ਜੇਐਨਯੂ ਵਿਦਿਅਰਥੀ ਲਾਪਤਾ ਮਾਮਲੇ ‘ਚ ਵਿਸ਼ੇਸ਼ ਜਾਂਚ ਟੀਮ ਕਾਇਮ

ਜੇਐਨਯੂ ਵਿਦਿਅਰਥੀ ਲਾਪਤਾ ਮਾਮਲੇ ‘ਚ ਵਿਸ਼ੇਸ਼ ਜਾਂਚ ਟੀਮ ਕਾਇਮ

ਵਿਦਿਆਰਥੀਆਂ ਵੱਲੋਂ ਡੱਕੇ ਉਪ ਕੁਲਪਤੀ ਤੇ ਹੋਰ ਅਧਿਕਾਰੀ 21 ਘੰਟੇ ਮਗਰੋਂ ਬਾਹਰ ਆਏ
ਨਵੀਂ ਦਿੱਲੀ/ਬਿਊਰੋ ਨਿਊਜ਼ :
ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਦੇ ਵਿਦਿਆਰਥੀ ਨਜੀਬ ਅਹਿਮਦ ਦੇ ਸ਼ਨਿਚਰਵਾਰ ਤੋਂ ਲਾਪਤਾ ਹੋਣ ਦੇ ਮਾਮਲੇ ਦੀ ਜਾਂਚ ਲਈ ਦਿੱਲੀ ਪੁਲੀਸ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਦਖ਼ਲ ਮਗਰੋਂ ਵਿਸ਼ੇਸ਼ ਜਾਂਚ ਟੀਮ (ਸਿੱਟ) ਬਣਾ ਦਿੱਤੀ ਹੈ।
ਇਸ ਤੋਂ ਇਲਾਵਾ ਲਾਪਤਾ ਵਿਦਿਆਰਥੀ ਬਾਰੇ ਜਾਣਕਾਰੀ ਦੇਣ ਵਾਲੇ ਨੂੰ 50 ਹਜ਼ਾਰ ਰੁਪਏ ਦਾ ਇਨਾਮ ਦੇਣ ਦਾ ਐਲਾਨ ਵੀ ਪੁਲੀਸ ਨੇ ਕੀਤਾ ਹੈ। ਦੱਖਣੀ ਦਿੱਲੀ ਦੇ ਵਧੀਕ ਡੀਸੀਪੀ ਨੂਪੁਰ ਪ੍ਰਸਾਦ ਨੇ ਕਿਹਾ ਕਿ ਜਾਂਚ ਟੀਮ ਬਣਾਉਣ ਦੇ ਨਾਲ-ਨਾਲ ਦੇਸ਼ ਦੇ ਸਾਰੇ ਐਸਐਸਪੀਜ਼ ਤੇ ਹੋਰ ਅਧਿਕਾਰੀਆਂ ਨੂੰ ਇਸ ਸਬੰਧੀ ਸੂਚਨਾ ਭੇਜੀ ਗਈ ਹੈ ਅਤੇ ਅਖ਼ਬਾਰਾਂ ਵਿੱਚ ਵੀ ਇਸ਼ਤਿਹਾਰ ਦੇ ਦਿੱਤਾ ਗਿਆ ਹੈ। ਗ਼ੌਰਤਲਬ ਹੈ ਕਿ ਜੇਐਨਯੂ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਉਪ ਕੁਲਪਤੀ ਜਗਦੇਸ਼ ਕੁਮਾਰ ਸਮੇਤ 12 ਸੀਨੀਅਰ ਅਧਿਕਾਰੀਆਂ ਦਾ ਪ੍ਰਸ਼ਾਸਕੀ ਬਲਾਕ ਦੀ ਇਮਾਰਤ ਵਿੱਚ ਘਿਰਾਓ ਕਰ ਲਿਆ ਸੀ। ਉਨ੍ਹਾਂ ਦਾ ਦੋਸ਼ ਸੀ ਕਿ ਜੇਐਨਯੂ ਪ੍ਰਸ਼ਾਸਨ ਵੱਲੋਂ ਵਿਦਿਆਰਥੀ ਦੀ ਗੁੰਮਸ਼ੁਦਗੀ ਦੇ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ ਹੈ। ਮਾਮਲਾ ਭਖ਼ਦਾ ਦੇਖ ਕੇ ਗ੍ਰਹਿ ਮੰਤਰੀ ਨੇ ਦਿੱਲੀ ਪੁਲੀਸ ਦੇ ਕਮਿਸ਼ਨਰ ਨੂੰ ਫੋਨ ਕਰਕੇ ਮਾਮਲੇ ਦੀ ਜਾਣਕਾਰੀ ਹਾਸਲ ਕੀਤੀ, ਜਿਸ ਮਗਰੋਂ ਦਿੱਲੀ ਪੁਲੀਸ ਹਰਕਤ ਵਿੱਚ ਆਈ।
ਵਿਦਿਆਰਥੀਆਂ ਵੱਲੋਂ ਪ੍ਰਸ਼ਾਸਕੀ ਬਲਾਕ ਵਿਚ ਡੱਕੇ ਉਪ ਕੁਲਪਤੀ ਤੇ ਹੋਰ ਅਧਿਕਾਰੀ 21 ਘੰਟੇ ਮਗਰੋਂ ਬਾਹਰ ਆ ਸਕੇ। ਉਪ ਕੁਲਪਤੀ ਨੇ ਵਿਦਿਆਰਥੀਆਂ ਦੀ ਇਸ ਕਾਰਵਾਈ ਦੀ ਨਿੰਦਾ ਕੀਤੀ ਤੇ ਕਿਹਾ ਕਿ ਯੂਨੀਵਰਸਿਟੀ ਵੱਲੋਂ ਬਾਇਓਟੈਕਨੋਲੋਜੀ ਦੇ ਵਿਦਿਆਰਥੀ ਨਜੀਬ ਨੂੰ ਲੱਭਣ ਦੀ ਕਾਫੀ ਕੋਸ਼ਿਸ਼ ਕੀਤੀ ਗਈ ਤੇ ਇਸ ਸਬੰਧੀ ਪੁਲੀਸ ਨੂੰ ਚਿੱਠੀ ਵੀ ਲਿਖੀ ਸੀ। ਦੱਸਿਆ ਜਾ ਰਿਹਾ ਹੈ ਕਿ ਜੇਐਨਯੂ ਦੀ ਅਧਿਆਪਕ ਐਸੋਸੀਏਸ਼ਨ ਵੱਲੋਂ ਅਧਿਕਾਰੀਆਂ ਤੇ ਵਿਦਿਆਰਥੀਆਂ ‘ਚ ਵਿਚੋਲਗੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗ਼ੌਰਤਲਬ ਹੈ ਕਿ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰਮੋਦ ਕੁਮਾਰ ਨੂੰ ਆਪਣੀ ਪਤਨੀ ਦਾ ਕਰਵਾ ਚੌਥ ਦਾ ਵਰਤ ਖੁੱਲ੍ਹਵਾਉਣ ਲਈ ਵੀ ਘਰ ਨਹੀਂ ਜਾਣ ਦਿੱਤਾ ਗਿਆ। ਜਾਣਕਾਰੀ ਮੁਤਾਬਕ ਮੁਲਾਜ਼ਮ ਯੂਨੀਅਨ ਦੇ ਦਬਾਅ ਕਾਰਨ ਕੁਝ ਕੁ ਅਧਿਕਾਰੀਆਂ ਨੂੰ ਤਾਂ ਛੱਡ ਦਿੱਤਾ ਗਿਆ ਪਰ ਸੀਨੀਅਰ ਅਧਿਕਾਰੀ ਬੰਦ ਹੀ ਰੱਖੇ ਗਏ।
ਦੱਸਣਯੋਗ ਹੈ ਕਿ ਨਜੀਬ ਸ਼ਨਿਚਰਵਾਰ ਤੋਂ ਲਾਪਤਾ ਹੈ ਤੇ ਇੱਕ ਦਿਨ ਪਹਿਲਾਂ ਉਸ ਦਾ ਆਰਐਸਐਸ ਦੇ ਵਿਦਿਆਰਥੀ ਵਿੰਗ ਏਬੀਵੀਪੀ ਦੇ ਕਾਰਕੁਨਾਂ ਨਾਲ ਝਗੜਾ ਹੋਇਆ ਸੀ। ਪੁਲੀਸ ਨੇ ਇਕ ਵੀਡੀਓ ਫੁਟੇਜ ਹਾਸਲ ਕੀਤੀ ਹੈ, ਜਿਸ ਤੋਂ ਝਗੜਾ ਕਰਨ ਵਾਲਿਆਂ ਦੀ ਪਛਾਣ ਕੀਤੀ ਜਾਵੇਗੀ। ਇਸੇ ਦੌਰਾਨ ਜੇਐਨਯੂ ਨੇ ਉਨ੍ਹਾਂ ਕਰੀਬ 12 ਵਿਦਿਆਰਥੀਆਂ ਨੂੰ ਸੱਦਿਆ ਹੈ ਜਿਨ੍ਹਾਂ ਨਾਲ ਨਜੀਬ ਦਾ ਝਗੜਾ ਹੋਇਆ ਸੀ।