ਕਰਤਾਰਪੁਰ ਲਾਂਘਾ: ਭਾਰਤ ਨੇ ਪਾਸਪੋਰਟ ਤੋਂ ਬਿਨ੍ਹਾਂ ਦਰਸ਼ਨ ਦਿਦਾਰਿਆਂ ਲਈ ਜਾਣ ਦੀ ਇਜਾਜ਼ਤ ਦੇਣ ਤੋਂ ਕੀਤਾ ਇਨਕਾਰ

ਕਰਤਾਰਪੁਰ ਲਾਂਘਾ: ਭਾਰਤ ਨੇ ਪਾਸਪੋਰਟ ਤੋਂ ਬਿਨ੍ਹਾਂ ਦਰਸ਼ਨ ਦਿਦਾਰਿਆਂ ਲਈ ਜਾਣ ਦੀ ਇਜਾਜ਼ਤ ਦੇਣ ਤੋਂ ਕੀਤਾ ਇਨਕਾਰ

ਚੰਡੀਗੜ੍ਹ: ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਦੇ ਲਾਂਘੇ ਸਬੰਧੀ ਚੱਲ ਰਹੀ ਗੱਲਬਾਤ ਵਿਚ ਭਾਰਤ ਸਰਕਾਰ ਨੇ ਫੈਂਸਲਾ ਕੀਤਾ ਹੈ ਕਿ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਜਾਣ ਵਾਲੀਆਂ ਸੰਗਤਾਂ ਕੋਲ ਪਾਸਪੋਰਟ ਹੋਣਾ ਜ਼ਰੂਰੀ ਹੋਵੇਗਾ। ਪਾਸਪੋਰਟ ਤੋਂ ਬਿਨ੍ਹਾਂ ਸੰਗਤਾਂ ਗੁਰਦੁਆਰਾ ਜਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਨਹੀਂ ਜਾ ਸਕਣਗੀਆਂ। ਦੱਸਣਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਦੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਪੱਤਰ ਲਿਖ ਕੇ ਸ਼ਰਧਾਲੂਆਂ ਲਈ ਪਾਸਪੋਰਟ ਲਾਜ਼ਮੀ ਨਾ ਕਰਨ ਦੀ ਮੰਗ ਕੀਤੀ ਸੀ। ਸਰਕਾਰ ਵਲੋਂ ਪਾਸਪੋਰਟ ਲਾਜ਼ਮੀ ਕਰਨ ਨਾਲ ਖੁੱਲ੍ਹੇ ਦਰਸ਼ਨ ਦਿਦਾਰਿਆਂ ਦੇ ਰਾਹ ਵਿਚ ਇਕ ਕਾਗਜ਼ੀ ਅੜਿੱਕਾ ਡਾਹ ਦਿੱਤਾ ਗਿਆ ਹੈ।

ਇਸ ਸਬੰਧੀ ਫ਼ੈਸਲਾ ਨਵੀਂ ਦਿੱਲੀ ਵਿਚ ਹੋਈ ਇਕ ਉੱਚ ਪੱਧਰੀ ਮੀਟਿੰਗ ਵਿਚ ਲਿਆ ਗਿਆ ਹੈ। ਭਾਰਤ ਦੇ ਗ੍ਰਹਿ ਸਕੱਤਰ ਰਾਜੀਵ ਗਾਬਾ ਦੀ ਅਗਵਾਈ ਵਿਚ ਹੋਈ ਮੀਟਿੰਗ ਵਿਚ ਕਰਤਾਰਪੁਰ ਲਾਂਘਾ ਪ੍ਰਾਜੈਕਟ ਨੂੰ ਜਲਦੀ ਮੁਕੰਮਲ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਬੀਐੱਸਐੱਫ ਦੇ ਡਾਇਰੈਕਟਰ ਜਨਰਲ ਆਰ.ਕੇ. ਮਿਸ਼ਰਾ ਤੇ ਪਾਕਿਸਤਾਨ ਵਿਚ ਭਾਰਤ ਦੇ ਹਾਈ ਕਮਿਸ਼ਨਰ ਅਜੈ ਬਿਸਾੜੀਆ ਵੀ ਹਾਜ਼ਰ ਸਨ।

ਲਹਿੰਦੇ ਪੰਜਾਬ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਜਾਣ ਲਈ ਪਾਸਪੋਰਟ ਤੇ ਪਰਮਿਟ ਸਲਿੱਪ ਦੀ ਲੋੜ ਪਏਗੀ।  ਕਰਨ ਅਵਤਾਰ ਸਿੰਘ ਨੇ ਕਿਹਾ ਕਿ ਪਰਮਿਟ ਸਲਿੱਪ ਦਾਖ਼ਲ ਹੋਣ ਲਈ ਦਿੱਤੀ ਜਾਵੇਗੀ, ਪਰ ਕਰਤਾਰਪੁਰ ਸਥਿਤ ਦਰਬਾਰ ਸਾਹਿਬ ਜਾਣ ਲਈ ਪਾਸਪੋਰਟ ਦੀ ਲੋੜ ਹੋਵੇਗੀ। 

ਮੁੱਖ ਸਕੱਤਰ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਸਵੇਰ ਤੋਂ ਸ਼ਾਮ ਤੱਕ ਖੁੱਲ੍ਹਾ ਰਹੇਗਾ ਤੇ ਸ਼ਰਧਾਲੂਆਂ ਨੂੰ ਉਸੇ ਦਿਨ ਵਾਪਸ ਪਰਤਣਾ ਹੋਵੇਗਾ। 

ਭਾਰਤ ਸਰਕਾਰ ਵੱਲੋਂ ਤਿਆਰ ਕੀਤੇ ਸਮਝੌਤੇ ਦੇ ਖਰੜੇ ਵਿਚ ਦੋ ਹੋਰ ਮਹੱਤਵਪੂਰਨ ਮੱਦਾਂ ਵੀ ਸ਼ਾਮਲ ਹਨ। ਪਹਿਲੀ ਇਹ ਕਿ ਦਰਸ਼ਨਾਂ ਲਈ ਇਜਾਜ਼ਤ ਸਿਰਫ਼ ਸਿੱਖ ਸੰਗਤਾਂ ਤੱਕ ਸੀਮਤ ਨਹੀਂ ਹੋਵੇਗੀ ਤੇ ਦੂਜਾ ਯਾਤਰਾ ਨੂੰ ਗਰੁੱਪਾਂ ਤੱਕ ਸੀਮਤ ਨਾ ਕਰ ਕੇ ਨਿੱਜੀ ਤੌਰ ’ਤੇ ਵੀ ਯਾਤਰਾ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ ਗਈ ਹੈ। ਭਾਰਤ ਇਕ ਮਹੀਨੇ ਦੇ ਅੰਦਰ ਸਮਝੌਤੇ ਦਾ ਖਰੜਾ ਪਾਕਿਸਤਾਨ ਨਾਲ ਸਾਂਝਾ ਕਰੇਗਾ। ਮੁੱਖ ਸਕੱਤਰ ਨੇ ਦੱਸਿਆ ਕਿ ਜ਼ਮੀਨ ਗ੍ਰਹਿਣ ਦਾ ਕੰਮ ਮਾਰਚ ਤੱਕ ਮੁਕੰਮਲ ਹੋ ਜਾਵੇਗਾ। ਪਾਕਿਸਤਾਨੀ ਵਫ਼ਦ ਲਾਂਘੇ ਦੇ ਸਮਝੌਤੇ ਨੂੰ ਅੰਤਮ ਛੋਹਾਂ ਦੇਣ ਲਈ 26 ਫਰਵਰੀ ਤੇ ਸੱਤ ਮਾਰਚ ਨੂੰ ਭਾਰਤ ਆ ਸਕਦਾ ਹੈ।