ਟੀਮ ਇੰਡੀਆ ਨੇ ਆਸਟਰੇਲੀਆ ਨੂੰ 4-1 ਨਾਲ ਹਰਾ ਕੇ ਲੜੀ ‘ਤੇ ਕੀਤਾ ਕਬਜ਼ਾ

ਟੀਮ ਇੰਡੀਆ ਨੇ ਆਸਟਰੇਲੀਆ ਨੂੰ 4-1 ਨਾਲ ਹਰਾ ਕੇ ਲੜੀ ‘ਤੇ ਕੀਤਾ ਕਬਜ਼ਾ

ਨਾਗਪੁਰ/ਬਿਊਰੋ ਨਿਊਜ਼ :
ਭਾਰਤ ਤੇ ਆਸਟ੍ਰੇਲੀਆ ਵਿਚਾਲੇ ਪੰਜ ਇਕ ਦਿਨਾ ਅੰਤਰਰਾਸ਼ਟਰੀ ਮੈਚਾਂ ਦੀ ਲੜੀ ਦਾ ਪੰਜਵਾਂ ਤੇ ਆਖ਼ਰੀ ਮੈਚ ਨਾਗਪੁਰ ਦੇ ਸਟੇਡੀਅਮ ਵਿਚ ਖੇਡਿਆ ਗਿਆ। ਇਸ ਆਖ਼ਰੀ ਮੈਚ ਵਿਚ ਭਾਰਤ ਨੇ ਆਸਟ੍ਰੇਲੀਆ ਨੂੰ 7 ਵਿਕਟਾਂ ਨਾਲ ਹਰਾ ਕੇ ਲੜੀ ‘ਤੇ 4-1 ਨਾਲ ਕਬਜ਼ਾ ਕਰ ਲਿਆ।
ਭਾਰਤ ਵਲੋਂ ਰੋਹਿਤ ਸ਼ਰਮਾ ਨੇ 109 ਗੇਂਦਾਂ ਵਿਚ 125 ਦੌੜਾਂ ਬਣਾਈਆਂ ਜਿਸ ‘ਤੇ ਉਸ ਨੂੰ ‘ਮੈਨ ਆਫ਼ ਦਾ ਮੈਚ’ ਐਲਾਨਿਆ ਗਿਆ। ਇਸ ਤੋਂ ਪਹਿਲਾਂ ਲੜੀ ਗਵਾ ਚੁੱਕੀ ਆਸਟ੍ਰੇਲੀਆ ਦੀ ਟੀਮ ਪਿਛਲੇ ਮੈਚ ਵਿਚ ਲੈਅ ਵਿਚ ਤਾਂ ਆ ਗਈ ਸੀ ਪਰ ਇਸ ਆਖ਼ਰੀ ਮੈਚ ਵਿਚ ਆਸਟ੍ਰੇਲੀਆ ਦੀ ਬੱਲੇਬਾਜ਼ੀ ਠੀਕ ਹੀ ਰਹੀ। ਆਸਟ੍ਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਇਸ ਮੈਚ ਵਿਚ ਵੀ ਚੰਗੀ ਬੱਲੇਬਾਜ਼ੀ ਕਰਦਿਆਂ 62 ਗੇਂਦਾਂ ਵਿਚ 53 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਖੇਡੀ ਜਿਸ ਵਿਚ ਉਸ ਦੇ 5 ਚੌਕੇ ਸ਼ਾਮਲ ਹਨ। ਡੇਵਿਡ ਨੇ ਹੀ ਆਸਟ੍ਰੇਲੀਆ ਵਲੋਂ ਸਭ ਤੋਂ ਵੱਧ ਦੌੜਾਂ ਬਣਾਈਆਂ। ਡੇਵਿਡ ਦਾ ਸਾਥ ਦਿੰਦਿਆਂ ਐਰਨ ਫਿੰਚ ਨੇ 36 ਗੇਂਦਾਂ ਦਾ ਸਾਹਮਣਾ ਕਰਦੇ ਹੋਏ 32 ਦੌੜਾਂ ਦਾ ਯੋਗਦਾਨ ਪਾਇਆ ਜਿਸ ਵਿਚ ਉਸ ਦੇ 6 ਚੌਕੇ ਸ਼ਾਮਲ ਹਨ। ਆਸਟ੍ਰੇਲੀਆ ਦੀ ਪਹਿਲੀ ਵਿਕਟ ਫਿੰਚ ਦੇ ਰੂਪ ਵਿਚ ਕੁੱਲ 66 ਦੌੜਾਂ ‘ਤੇ ਡਿਗੀ, ਉਹ ਜਸਪ੍ਰੀਤ ਬੁਮਰਾਹ ਦੀ ਗੇਂਦ ‘ਤੇ ਹਾਰਦਿਕ ਪਾਂਡਿਆ ਨੂੰ ਕੈਚ ਦੇ ਬੈਠਾ। 100 ਦੌੜਾਂ ‘ਤੇ ਆਸਟ੍ਰੇਲੀਆਈ ਕਪਤਾਨ ਸਟੀਵ ਸਮਿਥ (16) ਨੂੰ ਕੇਦਾਰ ਯਾਦਵ ਨੇ ਐੱਲ. ਬੀ. ਡਬਲਿਊ. ਆਊਟ ਕਰ ਦਿੱਤਾ। ਆਸਟ੍ਰੇਲੀਆ ਦੀ ਤੀਜੀ ਵਿਕਟ ਡੇਵਿਡ ਦੇ ਰੂਪ ਵਿਚ 112 ਦੌੜਾਂ ‘ਤੇ ਡਿਗੀ ਜੋ ਅਕਸ਼ਰ ਪਟੇਲ ਦੀ ਗੇਂਦ ‘ਤੇ ਮਨੀਸ਼ ਪਾਂਡੇ ਹੱਥੋਂ ਕੈਚ ਆਊਟ ਹੋ ਗਿਆ। ਜਦਕਿ ਚੌਥੀ ਵਿਕਟ ‘ਤੇ ਖੇਡ ਰਿਹਾ ਪੀਟਰ ਹੈਂਡਸਕੌਂਬ (13) ਵੀ ਸਸਤੇ ਹੀ ਵਿਚ ਆਊਟ ਹੋ ਗਿਆ। ਇਸ ਤੋਂ ਬਾਅਦ ਟ੍ਰੈਵਿਸ ਹੈੱਡ (42) ਤੇ ਮਰਕਸ ਸਟੋਏਨਿਸ (46) ਨੇ ਵਿਕਟ ਨੂੰ ਸੰਭਾਲਿਆ। ਕੁੱਲ 205 ਦੌੜਾਂ ‘ਤੇ ਪੰਜਵੀ ਵਿਕਟ ਹੈੱਡ ਦੀ ਵੀ ਡਿਗ ਗਈ ਤੇ ਉਸ ਦੇ ਪੈਵੇਲੀਅਨ ਪਰਤਦੇ ਹੀ ਮਰਕਸ ਵੀ 210 ਦੌੜਾਂ ‘ਤੇ ਆਊਟ ਹੋ ਗਿਆ। ਇਸ ਤੋਂ ਇਲਾਵਾ ਮੈਥਿਊ ਵੇਡ ਨੇ 20, ਜੇਮਜ਼ ਫਾਲਕਨਰ ਨੇ 12, ਪੈਟ ਕਿਊਮਿੰਸ ਨਾਬਾਦ (2) ਰਿਹਾ ਜਦਕਿ ਨਾਥਨ ਕੋਈ ਦੌੜ ਨਹੀਂ ਬਣਾ ਸਕਿਆ। ਇਸ ਤਰ੍ਹਾਂ ਆਸਟ੍ਰੇਲੀਆ ਨੇ ਨਿਰਧਾਰਤ 50 ਓਵਰਾਂ ਵਿਚ 9 ਵਿਕਟਾਂ ਗਵਾ ਕੇ 242 ਦੌੜਾਂ ਬਣਾਈਆਂ। ਭਾਰਤ ਵਲੋਂ ਸਭ ਤੋਂ ਵੱਧ ਵਿਕਟਾਂ ਅਕਸ਼ਰ ਪਟੇਲ (3) ਨੇ ਹਾਸਲ ਕੀਤੀਆਂ ਜਦਕਿ ਬੁਮਰਾਹ ਨੇ 2 ਅਤੇ ਭੁਵਨੇਸ਼ਵਰ, ਹਾਰਦਿਕ ਤੇ ਕੇਦਾਰ ਜਾਧਵ ਨੇ 1-1 ਵਿਕਟ ਪ੍ਰਾਪਤ ਕੀਤੀ। ਕੁਲਦੀਪ ਯਾਦਵ ਅੱਜ ਕੋਈ ਵਿਕਟ ਹਾਸਲ ਨਹੀਂ ਕਰ ਸਕਿਆ ਹਾਲਾਂਕਿ ਉਸ ਨੇ ਦੌੜਾਂ (10 ਓਵਰਾਂ ਵਿਚ 48) ਦੀ ਜ਼ਰੂਰ ਬੱਚਤ ਕੀਤੀ। ਆਸਟ੍ਰੇਲੀਆ ਵਲੋਂ ਦਿੱਤੇ ਗਏ 243 ਦੌੜਾਂ ਦਾ ਟੀਚਾ ਹਾਸਲ ਕਰਨ ਉੱਤਰੀ ਟੀਮ ਇੰਡੀਆ ਦੀ ਸ਼ੁਰੂਆਤ ਸ਼ਾਨਦਾਰ ਰਹੀ ਤੇ ਪਹਿਲੀ ਵਿਕਟ ਅਜੰਕਿਯਾ ਰਹਾਣੇ (61) ਦੇ ਰੂਪ ਵਿਚ ਕੁੱਲ 124 ਦੌੜਾਂ ‘ਤੇ ਡਿਗੀ। ਰੋਹਿਤ ਸ਼ਰਮਾ ਨੇ ਇਸ ਮੈਚ ਵਿਚ ਸੈਂਕੜਾ ਜੜਿਆ ਤੇ ਉਸ ਨੇ 109 ਗੇਂਦਾਂ ਦਾ ਸਾਹਮਣਾ ਕਰਦਿਆਂ 125 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਤੀਜੇ ਨੰਬਰ ‘ਤੇ ਉੱਤਰੇ ਕਪਤਾਨ ਵਿਰਾਟ ਕੋਹਲੀ ਰੋਹਿਤ ਦਾ ਸਾਥ ਦਿੰਦਿਆਂ 55 ਗੇਂਦਾਂ ‘ਚ 39 ਦੌੜਾਂ ਬਣਾ ਕੇ ਆਊਟ ਹੋ ਗਿਆ। ਜਦਕਿ ਕੇਦਾਰ ਜਾਧਵ (5) ਤੇ ਮਨੀਸ਼ ਪਾਂਡੇ (11) ਨਾਬਾਦ ਰਹੇ। ਇਸ ਤਰ੍ਹਾਂ ਭਾਰਤ ਨੇ 42.5 ਓਵਰਾਂ ਵਿਚ 243 ਦੌੜਾਂ ਬਣਾ ਕੇ 4-1 ਨਾਲ ਇਸ ਲੜੀ ਨੂੰ ਜਿੱਤ ਲਿਆ। ਹਾਰਦਿਕ ਪਾਂਡਿਆ ਨੂੰ ਇਸ ਲੜੀ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਨ ‘ਤੇ ‘ਮੈਨ ਆਫ਼ ਦ ਸੀਰੀਜ਼’ ਐਲਾਨਿਆ ਗਿਆ। ਇਸ ਤਰ੍ਹਾਂ ਹੁਣ ਟੀਮ ਇੰਡੀਆ ਦਰਜਾਬੰਦੀ ਵਿਚ ਫਿਰ ਨੰਬਰ ਇਕ ਬਣ ਗਈ ਹੈ। ਆਸਟ੍ਰੇਲੀਆ ਵਲੋਂ ਐਡਮ ਜੰਪਾ ਨੇ 2 ਤੇ ਨਾਥਨ ਕਾਲਟਰ ਨਾਈਲ ਨੇ 1 ਵਿਕਟ ਹਾਸਲ ਕੀਤੀ।