ਬੰਦੀ ਛੋੜ ਦਿਵਸ ਦਾ ਪਿਛੋਕੜ ਅਤੇ ਗੁਰੁ ਹਰਿਗੋਬਿੰਦ ਸਾਹਿਬ ਜੀ ਦੀ ਗਵਾਲੀਅਰ ਕਿਲ੍ਹੇ ‘ਚ ਨਜ਼ਰਬੰਦੀ ਸਬੰਧੀ ਮੁਗਲ ਪ੍ਰਸ਼ਾਸਨ ਦਾ ਰੋਲ

ਬੰਦੀ ਛੋੜ ਦਿਵਸ ਦਾ ਪਿਛੋਕੜ ਅਤੇ ਗੁਰੁ ਹਰਿਗੋਬਿੰਦ ਸਾਹਿਬ ਜੀ ਦੀ ਗਵਾਲੀਅਰ ਕਿਲ੍ਹੇ ‘ਚ ਨਜ਼ਰਬੰਦੀ ਸਬੰਧੀ ਮੁਗਲ ਪ੍ਰਸ਼ਾਸਨ ਦਾ ਰੋਲ

ਪੰਜਾਬੀ ਦੀ ਸਾਹਿਤਕ ਖ਼ਾਸ ਕਰ ਅਖ਼ਬਾਰੀ ਪੱਤਰਕਾਰੀ ਵਿੱਚ ਸੁਖਮਿੰਦਰ ਸਿੰਘ ਗੱਜਣਵਾਲਾ ਕਾਫ਼ੀ ਜਾਣਿਆ ਪਛਾਣਿਆ ਨਾਂਅ ਹੈ। ਪੰਜਾਬ ਦੇ ਪੇਂਡੂ ਜੀਵਨ, ਲੋਕਾਂ ਦੀ ਬੋਲ ਚਾਲ, ਸੁਭਾਅ ਅਤੇ ਜੀਵਨ ਸ਼ੈਲੀ ਨੂੰ ਰੂਪਮਾਨ ਕਰਦੇ ਉਸਦੇ ਅਖ਼ਬਾਰੀ ਲੇਖ ਬਹੁਤ ਦਿਲਚਸਪੀ ਨਾਲ ਪੜ੍ਹੇ ਅਤੇ ਸਰਾਹੇ ਜਾਂਦੇ ਹਨ। ਅਪਣੇ ਬੈਂਕਿੰਗ ਕਿੱਤੇ ਵਿੱਚ ਹੁੰਦਿਆਂ ਵੀ ਗੱਜਣਵਾਲਾ ਨੇ ਅਪਣੇ ਵਿਚਲੇ ਪੰਜਾਬੀ ਬੰਦੇ ਨੂੰ ਬਾਣੀਆ ਨਹੀਂ ਬਣਨ ਦਿੱਤਾ। ਗੱਜਣਵਾਲਾ ਦੀ ਭਾਸ਼ਾ ਤੇ ਲਿਖਣ ਦਾ ਲਹਿਜ਼ਾ ਅਜਿਹਾ ਹੈ ਕਿ ਉਸਦੀਆਂ ਲਿਖਤਾਂ ਨੂੰ ਪਿੰਡਾਂ ਦੀਆਂ ਸੱਥਾਂ ਤੋਂ ਲੈ ਕੇ ਸਾਹਿਤਕ ਮਹਿਫ਼ਵਿੱਚ ਪੜਿਆ ਵਿਚਾਰਿਆਂ ਜਾਂਦਾ ਹੈ। 
ਉਸਦੀਆਂ ਰਚਨਾਵਾਂ ਵਿਚਲੀ ਰੌਚਿਕਤਾ ਅਤੇ ਵਿਲੱਖਣ ਅੰਦਾਜ਼ ਸਦਕਾ ਪਾਠਕ ਅਤੇ ਪ੍ਰਸੰਸਕ ਇਸ ਘੁਮੱਕੜ ਲੇਖਕ ਦਾ ਦੇਸ ਵਿਦੇਸ਼ ‘ਚ ਆਸਟਰੇਲੀਆ ਸਮੇਤ ਜਿੱਥੇ ਵੀ ਜਾਵੇ ਉਚੇਚਾ ਭਾਲ ਕੇ ਸਨਮਾਨ ਕਰਨਾ ਅਪਣਾ ਮਾਣ ਸਮਝਦੇ ਹਨ।
ਰਿਟਾਇਰਮੈਂਟ ਬਾਅਦ ਸਿੱਖੀ ਅਤੇ ਇਤਿਹਾਸ ਨਾਲ ਜੁੜੇ ਖੋਜ ਪ੍ਰਾਜੈਕਟਾਂ ਅਤੇ ਡਾ. ਕ੍ਰਿਪਾਲ ਸਿੰਘ ਵਰਗੇ ਨਾਮੀ ਇਤਿਹਾਸਕਾਰ ਦੇ ਸੰਗ ਕਾਰਜ ਕਰਦਿਆਂ ਗੱਜਣਵਾਲਾ ਨੇ ਇਸ ਖੇਤਰ ਵਿੱਚ ਡੂੰਘੀ ਦਿਲਚਸਪੀ ਲੈਂਦਿਆਂ ਅਪਣੀ ਖੋਜ ਪ੍ਰਤਿਭਾ ਨੂੰ ਉਭਾਰਿਆ ਹੈ। ਬੰਦੀ ਛੋੜ ਦਿਵਸ ਉੱਤੇ ”ਕੌਮਾਂਤਰੀ ਅੰਮ੍ਰਿਤਸਰ ਟਾਈਮਜ਼” ਲਈ ਉਚੇਚਾ ਭੇਜਿਆ ਇਹ ਲੇਖ ਪੜ੍ਹਦਿਆਂ ਸੂਝਵਾਨ ਪਾਠਕਾਂ ਨੂੰ ਲੇਖਕ ਦੀ ਖੋਜੀ ਬਿਰਤੀ ਅਤੇ ਰਚਨਾਤਮਕਤਾ ਵਿਚਲੀ ਵਿਲੱਖਣਤਾ ਦਾ ਅਹਿਸਾਸ ਹੋਵੇਗਾ-ਸੰਪਾਦਕ

ਗੱਜਣਵਾਲਾ ਸੁਖਮਿੰਦਰ ਸਿੰਘ
ਸੀਨੀਅਰ ਰਿਸਰਚ ਸਕਾਲਰ
(ਮੋਬਾਈਲ-9915106449)

ਪੰਜਵੇਂ ਪਾਤਸ਼ਾਹ ਗੁਰੁ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਗੁਰੂ ਹਰਿਗੋਬਿੰਦ ਸਾਹਿਬ ਗੁਰਤਾਗੱਦੀ ਤੇ ਬਿਰਾਜਮਾਨ ਹੋਏ ਤਾਂ ਜੀਵਨ ਸ਼ੈਲੀ ਵਿਚ ਨਵੀਂ ਵਿਉਂਤਬੰਦੀ ਕਰਨੀ ਪਈ ।ਸਾਵਧਾਨੀ ਹਿਤ ਇਕ ਸੈਨਿਕ ਸ਼ਕਤੀ ਉਸਾਰਨ ਦੀ ਲੋੜ ਪੈਦਾ ਹੋਈ । ਪੀਰੀ ਦੇ ਸੰਕਲਪ ਦੇ ਨਾਲ ਨਾਲ ਮੀਰੀ ਦਾ ਸੰਕਲਪ ਹੋਂਦ ਵਿਚ ਆ ਗਿਆ । ਸ਼ਾਸਤਰ ਸਿਖਿਆ ਦੇ ਨਾਲ ਨਾਲ ਸ਼ਸਤਰਾਂ ਦੀ ਸਿਖਲਾਈ ਦਿੱਤੀ ਜਾਣ ਲੱਗੀ । ਬਲਵਾਨ ਫੁਰਤੀਲੇ ਘੋੜੇ, ਤੇਜ ਤਲਵਾਰਾਂ ਨੇਜ਼ੇ ਤੇ ਭਾਲੇ ਅਰਪਣ ਹੋਣ ਲੱਗੇ । ਭਗਤੀ ਦੇ ਨਾਲ ਨਾਲ ਬਾਹੂ-ਬਲ ,ਸ਼ਕਤੀ ਦਾ  ਪਰਗਟਾਓ ਪ੍ਰਚੰਡ ਹੋਣ ਲੱਗਾ ।

ਸ਼੍ਰੋਮਣੀ ਕਵੀ ਭਾਈ ਸੰਤੋਖ ਸਿੰਘ ਸੀ੍ਰ ਗੁਰ ਪ੍ਰਤਾਪ ਸੂਰਜ ਗ੍ਰੰਥ ਵਿਚ ਲਿਖਦੇ ਹਨ ਕਿ ਗੁਰੂ ਘਰ ਦਾ ਕੱਟੜ ਵਿਰੋਧੀ ਚੰਦੂ ਸ਼ਾਹ ਦੀਵਾਨ ਦਵੈਸ਼ ਭਾਵਨਾ ਨਾਲ ਓਤਪੋਤ ਸੀ । ਉਸ ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਤੇਜ-ਪਰਤਾਪ ਵਧਦਾ ਦਿਸਿਆ ਤਾਂ ਉਸ ਨੇ ਗੁਰੂ ਸਾਹਿਬ ਦੇ ਬਰਖਿਲਾਫ ਸਾਜ਼ਿਸ ਰਚੀ ਤੇ ਬਾਦਸ਼ਾਹ ਜਹਾਂਗੀਰ ਦੇ ਕੰਨ ਭਰੇ – ਬਾਦਸ਼ਾਹ ਸਲਾਮਤ ! ਆਪ ਦੇ ਨਿਆਂਕਾਰੀ ਜਹਾਂਗੀਰੀ ਰਾਜ ਦੇ ਸੂਬਾ ਲਾਹੌਰ ਵਿਚ ਹਾਲਾਤ ਸਮਾਨਯ ਨਹੀਂ ਹਨ । ਇਸ ਵੇਲੇ ਗੁਰੂ ਨਾਨਕ ਦੇਵ ਜੀ ਦੀ ਗੱਦੀ ‘ਤੇ ਨੌਜਵਾਨ , ਗੁਰੂ ਸਪੁੱਤਰ ਸ੍ਰੀ ਹਰਿਗੋਬਿੰਦ ਬਿਰਾਜਮਾਨ ਹਨ। ਉਨ੍ਹਾਂ ਦੇ ਹੈਰਾਨਕੁਨ ਹੁਕਮਾਂ ਅਤੇ ਅਜਬ ਕਾਰ-ਵਿਹਾਰ ਬਾਰੇ ਲਾਹੌਰ ਤੋਂ ਖਬਰਾਂ ਆਈਆਂ ਹਨ ਕਿ ਉਥੇ ਨਵੀਂ ਤਰਾਂ੍ਹ ਦੀ ਤਰਕੀਬ  ਰਚ ਲਈ ਗਈ ਹੈ ; ਗੁਰਤਾਗੱਦੀ ਦਾ ਨਾਮ ‘ਤਖਤ’ ਫਰਮਾਇਆ ਹੈ। ਬਿਰਾਜਮਾਨ ਛੇਂਵੇ ਗੁਰੂ ਦਾ ਧਿਆਨ ਜ਼ਿਆਦਾਤਰ, ਸ਼ਸਤਰ ਵਿਦਿਆ ‘ਤੇ ਕੇਂਦਰਿਤ ਹੈ। –ਤਜਯੋ ਫਕੀਰੀ ਕੋ ਬਹੁ ਬੇਸ- ਉਸ ਨੇ ਕਦੀਮੀ ਚਲਿਆ ਆਉੁਂਦਾ ਫਕੀਰੀ ਲਿਬਾਸ ਤਿਆਗ ਦਿੱਤਾ ਹੈ ਤੇ ਸ਼ਸਤਰਧਾਰੀ ਤੇ ਸ਼ਾਹੀ ਸਰੂਪ ਧਾਰਨ ਕਰ ਲਿਆ ਹੈ। ਹਜ਼ੂਰ ! ਉਹ ਬਾ-ਖਾਸੂਸ ਬਾਦਸ਼ਾਹਿਤ ਦੀ ਬਰਾਬਰੀ ਕਰਨਾ ਚਾਹੁੰਦਾ ਹੈ. ਜੰਗ ਕਰਨ ਦੇ ਮਨਸੂਬੇ ਨਾਲ  ਸੈਨਾ ਤਿਆਰ ਹੋ ਰਹੀ ਹੈ. ਛੇਵਾਂ ਗੁਰੂ ਦਿਨ-ਬ-ਦਿਨ ਤਰ੍ਹਾਂ ਤਰ੍ਹਾਂ ਦੇ ਸੂਰਮੇ ਇਕੱਤਰ ਕਰ ਰਿਹਾ ਹੈ। ਅ੍ਰੰਮਿਤਸਰ ਦੀ ਸੁਰੱਖਿਆ ਲਈ ਕਿਲ੍ਹਾ ਤਾਮੀਰ ਹੋ ਚੁੱਕਿਆ। ਇਥੇ ਹੀ ਬੱਸ ਨਹੀਂ -ਕਹਿਵਾਵਨਿ ਲਾਗਯੋ ਪਾਤਸ਼ਾਹੂ- ਉਹ ਆਪਣੇ ਆਪ ਨੂੰ ‘ਪਾਤਸ਼ਾਹ’ ਅਖਵਾਉਣ ਲੱਗ ਪਿਆ ਹੈ। ਜੰਗੀ ਮਸ਼ਕਾਂ ਸ਼ੁਰੂ ਹਨ।  ਹੇ ਬਾਦਸ਼ਾਹ ਸਲਾਮਤ! ਅਜਿਹਾ ਨਾ ਹੋਵੇ ਕੱਲ੍ਹ ਨੂੰ ਕੋਈ ਬਖੇੜਾ ਖੜ੍ਹਾ ਹੋ ਜਾਵੇ ।  ਆਪ ਜਾਂ ਤਾਂ ਸੈਨਾ ਦੀ ਚੜ੍ਹਾਈ ਕਰਕੇ  ਉਨਾਂ ਨੂੰ  ਗ੍ਰਿਫਤਾਰ ਕਰ ਲਵੋ ਜਾਂ ਫਿਰ ਕੋਈ ਮੁਹਤਬਰ,  ਸੂਝਵਾਨ ਬੰਦਾ ਭੇਜ ਕੇ  ਉਨ੍ਹਾਂ ਨੂੰ ਆਪਣੇ ਪਾਸ ਦਿੱਲੀ ਦਰਬਾਰ ਬੁਲਾ ਲਿਆ ਜਾਵੇ ; ਇਸ ਤਰਾਂ –ਦਬਯੋ ਰਹੇ ਨਹੀਂ ਦੁੰਦ ਉਠਾਵੈ-  ਉਹ ਮੁਗਲ ਸਾਮਰਾਜ ਦੇ ਪ੍ਰਭਾਵ  ਹੇਠ ਰਹਿਣਗੇ ।

ਸੋਚ ਵਿਚਾਰ ਕਰਨ ਤੋਂ ਬਾਅਦ ਬਾਦਸ਼ਾਹ ਜਹਾਂਗੀਰ ਨੇ ਆਪਣੇ ਬਹੁਤ ਹੀ ਭਰੋਸੇਯੋਗ ਮੰਤਰੀ ਵਜ਼ੀਰ ਖ਼ਾਨ ਨੂੰ ਕੋਲ ਬੁਲਾ ਕੇ ਆਖਿਆ – ਸਾਨੂੰ ਸੂਬਾ ਲਾਹੌਰ ਤੋਂੇ ਸੂਚਨਾ ਮਿਲੀ ਹੈ ਕਿ ਇਸ ਵੇਲੇ ਗੁਰੁ ਨਾਨਕ ਸਾਹਿਬ ਦੀ ਗੁਰਤਾਗੱਦੀ ਪਰ ਸ੍ਰੀ ਹਰਿਗੋਬਿੰਦ ਨਾਮੀ ਇਕ ਨੌਜਵਾਨ ਉਮਰ ਕਾ ਵਿਅਕਤੀ ਗੁਰੂ ਵਜੋਂ ਬਿਰਾਜਮਾਨ ਹੈ। ਉਸ ਨੇ ਪਹਿਲਾਂ ਵਾਲੀ ਵਿਵਸਥਾ ਦੇ ਵਿਪਰੀਤ ਬਾਦਸ਼ਾਹਾਂ ਜੈਸੀ ਠਾਠ-ਬਾਠ ਸਜਾ ਰੱਖੀ ਹੈ, ਉਹ ਸੈਨਿਕ ਬਲ ਤਿਆਰ ਕਰ ਰਿਹਾ ਹੈ, ਫੌਜੀ ਮਸ਼ਕਾਂ ਜਾਰੀ ਹਨ। ਇਸ ਤਰਾਂ ਕਿਸੇ ਵੇਲੇ  ਸੂਬਾ ਲਾਹੌਰ ਵਿਚ ਬਖੇੜਾ ਹੋ ਸਕਦਾ ਹੈ -। ਗਹਿਰੀ ਸੋਚ ਵਿਚਾਰ ਕਰਨ ਪਿਛੋਂ ਬਾਦਸ਼ਾਹ ਨੇ ਚੜ੍ਹਾਈ ਕਰਨ ਦੀ ਬਜਾਏ, ਵਜ਼ੀਰ ਖਾਨ ਤੇ  ਕਿੰਚਾ ਬੇਗ ਨੂੰ ਗੁਰੂ ਹਰਿਗੋਬਿੰਦ ਜੀ ਨੂੰ ਬੜੇ ਅਦਬ ਸਹਿਤ ਦਿੱਲੀ ਲੈ ਕੇ ਆਉਣ ਦਾ ਹੁਕਮ ਦੇ ਦਿਤਾ ।

ਵਜ਼ੀਰ ਖਾਨ ਗੁਰੂ ਘਰ ਦਾ ਵੱਡਾ ਸਰਧਾਲੂ ਸੀ ਉਸ ਨੇ ਅੰਮ੍ਰਿਤਸਰ ਪਹੁੰਚ ਕੇ ਅਰਜ਼ ਕੀਤੀ –ਹੇ ਗੁਰੂ ਸਾਹਿਬ! ਬਾਦਸ਼ਾਹ ਜਹਾਂਗੀਰ ਨੇ ਆਪ ਜੀ ਅੱਗੇ ਬੰਦਗੀ ਫਰਮਾਈ  ਹੈ। ਉਹ ਆਪ ਜੀ ਦੇ ਦਰਸ਼ਨ ਕਰਨਾ ਲੋਚਦੇ ਹਨ-। ਆਪ ਜੀ ਦੇ ਮਿਲਣ ਨਾਲ ਸਾਰਾ ਗੁਪਤ ਭੇਦ ਖੁੱਲ ਜਾਵੇਗਾ. ਬਾਦਸ਼ਾਹ, ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਬਾਰੇ ਅਣਜਾਣ ਹੈ ਉਸ ਨੂੰ ਵਾਪਰੀ ਅਸਹਿ ਘਟਨਾ ਦੇ ਅਸਲ ਸੱਚ ਦਾ ਪਤਾ ਨਹੀਂ ਹੈ। ਇਸ ਵੇਲੇ ਆਪ ਜੀ ਨੂੰ ਦਿੱਲੀ ਬੁਲਾਉਣ ਦੀ ਸਾਰੀ ਸਾਜ਼ਿਸ ਚੰਦੂ ਸ਼ਾਹ ਨੇ ਹੀ ਰਚੀ ਹੈ । ਉਸ ਨੇ ਬਹੁਤ ਹੀ ਵਧਾ-ਚੜ੍ਹਾ ਕੇ ਬਾਦਸ਼ਾਹ ਦੇ ਕੰਨੀਂ ਗੱਲਾਂ ਪਾਈਆਂ ਹਨ. ਚੰਦੂ ਨੇ ਬਹੁਤ ਗਹਿਰੀ ਚਾਲ ਚੱਲੀ ਹੈ । ਨਾਸਾਜ਼ਗਾਰ ਹਾਲਾਤ ਨੂੰ  ਵੇਖਦੇ ਹੋਏ ਇਸ ਵੇਲੇ ਆਪ ਜੀ ਦਾ ਬਾਦਸ਼ਾਹ ਨੂੰ ਮਿਲਣਾ ਵਾਜਿਬ ਰਹੇਗਾ ।

ਭਾਈ ਸੰਤੋਖ ਸਿੰਘ ਅੱਗੇ ਲਿਖਦੇ ਹਨ ਕਿ ਦਿੱਲੀ ਤੋਂ ਆਏ ਪੈਗਾਮ ਬਾਰੇ ਸੂਝਵਾਨ ਸਿੱਖਾਂ ਨੇ ਵਿਚਾਰ ਮਸ਼ਾਵਰਾ ਕੀਤਾ । ਦਿੱਬ-ਦ੍ਰਿਸ਼ਟੀ ਦੇ ਮਾਲਕ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੇ ਹਾਮੀ ਭਰਦੇ ਹੋਏ ਆਖਿਆ – ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਉਪਰ ਪਰਦਾ ਪਾਇਆ ਜਾ ਰਿਹਾ. ਮੁਲਾਕਾਤ ਹੋਣ ‘ਤੇ ਬਾਦਸ਼ਾਹ ਨੁੰ ਪਤਾ ਲੱਗ ਜਾਵੇਗਾ ਕਿ ਗੁਰੂ ਸਾਹਿਬ ਨੁੰ ਸ਼ਹੀਦ ਕਰਨ ਵਾਲਾ ਅਸਲ ਸਾਜ਼ਸੀ ਚੰਦੂ ਸ਼ਾਹ ਹੈ ।ਦੁਸ਼ਟ ਚੰਦੂ ਨੂੰ ਸਬਕ ਦੇਣ ਦਾ ਸਮਾਂ ਆ ਗਿਆ ਜਾਪਦਾ ਹੈ।ਇਸ ਲਈ ਗੁਰੂ ਹਰਿਗੋਬਿੰਦ ਜੀ ਨੂੰ ਬਾਦਸ਼ਾਹ ਕੋਲ ਦਿੱਲੀ ਜਰੂਰ ਜਾਣਾ ਚਾਹੀਦਾ. ਗੁਰੁ ਜੀ ਦੀ ਬਾਦਸ਼ਾਹ ਨਾਲ ਵਾਰਤਾਲਾਪ ਹੋਵੇਗੀ ਤਾਂ ਦੋਖੀ ਚੰਦੂ ਦਾ ਸਾਰਾ ਭੇਦ ਖੁੱਲ੍ਹ ਜਾਵੇਗਾ ਤੇ ਦੁਸ਼ਮਣ ਸਜ਼ਾ ਦਾ ਭਾਗੀ ਹੋਵੇਗਾ । ।

ਸਾਰੀ ਸੋਚ ਵਿਚਾਰ ਕਰਨ ਤੋਂ ਬਾਅਦ ਗੁਰੂ ਸਾਹਿਬ ਨੇ ਸੀ੍ਰ ਹਰਿਮੰਦਰ ਸਾਹਿਬ ਦੀ  ਸਾਰੀ ਸਾਂਭ ਸੰਭਾਲ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਦੇ ਹਵਾਲੇ ਕਰ ਦਿਤੀ ਤੇ ਆਪਣੇ ਘੋੜ–ਸਵਾਰ ਸੈਨਿਕ ਦਲ ਸਮੇਤ ਦਿੱਲੀ ਵੱਲ ਚੱਲਣ ਦੀਆਂ ਤਿਆਰੀਆਂ ਕਰ ਲਈਆਂ। ਗੁਰੂ ਜੀ ਨੇ ਦਿੱਲੀ ਜਾ ਕੇ ਜਮਨਾ ਨਦੀ ਦਾ ਕਿਨਾਰੇ ਮਜਨੂੰ ਟਿੱਲੇ ਦਾ ਸਥਾਨ ‘ਤੇ ਉਤਾਰਾ ਕਰ ਲਿਆ। ਫਿਰ ਸਮੇਂ ਸਮੇਂ ਉਥੇ ਗੁਰੂ ਸਾਹਿਬ ਤੇ ਬਾਦਸ਼ਾਹ ਜਹਾਂਗੀਰ ਦੀਆਂ ਖੁਸ਼ਗਵਾਰ ਮਾਹੌਲ ਵਿਚ ਮੁਲਾਕਾਤਾਂ ਹੁੰਦੀਆਂ ਰਹੀਆਂ. ਬਾਦਸ਼ਾਹ ਤੇ ਗੁਰੂ ਜੀ ਕਈ ਵਾਰ ਇਕੱਠੇ ਹੋ ਕੇ ਬਾਹਰ ਸ਼ਿਕਾਰ ‘ਤੇ ਨਿਕਲ ਜਾਂਦੇ ਤੇ ਲੰਮਾ ਸਮਾਂ ਬਾਹਰ ਜੰਗਲ ਵਿਚ ਸ਼ਿਕਾਰ ਖੇਡਦੇ ਰਹਿੰਦੇ ।

ਫਿਰ ਇਕ ਦਿਨ ਗੁਰੁ ਜੀ ਦਾ ਦਰਬਾਰ ਸਜਿਆ ਹੋਇਆ ਸੀ ਸੰਗਤਾਂ ਦਾ ਖੂਬ ਜਮਾਵੜਾ ਸੀ. ਅਚਾਨਕ ਬਾਦਸ਼ਾਹ ਆਇਆ, ਕੁਸ਼ਲ ਮੰਗਲ ਪੁੱਛੀ ਤੇ ਉਸ  ਨੇ ਗੁਰੂ ਜੀ ਨੂੰ ਕਿਹਾ – ਪੀਰ ਜੀ! ਚੱਲੋ ਤਿਆਰੀ ਕਰੋ, ਆਪਾਂ ਰਾਜਧਾਨੀ ਆਗਰਾ ਚੱਲਦੇ ਹਾਂ । ਰਸਤੇ ਵਿਚ ਬਹੁਤ ਵਧੀਆ ਸ਼ਿਕਾਰ-ਗਾਹਾਂ ਹਨ। ਸੈਰ-ਸਪਾਟਾ ਕਰਦੇ ਹੋਏ, ਸ਼ਿਕਾਰ ਦਾ ਅਨੰਦ ਮਾਣਦੇ ਆਹਿਸਤਾ ਆਹਿਸਤਾ ਅੱਗੇ ਚੱਲਾਂਗੇ -। ਗੁਰੂ ਜੀ ਆਪਣੇ ਸਿੱਖਾਂ ਸੇਵਕਾਂ ਸਮੇਤ ਤਿਆਰ ਹੋ ਗਏ ਤੇ ਰਸਤੇ ਵਿਚ ਸ਼ਿਕਾਰ ਖੇਡਦੇ ਹੋਏ ‘ਆਗਰਾ’ ਵੱਲ ਚਲਦੇ ਗਏੇ।
ਭਾਈ ਸੰਤੋਖ ਸਿੰਘ ਲਿਖਦੇ ਹਨ ਕਿ ਗੁਰੂ-ਘਰ ਦਾ ਵਿਰੋਧੀ ਚੰਦੂ ਸ਼ਾਹ ਦੀਵਾਨ, ਜੋ ਦਿੱਲੀ ਵਿਚ ਨਿਯੁਕਤ ਸੀ, ਉਹ ਗੁਰੂ ਜੀ ਦੀਆਂ ਗਤਿ-ਵਿਧੀਆਂ ਉਪਰ ਕੜੀ ਨਜ਼ਰ ਰੱਖ ਰਿਹਾ ਸੀ। ਉਸ ਨੇ ਗੁਰੂ ਸਾਹਿਬ ਤੇ ਬਾਦਸ਼ਾਹ ਵਿਚਕਾਰ ਦੋਸਤਾਨਾ ਤੇ ਨੇੜਤਾ ਵਾਲਾ ਮਾਹੌਲ ਬਣਿਆ ਵੇਖਿਆ ਤਾਂ ਉਹ ਜਲ ਉਠਿਆ। ਉਹ ਹੋਰ ਡਰ ਗਿਆ ਕਿਧਰੇ ਬਾਦਸ਼ਾਹ ਨੂੰ ਇਹ ਸ਼ਪਸ਼ਟ ਨਾ ਹੋ ਜਾਵੇ ਕਿ ਗੁਰੂ ਦੇਵ ਜੀ ਦਾ ਅਸਲੀ ਕਾਤਲ ਮੈਂ (ਚੰਦੂ) ਹੀ ਹਾਂ। ਉਸ ਨੇ ਸੋਚਿਆ ਕਿ ਐਸਾ ਉਪਾਅ ਕੀਤਾ ਜਾਵੇ ਕਿ ਗੁਰੁ ਹਰਿਗੋਬਿੰਦ ਸਾਹਿਬ ਨੂੰ ਇਕ ਵਾਰ  ਜੇਲ੍ਹ ਵਿਚ ਡੱਕ ਕੇ ਫਿਰ ਉਨਾਂ ਨੂੰ ਜੇਲ੍ਹ ਵਿਚ ਹੀ  ਖਤਮ ਕਰਵਾ ਦਿਤਾ ਜਾਵੇ ।
ਉਹ ਆਪਣੀ ਵਿਉਂਤ ਨੂੰ ਸਿਰੇ ਚਾੜਨ ਲਈ ਬਾਦਸ਼ਾਹ ਦੇ ਬਹੁਤ ਨਜ਼ਦੀਕੀ ਨਜ਼ੂਮੀ ਕੋਲ ਗਿਆ ਤੇ ਉਸ ਅੱਗੇ ਅਰਜ਼ ਕੀਤੀ –ਹੇ ਨਜ਼ੂਮੀ ਜੀ। ਮੈਨੂੰ ਆਪ ਦੀ ਮਦਦ ਦੀ ਸਖਤ ਜਰੂਰਤ ਹੈ. ਮੈਂ ਆਪ ਨੂੰ ਭਾਰੀ ਰਕਮ ਦਿਆਂਗਾ। ਮੇਰਾ ਗੁਰੂ-ਘਰ ਨਾਲ ਵੈਰ ਚੱਲ ਰਿਹਾ। ਗੁਰੁ ਅਰਜਨ ਦੇਵ ਜੀ ਨੂੰ ਨਿਜੀ ਹਿਤ ਪਿਛੇ ਉਨਾਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ। ਇਸ ਗੱਲ ਦਾ ਭੇਦ ਕਿਸੇ ਨੂੰ ਪਤਾ  ਨਹੀਂ ਹੈ। ਡਰ ਦੇ ਮਾਰੇ ਹੁਣ ਮੈਂ ਉਨ੍ਹਾਂ ਦੇ ਸਪੁੱਤਰ ਸ੍ਰੀ ਹਰਿਗੋਬਿੰਦ ਨੂੰ ਸਾਜ਼ਿਸ ਰਚ ਕੇ ਬਾਦਸ਼ਾਹ ਕੋਲ ਬੁਲਾਇਆ ਸੀ ਤਾਂ ਜੋ ਉਹ ਉਨਾਂ੍ਹ ਦੁਆਰਾ ਜੁਝਾਰੂ ਸੈਨਾ ਤਿਆਰ ਕਰਨ ਵਰਗੇ ਕੰਮ ਨੂੰ ਚੈਂਲੈਜ ਸਮਝ ਕੇ ਗ੍ਰਿਫਤਾਰ ਕਰ ਲਵੇ ਤੇ ਸਜ਼ਾ ਦੇਵੇ. ਪਰ ਨਜ਼ੂਮੀ ਜੀ! ਇਸ ਸਭ ਕੁਝ ਕਰਨ ਦੇ ਬਾਵਜੂਦ ਸਾਰਾ ਕੰਮ  ਉਲਟਾ ਹੋ ਚੱਲਿਆ ਹੈ। ਗੁਰੂ ਹਰਿਗੋਬਿੰਦ ਸਾਹਿਬ ਨੂੰ ਸਜ਼ਾ ਦੇਣੀ ਤਾਂ ਇਕ ਪਾਸੇ ਸਗੋਂ ਉਨ੍ਹਾਂ ਦਾ ਤਾਂ ਬਾਦਸ਼ਾਹ ਦੀ ਨਜ਼ਰ ਵਿਚ ਅਦਬ ਸਤਿਕਾਰ ਹੋਰ ਵੀ ਵਧਦਾ ਜਾ ਰਿਹਾ. ਉਨ੍ਹਾਂ ਦੀ ਨੇੜਤਾ ਮੇਰੇ ਲਈ ਬਹੁਤ ਘਾਤਕ ਹੈ। ਸੋ ਤੁਸੀਂ ਨਜ਼ੂਮੀ ਜੀ ਮੇਰੀ ਮਦਦ ਕਰੋ। ਮੈਂ ਉਨ੍ਹਾ ਨੂੰ ਜਲਦੀ ਖਤਮ ਕਰਨਾ ਚਾਹੁੰਦਾ ਹਾਂ । ਵੇਖੋ! ਐਨ੍ਹੀ ਦਿਨੀ  ਬਾਦਸ਼ਾਹ ਕੁਝ ਬਿਮਾਰ ਚੱਲ ਰਿਹਾ ਹੈ. ਤੁਸੀਂ ਬਾਦਸ਼ਾਹ ਦੇ ਚਿਤ ਵਿਚ ਕਿਵੇਂ ਨਾ ਕਿਵੇਂ ਇਹ ਗੱਲ ਵਸਾ ਦੇਵੋ ਕਿ ਬਾਦਸ਼ਾਹ ਜੀ, ਅੱਜ-ਕੱਲ੍ਹ ਤੁਹਾਡੇ ਉਪਰ ਮਾੜੇ ਦਿਨ ਆਏ ਹਨ -ਖੋਜਨ ਕਰੇ ਭਲੇ ਗ੍ਰੈਹ ਸਾਰੇ। ਸਾਢਸਤੀ ਅਬਿ ਚਢੀ ਤੁਮਾਰੇ-। ਉਨ੍ਹਾਂ ਨੂੰ  ਤੁਸੀਂ ਕਹੋ ਕਿ ਮੈਂ ਖੁਦ ਜੋਤਿਸ਼ ਦੀ ਕਿਤਾਬ ਨੂੰ ਵਾਚ ਕੇ ਸਾਰੇ ਗ੍ਰਹਿਆਂ ਦੀ ਖੋਜ ਕੀਤੀ ਹੈ ਕਿ ਤੁਹਾਡੇ ‘ਤੇ ਸਾਢਸਤੀ ਚੜ੍ਹੀ ਹੋਈ  ਹੈ। ਇਹ ਬਹੁਤ ਦੁਖ ਦੇਣਹਾਰੀ ਲਾਇਲਾਜ ਜੀਵਨ ਦਾ ਨਾਸ਼ ਕਰ ਦੇਣ ਵਾਲੀ  ਹੈ -। ਜਦ ਬਾਦਸ਼ਾਹ ਤੁਹਾਨੂੰ ਇਸ ਦਾ ਉਪਾਅ ਪੁੱਛੇ ਤਾਂ ਤੁਸੀਂ ਕਹਿਣਾ – ਬਾਦਸ਼ਾਹ ਸਲਾਮਤ! ਇਸ ਦਾ ਉਪਾਅ ਇਸ ਤਰ੍ਹਾਂ ਹੈ ਕਿ ਕੋਈ ਬਹੁਤ ਹੀ ਪਹੁੰਚਿਆ ਕਾਮਲ ਪੁਰਸ਼ ਹੋਵੇ ਜੋ ਤੁਹਾਡੇ ਹਿਤ ਲਈ ਗਵਾਲੀਅਰ ਦੇ ਕਿਲ੍ਹੇ ਦੇ ਸਥਾਨ ‘ਤੇ ਨਿਆਰਾ ਹੋ ਕੇ ਮਾਲਾ ਫੇਰੇ। ਜੋ ਤਿੰਨ ਸਮੇਂ ਇਸ਼ਨਾਨ ਕਰਕੇ ਅੱਲ੍ਹਾ ਪਾਕ ਦਾ ਸਿਮਰਨ ਕਰੇ -। ਚੰਦੂ ਦੇ ਬੋਲ ਸੁਣ ਕੇ ਨਜ਼ੂਮੀ ਲਾਲਚ ਵੱਸ ਹੋਇਆ ਮੰਨ  ਗਿਆ। ਸਵੇਰ ਹੋਣ ‘ਤੇ ਉਹ ਨਜ਼ੂਮੀ ਬਹੁਤ ਹੀ ਉਦਾਸ ਜੇਹਾ ਚੇਹਰਾ ਬਣਾ ਕੇ ਆਪਣੀ ਜੋਤਸ਼ ਵਾਲੀ ਕਿਤਾਬ ਨਾਲ ਲੈ ਕੇ ਬਿਮਾਰ ਪਏ ਬਾਦਸ਼ਾਹ ਕੋਲ ਜਾ ਪਹੁੰਚਿਆ. ਉਸ ਦੀ ਉਦਾਸੀ ਵੇਖ ਕੇ ਬਾਦਸ਼ਾਹ ਨੇ ਪੁੱਿਛਆ- ਨਜ਼ੂਮੀ ਜੀ! ਅੱਜ ਕਿਵੇਂ ਮੁਰਝਾਏ ਹੋਏ ਜਾਪਦੇ ਹੋ। ਖੈਰ ਮਿਹਰ ਤਾਂ ਹੈ? ਸੁਣ ਕੇ  ਨਜ਼ੂਮੀ ਆਖਿਆ-ਬਾਦਸ਼ਾਹ ਸਲਾਮਤ! ਆਪ ਜੀ ਅੱਗੇ ਅਰਜ਼ ਹੈ। ਮੈਂ ਆਪ ਜੀ ਦਾ ਦਿੱਤਾ ਖਾਂਦਾ ਹਾਂ । ਸਦਾ ਆਪ ਦੀ ਸੁਖ ਮੰਗਦਾ ਹਾਂ । ਦੁਖ ਦੀ ਗੱਲ ਇਹ ਹੈ ਕਿ ਗਹਿਰੀ ਘੋਖ ਕਰਨ ਉਪਰੰਤ ਜੋਤਸ਼ ਵਿਦਿਆ ਦੁਆਰਾ ਪਤਾ ਚਲਾ ਹੈ ਕਿ ਆਪ ਪਰ ਸਾੜ੍ਹਸਤੀ ਆਈ ਹੈ ਇਸ ਦਾ ਤੁਰੰਤ ਉਪਾਅ ਕਰ ਲੈਣਾ ਚਾਹੀਦਾ । ਨਹੀਂ ਤਾਂ ਆਪ ‘ਤੇ ਸਾਢੇ ਸੱਤ ਵਰ੍ਹੇ ਕਲੇਸ਼ ਦਾ  ਸਮਾ ਬੀਤੇਗਾ – ।ਇਹ ਸੁਣ ਕੇ ਜਹਾਂਗੀਰ ਬਾਦਸ਼ਾਹ ਚਿੰਤਤ ਹੋ ਗਿਆ ਤੇ ਉਸ ਨੇ  ਕਾਹਲੀ ਨਾਲ ਨਜ਼ੁਮੀ ਨੂੰ ਆਖਿਆ –ਤਾਂ ਫਿਰ ਇਸ ਨਾਮੁਰਾਦ ਰੋਗ ਦਾ ਫੌਰੀ ਹੱਲ ਕੀ ਹੋਵੇਗਾ – । ਨਜ਼ੂਮੀ ਨੇ ਚੰਦੂ ਦੀਵਾਨ ਦੇ ਕਹੇ ਮੁਤਾਬਕ ਹੱਲ ਦੱਸਿਆ ਤਾਂ ਉਸ ਵੇਲੇ ਚੰਦੂ ਦੀਵਾਨ  ਦੇ ਹਮਾਇਤੀ ਵਜ਼ੀਰ ਜੋ ਬਾਦਸ਼ਾਹ ਦੇ ਕੋਲ ਬੈਠੇ ਸਨ ਉਨ੍ਹਾਂ ਨੇ ਢੁਕਵਾਂ ਮੌਕਾ ਜਾਣ ਕੇ ਆਖਿਆ – ਏਹੋ ਜੇਹੇ ਗੁਣਾਂ ਵਾਲੇ  ਸਰਬ ਸ਼ਕਤੀਮਾਨ ਗੁਰੂ ਨਾਨਕ ਜੀ ਦੀ ਗੱਦੀ ‘ਤੇ ਬਿਰਾਜਮਾਨ ਗੁਰੁ ਹਰਿਗੋਬਿੰਦ ਜੀ ਹਨ, ਏਨਾਂ੍ਹ ਤੋਂ ਚੰਗਾ ਬਾ-ਬਰਕਤ ਪੁਰਖ ਹੋਰ ਭਾਰਤ ਵਰਸ਼ ਵਿਚ ਨਹੀਂ ਹੈ -। ਉਸੀ ਵਕਤ ਚੁੱਪ ਧਾਰੀ ਕੋਲ ਬੈਠੇ ਚੰਦੂ ਸ਼ਾਹ ਨੇ ਆਪਣੀ ਨਿਜੀ ਸਕੀਮ ਸਿਰੇ ਚੜ੍ਹਦੀ ਵੇਖ ਕੇ ਹਾਂ ‘ਚ ਹਾਂ ਮਿਲਾਉਦਿਆਂ ਫਰਮਾ ਦਿਤਾ – ਹਜ਼ੂਰ ਦੀ ਤੰਦਰੁਸਤੀ ਲਈ ਗੁਰੂ ਸਾਹਿਬ ਨੂੰ ਜਾਪ ਕਰਨ ਲਈ ਗਵਾਲੀਅਰ ਦੇ ਕਿਲ੍ਹੇ ਅੰਦਰ ਭੇਜ ਦੇਣਾ ਬਹੁਤ ਉਚਿਤ ਹੋਵੇਗਾ ।
ਉਸ ਵੇਲੇ ਇਕ ਤਾਂ ਬਾਦਸ਼ਾਹ ਪਹਿਲਾਂ ਹੀ ਮਾਨਸਿਕ ਤੌਰ ‘ਤੇ ਬਿਮਾਰ ਸੀ, ਫਿਰ ਅਜੀਬ ਜੇਹੀ ਬਿਮਾਰੀ ਬਾਰੇ ਸੁਣ ਕੇ ਉਸ ਨੂੰ  ਮੌਤ ਦੀ ਭਾਰੀ ਚਿੰਤਾ ਹੋ ਗਈ। ਬਾਦਸ਼ਾਹ ਉਸੀ ਵਕਤ ਹਾਥੀ ‘ਤੇ ਸਵਾਰ ਹੋ ਕੇ ਗੁਰੂ ਸਾਹਿਬ ਦੇ ਨਿਵਾਸ ਸਥਾਨ ਮਜਨੂੰ ਟਿੱਲੇ  ਚਲਾ ਗਿਆ. ਗੁਰੂ ਜੀ ਨੇ ਬਾਦਸ਼ਾਹ ਦਾ ਉਦਾਸ ਲੱਥਿਆ ਹੋਇਆ ਚੇਹਰਾ ਵੇਖਿਆ ਤਾਂ ਉਨ੍ਹਾ ਆਖਿਆ- ਬਾਦਸ਼ਾਹ ਜੀ! ਅੱਜ  ਇਹ ਕਿਸ ਕਿਸਮ ਦੀ ਉੁਦਾਸੀ ਛਾਈ ਹੈ. ਨਾ ਤੁਹਾਡੇ ਮੁੱਖ ‘ਤੇ ਉਹ ਚਮਕ ਹੈ ਨਾ ਹੀ ਬੋਲਾਂ ਵਿਚ ਰੌਣਕ ਹੈ. ਕੀ ਕੋਈ ਕੰਮ ਵਿਗੜ ਗਿਆ ਹੈ? ਤਦ ਬਾਦਸ਼ਾਹ ਨੇ ਉਦਾਸ ਚਿੱਤ ਹੋ ਕੇ ਦੱਸਿਆ – ਗੁਰੂ ਪੀਰ ਜੀ! ਬਹੁਤ ਹੀ ਅਣਉਚਿੱਤ ਦੁਬਿਧਾ ਵਾਲੀ ਸਥਿਤੀ ਬਣ ਗਈ ਹੈ। ਮਜ਼ਬੂਰਨ ਆਪ ਜੀ ਕੋਲ ਆਉਣਾ ਲਾਜ਼ਮੀ ਹੋ ਗਿਆ। ਨਜ਼ੂਮੀ ਨੇ ਗਹਿਰੀ ਖੋਜ ਕਰ ਕੇ ਦੱਸਿਆ  ਕਿ ਮੇਰੇ ਉਪਰ ਤਾਂ ਸਾਢਸਤੀ ਆ ਪਈ ਹੈ. ਉਸ ਮੁਤਾਬਕ ਇਸ ਨਾਮੁਰਾਦ ਦਾ ਉਪਾਅ ਵੀ ਸਿਰਫ ਆਪ ਜੀ ਦੇ ਹੱਥ ਵਿਚ ਹੀ ਹੈ । ਮੇਰੇ ਦਰਬਾਰੀਆਂ ਦਾ ਵੀ ਇਹ ਹੀ ਖਿਆਲ ਹੈ ਕਿ ਆਪ ਹੀ ਮੇਰਾ ਭਲਾ ਕਰ ਸਕਦੇ ਹੋ । ਸੋ ਆਪ ਅੱਗੇ ਅਰਜ਼ ਹੈ–ਮੇਰੀ ਸੇਹਤਯਾਬੀ ਰੱਖਿਆ ਵਾਸਤੇ ਗੁਆਲੀਅਰ ਦੇ ਕਿਲ੍ਹੇ ਵਿਚ ਜਾ ਕੇ  ਹਵਨ ਜਪ ਕਰੋ, ਚਾਲੀਹਾ ਕੱਟੋ।
ਦੁਰਗ ਗੁਆਲਿਯਰ ਮਹਿ ਥਿਰ ਹੋਵੈ ਕੇ। ਸਿਮਰਹੁ ਅਲਹ ਮਾਲ ਕਰ ਲੈ ਕੈ। ਇਕ ਚਾਲੀਸਾ ਤੁਮ ਕਰੋ ਸਾਢਸਤੀ ਕੋ ਬਲ ਪਰਹਰੋ£9£     ਗੁਰੂ ਸਾਹਿਬ ਨੇ ਬਾਦਸ਼ਾਹ ਦੇ ਮੁੱਖੋਂ ਅਚਾਨਕ ਇਹ ਅਜ਼ਬ ਅਰਜ਼ੋਈ ਸੁਣੀ ਤਾਂ ਉਹ ਜਾਣ ਗਏ ਕਿ ਵਿਰੋਧੀਆਂ ਵੱਲੋਂ ਖਾਸ ਮਕਸਦ ਅਧੀਨ ਗੰਭੀਰ ਸਾਜ਼ਿਸ ਰਚੀ ਹੈ। ਗੁਰੂ ਸਾਹਿਬ ਨੇ ਦੂਰ ਦੀ ਸੋਚ ਕੇ ਬਾਦਸ਼ਾਹ ਨੂੰ ਆਖਿਆ- ਜੇਕਰ ਸਾਡਾ ਕਿਲ੍ਹੇ ਵਿਚ ਜਾਣ ਨਾਲ ਤੁਹਾਡਾ ਸਚੁਮੱਚ ਭਲਾ ਹੁੰਦਾ ਹੈ ਤਾਂ ਅਸੀਂ ਜਰੂਰ ਜਾਵਾਂਗੇ ਤੇ ਉਥੇ ਜਾਪ ਕਰਕੇ ਤੁਹਾਡੇ ਸਾਰੇ ਕਸ਼ਟ ਦੂਰ ਕਰ ਦੇਵਾਂਗੇ -। ਗੁਰੂ ਸਾਹਿਬ ਆਪਣੇ ਖਾਸ ਸਿੱਖਾਂ ਨੂੰ ਨਾਲ ਲੈ ਕੇ ਗਵਾਲੀਅਰ ਦੇ ਕਿਲ੍ਹੇ ਅੰਦਰ ਚਲੇ ਗਏ ।
ਮੁਗਲ ਪ੍ਰਸ਼ਾਸਨ ਦਾ ਰੋਲ
ਮਹਿਮਾ ਪ੍ਰਕਾਸ਼ ਅਤੇ ਮਹਿਮਾ ਪ੍ਰਕਾਸ਼ (ਵਾਰਤਕ) ਜੋ ਸਿੱਖ ਇਤਿਹਾਸ ਦੇ ਪੁਰਾਤਨ ਪਰਮਾਣਿਕ ਸ੍ਰੋਤ ਮੰਨੇ ਜਾਦੇ ਹਨ, ਇਨ੍ਹਾ ਸ੍ਰੋਤਾਂ ਨੇ ਗੁਰੂ ਸਾਹਿਬ ਨੂੰ ਕਿਲ੍ਹੇ ਅੰਦਰ ਡੱਕਣ ਦਾ ਕਾਰਨ ਮਹਿਜ ਚੰਦੂ ਸ਼ਾਹ ਦੀਵਾਨ ਦਾ ਹੱਥ ਨਹੀਂ ਸਗੋਂ ਇਸਲਾਮੀ ਕੂਟਨੀਤੀ ਦੱਸਿਆ ਹੈ। ਇਨ੍ਹਾਂ ਸ੍ਰੋਤਾਂ ਨੇ ਗੁਰੂ ਹਰਿਗੋਬਿੰਦ ਸਾਹਿਬ ਨੂੰ ਕਿਲ੍ਹੇ ‘ਚ ਕੈਦ ਕਰਨ ਦਾ ਕਾਰਨ ਗੁਰੂ ਅਰਜਨ ਦੇਵ ਜੀ ਨੂੰ ਕੀਤੇ ਜੁਰਮਾਨੇ ਦੀ ਰਕਮ ਨਾ ਅਦਾ ਕਰਨਾ ਦਰਸਾਇਆ। ਮਹਿਮਾ ਪ੍ਰਕਾਸ਼ ਦਾ ਰਚੈਤਾ ਲਿਖਦਾ ਹੈ ਕਿ ਜਹਾਂਗੀਰ ਦਾ ਪੁੱਤਰ ਖੁਸਰੋ ਮਿਰਜ਼ਾ ਸੱਤਾ ਪ੍ਰਾਪਤੀ ਲਈ ਆਪਣੇ ਪਿਤਾ ਦੇ ਹੀ ਵਿਰੁੱਧ ਆਕੀ ਹੋ ਕੇ ਆਗਰੇ ਤੋਂ ਵਫਾਦਾਰ ਸੈਨਿਕਾਂ ਸਮੇਤ ਲਾਹੌਰ ਤੇ ਕਬਜ਼ਾ ਕਰਨ ਲਈ ਭੱਜ ਨਿਕਲਿਆ ਸੀ। ਉਸ ਨੇ ਆਪਣੇ ਆਪ ਨੂੰ ਬਾਦਸ਼ਾਹ ਘੋਸ਼ਤ ਕਰਨ ਲਈ ਲਾਹੌਰ ਦੁਆਲੇ ਨੌਂ ਦਿਨ ਘੇਰਾ ਪਾਈ ਰੱਖਿਆ। ਬਾਦਸ਼ਾਹ ਨੇ ਉਸ ਦੇ ਪਿੱਛੇ ਮੁਰਤਜ਼ਾ ਫਰੀਦ ਖਾਨ ਦੀ ਅਗਵਾਈ ਹੇਠ ਸ਼ਾਹੀ ਫੌਜ ਚੜ੍ਹਾ ਦਿਤੀ। ਖੁਸਰੋ ਨੂੰ ਪਤਾ ਲੱਗਾ ਤਾਂ ਉਹ ਪਿਛਾਂਹ ਵੱਲ ਆਇਆ ਤੇ ਦੋਨਾਂ ਧਿਰਾਂ ਦਾ ਭਰੋਵਾਲ ਦੇ ਸਥਾਨ ‘ਤੇ ਗੋਇੰਦਵਾਲ ਨੇੜੇ ਭਾਰੀ ਟਾਕਰਾ ਹੋਇਆ। ਲੜਾਈ ਵਿਚ ਖੁਸਰੋ ਬੁਰੀ ਤਰ੍ਹਾਂ ਹਾਰ ਗਿਆ। ਉਸ ਦੇ ਬਹੁਤ ਸਾਰੇ ਸੈਨਿਕ ਦੌੜ ਗਏ। ਖੁਸਰੋ ਬਚਦਾ ਬਚਾਂਉਂਦਾ ਉਥੋਂ ਨਿਕਲ ਕੇ ਤਰਨਤਾਰਨ ਦੇ ਸਥਾਨ ‘ਤੇ ਗੁਰੂ ਅਰਜਨ ਦੇਵ ਜੀ ਪਾਸ ਆ ਗਿਆ. ਖੁਸਰੋ ਦੇ ਬੇਨਤੀ ਕਰਨ ‘ਤੇ ਗੁਰੂ ਜੀ ਨੇ ਉਸ ਨੂੰ ਕੁਝ ਧਨ ਦਿਤਾ ਤੇ  ਲੰਗਰ ਪਾਣੀ ਦਾ ਪ੍ਰਬੰਧ ਕੀਤਾ. ਸ਼ਹਿਜ਼ਾਦੇ ਜੀ ਭਾਗ ਕਰ ਗਏ ਗੁਰ ਅਰਜਨ ਪਾਸ । ਕਛੁ ਮਦਤ ਖਜ਼ਾਨੇ ਕੀ ਕਰੀ ਕੀਨੀ ਬਹੁ ਸੁਪਾਸ।6£ਗੁਰੂ ਜੀ ਵੱਲੋਂ ਖੁਸਰੋ ਦੀ ਇਮਦਾਦ ਕਰਨ ਦੀ ਜਦ ਬਾਦਸ਼ਾਹ ਜਹਾਂਗੀਰ ਕੋਲ ਕਥਿਤ ਇਤਲਾਹ ਪਹੁੰਚੀ ਤਾਂ ਉਹ ਇਸ ਗੱਲ ਨੂੰ ਸਹਿਨ ਨਾ ਕਰ ਸਕਿਆ। ਉਸ ਨੇ ਗੁਰੂ ਅਰਜਨ ਦੇਵ ਜੀ ਦੇ ਬਰਖਿਲਾਫ ਹੀ ਬਹੁਤ ਹੀ ਕਰੂਰ ਰਵੱਈਆ ਅਪਨਾਇਆ ਤੇ ਭਾਰੀ ਜੁਰਮਾਨਾ ਅਦਾ ਕਰਨ ਦਾ ਫੁਰਮਾਨ ਜਾਰੀ ਕਰ ਦਿਤਾ. ਦੁਇ ਲਾਖ ਰੁਪਯਾ ਡਾਨ ਕਰ ਲੀਜੈ। ਅਵਰ ਕਿਸੀ ਕਾ  ਕਹਾ ਨਾ ਕੀਜੈ। 391- 392£

ਜਹਾਂਗੀਰ ਬਹੁਤ ਹੀ ਕੱਟੜ ਤੇ ਤੁਅੱਸਬੀ ਸੁਭਾਅ ਵਾਲਾ ਇਸ ਕਦਰ ਨਿਰਦਈ ਸੀ ਕਿ ਉਸ ਦੇ ਸ਼ਾਸਨ ਅਧੀਨ ਇਕੱਲੇ ਗੁਰੂ ਸਾਹਿਬ ਨੂੰ ਸ਼ਹੀਦ ਨਹੀ ਹੋਏ ਸਗੋਂ ਜਿਸ ਜਿਸ ਨੇ ਜਿਥੇ ਵੀ ਬਾਗੀ ਖੁਸਰੋ ਦੀ ਮਦਦ ਕੀਤੀ, ਉਹ ਉਨ੍ਹਾਂ ਸਭ ਨੂੰ ਮੌਤ ਦੇ ਘਾਟ   ਉਤਾਰਦਾ ਗਿਆ। ਖੁਸਰੋ ਵੱਲੋਂ ਕੀਤੀ ਗਈ ਬਗਾਵਤ ਤੋਂ ਬਾਅਦ ਜਹਾਂਗੀਰ ਦਾ ਰਵੱਈਆ ਬਹੁਤ ਹੀ ਦਵੈਸ਼ੀ ਹੋ ਗਿਆ ਸੀ। ਉਹ ਕਿਸੇ ਵੀ ਐਸੀ ਵਾਰਦਾਤ ਨੂੰ ਸਹਿਨ ਨਹੀਂ ਸੀ ਕਰਦਾ ਜੋ ਉਸ ਦੇ ਕੰਮ-ਕਾਰ ਉਸ ਦੇ ਵਕਾਰ ਵਿਚ ਰੁਕਾਵਟ ਬਣਦੀ ਸੀ. ਉਸ ਨੇ  ਹਰ ਵਿਰੋਧੀ ਫਿਰਕੇ, ਵਰਗ, ਜਮਾਤ, ਸਮੁਦਾਇ ਨੂੰ ਖਤਮ ਕਰਨ ਦੀ ਧਾਰ ਲਈ ਸੀ, ਜੋ ਉਸ ਦੇ ਇਸਲਾਮਿਕ ਪਸਾਰ ਵਿਚ ਰੋੜਾ ਬਣਦੀ ਸੀ। ਅਕਬਰ ਸੈਕੂਲਰ ਪਹੁੰਚ ਦਾ ਧਾਰਨੀ ਸੀ। ਉਸ ਦੇ ਵੇਲੇ ਚਾਹੇ ਧਾਰਮਿਕ ਆਗੂ ਮੁਲਾਣੇ ਆਦਿ ਉਸ ਦੀ ਵਿਚਾਰਧਾਰਾ ਦਾ ਬੁਰੀ ਤਰ੍ਹਾਂ ਵਿਰੋਧ ਕਰਦੇ ਰਹੇ ਪਰ ਉਨਾਂ ਦੀ ਅਕਬਰੀ-ਸਿਧਾਂਤ ਦੇ ਵਿਰੁੱਧ ਇਕ ਨਹੀਂ ਸੀ ਚੱਲੀ । ਅਕਬਰ ਦੀ ਮੌਤ ਤੋਂ ਬਾਅਦ ਜਹਾਂਗੀਰ  ਤਖਤ ‘ਤੇ ਬੈਠਾ ਤਾਂ ਕਾਜ਼ੀਆਂ ਮੁਲਾਣਿਆਂ ਨੂੰ ਚੁੱਕ ਪਹੁ ਕਰਨ ਦਾ ਰਾਹ ਖੁੱਲ੍ਹ ਗਿਆ ਸੀ।
ਮਹਿਮਾ ਪ੍ਰਕਾਸ਼ ਦਾ ਕਰਤਾ ਗੁਰੂ ਸਾਹਿਬ ਦੇ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਕਰਨ ਦੇ ਪਰਸੰਗ ਨੂੰ ਉਸ ਰਹਿੰਦੇ ਜੁਰਮਾਨੇ ਵਾਲੀ  ਗੱਲ ਨਾਲ ਜੋੜ ਕੇ ਅੱਗੇ ਵਿਖਿਆਨ ਕਰਦਾ ਹੋਇਆ ਪੁਸ਼ਟੀ ਕਰਦਾ ਲਿਖਦਾ ਹੈ – ਅਕਬਰ ਦੀ ਮੌਤ ਤੋਂ ਬਾਅਦ ਦੇਸ਼ ਦੇ ਹਾਲਾਤ ਖਰਾਬ ਹੋ ਗਏ ਤਾਂ ਬਾਦਸ਼ਾਹ ਜਹਾਂਗੀਰ ਨੂੰ ਕਾਬਲ ਕੰਧਾਰ ਵੱਲ ਜਾਣਾ ਪਿਆ। ਫਿਰ ਉਹ ਵਾਪਸੀ ਵੇਲੇ ਲਾਹੌਰ ਆਇਆ ਤਾਂ ਉਸ ਨੇ ਹੁਕਮ ਫਰਮਾਇਆ – ਅਸੀਂ ਹੁਣ ਅੱਗੇ ਰਾਜਧਾਨੀ ਆਗਰਾ ਜਾਣਾ ਹੈ, ਮੁਲਕ ਵਿਚ ਜੋ ਵਸੂਲ ਹੋਣ ਜੋਗ ਉਗਰਾਹੀ ਬਾਕੀ ਹੈ ਤੁਰੰਤ ਉਗਰਾਹੀ ਜਾਵੇ -। ਤਾਂ ਉਸ ਦੇ ਅਧਿਕਾਰੀਆਂ ਨੇ ਸਾਰੀ ਰਕਮ ਉਗਰਾਹਣ ਦਾ ਪ੍ਰਬੰਧ ਕਰ ਕੇ ਉਨ੍ਹਾਂ ਨੇ ਗੁਰੂਘਰ ਜ਼ਿੰਮੇ ਰਹਿੰਦੀ ਬਕਾਇਆ ਰਕਮ ਦਾ ਵੇਰਵਾ ਵੀ ਬਾਦਸ਼ਾਹ ਕੋਲ ਲਿਖ ਕੇ ਦਿੱਤਾ। ਉਨ੍ਹਾਂ ਦੱਸਿਆ ਕਿ ਇਹ ਰਕਮ ਜੋ ਗੁਰੂ ਅਰਜਨ ਦੇਵ ਜੀ ਨੇ ਤਾਰਨੀ ਸੀ ਉਹ ਅਜੇ ਅਦਾ ਕਰਨੀ ਬਾਕੀ ਹੈ। ਬਾਦਸ਼ਾਹ ਨੇ ਸੁਣ ਕੇ ਗੁਰੂ ਹਰਿਗੋਬਿੰਦ ਜੀ ਨੂੰ ਉਸੀ ਵਕਤ ਲਾਹੌਰ ਬੁਲਾ ਲਿਆ। ਗੁਰੂ ਜੀ ਹਾਜ਼ਰ ਹੋਏ ਤਾਂ ਉਨ੍ਹਾਂ ਦਾ ਜਾਹੋ ਜਲਾਲ, ਸ਼ਾਹੀ ਲਿਬਾਸ, ਹੇਠ ਇਰਾਕੀ ਘੋੜਾ ਤੇ ਮਹਿੰਗੇ ਗਹਿਣੇ ਵਸਤਰ ਸ਼ਸਤਰ ਵੇਖ ਕੇ ਮੁਗਲ ਦਰਬਾਰ ਦੇ ਹਾਕਮ ਸਾਰੇ ਹੱਕੇ-ਬੱਕੇ ਰਹਿ ਗਏ । ਬਾਦਸ਼ਾਹ ਖੁਦ ਵੀ, ਗੁਰੂ ਜੀ ਦੀ ਇਸ ਕਦਰ ਸ਼ਾਨੋ-ਸ਼ੌਕਤ  ਵੇਖ ਕੇ ਵੱਟ ਖਾ ਗਿਆ। ਜਦ ਗੁਰੂ ਜੀ ਤੋਂ ਬਾਕੀ ਰਹਿੰਦੀ ਰਕਮ ਤਲਬ ਕੀਤੀ ਗਈ ਤਾਂ ਗੁਰੂ ਜੀ ਨੇ ਇਹ ਕਹਿ ਕੇ ਰਕਮ ਦੇਣ ਤੋਂ ਜਵਾਬ ਦੇ ਦਿੱਤਾ- ਸਾਡੇ ਕੋਲ ਪੈਸੇ ਨਹੀਂ ਹਨ-। ਉਸ ਵੇਲੇ ਇਕ ਵਡੀ ਸਾਜਿਸ਼ ਤਹਿਤ ਅਮੀਰਾਂ-ਵਜ਼ੀਰਾਂ ਮਸਲਤ ਕੀਤੀ ਤੇ ਬਾਦਸ਼ਾਹ ਅੱਗੇ ਅਰਜ਼ ਕੀਤੀ- ਬਾਦਸ਼ਾਹ ਸਲਾਮਤ ਸਾਰਾ ਮੁਲਕ ਆਪ ਦੀ ਬਾਦਸ਼ਾਹਿਤ ਦੇ ਅਧੀਨ ਹੈ। ਇਹ ਗੁਰੂ ਹਰਿਗੋਬਿੰਦ ਸਾਹਿਬ ਬਹੁਤ ਹੀ ਬਲੀ ਬਲਵਾਨ ਹਨ। ਥੋੜੇ ਚਿਰ ਵਿਚ ਹੀ ਵੱਡੀ ਫੌਜੀ ਸ਼ਕਤੀ ਹਾਸਲ ਕਰ ਗਏ ਹਨ। ਬਹੁਤ ਮੁਰੀਦ ਇਨ੍ਹਾਂ ਦੇ ਦਰਸ਼ਨਾਂ ਲਈ ਆਉਂਦੇ ਹਨ। ਇਹ ਜਦ ਵੀ ਚਾਹੁਣ ਇਧਰ ਬਖੇੜਾ ਖੜ੍ਹਾ ਕਰ ਸਕਦੇ ਹਨ। ਇਸ ਲਈ ਇਨ੍ਹਾਂ ਤੇ ਚੌਕੀ ਨਾਫਿਜ਼ ਕਰ ਦਿੱਤੀ ਜਾਵੇ। ਇਨ੍ਹਾਂ ਨੂੰ ਸਰਕਾਰ ਦੀ ਨਿਗਰਾਨੀ ਹੇਠ ਰੱਖਿਆ ਜਾਵੇ। ਤੁਸੀਂ ਇਨ੍ਹਾਂ ਨੂੰ ਆਪਣੇ ਨਾਲ ਹੀ ਰੱਖੋ; ਅਜ਼ਾਦਾਨਾ ਨਾ ਰਹਿਣ ਦਿਉ-। ਉਨ੍ਹਾਂ ਵਜ਼ੀਰਾਂ ਦੀ ਦਿੱਤੀ ਰਾਏ ‘ਤੇ ਬਾਦਸ਼ਾਹ ਨੇ ਗੁਰੂ ਜੀ ‘ਤੇ ਚੌਕੀ ਲਾ ਦਿਤੀ। ਬਾਦਸ਼ਾਹ ਨੇ ਦਿੱਲੀ ਵੱਲ ਕੂਚ ਕੀਤਾ ਤਾਂ ਉਸ ਵੇਲੇ ਗੁਰੂ ਜੀ ਨੂੰ ਵੀ ਨਾਲ ਲੈ ਗਏ। ਉਸ ਤੋਂ ਅੱਗੇ ਬਾਦਸ਼ਾਹ, ਗੁਰੂ ਜੀ ਨੂੰ ਨਾਲ ਲੈ ਕੇ ਅੱਗੇ ਆਗਰਾ ਚਲਾ ਗਿਆ। ਉਥੇ ਵੀ ਦੂਰੋ ਦੂਰੋਂ ਸੰਗਤਾਂ ਆਉਂਦੀਆਂ. ਸਾਰੇ ਸਿੱਖ ਸੇਵਕ ਗੁਰੁ ਜੀ ਨੂੰ ਮਿਲਦੇ ਤਾਂ ਉਹ ਉਨ੍ਹਾਂ ਨੂੰ ‘ਸੱਚਾ ਪਾਤਸ਼ਾਹ’ ਕਹਿ ਕੇ ਪੁਕਾਰਦੇ। ਬਾਦਸ਼ਾਹ ਗੁਰੂ ਦੀ ਉਪਮਾ ਵੇਖ ਕੇ ਮਨ ਹੀ ਮਨ ਦੁਖੀ ਹੁੰਦਾ। ਮਹਿਮਾ ਪ੍ਰਕਾਸ਼ ਵਾਰਤਕ ਦਾ ਲੇਖਕ ਅੱਗੇ ਲਿਖਦਾ ਹੈ- ਤਬ (ਬਾਦਸ਼ਾਹ ਦੇ ਸਲਾਹਕਾਰਾਂ ਨੇ) ਪਾਤਸ਼ਾਹ (ਬਾਦਸ਼ਾਹ) ਨੂੰ ਮਸ਼ਵਰਾ ਦੀਆ; ਜੇ ਗੁਰੂ ਜੀ ਨੂੰ ਬਿਦਿਆ ਨਹੀਂ ਕਰਨੀ ਹੈ ਤਾਂ ਇਨ੍ਹਾਂ ਨੂੰ ਗੁਆਲੇਰ (ਗਵਾਲੀਅਰ) ਭੇਜ ਦੀਜੀਐ, ਈਹਾਂ ਕੌਣ ਇਨ ਕੀ ਨਿਗਾਹਬਾਨੀ ਕਰ ਸਕੇਗਾ -। ਤਬ ਪਾਤਸ਼ਾਹ (ਬਾਦਸ਼ਾਹ) ਨੇ ਗੁਰੁ ਜੀ ਨੂੰ ਗਵਾਲੀਅਰ (ਕਿਲ੍ਹੇ ਅੰਦਰ)  ਭਿਜਵਾ ਦੀਆ । ਪੰਨਾ 126।
ਬਾਦਸ਼ਾਹ ਮਸਲਤ ਮਨ ਭਾਇਆ। ਸਤਿਗੁਰ ਜੀ ਗੁਆਲੇਰ ਪਠਾਇਆ।25। ਮ.ਪ੍ਰ ਖੰਡ-2 ,ਸਾਖੀ 3
ਸ਼ੁਰੂ ਵਿਚ ਭਾਈ ਸੰਤੋਖ ਸਿੰਘ ਦੁਆਰਾ ਇਹ ਦਰਸਾਉਣਾ ਕਿ ਗੁਰੂ ਸਾਹਿਬ ਨੂੰ ਬਾਦਸ਼ਾਹ ਜਹਾਂਗੀਰ ਕੋਲ ਦਿੱਲੀ ਭਿਜਾਵਉਣ  ਤੇ ਫਿਰ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਡੱਕਣ ਪਿੱਛੇ ਮੁਖ ਦੋਸ਼ੀ + ਮੁੱਖ ਸ਼ਾਜ਼ਸੀ ਚੰਦੂ ਸ਼ਾਹ ਦੀਵਾਨ ਸੀ. ਚੰਦੂ ਸਿਰ ਸਾਰਾ ਦੋਸ਼ ਮੜਨ ਦਾ ਭਾਈ ਸੰਤੋਖ ਸਿੰਘ ਦਾ ਕਥਨ ਠੀਕ ਨਹੀਂ ਜਾਪਦਾ। ਕਵੀ ਦੇ ਗੁਰੂ ਪ੍ਰਤਾਪ ਗ੍ਰੰਥ ਦਾ ਰਚਨਾ ਕਾਲ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦਾ ਹੈ. ਅਸਲੀਅਤ ਇਹ ਹੈ ਕਿ  ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਜਦ ਮੁਗਲਾਂ ਦਾ ਫਿਰ ਸਾਰੇ ਕਬਜ਼ਾ ਹੋ ਗਿਆ ਤਾਂ ਸਿੱਖਾਂ ਤੇ ਮਹਾਂ ਕਹਿਰ ਢਾਏ ਗਏ; ਸਿੱਖਾ ਦੇ ਸਿਰਾਂ ਦੇ ਮੁੱਲ ਪੈਣ ਲੱਗੇ; ਛੋਟਾ ਤੇ ਵੱਡਾ ਘੱਲੂਘਾਰਾ ਵਾਪਰਿਆ; ਸਿੱਖਾਂ ਨੂੰ ਆਪਣੀ ਜਾਨ ਬਚਾਉੁਣ ਦੇ ਹੀਲੇ ਵਸੀਲੇ ਕਰਨੇ ਪਏ. ਉਸ ਕਾਲੇ-ਕਾਲ ਦੌਰਾਨ ਸਿੱਖ  ਇਤਿਹਾਸ ਦੀਆਂ ਜੋ ਵੱਡੀਆਂ ਘਟਨਾਵਾਂ ਵਾਪਰੀਆਂ ਉਨ੍ਹਾਂ ਸਬੰਧੀ ਪ੍ਰਮਾਣਿਕ ਸਰੋਤ ਉਪਲੱਭਧ  ਨਹੀਂ। ਸਮਾਂ ਹੀ ਐਨਾ ਭਿਆਨਕ ਸੀ ਉਸ ਵੇਲੇ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਬਾਰੇ ਤੇ ਛੇਵੇਂ ਪਾਤਸ਼ਾਹ ਦੇ ਸਮੇਂ ਵਾਪਰੀਆਂ ਵੱਡੀਆਂ ਘਟਨਾਵਾਂ ਸਬੰਧੀ ਇਤਿਹਾਸਕ ਖੋਜ ਹੋ ਨਹੀਂ ਸਕੀ, ਬਹੁਤ ਹੀ ਮੁਸ਼ਕਲ ਸੀ। ਉਦੋਂ ਤਕ ਮਹੱਤਵ ਪੂਰਨ ਪ੍ਰਸੰਗਾਂ ਬਾਰੇ ਠੋਸ ਵੇਰਵੇ  ਨਾ ਮਿਲਣ ਕਰਕੇ  ਜਾਪਦਾ ਹੈ ਕਵੀ ਸੰਤੋਖ ਸਿੰਘ ਨੇ ਪਰਚੱਲਤ/ਮੌਖਿਕ ਕਥਾਵਾਂ ਦੇ ਅਧਾਰਤ ਹੀ ਗੁਰ ਪ੍ਰਤਾਪ ਸੂਰਜ ਗ੍ਰੰਥ ਵਿਚ ਚੰਦੂ ਸ਼ਾਹ ਦੀਵਾਨ ਨੂੰ ਗੁਨਾਹਗਾਰ ਠਹਿਰਾ ਕੇ ਸਿੱਖ ਜਗਤ ਵਿਚ ਉਸੇ ਨੂੰ ਹੀ ਮੁੱਖ ਦੋਸ਼ੀ ਗਰਦਾਨ ਦਿਤਾ. ਬਾਅਦ ਵਿਚ ਸਿੱਖ ਇਤਿਹਾਸ ਬਾਰੇ ਨਵੀਨ ਖੋਜਾਂ ਦਾ ਦੌਰ ਚੱਲਿਆ, ਯੂਨੀਵਰਸਿਟੀਆਂ ਤੇ ਵਿਦਿਅਕ ਅਦਾਰੇ ਹੋਂਦ ਵਿਚ ਆਏ ਤਦ ਨਵੀਨ ਖੋਜਾਂ ਉਪਰੰਤ ਬਹੁਤ ਮਹੱਤਵਪੂਰਨ ਦਸਤਵੇਜ਼ ਹਾਸਲ ਹੋਏ। ਫਲਸਰੂਪ ਚੰਦੂ ਸ਼ਾਹ ਦੀਵਾਨ ਦੇ ਮਨਫੀ ਰੋਲ ਬਾਰੇ ਜੋ ਚਿਰਾਂ ਦੀ ਧਾਰਨਾ ਪ੍ਰਚੱਲਤ ਸੀ ਸਭ ਤੋਂ ਪਹਿਲਾਂ ਇਤਿਹਾਸਕਾਰ ਡਾ. ਗੰਡਾ ਸਿੰਘ ਨੇ ਠੋਸ ਤੱਥ ਪੇਸ਼ ਕਰਕੇ ਇਹ ਧਾਰਨਾ ਤੋੜਨ ਦਾ ਯਤਨ ਕੀਤਾ. ਉਸ ਨੇ ਬਾਦਸ਼ਾਹ ਜਹਾਂਗੀਰ ਦੇ ਹੁਕਮ ਦੀ ਨਕਲ ਜਨਤਕ ਕੀਤੀ ਜਿਸ ਵਿਚ ਬਾਦਸ਼ਾਹ ਆਪਣੀ ਸਵੈਜੀਵਨੀ ਤੁਜ਼ਕ ਏ ਜਹਾਂਗੀਰੀ ਵਿਚ  ਹੁਕਮ ਲਿਖਦਾ – ‘‘ਮੈਂ ਆਪ ਹੁਕਮ ਦਿੱਤਾ, ਗੁਰੂ ਅਰਜਨ ਦੇਵ ਜੀ ਨੂੰ ਯਾਸਾ ਕਨੂੰਨ ਰਾਹੀਂ ਤਸੀਹੇ  ਦੇਕੇ ਕਤਲ ਕਰ ਦਿਤਾ ਜਾਏ  ਉਨਾਂ ਦਾ ਮਾਲ, ਜਾਇਦਾਦ ਮੁਰਤਜ਼ਾ ਖਾਨ ਜ਼ਬਤ ਕਰ ਲਵੇ -। ਇਸ ਤੋਂ ਇਲਾਵਾ ਸ਼ੇਖ ਅਹਿਮਦ ਫਰੂਕੀ ਸਰਹਿੰਦੀ, ਜੋ ਬਹੁਤ ਹੀ ਕੱਟੜ, ਸੁੰਨੀ ਪ੍ਰਚਾਰਕ, ਨਕਸਬੰਦੀ ਸਿਲਸਲੇ ਦਾ ਮੁਖੀ ਸੀ ਤੇ ਬਾਦਸ਼ਾਹ ਜਹਾਂਗੀਰ ਦੇ ਨੇੜੇ ਸੀ, ਉਸ ਦੀ ਚਿੱੱਠੀ ਵੀ ਲੋਕਾਂ ਵਿਚ ਨਸ਼ਰ (ਪ੍ਰਸਾਰਤ) ਕੀਤੀ, ਜਿਸ ਵਿਚ ਉਹ ਗੁਰੂ ਪੰਚਮ ਪਾਤਸ਼ਾਹ ਦੀ ਸ਼ਹਾਦਤ ਹੋਣ ‘ਤੇ ਖੁਸ਼ੀ ‘ਚ ਬਾਦਸ਼ਾਹ ਨੂੰ ਚਿੱਠੀ ਲਿਖਦਾ ਆਖਦਾ –ਆਪ ਨੇ ਕਾਫਰਾਂ ਦੇ ਆਗੂ ਨੂੰ ਮਾਰਨ ਦਾ ਬਹੁਤ ਚੰਗਾ ਕੰਮ ਕੀਤਾ। ਹਰ ਮੁਸਲਮਾਨ ਦਾ ਫਰਜ਼ ਹੈ ਕਾਫਿਰਾਂ ਨੂੰ ਮਾਰੇ-। ਡਾ. ਗੰਡਾ ਸਿੰਘ ਨੇ ਇਹ ਠੋਸ ਪ੍ਰਮਾਣ ਪੇਸ਼ ਕਰ ਕੇ ਪਹਿਲਾਂ ਵਾਲੇ ਸਾਰੇ ਭਰਮ ਉਹਲੇ ਦੂਰ ਕਰਨ ਦੇ ਯਤਨ ਕੀਤੇ। ਉਸ ਨੇ ਸਾਬਤ ਕੀਤਾ ਕਿ ਗੁਰੂ ਸਾਹਿਬ ਜੀ ਦੇ ਗਵਾਲੀਅਰ ਜਾ ਦੀ ਘਟਨਾ ਤੇ ਪੰਚਮ ਪਾਤਸ਼ਾਹ ਦੀ ਸ਼ਹਾਦਤ ਪਿੱਛੇ ਮੁਗਲ ਸਰਕਾਰ ਦਾ ਵੱਡਾ ਰੋਲ ਸੀ ਨਾ ਕਿ ਚੰਦੂ ਸ਼ਾਹ ਦੀਵਾਨ ਦਾ. ਚੰਦੂ ਦੀਵਾਨ ਤਾਂ ਮਾਤਰ  ਉਸ ਵੇਲੇ ਦਾ ਮਾਮੂਲੀ ਅਧਿਕਾਰੀ ਸੀ।

ਮੁਗਲ ਕਾਲ ਵੇਲੇ ਗਵਾਲੀਅਰ ਕਿਲ੍ਹੇ ਦੀ ਖਾਸੀਅਤ:
ਇਹ ਗਵਾਲੀਅਰ ਦਾ ਕਿਲ੍ਹਾ ਆਮ ਕਿਲ੍ਹਿਆਂ ਵਰਗਾ ਕਿਲ੍ਹਾ ਨਹੀਂ ਸੀ, ਇਸ ਦੇ ਪਿਛੋਕੜ ਦੀ ਗਾਥਾ ਬੜੀ ਹੈਰਾਨਕਰਨ ਵਾਲੀ ਦੱਸੀ ਹੈ। ਇਸ ਕਿਲ੍ਹੇ ਨੂੰ ਰਾਜਪੂਤ ਰਾਜਾ ਮਾਨ ਸਿੰਘ ਨੇ ਤਾਮੀਰ ਕੀਤਾ ਸੀ, ਬਾਅਦ ਵਿਚ ਜਦ ਇਹ ਕਿਲ੍ਹਾ ਮੁਗਲਾਂ ਦੇ ਕਬਜ਼ੇ ‘ਚ ਆ ਗਿਆ ਤਾਂ ਬਾਦਸ਼ਾਹ ਅਕਬਰ ਨੇ ਇਸ ਨੂੰ ਕਾਰਾਗਾਹ (ਜੇਲ੍ਹ) ਵਿਚ ਤਬਦੀਲ ਕਰ ਦਿਤਾ. ਤਦ ਤੋਂ ਸਾਰੇ ਸ਼ਾਹੀ ਕੈਦੀ ਇਸ ਕਿਲੇ ਵਿਚ ਨਜ਼ਰਬੰਦ ਕਰ ਦਿੱਤੇ ਜਾਂਦੇ ਰਹੇ। ਸਮਾਂ ਪਾ ਕੇ ਇਹ ਕਿਲ੍ਹਾ ਇਕ ਬਦਨਾਮ ਕਿਲੇ ਵਜੋਂ ਜਾਣਿਆ ਜਾਣ ਲੱਗਾ । ਪਹਿਲੇ ਬਾਦਸ਼ਾਹਾਂ ਵਾਂਗ ਹੀ ਜਹਾਂਗੀਰ ਬਾਦਸ਼ਾਹ ਵੀ ਆਪਣੇ ਵਿਰੋਧੀ ਰਾਜਿਆਂ, ਮਹਾਰਾਜਿਆਂ, ਅਮੀਰਾਂ,  ਜਗੀਰਦਾਰਾਂ ਤੇ ਹੋਰ ਸ਼ੱਕੀ ਬੰਦਿਆਂ ਨੂੰ ਇਸ ਕਿਲ੍ਹੇ ਵਿਚ ਸੁੱਟਦਾ ਤੇ ਚੁੱਪ ਚਾਪ ਉਨ੍ਹਾਂ ਨੂੰ ਖਤਮ ਕਰਵਾਉਂਦਾ ਰਿਹਾ। ਉਸ ਵੇਲੇ ਇਹ ਗੱਲ ਆਮ ਪ੍ਰਚੱਲਤ ਹੋ ਗਈ ਸੀ ਕਿ ਇਥੇ ਕੈਦੀਆਂ ਨੂੰ ਖੁਰਾਕ ਵਿਚ ਹੌਲੀ ਹੌਲੀ ਅਸਰ ਕਰਨ ਵਾਲੀ ਜ਼ਹਿਰ ਮਿਲਾਈ ਜਾਂਦੀ ਹੈ ਜੋ ਕੈਦੀਆਂ ਨੂੰ ਸਮਾਂ ਪਾ ਕੇ ਖਤਮ ਕਰ ਦਿੰਦੀ ਹੈ। ਇਤਿਹਾਸਕਾਰਾਂ ਅਨੁਸਾਰ ਪ੍ਰਸ਼ਾਸ਼ਨ ਵੱਲੋਂ ਇਸ ਕਿਲ੍ਹੇ ਵਿਚ ਕੈਦੀਆਂ ‘ਤੇ ਕਰੜੀ ਨਜ਼ਰ ਰੱਖੀ ਜਾਂਦੀ, ਖਾਸ ਮਿਥੇ ਸਮੇਂ ਲਈ ਕੈਦੀਆਂ ਨੂੰ ਸੂਰਜ ਰੌਸ਼ਨੀ ਦੇਖਣ ਦੀ ਇਜਾਜ਼ਤ ਦਿੱਤੀ ਜਾਂਦੀ। ਬਹੁਤਿਆਂ ਕੈਦੀਆਂ ਨੂੰ ਤਾਂ ਘੋੜਿਆਂ ਦੇ ਅਸਤਬਲ ਵਾਲੇ ਕਮਰਿਆਂ ਵਿਚ ਰੱਖਿਆ ਜਾਂਦਾ ਸੀ. ਖਾਧ ਖੁਰਾਕ ਬਹੁਤ ਹੀ ਮਿਣੀ ਤੁਲੀ ਹੁੰਦੀ। ਇਹ ਗੱਲ ਆਮ ਪ੍ਰਚੱਲਤ ਹੋ ਚੁੱਕੀ ਸੀ ਕਿ ਇਸ ਕਿਲ੍ਹੇ ਵਿਚ ਜੋ ਇਕ ਵਾਰ ਆ ਜਾਂਦਾ ਫਿਰ ਉਹ ਵਾਪਸ ਜਿਉਂਦਾ ਨਹੀਂ  ਜਾਂਦਾ ਸੀ,  ਉਹ ਕਿਲ੍ਹੇ ਵਿੱਚ ਹੀ ਗਲ ਸੜ ਕੇ ਮਰ-ਮੁੱਕ ਜਾਂਦਾ।
ਗੁਰੂ ਸਾਹਿਬ ਦੇ ਇਸ ਕਿਲ੍ਹੇ ਵਿਚ ਆਉਣ ਵੇਲੇ ਜਿਹੜੇ ਬਵੰਜਾ ਰਾਜੇ (ਰਾਜਪੂਤ ਰਾਜੇ ਤੇ ਪਹਾੜੀ ਰਾਜੇ) ਡੱਕੇ ਹੋਏ ਸਨ ਉਨ੍ਹਾਂ ਰਾਜਪੂਤ ਰਾਜਿਆਂ, ਸਰਦਾਰਾਂ ਦੇ ਜੇਲ ‘ਚ ਡੱਕਣ ਦੇ ਕਾਰਨਾਂ ਦੀ ਇਕ ਤਵਾਰੀਖੀ ਗਾਥਾ ਹੈ. ਜਹਾਂਗੀਰ ਬਾਦਸ਼ਾਹ ਦੇ ਰਾਜ ਸੰਭਾਲਦੇ ਹੀ ਉਸ ਦੇ ਵੱਡੇ ਪੁੱਤਰ ਖੁਸਰੋ ਮਿਰਜ਼ਾ ਨੇ ਰਾਜ-ਸੱਤਾ ਹਾਸਲ ਕਰਨ ਲਈ ਬਗਾਵਤ ਕਰ ਦਿੱਤੀ ਤਾਂ ਜਹਾਂਗੀਰ ਨੇ ਉਸ ਪਿੱਛੇ ਸੈਨਾ ਲਾ ਕੇ ਉਸ ਨੂੰ ਹਰਾਉਣ ਬਾਅਦ ਗ੍ਰਿਫਤਾਰ ਕਰਕੇ ਏਸੇ ਜੇਲ੍ਹ ਵਿਚ ਸੁੱਟ ਦਿੱਤਾ ਸੀ।  ਖੁਸਰੋ ਦੀ ਮਾਂ ਮਾਨਬਾਈ,  ਜੋ ਜਹਾਂਗੀਰ ਬਾਦਸ਼ਾਹ ਦੀ ਪਹਿਲੀ ਪਤਨੀ ਸੀ ਉਹ ਰਾਜਪੂਤ ਘਰਾਣੇ ਦੀ ਸੀ। ਉਹ ਆਪਣੇ ਪੁੱਤਰ ਖੁਸਰੋ ਨਾਲ ਇਸ ਤਰ੍ਹਾਂ ਬੁਰਾ ਵਰਤਾਉ ਹੋਇਆ ਜਾਣ ਕੇ ਬਰਦਾਸ਼ਤ ਨਾ ਕਰ ਸਕੀ ਤੇ ਉਸ ਨੇ ਅਫੀਮ ਦਾ ਪਿਆਲਾ ਪੀ ਕੇ ਖੁਦਕੁਸ਼ੀ ਕਰ ਲਈ ।ਉਸ ਮਾਨਬਾਈ ਮਹਾਰਾਣੀ ਦੇ ਸਕੇ ਸਹੋਦਰੇ ਰਾਜਪੂਤ ਸਰਦਾਰ ਸਨ ਜੋ ਅਣਖੀ ਰਾਜਪੂਤ ਰਾਜੇ ਸਨ. ਉਨ੍ਹਾਂ ਨੇ ਇਹ ਸਮਝ ਲਿਆ ਕਿ ਮਹਾਰਾਣੀ ਮਾਨਬਾਈ ਨੇ ਖੁਦਕੁਸ਼ੀ ਨਹੀਂ ਕੀਤੀ ਸਗੋਂ ਬਾਦਸ਼ਾਹ ਨੇ ਉਸ ਨੂੰ ਕਤਲ ਕਰਵਾਇਆ ਹੈ. ਇਹ ਜਾਣ ਕੇ ਉਨ੍ਹਾਂ ਸਭ ਨੇ ਗੁੱਸੇ ‘ਚ ਆ ਕੇ ਜਹਾਂਗੀਰ ਦੇ ਵਿਰੁੱਧ ਬਗਾਵਤ ਕਰ ਦਿਤੀ।  ਜਹਾਂਗੀਰ ਨੇ ਤਦ ਜਰਨੈਲ਼ ਮੁਰਤਜ਼ਾ ਫਰੀਦ ਖਾਨ ਦੀ ਅਗਵਾਈ ਵਿਚ ਭਾਰੀ ਲਸ਼ਕਰ ਭੇਜ ਕੇ ਇਹ ਸਾਰੇ ਬਗਾਵਤੀ ਪਹਾੜੀ ਰਾਜੇ ਤੇ ਰਾਜਪੂਤਾਨੇ ਵਾਲੇ ਮਾਰਵਾੜ ਦੇ ਸਾਰੇ ਬਾਗੀ ਰਾਜੇ ਫੜ ਲਏ ਤੇ ਸਾਰਿਆਂ ਨੂੰ ਇਸ ਕਿਲ੍ਹੇ ਵਿਚ ਲਿਆ ਸੁੱਟਿਆ। ਤਵਾਰੀਖ ਅਨੁਸਾਰ ਬਵੰਜਾਂ ਰਾਜੇ ਜੋ ਜੇਲ੍ਹ ਵਿਚੋਂ ਛੁਡਾਏ ਗਏ,  ਉਹ ਇਹ ਹੀ ਹਿੰਦੂ ਰਾਜੇ ਸਨ ।

ਗਵਾਲੀਅਰ ਕਿਲ੍ਹੇ ‘ਚੋਂ  ਰਿਹਾਈ ਬਾਰੇ
ਫਿਰ ਜਦ ਗੁਰੂ ਜੀ ਨੂੰ ਮਿਥੇ ਸਮੇਂ ਅੰਦਰ ਗਵਾਲੀਅਰ ਦੇ ਕਿਲ੍ਹੇ ਚੋਂ  ਰਿਹਾਅ ਨਾ ਕੀਤਾ ਗਿਆ ਤੇ ਗੁਰੂ ਸਾਹਿਬ ਦਾ ਵਿਛੋੜਾ ਦਿਨ ਬ ਦਿਨ ਮਹੀਨਿਆਂ ਬਹੁਤ ਹੀ ਬੱਧੀ ਲੰਮਾ ਹੁੰਦਾ ਗਿਆ ਤੇ ਗੁਰੂ ਸਾਹਿਬ ਦੀ ਰਿਹਾਈ ਬਾਰੇ ਬੇ-ਯਕੀਨੀ ਬਣਨ ਲੱਗੀ ਤਾਂ ਸਿੱਖਾਂ ਵਿਚ ਘਬਰਾਹਟ ਤੇ ਚਿੰਤਾ ਪਸਰ ਗਈ। ਇਹ ਸੰਸਾ ਹੋਣ ਲੱਗਾ ਕਿ ਗੁਰੂ ਸਹਿਬ ਜੀ ਦੀ ਮੌਜੂਦਗੀ ਤੋਂ ਕਿਤੇ ਸਿੱਖ-ਸੰਗਤ ਗੁਰੂਘਰ ਤੋਂ ਵਿਸਰ ਕੇ ਦੂਜੇ ਵਿਰੋਧੀ ਮੀਣਿਆਂ ਦੀ ਅਗਵਾਈ ਵੱਲ ਨਾ ਚਲੀ ਜਾਵੇ, ਦੂਜੇ ਪਾਸੇ ਕੱਟੜ ਵਿਰੋਧੀ ਮੁਰਤਜ਼ਾ ਖਾਨ ਨੂੰ ਲਾਹੌਰ ਦਾ ਗਵਰਨਰ ਲਾ ਦਿੱਤਾ ਹੈ; ਉਸ ਦੇ ਜਾਰੀ ਹੋ ਰਹੇ ਸਖਤ ਆਦੇਸ਼ ਅਤੇ ਧਮਕੀਆਂ ਕਿਧਰੇ ਸਿੱਖਾਂ ਦੇ ਉਤਸ਼ਾਹ ਨੂੰ ਫਿੱਕਾ  ਨਾ ਪਾ ਦੇਣ। ਤਦ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੇ ਸੰਗਤਾਂ ਦੇ ਹੌਸਲੇ ਬੁਲੰਦ ਰੱਖਣ ਤੇ ਗੁਰੂ ਘਰ ਨਾਲ ਜੋੜੀ ਰੱਖਣ ਦੇ ਇਰਾਦੇ ਨਾਲ ਚੌਕੀਆਂ ਦੀ ਮਰਯਾਦਾ ਚਲਾ ਦਿੱਤੀ  ਉਹ ਚੌਕੀਆਂ ਬਣਾ ਕੇ ਪੰਜਾਬ ਦੇ ਪਿੰਡ ਪਿੰਡ ਮਸ਼ਾਲਾਂ ਭੇਜਦੇ।  ਸਾਰਾ ਪਰਚਾਰ  ਰਾਤ ਦੇ ਸਮੇਂ ਹੁੰਦਾ। ਫਿਰ  ਇਨਾਂ ਚੌਕੀਆਂ ਦਾ ਪ੍ਰੋਗਰਾਮ ਖਾਸ ਜਥੇ ਦੇ ਰੂਪ ਵਿਚ ਸ਼ਹਿਰੋ-ਸ਼ਹਿਰ ਹੁੰਦਾ ਹੋਇਆ ਗਵਾਲੀਅਰ ਦੇ ਕਿਲ੍ਹੇ ਤਕ ਜਾਣ ਲੱਗਾ। ਸਿੱਖ ਕੀਰਤਨ ਕਰਦੇ ਹੋਏ ਗਵਾਲੀਅਰ ਦੇ ਕਿਲ੍ਹੇ ਤਕ ਪਹੁੰਚਦੇ। ਮੁਸਲਮਾਨ ਲੇਖਕ ਮੁਹਸਿਨ ਫਾਨੀ ਲਿਖਦਾ ਹੈ ਕਿ ਸਿੱਖ ਗਵਾਲੀਅਰ ਦੇ ਕਿਲ੍ਹੇ ਅੰਦਰ ਡੱਕੇ ਹੋਏ ਗੁਰੂ ਸਾਹਿਬ ਦੇ ਨਮਿਤ ਕਿਲ੍ਹੇ ਦੀਆਂ ਉਚੀਆਂ ਕੰਧਾਂ ਨੂੰ ਛੂਹ ਕੇ ਗੁਰੂ ਸਾਹਿਬ ਨੂੰ ਨਮਸਕਾਰ ਕਰਦੇ ਤੇ ਕਿਲ੍ਹੇ ਦੀ ਪ੍ਰਕਰਮਾ ਕਰਕੇ  ਵਾਪਸ ਚਲੇ ਜਾਂਦੇ।
ਏਸੇ ਗੱਲ ਦੀ ਸ਼ਾਹਦੀ ਭਰਦੇ ਹੋਏ ‘ਸਹਿਜੇ ਰਚਿਉ ਖਾਲਸਾ’ ਦੇ ਰਚਨ ਕਰਤਾ ਹਰਿੰਦਰ ਸਿੰਘ ਮਹਿਬੂਬ ਲਿਖਦੇ ਹਨ ਕਿ ਜਦ ਗੁਰੂ ਜੀ ਗਵਾਲੀਅਰ ਦੇ ਕਿਲ੍ਹੇ ਵਿਚ ਸਨ ਤਾਂ ਉਨ੍ਹਾਂ ਦੇ ਪਿਆਰੇ ਸੌ ਸੌ ਦੇ ਕਾਫਲਿਆਂ ਵਿਚ ਮਹੀਨਿਆਂ ਬੱਧੀ ਕਿਲ੍ਹੇ ਦੀਆਂ ਦੀਵਾਰਾਂ ਨੂੰ ਆ ਆ ਚੁੰਮਦੇ ਰਹੇ। ਰੂਹ ਦੇ ਵੀਰਾਨ ਪਰਦਿਆਂ ਨੂੰ ਚੀਰ ਕੇ ਗੁਰੂ ਜੀ ਨੂੰ ਖਾਲਸ ਰੂਪ ਵਿਚ ਮਿਲਣ ਦਾ ਇਹ ਇਕ ਨਿਰਾਲਾ ਦ੍ਰਿਸ਼ ਸੀ।
ਜਦ ਇਹ ਜਾਪਣ ਲੱਗਾ ਕਿ ਨਿਕਟ ਭਵਿੱਖ ਵਿਚ ਵੀ ਗੁਰੂ ਸਾਹਿਬ ਦੀ ਰਿਹਾਈ ਲਈ ਕੋਈ ਢਾਰਸ, ਕੋਈ ਕਾਰਗਰ ਵਿਧੀ ਨਹੀਂ  ਬਣ ਰਹੀ ਤਾਂ ਸਿੱਖ ਜਗਤ ਵਿਚ ਇਕ ਤਰ੍ਹਾਂ ਦਾ ਫਿਕਰੀ ਅਲਮੀਆ ਬਣ ਗਿਆ। ਜਦ ਗੁਰੂ ਸਾਹਿਬ ਦੀ ਰਿਹਾਈ ਬਾਰੇ ਸਾਰੀਆਂ ਸੋਚਾਂ ਵਿਚਾਰਾਂ ਰੱਬੀ ਰਜ਼ਾ ਤਕ ਹੀ ਮਹਿਦੂਦ ਹੋ ਗਈਆਂ ਤਾਂ ਉਸ ਵੇਲੇ ਸਮੇਂ ਦੇ ਗੇੜ ਨੇ ਖੁਦ ਹੀ  ਸਿੱਖੀ ਸਫਾਂ ਵਿਚ ਮੁੜ ਖੇੜਾ ਲਿਆਉਣ ਵਾਸਤੇ ਇਕ ਅਲੌਕਿਕ ਬਖ਼ਸ਼ਿਸ ਵਰਤਾਈ। ਰੱਬ ਦੀ ਐਸੀ ਕਰਨੀ ਹੋਈ ਕਿ ਬਾਦਸ਼ਾਹ ਜਹਾਂਗੀਰ ਇਕ  ਭਿਆਨਕ ਮਾਨਸਿਕ ਰੋਗ ਦਾ ਸ਼ਿਕਾਰ ਹੋ ਗਿਆ। ਉਹ ਸੱਚਮੁਚ ਮੰਜੇ ਤੇ ਬਿਮਾਰ ਪੈ ਗਿਆ। ਉਸ ਨੂੰ ਸੇਹਤਯਾਬ ਕਰਨ ਦੇ ਸਾਰੇ ਹਰਬੇ-ਹੀਲੇ ਵਰਤੇ ਗਏੇ ਪਰ ਕੋਈ ਮੋੜਾ ਨਾ ਪਿਆ।  1611 ਈਸਵੀ ਵਾਲੇ ਸਾਲ ਬਾਦਸ਼ਾਹ ਜਹਾਂਗੀਰ ਦੀ ਚਹੇਤੀ ਬੇਗਮ ਨੂਰਜਹਾਂ ਰਾਜ-ਭਾਗ ਤੇ ਪੂਰੀ ਤਰਾਂ ਕਾਬਜ਼ ਹੋ ਗਈ ਸੀ, ਤੇ ਬਾਦਸ਼ਾਹ ਉਸ ਦਾ ਪ੍ਰਭਾਵ ਕਬੂਲਦਾ ਹੋਇਆ ਸਾਰਾ ਰਾਜਸੀ ਪ੍ਰਬੰਧ ਉਸ ਦੇ ਹਵਾਲੇ ਕਰ ਚੁੱਕਾ ਸੀ। ਪੂਰਨ ਸ਼ਕਤੀ ਦੇ ਹੁੰਦੇ ਹੋਇਆਂ ਵੀ ਨੂਰਜਹਾਂ ਲਈ ਬਾਦਸ਼ਾਹ ਦੀ ਜੀਵਤ ਹੋਂਦ, ਉਸ ਦੀ ਤੰਦਰੁਸਤੀ ਅਤੀ ਜਰੂਰੀ ਸੀ। ਸਥਿਤੀ ਨੂੰ ਭਾਂਪਦਿਆ ਉਹ ਜਹਾਂਗੀਰ ਦੀ ਸਾਰੀ ਦੇਖ ਭਾਲ ਖੁਦ ਕਰਨ ਲੱਗੀ। ਹਕੀਮਾਂ ਨੇ ਬਾਦਸ਼ਾਹ ਜਹਾਂਗੀਰ ਨੂੰ ਰੋਗਰਹਿਤ ਕਰਨ ਦੇ ਅਨੇਕ ਯਤਨ ਕੀਤੇ. ਜਦ ਸਾਰੀ ਗੱਲ ਵੱਸੋਂ ਬਾਹਰ ਹੋ ਗਈ ਤਾਂ ਬੇਗਮ ਨੂਰ ਜਹਾਂ ਨੇ ਓੜਕ ਪੀਰਾਂ ਫਕੀਰਾਂ ਦਾ ਸਹਾਰਾ ਲੈਣਾ ਉਚਿੱਤ ਜਾਣਿਆ। ਉਹ ਪੀਰਾਂ ਸੰਤਾਂ ਅੰਦਰ ਸਮੋਈਆਂ ਦੈਵੀ ਸ਼ਕਤੀਆਂ ਵਿਚ ਵਿਸ਼ਵਾਸ ਰੱਖਣ ਵਾਲੀ  ਸੀ ।
ਨੂਰ ਜਹਾਂ ਦੇ ਬਚਪਨ ਤੇ ਚੜ੍ਹਦੀ ਜਵਾਨੀ ਦੇ ਦਿਨ ਲਾਹੌਰ ਸ਼ਹਿਰ ਵਿਚ ਬੀਤੇ ਸਨ ਤੇ ਫਕੀਰਾਂ ਵਿਚ ਸ਼ਰਧਾ ਦੀ ਧਾਰਨਾ ਉਦੋਂ ਤੋਂ ਹੀ  ਉਸ ਦੇ ਰਿਦੇ ਵਿਚ ਸਮੀ ਸੀ। ਉਹ ਉਨ੍ਹੀਂ ਦਿਨੀ ਉਥੇ ਲਾਹੌਰ ਵਿਖੇ ਸਾਈਂ ਮੀਆਂ ਮੀਰ ਦੀ ਵੱਡੀ ਸ਼ਰਧਾਲੂ ਹੋਣ ਕਰਕੇ ਉਨ੍ਹਾਂ ਦੇ ਦਰਬਾਰ ਵਿਚ ਹਾਜ਼ਰੀ ਭਰਿਆ ਕਰਦੀ. ਸਾਈਂ ਮੀਆਂ ਮੀਰ ਜੀ ਉਸ ਵੇਲੇ ਦੇ ਬਹੁਤ ਹੀ ਸਤਿਕਾਰਤ ਪੂਜਨਯੋਗ ਸੂਫੀ ਸੰਤ ਸਨ। ਉਨ੍ਹਾਂ ਦਾ ਮੁਗਲ ਦਰਬਾਰ ਵਿਚ ਪੂਰਾ ਅਦਬ ਸਤਿਕਾਰ ਤੇ ਉਜਰ ਸੀ। ਸਾਰੇ ਮੁਗਲ ਬਾਦਸ਼ਾਹ ਉਸ ਦੇ ਸਨਮੁੱਖ ਗੋਡਾ ਨਿਵਾਂਉਦੇ। ਦੂਜੇ ਪਾਸੇ ਸਾਈਂ ਜੀ ਦਾ ਗੁਰੂ ਘਰ ਨਾਲ ਵੀ ਗੁਰੂ ਅਰਜਨ ਦੇਵ ਜੀ ਦੇ ਵੇਲੇ ਤੋਂ ਬਹੁਤ ਹੀ ਨਜ਼ਦੀਕੀ ਤੇ ਗਹਿਰਾ  ਰਿਸ਼ਤਾ ਚਲਿਆ ਆ ਰਿਹਾ ਸੀ। ਗੁਰੂ ਅਰਜਨ ਦੇਵ ਜੀ ਨੂੰ ਜਦ ਅਕਾਰਨ ਹੀ ਲਾਹੌਰ ਵਿਚ ਅਸਿਹ ਕਸ਼ਟ ਦਿੱਤੇ ਜਾ ਰਹੇ ਸਨ ਤਾਂ ਸਾਈਂ ਜੀ ਸੁਣ ਕੇ ਇਕ ਹਮਦਰਦ ਵਜੋਂ ਮਦਦ ਲਈ ਗੁਰੂ ਜੀ ਕੋਲ ਅੱਪੜੇ ਸਨ। ਜਦ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ਅੰਦਰ ਨਜ਼ਰਬੰਦ ਸਨ ਤੇ ਜੇਲ੍ਹ ਵਿਚ ਲੰਮਾ ਸਮਾਂ ਹੋ ਗਿਆ ਸੀ ਤਾਂ ਐਨ ਢੁਕਵੇਂ ਸਮੇਂ ਤੇ ਸਾਈਂ ਮੀਆ ਮੀਰ ਲਾਹੌਰ ਤੋਂ ਚੱਲ ਕੇ ਦਿੱਲੀ ਪਹੁੰਚੇ। ਬਿਲਾਸ਼ੱਕ ਉਨ੍ਹਾ ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਕਿਲ੍ਹੇ ਅੰਦਰ ਨਜ਼ਰਬੰਦ ਕਰਨ ਦੇ ਸਾਰੇ ਸਾਜ਼ਸੀ ਪਰਸੰਗ ਦਾ ਭਲੀ ਭਾਂਤ ਗਿਆਨ ਸੀ ਕਿਉਂਕਿ ਲਾਹੌਰ ਤੋਂ ਅੰਮ੍ਰਿਤਸਰ ਉਨਾਂ ਵਾਸਤੇ ਕੋਈ ਬਹੁਤਾ ਦੂਰ ਨਹੀਂ ਸੀ।  ਗੁਰੂ ਘਰ ਦੇ ਹਵਾਲੇ ਨਾਲ  ਅੰਮ੍ਰਿਤਸਰ ਦੀ ਹਰ ਘਟਨਾ ਬਾਰੇ ਉਨ੍ਹਾਂ ਨੂੰ ਖਬਰ-ਸਾਰ ਹਾਸਲ ਸੀ ਪਰ ਯੋਗ ਮੌਕੇ ਦੀ ਤਲਾਸ਼ ਵਿਚ ਸਨ । ਵਿਦਵਾਨਾਂ ਦਾ ਮਤ ਹੈ ਕਿ ਉਹ ਹੁਣ ਜਦ ਦਿੱਲੀ ਪਹੁੰਚੇ ਤਾਂ ਸਭ ਤੋਂ ਪਹਿਲਾਂ ਉਨਾਂ ਨੇ  ਗੁਰੂ ਹਰਿਗੋਬਿੰਦ ਸਾਹਬ ਜੀ ਦੀ ਤੁਰੰਤ ਰਿਹਾਈ ਦਾ ਯਤਨ ਕੀਤਾ। ਉਹ ਉਚੇਚੇ ਤੌਰ ‘ਤੇ ਦਿੱਲੀ ਵਾਸੀ ਮਹਾਨ ਫਕੀਰ ਫਖਰ-ਉ-ਦੀਨ ਔਲੀਆ ਤੇ ਹਜ਼ਰਤ ਨਿਜ਼ਾਮ-ਉ–ਦੀਨ ਔਲੀਆ ਕੋਲ ਗਏ ਤਾਂ ਜੋ  ਉਹ ਦੋਨੋਂ ਵਿਚ ਪੈ ਕੇ ਬਾਦਸ਼ਾਹ ਨੂੰ ਕਾਇਲ ਕਰਨ ਤੇ ਗੁਰੂ ਸਾਹਿਬ ਦੀ  ਫੌਰਨ ਰਿਹਾਈ ਕਰਵਾ ਸਕਣ.
ਉਪਰੋਕਤ ਪਰਸੰਗ ਦੀ ਪੁਸ਼ਟੀ ਕਰਦਾ ਹੋਇਆ ਮਹਿਮਾ ਪ੍ਰਕਾਸ਼ ਦਾ ਕਰਤਾ ਸਰੂਪ ਦਾਸ ਭੱਲਾ ਲਿਖਦਾ ਹੈ ਕਿ 1612 ਈ: ਵਿਚ ਨਸ਼ੇ ਦਾ ਆਦੀ ਬਾਦਸ਼ਾਹ ਜਹਾਂਗੀਰ ਬਹੁਤੀ ਸ਼ਰਾਬ ਪੀਣ ਕਰਕੇ ਲਾਇਲਾਜ ਬਿਮਾਰੀ ਦੀ ਗ੍ਰਿਫਤ ਵਿਚ ਆ ਗਿਆ। ਸ਼ਾਹੀ ਵੈਦਾਂ ਤੇ ਹਕੀਮਾਂ ਨੇ ਵੀ ਜਦ ਜਵਾਬ ਦੇ ਦਿੱਤਾ ਤੇ ਸਾਰੇ ਹੀਲੇ ਜਦ ਵਿਅਰਥ ਹੋ ਗਏ ਜਾਪੇ ਤਾਂ ਪੀਰਾਂ ਫਕੀਰਾਂ ਵਿਚ ਆਸਥਾ ਰੱਖਣ ਵਾਲੀ ਬੇਗਮ ਨੂਰ ਜਹਾਂ, ਜਹਾਂਗੀਰ ਨੂੰ ਚੁੱਕ ਕੇ ਪਹੁੰਚੇ ਹੋਏ ਪੀਰ ਨਿਜ਼ਾਮ-ਉ-ਦੀਨ ਔਲੀਆ ਪਾਸ ਲੈ ਆਈ. ਕੁਦਰਤ ਦਾ ਸਬੱਬ ਉਥੇ ਉਸ ਵੇਲੇ ਦੇ ਅਹਲ-ਏ-ਇਲਮ, ਅਹਲ-ਏ-ਨਜ਼ਰ ਸਾਈਂ ਮੀਆਂ ਮੀਰ ਤੇ ਫਖਰ-ਉ-ਦੀਨ ਵੀ ਬੈਠੇ ਸਨ। ਨੂਰ ਜਹਾਂ ਨੇ ਅਰਜ਼ ਸਲਾਮ ਕਰਨ ਤੋਂ ਬਾਅਦ ਪੀਰ ਨਿਜ਼ਾਮ-ਉ-ਦੀਨ ਔਲੀਆ ਪਾਸੋਂ ਜਹਾਂਗੀਰ ਦੀ ਬਿਮਾਰੀ ਦਾ ਕਾਰਨ ਪੁੱਛਿਆ ਤਾਂ ਉਨਾਂ੍ਹ ਕਥਨ ਕੀਤਾ– ਇਹ ਬਿਮਾਰੀ ਕਿਸੇ ਪੀਰ ਨੂੰ ਦੁਖ ਦੇਣ ਕਰਕੇ ਹੈ -। ਜਦ ਜਹਾਂਗੀਰ ਨੇ ਪੁੱਛਿਆ ਉਹ ਪੀਰ ਕਿਹੜਾ ਹੈ ਤਾਂ ਕੋਲ ਬੈਠੇ ਸਾਈਂ ਮੀਆਂ ਮੀਰ ਨੇ ਫਰਮਾਇਆ- ਗੁਰੂ ਹਰਿਗੋਬਿੰਦ ਸਾਹਬ ਜੋ ਹੈ ਸੋ ਮਕਬੂਲ ਨੂਰ-ਏ-ਇਲਾਹੀ ਹੈ-।
ਨੂਰ ਜਹਾਂ, ਆਪਣੇ ਮੁਰਸ਼ਦ ਸਾਈਂ ਮੀਆਂ ਮੀਰ ਦੇ ਮੁੱਖੋਂ ਇਹ ਅਲਫਾਜ਼ ਸੁਣ ਕੇ ਹੈਰਾਨ ਹੋ ਗਈ ਕਿ ਪੀਰ ਸਾਈਂ ਜੀ, ਨੌਜਵਾਨ ਗੁਰੂ ਨੂੰ ਆਪਣੇ ਤੋਂ ਵੀ ਉਪਰ  ਖੁਦਾ ਰੂਪ ਕਹਿ ਰਹੇ ਹਨ । ਸੁਣ ਕੇ ਨੂਰ ਜਹਾਂ ਦੇ ਮਨ ‘ਤੇ ਗਹਿਰਾ ਅਸਰ ਹੋਇਆ ਤੇ ਉਸ ਨੇ  ਉਸੀ ਵੇਲੇ ਜਹਾਂਗੀਰ ਨੂੰ ਗੁਰੂ ਜੀ ਰਿਹਾਈ ਬਾਰੇ ਕਿਹਾ।
ਨੂਰ ਜਹਾਂ ਬੇਗਮ ਨੇ ਖਾਵੰਦ ਨੂੰ ਕਿਹਾ- ਐਸੇ। ਫਕੀਰ ਜਾਤ ਹੈ ਸਾਈਂ ਦੀ ਸਾਈਂ ਜੈਸੇ। ਕੈਦ ਨਾ ਕਰੀਏ ਕਹੇ ਕਹਾਏ। ਫਕੀਰ ਦੀ ਮਾਰੀ ਕੋਈ ਨਾ ਹਟਾਏ ੂ71ਜ਼
ਤਦ ਬਾਦਸ਼ਾਹ ਜਹਾਂਗੀਰ ਨੇ ਉਸੇ ਵੇਲੇ ਗੁਰੂ ਸਾਹਬ ਨੂੰ ਗਵਾਲੀਅਰ ਦੇ ਕਿਲ੍ਹੇ ‘ਚੋਂ ਰਿਹਾਅ ਕਰਨ ਦੇ ਹੁਕਮ ਜਾਰੀ ਕਰ ਦਿੱਤੇ।
ਰਿਹਾਈ ਦੇ ਉਪਰੋਕਤ ਸਬੱਬ ਤਂੋ ਇਲਾਵਾ ਵਿਦਵਾਨ ਮੱਤ ਰਖਦੇ ਹਨ ਕਿ ਮੁਗਲ ਪ੍ਰਸ਼ਾਸਨ ਵਿਚ ਆਈ ਰਾਜਸੀ ਤਬਦੀਲੀ ਵੀ  ਕਾਰਨ ਬਣੀ ਹੈ. ਉਨ੍ਹਾਂ ਮੁਤਾਬਕ ਜਦ ਫਰੀਦ ਖਾਂ ਬੁਖਾਰੀ ਉਰਫ ਮੁਰਤਜ਼ਾ ਖਾਨ ਨੂੰ ਜਹਾਂਗੀਰ ਨੇ ਹੁਕਮ ਦਿੱਤਾ ਸੀ ਕਿ ਗੁਰੂ ਅਰਜਨ ਦੇਵ ਸਾਹਿਬ ਦੀ ਜਾਇਦਾਦ, ਮਕਾਨ ਬੱਚੇ ਸਭ ਨੂੰ  ਜ਼ਬਤ ਕੀਤਾ ਜਾਵੇ. ਤਦ ਉਸ ਦੀ ਸੁਪਰਦਾਰੀ ਹੇਠ 1606 ਈ. ਵਿਚ ਗੁਰੂ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਹੋ ਗਈ ਪਰ ਇਹ ਗੁਰੂ ਹਰਿਗੋਬਿੰਦ ਸਾਹਬ ਜੀ ਨੂੰ ਪਕੜਨ ਵਿਚ ਅਸਫਲ ਰਿਹਾ ਕਿਉਂਕਿ ਉਸ ਵੇਲੇ ਦੇ ਮਾੜੇ ਹਾਲਾਤ ਨੂੰ ਵੇਖਦਿਆਂ ਬਾਬਾ ਬੁਢਾ ਜੀ, ਭਾਈ ਗੁਰਦਾਸ  ਤੇ ਹੋਰ ਸਿਆਣੇ ਸਿੱਖਾਂ ਦੇ ਕਹਿਣ ‘ਤੇ ਗੁਰੂ ਸਾਹਿਬ ਮਾਲਵੇ ਦੇ ਇਲਾਕੇ  ਵਿਚ ਆਪਣੇ ਸਾਢੂ ਸਾਈਂ ਦਾਸ ਕੋਲ ਭਾਈ ਕੀ ਡਰੋਲੀ (ਮੋਗਾ) ਚਲੇ ਗਏ ਸਨ।  ਜਿੰਨਾ ਚਿਰ ਮੁਰਤਜ਼ਾ ਖਾਨ  ਦਾ ਲਾਹੌਰ ਵਿਖੇ ਵਿਰੋਧੀ ਪ੍ਰਭਾਵ ਜਾਰੀ ਰਿਹਾ ਤਦ ਤਕ ਕਰੀਬਨ ਡੇਢ-ਦੋ ਸਾਲ ਗੁਰੂ ਸਾਹਿਬ ਮਾਲਵਾ ਇਲਾਕਾ ਵਿਚ ਸਿੱਖੀ-ਪ੍ਰਚਾਰ ਦੌਰੇ ਤੇ ਰਹੇ. ਫਿਰ ਇਸ ਕੱਟੜ ਵਿਰੋਧੀ ਮੁਰਤਜ਼ਾ ਖਾਨ ਨੂੰ 1607 ਈ. ਦੇ ਅਖੀਰ ਵਿਚ ਗੁਜਰਾਤ ਦਾ ਗਵਰਨਰ  ਨਿਯੁਕਤ ਕਰ ਦਿਤਾ ਗਿਆ ਤਾਂ ਗੁਰੂ ਹਰਿਗੋਬਿੰਦ ਸਾਹਿਬ ਵਾਪਸ ਅੰਮ੍ਰਿਤਸਰ ਆ ਗਏ ਸਨ। ਇਧਰ 1608 ਦੇ ਸ਼ੁਰੂ ਵਿਚ ਲਾਹੌਰ ਦਾ ਗਵਰਨਰ ਕੁਲੀਜ਼ ਖਾਨ ਲਾ ਦਿਤਾ ਗਿਆ। ਇਹ ਅਕਬਰ ਦਾ ਬਾ-ਖਾਸੂਸ ਬੰਦਾ, ਅਕਬਰੀ ਸਿਧਾਂਤ ਦਾ ਧਾਰਨੀ ਹੋਣ ਕਰਕੇ ਹੋਰ ਧਾਰਮਿਕ ਜਮਾਤਾਂ ਵਿਚ ਦਖਲ ਨਾ ਦੇਣ ਦੀ ਰੁਚੀ ਵਾਲਾ ਸੀ। ਇਸ ਦੇ ਸਮੇਂ  ਸੱਖਾਂ ਨੇ ਬਹੁਤ ਰਾਹਤ ਮਹਿਸੂਸ ਕੀਤੀ ਤੇ ਗੁਰੂ ਹਰਿਗੋਬਿੰਦ ਸਾਹਿਬ ਨੂੰ ਸਿੱਖ ਪੰਥ ਨੂੰ ਜੱਥੇਬੰਦ ਕਰਨ ਦਾ ਬਹੁਤ ਸੁਖਾਵਾਂ ਮੌਕਾ ਮਿਲਿਆ। ਉਸੇ ਸਮੇਂ ਦੌਰਾਨ ਹੀ ਅਕਾਲ ਤਖਤ ਦੀ ਰਚਨਾ ਹੋਈ ਤੇ ਜ਼ਬਰ ਦਾ ਟਾਕਰਾ ਕਰਨ ਲਈ ਹਥਿਆਰਬੰਦ ਸੈਨਾ ਖੜੀ ਕਰਨ ਦੀ ਤਿਆਰੀ ਅਰੰਭੀ ਗਈ। ਬਿਲਾ-ਸ਼ੱਕ ਸ਼ਾਹੀ ਖੁਫੀਆ ਏਜੰਸੀਆਂ, ਬਾਦਸ਼ਾਹ ਜਹਾਂਗੀਰ ਕੋਲ ਸਿੱਖ ਪੰਥ ਦੇ ਪ੍ਰਫੁਲਤ ਹੋਣ ਦੀਆਂ ਖਬਰਾਂ ਪਹੁੰਚਾ ਰਹੀਆਂ ਸਨ ਪਰ ਉਸ ਵੇਲੇ ਜਹਾਂਗੀਰ ਕਾਠੀਆਵਾੜ ਤੇ ਰਾਜਪੂਤਾਨਾ ਦੇ ਇਲਾਕੇ ਵਿਚ ਹਾਲਾਤ ਨਾ-ਸਾਜਗਾਰ ਹੋਣ ਕਰਕੇ ਬੁਰੀ ਤਰ੍ਹਾਂ ਉਲਝਿਆ  ਸੀ ਤੇ ਉਹ ਪੰਜਾਬ ਵੱਲ ਬਹੁਤ ਧਿਆਨ ਨਾ ਦੇ ਸਕਿਆ। ਫਿਰ ਜਦ ਉਸ ਨੂੰ ਉਧਰੋਂ ਰਾਜਪੁਤਾਨੇ ਵੱਲੋਂ ਰਾਹਤ ਮਿਲੀ ਤਾਂ ਉਸ ਨੇ ਪੰਜਾਬ ਵਿਚ ਸਿੱਖੀ ਦੇ ਵਧ ਰਹੇ ਪ੍ਰਚਲਨ ਨੂੰ ਪਹਿਲ ਦੇ ਅਧਾਰ ‘ਤੇ ਨਜਿਠਣ ਦਾ ਨਿਰਨਾ ਲਿਆ। ਗੁਰੂ ਸਾਹਿਬ ਦੀ ਵਧਦੀ ਪਭੂਸੱਤਾ ਨੂੰ ਵੇਖਦਿਆਂ ਸੱਭ ਤੋਂ ਪਹਿਲਾਂ ਉਸ ਨੇ ਲਾਹੌਰ ਦੇ ਗਵਰਨਰ ਕੁਲੀਜ਼ ਖਾਨ ਨੂੰ ਬਦਲ ਕੇ ਉਸ ਦੀ ਥਾਂ ‘ਤੇ 1611-12 ਈ. ਨੂੰ ਧਾਰਮਿਕ ਜਨੂੰਨੀ ਤੇ ਕੱਟੜ ਵਿਰੋਧੀ ਸ਼ੇਖ ਫਰੀਦ ਬੁਖਾਰੀ ਉਰਫ ਮੁਰਤਜ਼ਾ ਖਾਨ ਨੂੰ ਲਾਹੌਰ ਦਾ ਗਵਰਨਰ ਥਾਪ ਦਿਤਾ ।ਇਹ ਆਪਣੇ ਕਾਲ (1612-1618 ) ਦੌਰਾਨ ਗੁਰੂਘਰ ਦਾ ਸਖਤ ਵਿਰੋਧੀ ਰਿਹਾ। ਪਰ ਜਦ ਇਹ ਕਾਂਗੜਾ ਦੇ ਕਿਲ੍ਹੇ ਤੇ ਫਤਹ ਪਾਉਣ ਲਈ ਸੰਘਰਸ਼ ਕਰਦਾ ਹੋਇਆ 1618 ਈਸਵੀ ਵਿਚ ਮਰ ਗਿਆ, ਜਿਸ ਦੇ ਹੱਥੋਂ ਗੁਰੂ ਪੰਜਵੇ ਦੀ ਸ਼ਾਹਦਤ ਹੋਈ ਅਤੇ ਜਿਸ ਦੁਆਰਾ ਜਹਾਂਗੀਰ ਕੋਲ ਪਹੁੰਚਾਈਆਂ ਸਿਖ-ਵਿਰੋਧੀ ਇਤਲਾਹਾਂ ਤੇ ਦਖਲ ਕਰਕੇ ਗੁਰੂ ਹਰਿਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ਅੰਦਰ ਲੰਮੇ ਸਮੇ ਲਈ  ਡੱਕੀ ਰੱਖਿਆ ਗਿਆ ; ਇਸ ਮੁਰਤਜ਼ਾ ਖਾਨ ਦੇ ਮਰਨ ਦੀ ਦੇਰ ਸੀ ਕਿ ਸ਼ਾਹੀ ਸਰਕਾਰ ਦਾ ਸਾਰਾ ਵਿਰੋਧ ਮੱਠਾ ਪੈ ਗਿਆ ਤੇ ਗੁਰੂ ਸਾਹਿਬ ਦੀ ਰਿਹਾਈ ਲਈ ਇਕ ਤਰ੍ਹਾਂ ਨਾਲ ਰਾਹ ਅਸਾਨ ਹੋ ਗਿਆ ।
ਪਰ ਗੁਰੂ ਸਾਹਿਬ ਜੀ ਦੀ ਗਵਾਲੀਅਰ ਦੇ ਕਿਲ੍ਹੇ ਚੋਂ ਰਿਹਾਈ ਲਈ ਉਪਰੋਕਤ ਰਾਜਸੀ ਕਾਰਨਾਂ ਨਾਲੋਂ ਸਿੱਖ ਦੁਨੀਆ ਵਿਚ ਹਜ਼ਰਤ ਸਾਈਂ ਮੀਆ ਮੀਰ ਜੀ ਦੀ ਨਿਭਾਈ ਭੂਮਿਕਾ ਨੂੰ ਵਧੇਰੇ ਕਾਰਗਰ ਤੇ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ ।
ਗੁਰੂ ਸਾਹਿਬ ਦੇ ਗਵਾਲੀਅਰ ਦੇ ਕਿਲ੍ਹੇ ਵਿਚ ਕਿੰਨਾ ਸਮਾਂ ਰਹੇ ਇਸ ਬਾਰੇ ਸਮਕਾਲੀ ਫਾਰਸੀ ਸਰੋਤ ‘ਦਬਿਸਤਾਨ ਏ ਮਜਾਹਿਬ’ ਲਿਖਦਾ ਹੈ ਕਿ ਗੁਰੂ ਸਾਹਿਬ 12 ਸਾਲ ਕੈਦ ਰਹੇ. ਭਾਈ ਸੰਤੋਖ ਸਿੰਘ ਲਿਖਦੇ ਹਨ ਕਿ ਬੰਦੀ (ਜੇਲ੍ਹ ‘ਚ ਰਹਿਣ) ਦਾ ਇਹ ਸਮਾਂ ਚਾਲੀ ਦਿਨ ਸੀ ਜਦ ਕਿ ਇਸ ਵਿਚਾਰ ਦੀ ਹੋਰ ਕਿਸੇ ਪ੍ਰਮਾਣਿਕ ਸਰੋਤ ਤੋਂ ਪੁਸ਼ਟੀ ਨਹੀਂ ਹੁੰਦੀ। ਇਸ ਸਬੰਧੀ ਇਤਿਹਾਸਕਾਰ ਡਾ.ਗੰਡਾ ਸਿੰਘ ਅਤੇ ਡਾ.ਤੇਜਾ ਸਿੰਘ ਇਸ ਨਤੀਜੇ ‘ਤੇ ਪਹੁੰਚਦੇ ਹਨ ਕਿ ਗੁਰੂ ਸਾਹਿਬ ਕੋਈ ਦੋ ਸਾਲ ਗਵਾਲੀਅਰ ਦੇ ਕਰੀਬ ਕਿਲ੍ਹੇ ਵਿਚ ਰਹੇ। ਪਰ ਕੁਲ ਮਿਲਾ ਕੇ ਗੁਰੂ ਸਾਹਿਬ ਜੀ ਦੇ ਬੰਦੀ ਦੇ ਸਮੇਂ ਦੀ ਕੋਈ ਵੀ ਖੋਜਕਾਰ ਨਿਸ਼ਚਤ ਦਲੀਲ ਨਹੀਂ ਦੇ ਸਕਿਆ। ਡਾ. ਕਿਰਪਾਲ ਸਿੰਘ (ਚੰਡੀਗੜ੍ਹ)  ਮੁਰਤਜਾ ਫਰੀਦ ਖਾਨ ਦੇ ਪੰਜਾਬ ਦਾ ਗਵਰਨਰ ਬਣਨ ਦੇ ਹਵਾਲੇ ਨਾਲ ਆਪਣਾ ਪੱਖ ਰੱਖਦੇ ਹੋਏ ਲਿਖਦੇ ਹਨ-  ਗੁਰੂ ਸਾਹਿਬ  1613 ਈਸਵੀ ਨੂੰ ਆਗਰੇ ਤੋਂ ਗਵਾਲੀਅਰ ਜਹਾਂਗੀਰ ਦੀ ਕੈਦ ਵਿਚ ਗਏ. ਫਿਰ ਜਦ ਗੁਰੂਘਰ ਦੇ ਵਿਰੋਧੀ ਮੁਰਤਜ਼ਾ ਖਾਨ ਦੀ 1618 ਈਸਵੀ ਦੇ ਅਖੀਰ ‘ਚ ਨੂੰ ਮੌਤ ਹੋ ਜਾਂਦੀ ਹੈ ਤੇ ਰਾਹ ਸਾਫ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਹੀ ਗੁਰੂ ਸਾਹਿਬ ਦੀ ਰਿਹਾਈ ਹੁੰਦੀ ਹੈ। ਕੋਈ 6 ਸਾਲ ਕਿਲ੍ਹੇ ਵਿਚ ਕੈਦ ਰਹਿਣ ਤੋਂ ਬਾਅਦ ਗੁਰੂ ਸਾਹਿਬ ਦੀ ਰਿਹਾਈ  ਦਾ ਸਾਲ 1619 ਈਸਵੀ ਠੀਕ ਜਾਪਦਾ ਜੋ ਪਿਆਰਾ ਸਿੰਘ ਪਦਮ ਦੁਆਰਾ ਸੰਪਾਦਤ ਕੀਤੀ ਪੁਸਤਕ ‘‘ਗੁਰੂ ਕੀਆਂ ਸਾਖੀਆਂ’ ਨਾਲ ਵੀ ਮੇਲ ਖਾਂਦਾ ਹੈ। ਪਦਮ ਅਨੁਸਾਰ ਗੁਰੂ ਸਾਹਿਬ ਜੀ ਦੀ ਰਿਹਾਈ ਹਿੰਦੀ ਰਾਜਿਆਂ ਨਾਲ ਗਵਾਲੀਅਰ ਦੇ ਕਿਲ੍ਹੇ ਤੋਂ ਕੱਤਕ 1676 ਬਿਕਰਮੀ ਭਾਵ 28 ਅਕਤੂਬਰ 1619 ਈਸਵੀ ਨੂੰ ਦੀਵਾਲੀ ਵਾਲੇ ਦਿਨ ਹੋਈ. ਸਿੱਖ ਪੰਥ ਇਸ ਤਾਰੀਖ ਨੂੰ ਮੁੱਖ ਰੱਖਦੇ ਹੋਏ ਦੀਵਾਲੀ ਵਾਲੇ ਦਿਨ ਨੂੰ ਬੰਦੀਛੋੜ ਦਿਵਸ ਵਜੋਂ ਮਨਾਉਂਦਾ ਚਲਾ ਆ ਰਿਹਾ ਹੈ.

ਸਹਾਇਕ ਸ੍ਰੋਤ :
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਭਾਈ ਸੰਤੋਖ ਸਿੰਘ), ਡਾ. ਕਿਰਪਾਲ ਸਿੰਘ ਸੰਪਾਦਤ, ਗੁਰ ਪਰਤਾਪ ਸੁਰਜ ਗ੍ਰੰਥ, ਪੋਥੀ 10ਵੀਂ, ਗੁਰ ਬਿਲਾਸ ਪਾਤਸ਼ਾਹੀ ਛੇਵੀਂ, ਸੰਪਾਦਤ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ, ਮਹਿਮਾ ਪ੍ਰਕਾਸ਼ (ਸਰੂਪ ਦਾਸ ਭੱਲਾ), ਮਹਿਮਾ ਪ੍ਰਕਾਸ਼ ਵਾਰਤਕ, ਗੁਰੂ ਭਾਰੀ (ਪ੍ਰਿੰ: ਸਤਿਬੀਰ ਸਿੰਘ), ਸਹਿਜੇ ਰਚਿਓ ਖਾਲਸਾ (ਹਰਿੰਦਰ ਸਿੰਘ ਮਹਿਬੂਬ),ਬੰਸਾਵਲੀਨਾਮਾ, ਇਤਿਹਾਸ ਵਿਚ ਸਿੱਖ (ਸੰਗਤ ਸਿੰਘ), ਗੁਰੂ ਕੀ ਸਾਖੀਆਂ (ਪਿਆਰਾ ਸਿੰਘ ਪਦਮ)