ਮੁਤਵਾਜ਼ੀ ਜਥੇਦਾਰਾਂ ਤੇ ਪੰਜ ਪਿਆਰਿਆਂ ਵਿਚਾਲੇ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਹੇਠ ਸਰਬੱਤ ਖ਼ਾਸਲਾ ਕਰਾਉਣ ਲਈ ਸਹਿਮਤੀ ਬਣੀ
ਚੰਡੀਗੜ੍ਹ/ਬਿਊਰੋ ਨਿਊਜ਼ :
10 ਨਵੰਬਰ ਨੂੰ ਤਲਵੰਡੀ ਸਾਬੋ ਵਿਚ ਪੰਥਕ ਸੰਗਠਨਾਂ ਵਲੋਂ ਕਰਵਾਏ ਜਾਣ ਵਾਲੇ ਸਰਬੱਤ ਖ਼ਾਲਸਾ ਲਈ ਸਾਰੇ ਧੜੇ ਤੇ ਦਲ ਇਕਜੁਟ ਹੋ ਗਏ ਹਨ। ਇਥੋਂ ਤਕ ਕਿ ਮੁਤਵਾਜ਼ੀ ਜਥੇਦਾਰਾਂ ਅਤੇ ਪੰਜ ਪਿਆਰਿਆਂ ਵਿਚਾਲੇ ਸੁਲ੍ਹਾ ਹੋ ਗਈ ਹੈ। ਦੋਵੇਂ ਧਿਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿੱਚ ਸਰਬੱਤ ਖ਼ਾਲਸਾ ਕਰਾਉਣ ਲਈ ਸਹਿਮਤੀ ਬਣ ਗਈ ਹੈ। ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਮੁਖੀ ਅਤੇ ਸ੍ਰੀ ਅਕਾਲ ਤਖ਼ਤ ਦੇ ਮੁਤਵਾਜ਼ੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਦੋ ਪ੍ਰਤੀਨਿਧਾਂ ਨੇ ਦੋਵੇਂ ਧਿਰਾਂ ਨੂੰ ਨੇੜੇ ਲਿਆਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ। ਭਾਈ ਜਗਤਾਰ ਸਿੰਘ ਹਵਾਰਾ ਇਸ ਵੇਲੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਦੇ ਦੋਸ਼ਾਂ ਤਹਿਤ ਤਿਹਾੜ ਜੇਲ੍ਹ ਵਿੱਚ ਬੰਦ ਹੈ।
ਜ਼ਿਕਰਯੋਗ ਹੈ ਕਿ 10 ਨਵੰਬਰ 2015 ਵਿਚ ਚੱਬਾ ਵਿਚ ਸਰਬੱਤ ਖ਼ਾਲਸਾ ਕੀਤਾ ਗਿਆ ਸੀ। ਸਰਕਾਰੀ ਰੁਕਵਾਟ ਦੇ ਬਾਵਜੂਦ ਇਕ ਲੱਖ ਤੋਂ ਵੱਧ ਲੋਕਾਂ ਨੇ ਸ਼ਿਰਕਤ ਕੀਤੀ ਸੀ। ਇਸ ਮੌਕੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਅਕਾਲ ਤਖ਼ਤ ਦਾ ਜਥੇਦਾਰ ਲਾਇਆ ਗਿਆ ਸੀ ਕਿਉਂਕਿ ਭਾਈ ਹਵਾਰਾ ਜੇਲ੍ਹ ਵਿਚ ਹਨ, ਇਸ ਲਈ ਭਾਈ ਧਿਆਨ ਸਿੰਘ ਮੰਡ ਨੂੰ ਕਾਰਜਾਕਾਰੀ ਜਥੇਦਾਰ ਬਣਾਇਆ ਗਿਆ ਸੀ। ਇਸੇ ਤਰ੍ਹਾਂ ਤਖ਼ਤ ਦਮਦਮਾ ਸਾਹਿਬ ਦਾ ਜਥੇਦਾਰ ਬਾਬਾ ਬਲਜੀਤ ਸਿੰਘ ਦਾਦੂਵਾਲ, ਤਖ਼ਤ ਕੇਸਗੜ੍ਹ ਸਾਹਿਬ ਦਾ ਜਥੇਦਾਰ ਅਮਰੀਕ ਸਿੰਘ ਅਜਨਾਲਾ ਨੂੰ ਲਾਇਆ ਗਿਆ ਸੀ।
ਪੰਜ ਪਿਆਰਿਆਂ ਅਤੇ ਤਿੰਨ ਮੁਤਵਾਜ਼ੀ ਜਥੇਦਾਰਾਂ ਵਿਚਾਲੇ ਸਰਬੱਤ ਖ਼ਾਲਸਾ ਦੀ ਅਗਵਾਈ ਦੇ ਮਾਮਲੇ ‘ਤੇ ਵਧੀ ਦੂਰੀ ਦੀ ਸੂਚਨਾ ਮਿਲਣ ਤੋਂ ਬਾਅਦ ਭਾਈ ਹਵਾਰਾ ਵੱਲੋਂ ਭਾਈ ਹਰਮਿੰਦਰ ਸਿੰਘ ਦਿੱਲੀ ਅਤੇ ਭਾਈ ਬਲਬੀਰ ਸਿੰਘ ਸਿਰਸਾ ਦੀ ਵਿਚੋਲਗਿਰੀ ਕਰਨ ਲਈ ਡਿਊਟੀ ਲਾਈ ਗਈ ਸੀ। ਭਾਈ ਸਿਰਸਾ ਅਤੇ ਭਾਈ ਹਰਮਿੰਦਰ ਸਿੰਘ ਨੇ ਮੁਤਵਾਜ਼ੀ ਜਥੇਦਾਰਾਂ ਅਤੇ ਪੰਜ ਪਿਆਰਿਆਂ ਨੂੰ ਭਾਈ ਹਵਾਰਾ ਦਾ ਸੁਨੇਹਾ ਲਾ ਕੇ ਇੱਕ ਸਾਂਝੇ ਥਾਂ ‘ਤੇ ਮੀਟਿੰਗ ਕਰਨ ਲਈ ਸਹਿਮਤ ਕਰ ਲਿਆ ਸੀ। ਭਾਈ ਮੇਜਰ ਸਿੰਘ ਦੇ ਘਰ ਹੋਈ ਮੀਟਿੰਗ ਵਿੱਚ ਗਿਲੇ-ਸ਼ਿਕਵੇ ਸਾਂਝੇ ਕਰਨ ਤੋਂ ਬਾਅਦ ਸਹਿਮਤੀ ਹੋ ਗਈ ਹੈ। ਬੰਦ ਕਮਰਾ ਮੀਟਿੰਗ ਵਿੱਚ ਵਿਚੋਲਿਆਂ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਗਿਆ। ਜਾਣਕਾਰੀ ਅਨੁਸਾਰ ਜਥੇਦਾਰ ਅਤੇ ਪੰਜ ਪਿਆਰੇ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿਚ ਸਰਬੱਤ ਖ਼ਾਲਸਾ ਕਰਵਾਉਣ ਲਈ ਰਾਜ਼ੀ ਹੋਏ ਹਨ। ਸੁਲ੍ਹਾ ਸਫਾਈ ਲਈ ਸੱਦੀ ਮੀਟਿੰਗ ਵਿਚ ਭਾਈ ਬਲਜੀਤ ਸਿੰਘ ਦਾਦੂਵਾਲ, ਭਾਈ ਅਮਰੀਕ ਸਿੰਘ ਅਜਨਾਲਾ ਅਤੇ ਭਾਈ ਧਿਆਨ ਸਿੰਘ ਮੰਡ ਪੰਜ ਪਿਆਰੇ ਭਾਈ ਸਤਨਾਮ ਸਿੰਘ ਖੰਡੇਵਾਲ, ਭਾਈ ਤਰਲੋਕ ਸਿੰਘ, ਭਾਈ ਮੰਗਲ ਸਿੰਘ, ਭਾਈ ਮੇਜਰ ਸਿੰਘ ਅਤੇ ਸਤਨਾਮ ਸਿੰਘ ਖਾਲਸਾ ਸ਼ਾਮਲ ਹੋਏ ਸਨ। ਇੱਕ ਹੋਰ ਜਾਣਕਾਰੀ ਅਨੁਸਾਰ ਭਾਈ ਬਗੀਚਾ ਸਿੰਘ ਭਾਈ ਹਵਾਰਾ ਨਾਲ ਤਿਹਾੜ ਜੇਲ੍ਹ ਵਿੱਚ ਮੁਲਾਕਾਤ ਕਰਕੇ ਤਾਜ਼ਾ ਸਥਿਤੀ ਬਾਰੇ ਦੱਸ ਆਏ ਹਨ।
ਮੀਟਿੰਗ ਕਰਵਾਉਣ ਲਈ ਅਹਿਮ ਭੂਮਿਕਾ ਨਿਭਾਉਣ ਵਾਲੇ ਭਾਈ ਹਰਮਿੰਦਰ ਸਿੰਘ ਨੇ ਕਿਹਾ ਹੈ ਕਿ ਮੁਤਵਾਜ਼ੀ ਜਥੇਦਾਰ ਅਤੇ ਪੰਜ ਪਿਆਰੇ ਰਲ ਕੇ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿਚ ਸਰਬੱਤ ਖ਼ਾਲਸਾ ਕਰਵਾਉਣ ਲਈ ਸਹਿਮਤ ਹੋ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਭਾਈ ਜਗਤਾਰ ਸਿੰਘ ਹਵਾਰਾ ਨੇ ਦੋਹਾਂ ਧਿਰਾਂ ਨੂੰ ਨੇੜੇ ਲਿਆਉਣ ਦੀ ਡਿਊਟੀ ਲਾਈ ਸੀ। ਉਨ੍ਹਾਂ ਕਿਹਾ ਕਿ ਮੀਟਿੰਗ ਵਿੱਚ ਰੁੱਸ-ਰੁਸੇਵੇਂ ਦੂਰ ਹੋਣ ਦੀ ਜਾਣਕਾਰੀ ਤਾਂ ਹੈ ਪਰ ਅੰਦਰ ਹੋਈਆਂ ਗੱਲਾਂ ਬਾਰੇ ਜਾਣਕਾਰੀ ਨਹੀਂ ਹੈ।
ਸਰਬੱਤ ਖ਼ਾਲਸਾ ਦੇ ਆਗੂਆਂ ਨੇ ਲਾਇਆ ਦੋਸ਼ : ਸਰਕਾਰ ਕਰ ਰਹੀ ਹੈ ਪ੍ਰੇਸ਼ਾਨ
ਅੰਮ੍ਰਿਤਸਰ/ਬਿਊਰੋ ਨਿਊਜ਼ :
ਸਰਬੱਤ ਖ਼ਾਲਸਾ ਦੇ ਪ੍ਰਬੰਧਕਾਂ ਵਿੱਚ ਸ਼ਾਮਲ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਅਤੇ ਜਨਰਲ ਸਕੱਤਰ ਵੱਸਣ ਸਿੰਘ ਜਫਰਵਾਲ ਨੇ ਦੋਸ਼ ਲਾਇਆ ਕਿ ਸਰਬੱਤ ਖ਼ਾਲਸਾ ਤੋਂ ਘਬਰਾਈ ਸਰਕਾਰ ਨੇ ਪ੍ਰਬੰਧਕਾਂ ਨੂੰ ਨਾਜਾਇਜ਼ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਤਹਿਤ ਜਥੇਬੰਦੀ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਜਿਜੇਆਣੀ ਨੂੰ ਬੀਤੀ ਰਾਤ ਬਟਾਲਾ ਤੇ ਗੁਰਦਾਸਪੁਰ ਦੀ ਪੁਲੀਸ ਵੱਲੋਂ ਘਰੋਂ ਚੁੱਕ ਕੇ ਮਾਨਸਿਕ ਤੌਰ ‘ਤੇ ਤੰਗ ਪ੍ਰੇਸ਼ਾਨ ਕਰਨ ਦਾ ਯਤਨ ਕੀਤਾ ਗਿਆ ਹੈ।
ਇਸ ਸਬੰਧ ਵਿੱਚ ਸ੍ਰੀ ਜਿਜੇਆਣੀ ਦੇ ਘਰ ਵਿੱਚ ਸੱਦੇ ਪੱਤਰਕਾਰ ਸੰਮੇਲਨ ਦੌਰਾਨ ਸਿੱਖ ਆਗੂਆਂ ਨੇ ਪੁਲੀਸ ਦੀ ਇਸ ਕਾਰਵਾਈ ਦੀ ਨਿੰਦਾ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਸਰਬੱਤ ਖ਼ਾਲਸਾ ਨੂੰ ਰੋਕਣ ਲਈ ਅਜਿਹਾ ਕੀਤਾ ਗਿਆ ਹੈ। ਉਨ੍ਹਾਂ ਨੇ ਇਸ ਕਾਰਵਾਈ ਨੂੰ ਪੁਲੀਸ ਦੀ ਬੁਰਸ਼ਾਗਰਦੀ ਕਰਾਰ ਦਿੰਦਿਆਂ ਆਖਿਆ ਕਿ ਇਸ ਮਾਮਲੇ ਦੀ ਉਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਇਸ ਮਾਮਲੇ ਵਿਚ ਭਾਰਤ ਦੇ ਚੋਣ ਕਮਿਸ਼ਨ, ਰਾਜਪਾਲ ਅਤੇ ਆਈਜੀ ਬਾਰਡਰ ਰੇਂਜ ਨੂੰ ਮਿਲਣ ਅਤੇ ਸ਼ਿਕਾਇਤ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਕਾਰਵਾਈ ਨਾ ਹੋਈ ਤਾਂ ਉਹ ਨਿਆਂ ਵਾਸਤੇ ਅਦਾਲਤ ਦਾ ਦਰਵਾਜ਼ਾ ਵੀ ਖੜਕਾਉਣਗੇ। ਘਟਨਾ ਦੀ ਜਾਣਕਾਰ ਦਿੰਦਿਆਂ ਉਨ੍ਹਾਂ ਦੱਸਿਆ ਕਿ ਜਦੋਂ ਸ੍ਰੀ ਜਿਜੇਆਣੀ ਆਪਣੇ ਘਰ ਵਿੱਚ ਸੁੱਤੇ ਪਏ ਸਨ ਤਾਂ ਇਨ੍ਹਾਂ ਦੋਵਾਂ ਜ਼ਿਲ੍ਹਿਆਂ ਦੀ ਪੁਲੀਸ ਘਰ ਦਾ ਦਰਵਾਜ਼ਾ ਤੋੜ ਕੇ ਦਾਖਲ ਹੋਈ ਅਤੇ ਸੁੱਤੇ ਹੋਏ ਸਿੱਖ ਆਗੂ ਨੂੰ ਜਬਰੀ ਗੱਡੀ ਵਿੱਚ ਸੁੱਟ ਕੇ ਲੈ ਗਈ। ਇਸ ਕਾਰਵਾਈ ਦੌਰਾਨ ਘਰ ਦੀਆਂ ਔਰਤਾਂ ਨਾਲ ਵੀ ਬਦਸਲੂਕੀ ਕੀਤੀ ਗਈ। ਸ੍ਰੀ ਜਿਜੇਆਣੀ ਨੇ ਦੱਸਿਆ ਕਿ ਬਟਾਲਾ ਪੁਲੀਸ ਦੇ ਸੀਆਈਏ ਵਿਭਾਗ ਦੇ ਇੰਸਪੈਕਟਰ ਅਤੇ ਏਐਸਆਈ ਦੀ ਅਗਵਾਈ ਵਿੱਚ ਪੁੱਜੀ ਪੁਲੀਸ ਨੇ ਇਹ ਕਾਰਵਾਈ ਕੀਤੀ ਹੈ। ਉਸ ਨੂੰ ਮੁਲਜ਼ਮਾਂ ਵਾਂਗ ਥਾਣੇ ਲਿਜਾਇਆ ਗਿਆ ਅਤੇ ਕਾਰ ਚੋਰੀ ਕਰਨ ਦਾ ਦੋਸ਼ ਲਾਇਆ ਗਿਆ। ਜਦੋਂਕਿ ਉਨ੍ਹਾਂ ਨੇ ਇਹ ਕਾਰ ਏਜੰਸੀ ਤੋਂ ਖਰੀਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਨੇ ਇਹ ਕਾਰਵਾਈ ਸਿਆਸੀ ਹਿੱਤਾਂ ਕਾਰਨ ਕੀਤੀ ਹੈ। ਇਸ ਮੁੱਹਲੇ ਦੀਆਂ ਔਰਤਾਂ ਤੇ ਲੋਕ ਵੀ ਹਾਜ਼ਰ ਸਨ, ਜਿਨ੍ਹਾਂ ਨੇ ਪੁਲੀਸ ਕਾਰਵਾਈ ਬਾਰੇ ਹਾਮੀ ਭਰੀ।
ਪੁਲੀਸ ਅਧਿਕਾਰੀਆਂ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕਰਦਿਆਂ ਆਖਿਆ ਕਿ ਪੁਲੀਸ ਨੂੰ ਮਿਲੀ ਕਿਸੇ ਗੁਪਤ ਸੂਚਨਾ ਦੀ ਪੁਸ਼ਟੀ ਲਈ ਕਾਰਵਾਈ ਕੀਤੀ ਗਈ ਪਰ ਇਹ ਸੂਚਨਾ ਗਲਤ ਸਾਬਤ ਹੋਈ ਹੈ ਅਤੇ ਉਸ ਨੂੰ ਛੱਡ ਦਿੱਤਾ ਗਿਆ ਹੈ। ਉਨ੍ਹਾਂ ਆਖਿਆ ਕਿ ਪੁਲੀਸ ਸ਼ੱਕ ਦੇ ਆਧਾਰ ‘ਤੇ ਪੁੱਛਗਿਛ ਲਈ ਕਿਸੇ ਨੂੰ ਵੀ ਸੱਦ ਸਕਦੀ ਹੈ ਅਤੇ ਇਸੇ ਤਹਿਤ ਹੀ ਜਿਜੇਆਣੀ ਨੂੰ ਸੱਦਿਆ ਗਿਆ ਸੀ।
ਮੁਤਵਾਜ਼ੀ ਜਥੇਦਾਰਾਂ ਨੇ ਸੁਖਬੀਰ ਬਾਦਲ ਖ਼ਿਲਾਫ਼ ਕਾਰਵਾਈ ਦਾ ਫ਼ੈਸਲਾ ਕੀਤਾ ਮੁਲਤਵੀ
ਅੰਮ੍ਰਿਤਸਰ/ਬਿਊਰੋ ਨਿਊਜ਼ :
ਸਰਬੱਤ ਖ਼ਾਲਸਾ ਵੱਲੋਂ ਥਾਪੇ ਗਏ ਜਥੇਦਾਰਾਂ ਨੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਕਾਰਵਾਈ ਕਰਨ ਦਾ ਫ਼ੈਸਲਾ ਫਿਲਹਾਲ ਮੁਲਤਵੀ ਕਰ ਦਿੱਤਾ ਹੈ। ਹੁਣ ਇਸ ਮਾਮਲੇ ਵਿੱਚ ਅਗਲਾ ਫ਼ੈਸਲਾ ਜੇਲ੍ਹ ਵਿੱਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਨਾਲ ਸਲਾਹ-ਮਸ਼ਵਰਾ ਕਰਕੇ ਲਿਆ ਜਾਵੇਗਾ।
ਸਰਬੱਤ ਖ਼ਾਲਸਾ ਵੱਲੋਂ ਥਾਪੇ ਗਏ ਜਥੇਦਾਰਾਂ ਭਾਈ ਧਿਆਨ ਸਿੰਘ ਮੰਡ (ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ), ਭਾਈ ਬਲਜੀਤ ਸਿੰਘ ਦਾਦੂਵਾਲ (ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ) ਅਤੇ ਭਾਈ ਅਮਰੀਕ ਸਿੰਘ (ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ) ਵੱਲੋਂ ਬਰਗਾੜੀ ਤੇ ਬਹਿਬਲ ਕਾਂਡ ਮਾਮਲੇ ਵਿੱਚ ਪੰਜਾਬ ਸਰਕਾਰ ਦੇ ਗ੍ਰਹਿ ਮੰਤਰੀ ਵਜੋਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕੋਲੋਂ ਇਸ ਮਾਮਲੇ ਵਿੱਚ ਸਰਕਾਰ ਵੱਲੋਂ ਕੀਤੀ ਗਈ ਕਾਰਵਾਈ ਬਾਰੇ ਰਿਪੋਰਟ ਮੰਗੀ ਗਈ ਸੀ। ਪ੍ਰੰਤੂ ਹੁਣ ਤੱਕ ਉਪ ਮੁੱਖ ਮੰਤਰੀ ਵੱਲੋਂ ਕੋਈ ਹੁੰਗਾਰਾ ਨਹੀਂ ਦਿੱਤਾ ਗਿਆ ਹੈ। ਮੁਤਵਾਜ਼ੀ ਜਥੇਦਾਰ ਇਸ ਮਾਮਲੇ ਵਿੱਚ ਦੋ ਵਾਰ ਸਮਾਂ ਵੀ ਦੇ ਚੁੱਕੇ ਹਨ ਅਤੇ ਪਿਛਲੀ ਮੀਟਿੰਗ ਸਮੇਂ ਉਨ੍ਹਾਂ ਨੇ ਸਿੱਖ ਸੰਗਤ ਤੋਂ 26 ਅਕਤੂਬਰ ਤੱਕ ਸੁਝਾਅ ਮੰਗੇ ਸਨ।
ਇਸ ਤਹਿਤ ਮੁਤਵਾਜ਼ੀ ਜਥੇਦਾਰਾਂ ਵੱਲੋਂ ਮੀਟਿੰਗ ਕਰਕੇ ਮਾਮਲਾ ਵਿਚਾਰਿਆ ਜਾਣਾ ਸੀ ਪਰ ਇਹ ਜਥੇਦਾਰ ਇੱਥੇ ਅਕਾਲ ਤਖ਼ਤ ਵਿਖੇ ਨਹੀਂ ਪੁੱਜੇ ਅਤੇ ਨਾ ਹੀ ਕੋਈ ਮੀਟਿੰਗ ਕੀਤੀ। ਉਨ੍ਹਾਂ ਵੱਲੋਂ ਇਸ ਮਾਮਲੇ ਵਿੱਚ ਜਾਰੀ ਬਿਆਨ ਰਾਹੀਂ ਆਖਿਆ ਗਿਆ ਕਿ ਇਸ ਮਾਮਲੇ ਵਿੱਚ ਉਪ ਮੁੱਖ ਮੰਤਰੀ ਨੇ ਹੁਣ ਤੱਕ ਕੋਈ ਜਵਾਬ ਨਹੀਂ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੱਤਾ ਦੇ ਨਸ਼ੇ ਵਿੱਚ ਚੂਰ ਸੁਖਬੀਰ ਸਿੰਘ ਬਾਦਲ ਨੇ ਇਹ ਜਾਂਚ ਰਿਪੋਰਟ ਹੁਣ ਤੱਕ ਨਹੀਂ ਦਿੱਤੀ ਅਤੇ ਹੰਕਾਰੀ ਹੋਣ ਦਾ ਸਬੂਤ ਦਿੱਤਾ ਹੈ।
ਇਸ ਸਬੰਧੀ ਉਸ ਖ਼ਿਲਾਫ਼ ਕਾਰਵਾਈ ਕਰਨ ਲਈ ਸਿੱਖ ਸੰਗਤਾਂ ਤੋਂ ਸੁਝਾਅ ਮੰਗੇ ਗਏ ਸਨ, ਜੋ ਵੱਡੀ ਗਿਣਤੀ ਵਿੱਚ ਪ੍ਰਾਪਤ ਹੋਏ ਹਨ। ਇਸੇ ਤਰ੍ਹਾਂ ਵਰਜੀਨੀਆ (ਅਮਰੀਕਾ) ਵਿੱਚ ਅੰਮ੍ਰਿਤ ਸੰਚਾਰ ਮਰਿਆਦਾ ਨੂੰ ਬਦਲਣ ਦੇ ਮਾਮਲੇ ਵਿੱਚ ਵੀ ਦੋਸ਼ੀਆਂ ਖ਼ਿਲਾਫ਼ ਕਾਰਵਾਈ ਲਈ ਸਿੱਖ ਸੰਗਤ ਕੋਲੋਂ ਸੁਝਾਅ ਮੰਗੇ ਗਏ ਸਨ, ਜੋ ਉਨ੍ਹਾਂ ਕੋਲ ਪੁੱਜ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਦੋਵੇਂ ਮਾਮਲੇ ਗੰਭੀਰ ਹਨ ਅਤੇ ਇਨ੍ਹਾਂ ਬਾਰੇ ਕਾਹਲੀ ਨਾਲ ਕੋਈ ਕਾਰਵਾਈ ਨਹੀਂ ਕੀਤੀ ਜਾ ਸਕਦੀ। ਇਸ ਲਈ ਦੋਵਾਂ ਘਟਨਾਵਾਂ ਬਾਰੇ ਭਾਈ ਜਗਤਾਰ ਸਿੰਘ ਹਵਾਰਾ ਦੇ ਵਿਚਾਰ ਲਏ ਜਾਣਗੇ ਅਤੇ ਇਸ ਉਪਰੰਤ ਖ਼ਾਲਸਾਈ ਰਵਾਇਤ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਮਾਨ ਨੇ ਕੁਝ ਪੰਥਕ ਆਗੂਆਂ ‘ਤੇ ਕੇਜਰੀਵਾਲ ਨਾਲ ਸਿਆਸੀ ਸੌਦੇਬਾਜ਼ੀ ਦਾ ਦੋਸ਼ ਲਾਇਆ
ਪੀਰ ਮੁਹੰਮਦ ਨੇ ਕਿਹਾ-ਨਾ ਬਾਦਲ ਦੇ ਨਾ ਮਾਨ ਦੇ ਜਥੇਦਾਰਾਂ ਦੀ ਲੋੜ
ਫਤਹਿਗੜ੍ਹ ਸਾਹਿਬ/ਬਿਊਰੋ ਨਿਊਜ਼ :
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕੁਝ ਪੰਥਕ ਆਗੂਆਂ ‘ਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਸਿਆਸੀ ਸੌਦੇਬਾਜ਼ੀ ਹੋ ਚੁੱਕੀ ਹੈ, ਜਿਸ ਕਾਰਨ ਉਹ 10 ਨਵੰਬਰ 2016 ਨੂੰ ਤਲਵੰਡੀ ਸਾਬੋ ਵਿਖੇ ਹੋਣ ਜਾ ਰਹੇ ਸਰਬੱਤ ਖ਼ਾਲਸਾ ਦਾ ਵਿਰੋਧ ਕਰ ਰਹੇ ਹਨ ਅਤੇ ਸਰਬੱਤ ਖ਼ਾਲਸਾ ਦੀ ਤਰੀਕ ਬਦਲਣ ਲਈ ਬੇਤੁਕੇ ਤੱਥ ਪੇਸ਼ ਕਰ ਰਹੇ ਹਨ।
ਉਨ੍ਹਾਂ ਹਰਪਾਲ ਸਿੰਘ ਚੀਮਾ, ਕਰਨੈਲ ਸਿੰਘ ਪੀਰ ਮੁਹੰਮਦ, ਗੁਰਤੇਜ ਸਿੰਘ, ਗੁਰਦਰਸ਼ਨ ਸਿੰਘ ਢਿੱਲੋਂ, ਗਿਆਨੀ ਜਗਤਾਰ ਸਿੰਘ ਜਾਚਕ, ਆਰ.ਪੀ. ਸਿੰਘ, ਗਿਆਨੀ ਬਲਵੰਤ ਸਿੰਘ ਨੰਦਗੜ੍ਹ, ਗਿਆਨੀ ਕੇਵਲ ਸਿੰਘ, ਹਰਜਿੰਦਰ ਸਿੰਘ ਯੂਐਸ਼ਏ, ਕਰਮਜੀਤ ਸਿੰਘ ਜਰਨਲਿਸਟ ਨੂੰ ਸਿੱਧੇ ਤੌਰ ‘ਤੇ ਅਖੌਤੀ ਪੰਥਕ ਆਗੂ ਦੱਸਦਿਆਂ ਕਿਹਾ ਕਿ ਇਹ ਉਹ ਲੋਕ ਜੋ ਆਪਣੀਆਂ ਸਿਆਸੀ ਸੌਦੇਬਾਜ਼ੀਆਂ ਅਤੇ ਨਿੱਜੀ ਲੋੜਾਂ ਅਧੀਨ ਪੰਜਾਬ ਅਤੇ ਸਿੱਖ ਕੌਮ ਵਿਰੋਧੀ ਸਾਜ਼ਿਸ਼ਾਂ ਵਿੱਚ ਗਲਤਾਨ ਹੋ ਕੇ ਹੀ ਸਰਬੱਤ ਖ਼ਾਲਸਾ ਵਰਗੇ ਕੌਮੀ ਪ੍ਰੋਗਰਾਮ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਦਾ ਮੁੱਖ ਉਦੇਸ਼ ਸਰਬੱਤ ਖ਼ਾਲਸਾ ਦੀ ਤਰੀਕ ਅੱਗੇ ਪਾ ਕੇ ਵਿਧਾਨ ਸਭਾ ਚੋਣਾਂ ਵਿੱਚ ਯੂ.ਪੀ., ਦਿੱਲੀ ਅਤੇ ਬਿਹਾਰ ਦੇ ਬਾਬੂਆਂ ਦਾ ਪੰਜਾਬ ਉੱਪਰ ਸਿਆਸੀ ਕਬਜ਼ੀ ਦਿਵਾਉਣਾ ਹੈ।
ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਉਨ੍ਹਾਂ ਨੂੰ ਨਾ ਤਾਂ ਪ੍ਰਕਾਸ਼ ਸਿੰਘ ਬਾਦਲ ਦੇ ਜਥੇਦਾਰ ਚਾਹੀਦੇ ਹਨ ਅਤੇ ਨਾ ਹੀ ਸਿਮਰਨਜੀਤ ਸਿੰਘ ਮਾਨ ਦੇ। ਉਨ੍ਹਾਂ ਨੂੰ ਸਮੁੱਚੀ ਕੌਮ ਦੇ ਜਥੇਦਾਰ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਹੋਏ ਸਰਬੱਤ ਖ਼ਾਲਸਾ ਤੋਂ ਦੋ ਦਿਨ ਪਹਿਲਾਂ (8 ਨਵੰਬਰ 2015) ਉਨ੍ਹਾਂ ਅਤੇ ਸਿੱਖਜ਼ ਫ਼ਾਰ ਜਸਟਿਸ ਨੇ ਪੰਜ ਸ਼ਖ਼ਸੀਅਤਾਂ (ਪੰਜ ਪਿਆਰੇ) ਦੀ ਅਗਵਾਈ ਹੇਠ ਸਰਬੱਤ ਖ਼ਾਲਸਾ ਕਰਵਾਉਣ ਅਤੇ ਖ਼ਾਲਿਸਤਾਨ ਦੀ ਮੰਗ ਦੀ ਪ੍ਰਵਾਨਗੀ ਸਰਬੱਤ ਖ਼ਾਲਸਾ ਵੱਲੋਂ ਲਏ ਜਾਣ ਦੇ ਕੁਝ ਅਹਿਮ ਮਤੇ ਰੱਖੇ ਸਨ, ਜਿਨ੍ਹਾਂ ਨੂੰ ਦਰਕਿਨਾਰ ਕਰ ਦਿੱਤਾ ਗਿਆ। ਇਸ ਲਈ ਉਹ ਸਰਬੱਤ ਖ਼ਾਲਸਾ ਵਿੱਚ ਸ਼ਾਮਲ ਨਹੀਂ ਹੋ ਰਹੇ ਹਨ। ਜੇਕਰ ਭਾਈ ਜਗਤਾਰ ਸਿੰਘ ਹਵਾਰਾ ਅਤੇ ਉਨ੍ਹਾਂ ਦੇ ਸਿਧਾਂਤਾਂ ਉੱਪਰ ਸਰਬੱਤ ਖ਼ਾਲਸਾ ਕੀਤਾ ਜਾਂਦਾ ਹੈ ਤਾਂ ਉਹ ਜ਼ਰੂਰ ਸ਼ਾਮਲ ਹੋਣਗੇ।
ਉਧਰ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ‘ਆਪ’ ਆਗੂ ਅਰਵਿੰਦ ਕੇਜਰੀਵਾਲ ਨਾਲ ਹੱਥ ਮਿਲਾਉਣ ਦੀ ਗੱਲ ਨੂੰ ਨਕਾਰਦਿਆਂ ਕਿਹਾ ਕਿ ਸਿਆਸੀ ਬੰਦਾ ਹੋਣ ਕਾਰਨ ਸਰਬੱਤ ਖ਼ਾਲਸਾ ਸਬੰਧੀ ਸਿਮਰਨਜੀਤ ਸਿੰਘ ਮਾਨ ਦਾ ਕੋਈ ਨਿੱਜੀ ਮੁਫ਼ਾਦ ਤਾਂ ਹੋ ਸਕਦਾ ਹੈ ਪਰ ਉਨ੍ਹਾਂ (ਚੀਮਾ) ਦਾ ਨਹੀਂ ਕਿਉਂਕਿ ਉਹ ਸਿਆਸੀ ਵਿਅਕਤੀ ਨਹੀਂ। ਉਨ੍ਹਾਂ ਕਿਹਾ ਕਿ ਜੇਕਰ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਪੇਸ਼ ਕੀਤੇ ਕੌਮੀ ਸੰਕਲਪ ਅਤੇ ਵਿਧੀ ਵਿਧਾਨ ਅਨੁਸਾਰ ਸਰਬੱਤ ਖ਼ਾਲਸਾ ਹੁੰਦਾ ਹੈ ਤਾਂ ਉਹ ਜ਼ਰੂਰ ਸ਼ਿਰਕਤ ਕਰਨਗੇ। ਜੇਕਰ ਸ੍ਰੀ ਮਾਨ ਵੱਲੋਂ ਅਪਣਾਏ ਨਿੱਜੀ ਮਾਪਦੰਡਾਂ ਉਪਰ ਸਰਬੱਤ ਖ਼ਾਲਸਾ ਹੁੰਦਾ ਹੈ ਤਾਂ ਉਹ ਬਿਲਕੁਲ ਵੀ ਸ਼ਾਮਲ ਨਹੀਂ ਹੋਣਗੇ।
Comments (0)