਾਂ ਸਾਕਾ: ਦੋਸ਼ੀ ਪੁਲਿਸ ਅਫਸਰਾਂ ਨੇ ਹਾਈ ਕੋਰਟ ਦੇ ਫੈਂਸਲੇ ਨੂੰ ਚੁਣੌਤੀ ਦਿੱਤੀ

ਬਹਿਬਲ ਕਲਾਂ ਸਾਕਾ: ਦੋਸ਼ੀ ਪੁਲਿਸ ਅਫਸਰਾਂ ਨੇ ਹਾਈ ਕੋਰਟ ਦੇ ਫੈਂਸਲੇ ਨੂੰ ਚੁਣੌਤੀ ਦਿੱਤੀ

ਫ਼ਰੀਦਕੋਟ: ਬਹਿਬਲ ਕਲਾਂ ਸਾਕੇ ਦੇ ਮਾਮਲੇ ਵਿਚ ਦੋਸ਼ੀ ਪੁਲਿਸ ਅਫ਼ਸਰਾਂ ਵਲੋਂ ਬੀਤੇ ਕਲ੍ਹ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰ ਕੇ ਮੰਗ ਕੀਤੀ ਹੈ ਕਿ ਹਾਈ ਕੋਰਟ ਦੇ ਸਿੰਗਲ ਜੱਜ ਬੈਂਚ ਵੱਲੋਂ ਇਸੇ ਸਾਲ 24 ਜਨਵਰੀ ਨੂੰ ਉਨ੍ਹਾਂ ਦੀਆਂ ਰਿੱਟਾਂ ਖਾਰਜ ਕਰਨ ਸਬੰਧੀ ਦਿੱਤੇ ਫੈ਼ਸਲੇ ਉੱਪਰ ਮੁੜ ਗੌਰ ਕੀਤੀ ਜਾਵੇ।

ਜ਼ਿਕਰਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਜਸਟਿਸ ਰਾਜਨ ਗੁਪਤਾ ਨੇ 24 ਜਨਵਰੀ ਨੂੰ ਸਾਬਕਾ ਜ਼ਿਲਾ ਪੁਲੀਸ ਮੁਖੀ ਚਰਨਜੀਤ ਸ਼ਰਮਾ, ਐੱਸ.ਪੀ. ਬਿਕਰਮਜੀਤ ਸਿੰਘ, ਬਾਜਾਖਾਨਾ ਦੇ ਸਾਬਕਾ ਐੱਸ.ਐੱਚ.ਓ. ਅਮਰਜੀਤ ਸਿੰਘ ਕੁਲਾਰ ਅਤੇ ਇੰਸਪੈਕਟਰ ਪ੍ਰਦੀਪ ਸਿੰਘ ਦੀਆਂ ਰਿੱਟ ਪਟੀਸ਼ਨਾਂ ਖਾਰਜ ਕਰ ਦਿੱਤੀਆਂ ਸਨ ਜਿਸ ਵਿੱਚ ਉਨ੍ਹਾਂ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਕਾਨੂੰਨੀ ਵੈਧਤਾ ਨੂੰ ਚੁਣੌਤੀ ਦਿੱਤੀ ਸੀ ਅਤੇ ਦਾਅਵਾ ਕੀਤਾ ਸੀ ਕਿ ਜਸਟਿਸ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਹੋਂਦ ਵਿੱਚ ਹੁੰਦਿਆਂ ਦੂਜੇ ਕਮਿਸ਼ਨ ਤੋਂ ਜਾਂਚ ਦਾ ਹੁਕਮ ਨਹੀਂ ਦਿੱਤਾ ਜਾ ਸਕਦਾ ਅਤੇ ਨਾ ਹੀ ਕਮਿਸ਼ਨ ਪੜਤਾਲ ਕਰ ਸਕਦਾ ਹੈ। 

ਜਿਹੜੇ ਪੁਲੀਸ ਅਫ਼ਸਰਾਂ ਨੇ ਫੈਸਲੇ ’ਤੇ ਮੁੜ ਗੌਰ ਦੀ ਮੰਗ ਕੀਤੀ ਹੈ ਉਨ੍ਹਾਂ ਵਿੱਚ ਚਰਨਜੀਤ ਸ਼ਰਮਾ, ਇੰਸਪੈਕਟਰ ਅਮਰਜੀਤ ਸਿੰਘ ਕੁਲਾਰ ਅਤੇ ਪ੍ਰਦੀਪ ਸਿੰਘ ਸ਼ਾਮਲ ਹਨ। ਐੱਸ.ਪੀ. ਬਿਕਰਮਜੀਤ ਸਿੰਘ ਨੇ ਰੀਵਿਊ ਪਟੀਸ਼ਨ ਦਾਇਰ ਨਹੀਂ ਕੀਤੀ। ਪੰਜਾਬ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਸ਼ੁੱਕਰਵਾਰ ਨੂੰ ਇਸ ਮਾਮਲੇ ’ਤੇ ਸੁਣਵਾਈ ਕਰ ਸਕਦੇ ਹਨ।

ਮਾਮਲੇ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਸਾਬਕਾ ਐਸ.ਐਸ.ਪੀ ਚਰਨਜੀਤ ਸ਼ਰਮਾ ਨੂੰ ਗ੍ਰਿਫਤਾਰ ਕਰ ਲਿਆ ਸੀ ਜੋ ਹੁਣ ਪੁਲਿਸ ਰਿਮਾਂਡ 'ਤੇ ਹੈ। ਇਸ ਤੋਂ ਇਲਾਵਾ ਬਾਕੀ ਦੋਸ਼ੀ ਤਿੰਨ ਪੁਲਿਸ ਅਫਸਰਾਂ ਵਲੋਂ ਫ਼ਰੀਦਕੋਟ ਅਦਾਲਤ ਵਿਚ ਅਗਾਊਂ ਜ਼ਮਾਨਤ ਦੀ ਅਰਜ਼ੀ ਦਾਖਲ ਕੀਤੀ ਗਈ ਸੀ ਜਿਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਸੀ। ਪਰ ਹੁਣ ਤਕ ਇਹਨਾਂ ਅਫਸਰਾਂ ਦੀ ਗ੍ਰਿਫਤਾਰੀ ਨਹੀਂ ਹੋਈ ਹੈ।