ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਦੇ ਸ਼ਹੀਦੀ ਦਿਨ ‘ਤੇ ਵਿਸ਼ੇਸ਼

ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਦੇ ਸ਼ਹੀਦੀ ਦਿਨ ‘ਤੇ ਵਿਸ਼ੇਸ਼

‘ਜਦੋਂ ਦੁਸਮਣ ਨੇ ਵੀ ਸਿੰਘਾਂ ਦੀ ਬਹਾਦਰੀ ਤੇ ਸਿਦਕ ਦਾ ਲੋਹਾ ਮੰਨਿਆ’

ਡਾ.ਅਮਰਜੀਤ ਸਿੰਘ ਵਾਸ਼ਿੰਗਟਨ
ਹਜ਼ਾਰਾਂ ਸਾਲਾਂ ਦੇ ਮਨੁੱਖੀ ਇਤਿਹਾਸ ਵਿਚ ਆਪਣੀ 545 ਸਾਲ ਦੀ ਬਾਲੜੀ ਉਮਰ ਵਾਲੀ ਸਿੱਖ ਕੌਮ ਨੂੰ ਇਹ ਮਾਣ ਹਾਸਲ ਹੈ ਕਿ ਉਸ ਦੇ ਗਗਨ ‘ਤੇ ਹਜ਼ਾਰਾਂ ਨਹੀਂ, ਲੱਖਾਂ ਖ਼ਾਲਸਾ ਜੀ ਦੇ ਇਹੋ ਜਿਹੇ ਚਮਕਦੇ ਸਿਤਾਰੇ ਹਨ, ਜੋ ਬੇਇਨਸਾਫ਼ੀ ਅਤੇ ਜ਼ੁਲਮ ਦੀ ਕਾਲੀ ਬੋਲੀ ਰਾਤ ਵਿਚ ਹੱਕ-ਸੱਚ-ਇਨਸਾਫ਼ ਦੇ ਹਰ ਪਾਂਧੀ ਨੂੰ ਰੌਸ਼ਨੀ ਭਰਪੂਰ, ਜਾਗਦੀਆਂ ਜ਼ਮੀਰਾਂ ਵਾਲਿਆਂ ਦੀ ਡਗਰ ‘ਤੇ ਤੁਰਨ ਵਿਚ ਅਗਵਾਈ ਤੇ ਹੌਸਲਾ ਬਖ਼ਸ਼ਦੇ ਹਨ। ਗੁਰੂ ਕਲਗ਼ੀਧਰ ਦੇ ਵਰੋਸਾਏ ਖ਼ਾਲਸਾ ਪੰਥ ਦੇ ਦੋ ਲਾਡਲੇ ਸਪੁੱਤਰਾਂ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਨੇ ਆਪਣੀ ਅਦੁੱਤੀ ਬਹਾਦਰੀ ਤੇ ਲਾਸਾਨੀ ਸ਼ਹਾਦਤ ਨਾਲ ਖ਼ਾਲਸਾਈ ਗਗਨ ਨੂੰ ਤਾਂ ਲਟ-ਲਟ ਰੌਸ਼ਨ ਕੀਤਾ ਹੀ ਹੈ ਪਰ ਨਾਲ ਹੀ ਉਹ ਅਜੋਕੇ ਖ਼ਾਲਿਸਤਾਨੀ ਸੰਗਰਾਮ ਦੇ ਮੁੱਖ ਕੇਂਦਰ ਬਿੰਦੂ ਵੀ ਹੋ ਨਿੱਬੜੇ ਹਨ। ਲੱਖਾਂ ਫ਼ੌਜਾਂ ਦੀ ਕਮਾਂਡ ਕਰਨ ਵਾਲਾ ਅਕਾਲ ਤਖ਼ਤ ਸਾਹਿਬ ‘ਤੇ ਹਮਲਾਵਰ ਜਨਰਲ ਵੈਦਿਆ ਤਾਂ ਇਤਿਹਾਸ ਦੇ ਘੱਟੇ ਵਿਚ ਗੁਆਚ ਗਿਆ ਹੈ ਪਰ ਭਾਈ ਜਿੰਦਾ ਤੇ ਭਾਈ ਸੁੱਖਾ ਖ਼ਾਲਿਸਤਾਨੀ ਫ਼ੌਜਾਂ ਦੇ ਸਦੀਵੀ ਜਰਨੈਲ ਸਥਾਪਤ ਹੋ ਗਏ ਹਨ, ਜਿਨ੍ਹਾਂ ਦੀ ਬਹਾਦਰੀ ਤੇ ਨਿਰਭੈਤਾ ਦਾ ਲੋਹਾ ਦੁਸ਼ਮਣ ਨੇ ਵੀ ਮੰਨਿਆ ਹੈ।
ਜੰਗ ਦੇ ਮੈਦਾਨ ਵਿਚ ਬੱਬਰ ਸ਼ੇਰ ਦੀ ਗਰਜ ਰੱਖਣ ਵਾਲੇ ਇਨ੍ਹਾਂ ਸੂਰਮਿਆਂ ਨੇ ਫਾਂਸੀ ਦੇ ਰੱਸੇ ਨੂੰ ਗਲ ‘ਚ ਪਾਉਣ ਤੱਕ ਦਾ ਸਫ਼ਰ ਸੰਤਤਾਈ ਦੀ ਉੱਚ ਆਤਮਿਕ ਅਵਸਥਾ ਵਿਚ ਵਿਚਰਦਿਆਂ ਤਹਿ ਕੀਤਾ। ਇਹਨਾਂ ਦੋ ਜਾਗਦੀਆਂ ਰੂਹਾਂ ਵਾਲਿਆਂ ਨੂੰ ਮੌਤ ਲਾੜੀ ਵਿਆਹੁਣ ਦੇ ਖ਼ਿਆਲ ਨੇ ਅਨੰਦਮਈ ਅਵਸਥਾ ਵਿਚ ਪਹੁੰਚਾ ਦਿੱਤਾ। ਦਗ ਦਗ ਭਖਦੇ ਚਿਹਰਿਆਂ ਦੇ ਤੇਜੱਸਵੀ ਜਲਾਲ ਸਾਹਮਣੇ ਮੌਤ ਨੂੰ ਵੀ ਦੰਦਲ ਪੈ ਗਈ ਹੋਵੇਗੀ। ਪਰ ਨਿਰਮਾਣਤਾ ਦੇ ਪੁੰਜ ਵੀਰਿਆਂ ਨੇ ਜਲਾਦ ਨੂੰ ਵੀ ਗਲ ਨਾਲ ਲਾ ਕੇ ਵਧਾਈ ਦਿੱਤੀ ਕਿਉਂਕਿ ਮੌਤ ਨਾਲ ਅਨੰਦ ਪੜ੍ਹਾਉਣ ਦੀ ਰਸਮ ਤਾਂ ਉਹ ਹੀ ਅਦਾ ਕਰ ਰਿਹਾ ਸੀ। ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਗਜਾਉਂਦਿਆਂ ਫਾਂਸੀ ਦੇ ਰੱਸਿਆਂ ‘ਤੇ ਝੂਟਾ ਲੈ ਰਹੇ ਭਾਈ ਸੁੱਖਾ-ਜਿੰਦਾ ਨੂੰ ਮਾਨੋ ਦਸਮੇਸ਼ ਪਿਤਾ ਆਪ ਲੋਰੀਆਂ ਦੇ ਰਹੇ ਸਨ।
ਜਦੋਂ ਅਸੀਂ 18ਵੀਂ ਸਦੀ ਦੇ ਸਿੰਘਾਂ ਦੀ ਬਹਾਦਰੀ ਤੇ ਆਚਰਨ ਦਾ ਹਵਾਲਾ ਦਿੰਦੇ ਹਾਂ ਤਾਂ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਆਏ ਜਰਨੈਲ-ਇਤਿਹਾਸਕਾਰ ਕਾਜ਼ੀ ਨੂਰ ਮੁਹੰਮਦ ਦਾ ਜ਼ਿਕਰ ਕੀਤਾ ਜਾਂਦਾ ਹੈ। ਕਾਜ਼ੀ ਨੂਰ ਮੁਹੰਮਦ ਦਾ ਕਹਿਣਾ ਹੈ – ”ਇਨ੍ਹਾਂ ਸਿੱਖਾਂ ਨੂੰ ਕੁੱਤੇ ਨਾ ਆਖੋ (ਕਿਉਂਕਿ ਉਹ ਪਹਿਲਾਂ ਆਪ ਹੀ ਸਿੱਖਾਂ ਲਈ ਕੁੱਤਾ, ਫ਼ਾਰਸੀ ਵਿਚ ਸੱਗ ਸ਼ਬਦ ਵਰਤ ਚੁੱਕਾ ਸੀ) ਇਹ ਤਾਂ ਅਸਲੀ ਸ਼ੇਰ ਹਨ। ਜਿਹੜਾ ਜੰਗ ਦੇ ਮੈਦਾਨ ਵਿਚ ਸ਼ੇਰ ਦੀ ਭਬਕਾਰ ਨਾਲ ਜੂਝਦਾ ਹੈ, ਉਹ ਨੂੰ ਕੁੱਤਾ ਕਿਵੇਂ ਆਖਿਆ ਜਾ ਸਕਦਾ ਹੈ? ਉਹ ਤਲਵਾਰ ਦੇ ਯੋਧਿਓ, ਜੇ ਤੁਸੀਂ ਜੰਗ ਦੇ ਦਾਓ ਪੇਚ ਸਿੱਖਣੇ ਹਨ, ਤਲਵਾਰ ਵਾਹੁਣੀ ਸਿੱਖਣੀ ਹੈ ਤਾਂ ਇਨ੍ਹਾਂ ਤੋਂ ਸਿੱਖੋ। ਇਹ ਨਾਇਕਾਂ ਵਾਂਗ ਦੁਸ਼ਮਣ ਦਾ ਟਾਕਰਾ ਕਰਦੇ ਹਨ ਅਤੇ ਫੇਰ ਬੜੀ ਸਫ਼ਾਈ ਨਾਲ ਸੁਰੱਖਿਅਤ ਨਿਕਲ ਵੀ ਜਾਂਦੇ ਹਨ।” ਦੁਸ਼ਮਣ ਵੱਲੋਂ ਕੀਤੀ ਗਈ ਸਿਫ਼ਤ ਹੀ ਅਸਲ ਆਚਰਨ ਦੀ, ਭਰੋਸੇਯੋਗ ਜ਼ਾਮਨੀ ਹੁੰਦੀ ਹੈ।
20ਵੀਂ ਸਦੀ ਦੇ ਅੰਤ ਵਿਚ ਖ਼ਾਲਸਤਾਨੀ ਸੰਘਰਸ਼ ਲਈ ਸ਼ਹੀਦ ਡੇਢ ਲੱਖ ਤੋਂ ਜ਼ਿਆਦਾ ਸਿੰਘਾਂ-ਸਿੰਘਣੀਆਂ ਦੀ ਸੂਰਬੀਰਤਾ, ਸਿਦਕ ਅਤੇ ਮੌਤ ਦੇ ਬੇਖ਼ੌਫ ਹੋਣ ਦੇ ਕਰੈਕਟਰ ਦਾ ਰੋਲ-ਮਾਡਲ ਭਾਈ ਜਿੰਦਾ ਤੇ ਭਾਈ ਸੁੱਖਾ ਕਹੇ ਜਾ ਸਕਦੇ ਹਨ।
ਵੇਦ ਮਰਵਾਹਾ, ਦਿੱਲੀ ਪੁਲੀਸ ਦਾ ਮੁਖੀ (ਕਮਿਸ਼ਨਰ) ਹੁਣ ਨੌਕਰੀ ਤੋਂ ਰਿਟਾਇਰ ਹੋ ਚੁੱਕਾ ਹੈ। ਇਸ ਦੀ ਕਮਾਂਡ ਥੱਲੇ, ਦਿੱਲੀ ਪੁਲੀਸ ਨੇ ਦੋ ਵਾਰ ਭਾਈ ਹਰਜਿੰਦਰ ਸਿੰਘ ਜਿੰਦਾ ਨੂੰ ਗ੍ਰਿਫ਼ਤਾਰ ਕੀਤਾ ਸੀ (1985 ਤੇ ਫਿਰ 1987 ਵਿਚ) ਵੇਦ ਮਰਵਾਹਾ ਨੇ, ਰਿਟਾਇਰਮੈਂਟ ਤੋਂ ਬਾਅਦ ਇੱਕ ਕਿਤਾਬ’ ਲਿਖੀ ਜਿਸ ਦਾ ਸਿਰਲੇਖ ਹੈ – ‘ਅਨਸਿਵਲ ਵਾਰਜ਼ – ਪਥੋਲੌਜੀ ਆਫ਼ ਟੈਰਰਿਜ਼ਮ ਇਨ ਇੰਡੀਆ’। ਇਸ ਕਿਤਾਬ ਦੇ ਸਫ਼ਾ 16 ‘ਤੇ ਉਸ ਨੇ ਇੱਕ ਸਿਰਲੇਖ ਦਿੱਤਾ ਹੈ- ‘ਜਿੰਦਾ ਕੋਈ ਸਧਾਰਣ ਮਨੁੱਖ ਨਹੀਂ ਸੀ’। ਇਸ ਦੀ ਲਿਖਤ ਵਿਚਲਾ ਵੇਰਵਾ, ਕਾਜ਼ੀ ਨੂਰ ਮੁਹੰਮਦ ਦੀ 18ਵੀਂ ਸਦੀ ਦੇ ਸਿੰਘਾਂ ਬਾਰੇ ‘ਗਵਾਹੀ’ ਵਾਂਗ ਹੀ ਹੈ। ਭਾਰਤੀ ਰਾਸ਼ਟਰ ਭਗਤੀ ਤੇ ਫ਼ਿਰਕੂਪੁਣੇ ਨਾਲ ਭਰਿਆ, ਪੰਜਾਬੀ ਹਿੰਦੂ ਮੂਲ ਦਾ ਮਰਵਾਹਾ ਲਿਖਦਾ ਹੈ – ”ਹਰਜਿੰਦਰ ਸਿੰਘ ਜਿੰਦਾ, ਜਿਸ ਨੂੰ ਜਨਰਲ ਵੈਦਿਆ ਦੇ ਕਤਲ ਕੇਸ ਵਿਚ ਸਜ਼ਾ ਹੋਈ ਅਤੇ ਬਾਅਦ ਵਿਚ ਫਾਂਸੀ ‘ਤੇ ਲਟਕਾਇਆ ਗਿਆ ਕੋਈ ਸਧਾਰਨ ਮਨੁੱਖ ਨਹੀਂ ਸੀ। …..ਇਹ ਸਿਰਫ਼ ਇੱਕ ਬੇਤਰਸ ਹਤਿਆਰਾ ਨਹੀਂ ਸੀ। ਉਸ ਦੀ ਸ਼ਖ਼ਸੀਅਤ ਦਾ ਇੱਕ ਬੜਾ ਅਨੋਖਾ ਪੱਖ ਵੀ ਸੀ। ਉਹ ਜਦੋਂ ਸਖ਼ਤ ਜ਼ਖਮੀ ਸੀ ਅਤੇ ਜੀਵਨ-ਮੌਤ ਦੀ ਲੜਾਈ ਲੜ ਰਿਹਾ ਸੀ, ਉਦੋਂ ਵੀ ਉਹ ਬੜਾ ਮਖੌਲੀਆ ਅਤੇ ਦਿਲ ਨੂੰ ਲੁਭਾਉਣ ਵਾਲਾ ਅੰਦਾਜ਼ ਰੱਖਦਾ ਸੀ। ਜਦੋਂ ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਮੈਂ ਉਸ ਨੂੰ ਪਹਿਲੀ ਵਾਰ ਮਿਲਿਆ ਤਾਂ ਮੈਂ ਮਹਿਸੂਸ ਕੀਤਾ ਕਿ ਉਹ ਕੋਈ ਮਨੋਰੋਗੀ ਨਹੀਂ ਸੀ ਬਲਕਿ ਉਸ ਦੀ ਮਾਨਸਿਕਤਾ ਵਿਚ ਐਸੇ ਅਸਾਧਾਰਣ ਤੱਤ ਸਨ, ਜਿਹੜੇ ਉਸ ਨੂੰ ਇੱਕ ਵੱਖਰੀ ਦਿੱਖ ਵਾਲਾ ਇਨਸਾਨ ਸਥਾਪਤ ਕਰਦੇ ਸਨ।”
ਵੇਦ ਮਰਵਾਹਾ ਅੱਗੋਂ ਛੋਟਾ ਸਿਰਲੇਖ ਦਿੰਦੇ ਹਨ – ‘ਪਹਿਲੀ ਗ੍ਰਿਫ਼ਤਾਰੀ’ ਲਿਖਤ ਅਨੁਸਾਰ –”ਜਿੰਦਾ ਪਹਿਲੀ ਵਾਰ ਅਚਾਨਕ ਹੀ 1985 ਵਿਚ ਪੁਲੀਸ ਦੇ ਹੱਥ ਲੱਗ ਗਿਆ। ਉਦੋਂ ਦਿੱਲੀ ਵਿਚ ਲਗਾਤਾਰ ਬੈਂਕ ਲੁੱਟੇ ਜਾ ਰਹੇ ਸਨ ਪਰ ਪੁਲੀਸ ਨੂੰ ਕੋਈ ਸੂਹ ਨਹੀਂ ਸੀ ਮਿਲ ਰਹੀ। ਮੈਨੂੰ ਰੋਜ਼ਾਨਾ ਭਾਰਤ ਦੇ ਗ੍ਰਹਿ ਮੰਤਰੀ ਤੋਂ ਝਾੜਾਂ ਪੈ ਰਹੀਆਂ ਸਨ ਅਤੇ ਮੀਡੀਏ ਵਿਚ ਵੀ ਦਿੱਲੀ ਪੁਲੀਸ ਦੀ ਦੁਰਗਤ ਬਣ ਰਹੀ ਸੀ। ਉਦੋਂ ਤੱਕ ਸਾਨੂੰ ਚਿੱਤ ਚੇਤੇ ਵੀ ਨਹੀਂ ਸੀ ਕਿ ਇਨ੍ਹਾਂ ਬੈਂਕ ਡਕੈਤੀਆਂ ਨਾਲ ਪੰਜਾਬ ਦੇ ਦਹਿਸ਼ਤਗਰਦਾਂ ਦਾ ਵੀ ਕੋਈ ਸਬੰਧ ਹੋ ਸਕਦਾ ਹੈ। ਜਿੰਦੇ ਦੀ ਗ੍ਰਿਫ਼ਤਾਰੀ, ਇੱਕ ਛੋਟੇ ਦਰਜੇ ਦੀ ਜਾਣਕਾਰੀ ਦੇ ਆਧਾਰ ‘ਤੇ ਹੋਈ, ਜਿਸ ਦਾ ਸਬੰਧ ਕਿਸੇ ਕਾਰ ਦੀ ਚੋਰੀ ਨਾਲ ਸੀ। ਕ੍ਰਾਈਮ ਬਰਾਂਚ ਦੇ ਐਡੀਸ਼ਨਲ ਕਮਿਸ਼ਨਰ ਆਰ. ਕੇ. ਸ਼ਰਮਾ ਨੇ ਮੈਨੂੰ ਇੱਕ ਐਤਵਾਰ ਦੀ ਸਵੇਰ, ਫ਼ੋਨ ਕਰ ਕੇ ਜਿੰਦੇ ਦੀ ਗ੍ਰਿਫ਼ਤਾਰੀ ਦੀ ‘ਵੱਡੀ ਪ੍ਰਾਪਤੀ’ ਸਬੰਧੀ ਦੱਸਿਆ। ਉਦੋਂ ਪਹਿਲੀ ਵਾਰ ਦਿੱਲੀ ਪੁਲੀਸ ਨੂੰ ਪਤਾ ਲੱਗਾ ਕਿ ਉਨ੍ਹਾਂ ਨੇ ਅਚਾਨਕ ਇੱਕ ਮਾਰਕਾਖੇਜ਼ ਕੰਮ ਕੀਤਾ ਹੈ।”
ਮਰਵਾਹੇ ਦੀ ਲਿਖਤ ਦਾ ਅਗਲਾ ਸਿਰਲੇਖ ਹੈ -‘ਪੁੱਛ ਗਿੱਛ (ਇੰਟੈਰੋਗੇਸ਼ਨ)’ ਮਰਵਾਹੇ ਅਨੁਸਾਰ –”ਮੈਂ ਆਪਣੇ ਘਰੋਂ ਫ਼ੌਰਨ ਕ੍ਰਾਈਮ ਬਰਾਂਚ ਇੰਟੈਰੋਗੇਸ਼ਨ ਸੈਂਟਰ ਪਹੁੰਚਿਆ ਅਤੇ ਇਸ ਸਧਾਰਨ ਜਿਹੀ ਦਿੱਖ ਵਾਲੇ ਵਿਅਕਤੀ ਦੀ ਇੱਕ ਘੰਟੇ ਤੋਂ ਜ਼ਿਆਦਾ ਸਮਾਂ ਪੁੱਛਗਿੱਛ (ਇਸ ਨੂੰ ਤਸ਼ੱਦਦ ਪੜ੍ਹਿਆ ਜਾਵੇ) ਕੀਤੀ। ਮੈਂ ਉਸ ਵੱਲੋਂ ਕਹਾਣੀ ਬਿਆਨ ਕਰਨ ਦੇ ਢੰਗ ਤੋਂ ਬੜਾ ਅਚੰਭਿਤ ਹੋਇਆ ਅਤੇ ਉਸ ਵੱਲੋਂ ਦੱਸੀਆਂ ਗਈਆਂ ਗੱਲਾਂ ਤੋਂ ਵੀ। ਉਸ ਦੀ ਖੱਲੜੀ ਵਿਚ ਡਰ ਨਾਂ ਦੀ ਕੋਈ ਚੀਜ਼ ਨਹੀਂ ਸੀ ਅਤੇ ਨਾ ਹੀ ਉਸ ਨੂੰ ਆਪਣੇ ਕੀਤੇ ਤੋਂ ਪਛਤਾਵਾ ਸੀ। ਉਹ ਤਾਂ ਬਾਲੀਵੁੱਡ ਦੀਆਂ ਫ਼ਿਲਮਾਂ ਦੇ ਅੰਦਾਜ਼ ਵਿਚ ਪੁਲੀਸ ਨੂੰ ਥਾਂ-ਥਾਂ ਝਕਾਨੀ ਦੇ ਕੇ ਨਿਕਲਣ ਦੇ ਕਾਰਨਾਮਿਆਂ ਨੂੰ ਬੜੇ ਚਸਕੇ ਲੈ ਕੇ ਸੁਣਾ ਰਿਹਾ ਸੀ। ਮੇਰੇ ਸਾਹਮਣੇ ਅੰਮ੍ਰਿਤਸਰ ਸ਼ਹਿਰ ਦਾ ਇੱਕ ਨੌਜਵਾਨ ਸਿੱਖ ਖੜ੍ਹਾ ਸੀ ਜਿਸ ਨੇ ਸਮੁੱਚੀ ਦਿੱਲੀ ਪੁਲੀਸ ਨੂੰ ਵਖਤ ਪਾਇਆ ਹੋਇਆ ਸੀ, ਇਸ ਤੱਥ ਦੀ ਵੀ ਉਹ ਨੂੰ ਬੜੀ ਖ਼ੁਸ਼ੀ ਸੀ। ਉਸ ਨੇ ਆਪਣੇ ਖ਼ਾਲਸਤਾਨੀ ਸੰਘਰਸ਼ ਵਿਚਲੇ ਰੋਲ ਨੂੰ ਘਟਾ ਕੇ ਦੱਸਿਆ ਪਰ ਦਿੱਲੀ (ਜਿਸ ਨੂੰ ਉਹ ਰਾਜਧਾਨੀ ਕਹਿਣ ਦੀ ਜ਼ਿਦ ਕਰਦਾ ਸੀ) ਵਿਚਲੀ ਬੈਂਕ ਡਕੈਤੀਆਂ ਸਬੰਧੀ ਉਸ ਨੇ ਬੜੇ ਮਾਣ ਨਾਲ ਖੁੱਲ੍ਹ ਕੇ ਦੱਸਿਆ। ਉਸ ਦਾ ਦਿੱਲੀ ਨੂੰ ਵਾਰ ਵਾਰ ‘ਰਾਜਧਾਨੀ’ ਕਹਿਣ ਤੋਂ ਵੀ ਇਹ ਹੀ ਭਾਵ ਸੀ, ਉਹ ਦਿੱਲੀ ਪੁਲੀਸ ਦਾ ਪੂਰਾ ਮਜ਼ਾਕ ਉਡਾ ਰਿਹਾ ਸੀ। ਉਦੋਂ ਭਾਵੇਂ ਸਾਨੂੰ ਉਸ ਦੀਆਂ ਗਤੀਵਿਧੀਆਂ ਬਾਰੇ ਪੂਰੀ ਜਾਣਕਾਰੀ ਨਹੀਂ ਸੀ ਪਰ ਉਹ ਗੱਲ ਕਰਨ ਲੱਗਿਆ ‘ਉਹ’ (ਭਾਰਤ ਸਰਕਾਰ) ਤੇ ਅਸੀਂ (ਖ਼ਾਲਸਤਾਨੀ) ਸ਼ਬਦਾਵਲੀ ਦੀ ਵਰਤੋਂ ਕਰ ਰਿਹਾ ਸੀ। ਮੈਨੂੰ ਉਦੋਂ ਮਹਿਸੂਸ ਹੋਇਆ ਕਿ ਉਹ ਮੇਰੇ ਨਾਲ, ਇੱਕ ‘ਪੁਲੀਸ ਮੁਖੀ’ ਦੇ ਤੌਰ ‘ਤੇ ਬਰਾਬਰ ਦੀ ਧਿਰ ਬਣ ਕੇ ਗੱਲ ਕਰ ਰਿਹਾ ਸੀ (ਨਾ ਕਿ ਮੁਜਰਮ ਦੇ ਤੌਰ ‘ਤੇ) 3. ਉਸ ਨੂੰ ਫੇਰ ਅਸੀਂ ਗੁਜਰਾਤ ਪੁਲੀਸ ਦੇ ਹਵਾਲੇ ਕਰ ਦਿੱਤਾ, ਜਿੱਥੋਂ ਕਿ ਉਹ ਅਦਾਲਤ ਵਿਚ ਪੇਸ਼ੀ ਲਈ ਲਿਜਾਂਦੇ ਸਮੇਂ, ਪੁਲੀਸ ਹਿਰਾਸਤ ਵਿਚੋਂ ਫ਼ਰਾਰ ਹੋ ਗਿਆ। ਉਸ ਤੋਂ ਬਾਅਦ ਉਸ ਨੇ ਬੜੇ ਦਲੇਰਾਨਾ ਕੰਮ ਕੀਤੇ, ਜਿਨ੍ਹਾਂ ਵਿਚ ਲਲਿਤ ਮਾਕਨ ਐਮ. ਪੀ. ਤੇ ਅਰਜਨ ਦਾਸ ਜਿਹੇ ਸੰਜੇ ਗਾਂਧੀ ਦੇ ਨੇੜਲੇ ਸਾਥੀਆਂ ਦਾ ਮਾਰੇ ਜਾਣਾ ਵੀ ਸ਼ਾਮਲ ਸੀ। ਦਿੱਲੀ ਤੇ ਪੰਜਾਬ ਵਿਚ ਜਿੰਦੇ ਦੇ ਨਾਂ ਦੀ ਬੜੀ ਦਹਿਸ਼ਤ ਫੈਲ ਗਈ।”
ਵੇਦ ਮਰਵਾਹਾ ਫੇਰ, ਇੱਕ ਸਬ-ਹੈਡਿੰਗ ‘ਦੂਸਰੀ ਮੁਲਾਕਾਤ’ ਦਾ ਦਿੰਦਾ ਹੈ। ਉਸ ਅਨੁਸਾਰ – ”ਅਗਸਤ, 1987 ਵਿਚ ਸਿਵਲ ਲਾਈਨਜ਼ ਏਰੀਏ ਵਿਚ ਹੋਏ, ਇੱਕ ਪੁਲੀਸ ਮੁਕਾਬਲੇ ਵਿਚ ਜਿੰਦਾ ਸਖ਼ਤ ਜ਼ਖਮੀ ਹਾਲਤ ਵਿਚ, ਦਿੱਲੀ ਪੁਲੀਸ ਨੇ ਦਬੋਚ ਲਿਆ। …. ਮੈਂ ਆਪਣੇ ਵਾਇਰਲੈੱਸ ਸੈੱਟ ‘ਤੇ ਜਿੰਦੇ ਦੀ ਗ੍ਰਿਫ਼ਤਾਰੀ ਬਾਰੇ ਸੁਣਿਆ ਅਤੇ ਕੁੱਝ ਮਿੰਟਾਂ ਵਿਚ ਹੀ ਪੁਲੀਸ ਸਟੇਸ਼ਨ ਪਹੁੰਚ ਗਿਆ। ਜਿੰਦੇ ਨੂੰ ਇੱਕ ਸਟਰੈਚਰ ‘ਤੇ ਪਾ ਕੇ ਐਂਬੂਲੈਂਸ ਵੱਲ ਲਿਜਾਇਆ ਜਾ ਰਿਹਾ ਸੀ, ਜਦੋਂਕਿ ਉਸ ਨੇ ਮੈਨੂੰ ਵੇਖ ਲਿਆ। ਉਸ ਨੇ ਮੁਸਕਰਾ ਕੇ ਮੇਰਾ ਸਵਾਗਤ ਕੀਤਾ। ਉਹ ਬੜੀ ਗੰਭੀਰ ਜ਼ਖਮੀ ਹਾਲਤ ਵਿਚ ਸੀ ਪਰ ਫਿਰ ਵੀ ਉਸ ਨੇ ਮੈਨੂੰ ਮਜ਼ਾਕੀਆ ਲਹਿਜ਼ੇ ਵਿਚ ਕਿਹਾ -‘ਮੁਬਾਰਕ ਹੋ, ਅਬ ਆਪ ਕੋ ਬਹੁਤ ਬੜੀ ਤਰੱਕੀ ਮਿਲੇਗੀ, ਦਿੱਲੀ ਪੁਲੀਸ ਨੇ ਮੁਝੇ ਪਕੜ ਲੀਆ ਹੈ।’ ਮੇਰੇ ਸਾਹਮਣੇ ਉਹ ਬੰਦਾ ਸੀ, ਜਿਹੜਾ ਮੌਤ ਦੇ ਮੂੰਹ ਵਿਚ ਜਾ ਰਿਹਾ ਸੀ ਪਰ ਉਹ ਇਨ੍ਹਾਂ ਪਲਾਂ ਵਿਚ ਵੀ ਬੇਪ੍ਰਵਾਹ ਹੋ ਕੇ ਮਜ਼ਾਕ ਕਰ ਰਿਹਾ ਸੀ। ਮੈਂ ਦੇਖ ਰਿਹਾ ਸੀ ਕਿ ਉਸ ਨੂੰ ਆਪਣੇ ਕਾਜ ਲਈ ਮਹਾਨ ਕੁਰਬਾਨੀ ਕਰਨ ਦੀ ਤਸੱਲੀ ਵੀ ਸੀ ਤੇ ਪੁਲੀਸ ਨੂੰ ਨੀਵਾਂ ਦਿਖਾਉਣ ਦਾ ਚਾਅ ਵੀ…. ਉਸ ਦਾ ਫ਼ੌਜੀ ਹਸਪਤਾਲ ਵਿਚ ਇਲਾਜ ਚੱਲਿਆ ਤੇ ਉਹ ਇੱਕ ਅਪਰੇਸ਼ਨ ਤੋਂ ਬਾਅਦ, ਕਰਾਮਾਤੀ ਤੌਰ ‘ਤੇ ਠੀਕ ਹੋ ਗਿਆ। ਮੈਂ ਉਸ ਨੂੰ ਡੀ. ਜੀ. ਪੀ. ਕ੍ਰਾਈਮ ਦੇ ਨਾਲ ਹਸਪਤਾਲ ਵਿਚ ਦੇਖਣ ਗਿਆ। ਪਰ ਇਸ ਵਾਰ ਮੈਂ ਪੁੱਛਗਿੱਛ ਲਈ ਨਹੀਂ ਗਿਆ, ਉਸ ਇਨਸਾਨ ਨੂੰ ਮਿਲਣ ਗਿਆ, ਜਿਸ ਨੇ ਮੇਰੇ ਮਨ ‘ਚ ਵੀ ਸਤਿਕਾਰ ਦੀ ਥਾਂ ਬਣਾ ਲਈ ਸੀ। ਮੈਂ ਇਹ ਇਕਬਾਲ ਕਰਨਾ ਚਾਹੁੰਦਾ ਹਾਂ ਕਿ ਉਦੋਂ ਮੇਰੀਆਂ ਜਿੰਦੇ ਪ੍ਰਤੀ ਭਾਵਨਾਵਾਂ ਇੱਕ ਪ੍ਰੋਫੈਸ਼ਨਲ ਪੁਲੀਸ ਅਫ਼ਸਰ ਵਾਲੀਆਂ ਨਹੀਂ ਸਨ ਬਲਕਿ ਪ੍ਰਸ਼ੰਸਾ ਤੇ ਨਿੱਘ ਵਾਲੀਆਂ ਸਨ…..”
ਖ਼ਾਲਸਤਾਨੀ ਸੰਘਰਸ਼ ਦੇ ਇਸ ਸਿਪਾਹ ਸਿਲਾਰ ਨੂੰ, ‘ਦੁਸ਼ਮਣ’ ਵੱਲੋਂ ਦਿੱਤੀ ਗਈ, ਇਸ ਸ਼ਰਧਾਂਜਲੀ ‘ਚੋਂ ਭਵਿੱਖ ਦੀਆਂ ਪੀੜੀਆਂ ਨੂੰ ਖ਼ਾਲਸਤਾਨੀ ਸੰਘਰਸ਼ ਦੇ ਯੋਧਿਆਂ ਦੀ ਅਸਲੀ ਤਸਵੀਰ ਨਜ਼ਰ ਆਵੇਗੀ।
9 ਅਕਤੂਬਰ ਦਾ ਦਿਨ, ਕੇਸਰੀ ਕਾਫ਼ਲੇ ਦੇ ਸਿਪਾਹ-ਸਿਲਾਰਾਂ ਲਈ ਪ੍ਰਣ ਦਿਵਸ ਹੈ। 30 ਮਿਲੀਅਨ ਸਿੱਖ ਕੌਮ ਵੱਲੋਂ ਉਤਸ਼ਾਹ ਤੇ ਸਰੂਰ ਵਿਚ ਸੰਘਰਸ਼ ਵਿਚ ਸ਼ਾਮਲ ਹੋਣ ਦੀ ਲੋੜ ਹੈ ਤਾਂ ਕਿ ਸ਼ਹੀਦਾਂ ਦੇ ਅਧੂਰੇ ਸੰਕਲਪ ਨੂੰ ਪੂਰਿਆਂ ਕੀਤਾ ਜਾ ਸਕੇ। ਭਾਈ ਜਿੰਦਾ-ਸੁੱਖਾ ਨੇ ਰਾਸ਼ਟਰਪਤੀ ਨੂੰ ਲਿਖੇ ਆਪਣੇ ਪੱਤਰ ਵਿਚ ਖ਼ਾਲਸਤਾਨੀ ਸੰਘਰਸ਼ ਦੀ ਠੀਕ ਤਰਜਮਾਨੀ ਕਰਦਿਆਂ ਬੜੇ ਫ਼ਖਰ ਨਾਲ ਲਿਖਿਆ ਸੀ ‘ਜਦੋਂ ਕੌਮਾਂ ਜਾਗਦੀਆਂ ਹਨ ਤਾਂ ਇਤਿਹਾਸ ਨੂੰ ਕੰਬਣੀ ਛਿੜ ਜਾਂਦੀ ਹੈ’ (When the Nations awake, 8istory Shivers.) ਉਨ੍ਹਾਂ ਕਿਹਾ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹਮਲੇ ਨੇ ਸਮੁੱਚੀ ਕੌਮ ਨੂੰ ਉਸ ਦੇ ਫ਼ਰਜ਼ ਦੀ ਯਾਦ ਕਰਵਾਈ ਹੈ ਤੇ ਹੁਣ ਕੌਮ ਨੇ ਤੁਹਾਡੀ ਗ਼ੁਲਾਮੀ ਦਾ ਜੂਲ਼ਾ ਪਰ੍ਹਾਂ ਵਗਾਹ ਕੇ ਖ਼ਾਲਿਸਤਾਨ ਦੀ ਮੰਜ਼ਿਲ ਵੱਲ ਚੜ੍ਹਾਈ ਕੀਤੀ ਹੋਈ ਹੈ।
ਖ਼ਾਲਸਾ ਜੀ! ਆਪਣੇ ਕੌਮੀ ਫ਼ਰਜ਼ ਦੀ ਪਛਾਣ ਕਰੀਏ। ਇਹਨਾਂ ਦੋ ਮਰਜੀਵੜਿਆਂ ਨੂੰ ਸੱਚੀ ਸ਼ਰਧਾਂਜਲੀ ਖ਼ਾਲਿਸਤਾਨ ਦੀ ਮੰਜ਼ਿਲ ਵੱਲ ਕਦਮ ਵਧਾ ਕੇ ਦੇਈਏ! ਗੁੱਸੇ-ਗਿਲੇ, ਤੁਹਮਤਾਂ, ਦਿਲਗੀਰੀਆਂ ਨੂੰ ਪਰ੍ਹੇ ਵਗਾਹ ਮਾਰੀਏ। ਖ਼ਾਲਸਾਈ ਭਾਵਨਾ ਦਾ ਪ੍ਰਗਟਾਵਾ ਕਰਦਿਆਂ ਗੁਰਸਿੱਖ ਪਛਾਣ ਨੂੰ ਗੁਰੂ ਰੂਪ ਜਾਣ ਕੇ ਸੱਚੇ-ਸੁੱਚੇ ਪਿਆਰ ਦਾ ਪ੍ਰਗਟਾਵਾ ਸਾਡੀ ਨਿੱਜੀ ਅਤੇ ਕੌਮੀ ਜ਼ਿੰਦਗੀ ਦਾ ਅਟੁੱਟ ਹਿੱਸਾ ਬਣੇ। ਸਾਡੀ ਸਾਂਝੀ ਤਾਕਤ ਦੇ ਸਾਹਮਣੇ ਦੁਸ਼ਮਣ ਜ਼ਿਆਦਾ ਦੇਰ ਟਿਕ ਨਹੀਂ ਸਕੇਗਾ ਤੇ ਸਤਿਗੁਰੂ ਖ਼ਾਲਸੇ ਦਾ ਘਰ ‘ਖ਼ਾਲਿਸਤਾਨ’ ਜ਼ਰੂਰ ਬਖ਼ਸ਼ਣਗੇ। ਭਾਈ ਜਿੰਦਾ-ਸੁੱਖਾ ਦੀ ਸ਼ਹਾਦਤ ਦਾ ਰੁਤਬਾ ਅੱਵਲ ਹੈ-
‘ਜਿਸ ਧਜ (ਸ਼ਾਨ) ਸੇ ਕੋਈ ਮਕਤਲ ਮੇਂ ਗਿਆ, ਵੋਹ ਸ਼ਾਨ ਸਲਾਮਤ ਰਹਤੀ ਹੈ।
ਇਸ ਯਾਂ (ਜਾਨ) ਕੀ ਤੋ ਕੋਈ ਬਾਤ ਨਹੀਂ, ਯੇ ਜਾਨ ਤੋ ਆਨੀ-ਜਾਨੀ ਹੈ।’

ਸੁੱਖਾ-ਜਿੰਦਾ ਦੀ ਅਦੁੱਤੀ ਸ਼ਹਾਦਤ ਦਿਲਾਂ ਦਾ ਸਾਂਝਾ ਇਕਰਾਰਨਾਮਾ

ਕੀ ਤੁਹਾਨੂੰ ਪਤਾ ਹੈ ਕਿ ਫਾਂਸੀ ਦਾ ਹੁਕਮ ਸੁਣਾਉਣ ਵਾਲੇ ਜੱਜ ਨੇ ਇਨ੍ਹਾਂ ਸ਼ਹੀਦਾਂ ਦੀਆਂ ਤਸਵੀਰਾਂ ਨੂੰ ਆਪਣੇ ਕਮਰੇ ਵਿਚ ਸਜਾਇਆ ਹੋਇਆ ਹੈ? ਜੇ ਨਹੀਂ ਯਕੀਨ ਤਾਂ ਮਨੁੱਖੀ ਅਧਿਕਾਰਾਂ ਦੇ ਰਾਖੇ ਜਸਟਿਸ ਅਜੀਤ ਸਿੰਘ ਬੈਂਸ ਨੂੰ ਪੁੱਛ ਵੇਖਣਾ ਜਿਸ ਦੀ ਜਾਣਕਾਰੀ ਇਸੇ ਜੱਜ ਨੇ ਜਸਟਿਸ ਬੈਂਸ ਨੂੰ ਦਿੱਤੀ। ਕੀ ਤੁਸੀਂ ਜਾਣਦੇ ਹੋ ਕਿ ਉਸ ਦਿਨ ਇਨ੍ਹਾਂ ਸ਼ਹੀਦਾਂ ਦੀ ਖੁਸ਼ੀ ਵਿਚ ਸ਼ਹੀਦਾਂ ਦੀ ਇੱਛਾ ਮੁਤਾਬਕ ਟੋਕਰਿਆਂ ਦੇ ਟੋਕਰੇ ਲੱਡੂ ਵੰਡੇ ਗਏ। ਤੁਹਾਨੂੰ ਤਾਂ ਇਹ ਵੀ ਨਹੀਂ ਪਤਾ ਹੋਣਾ ਕਿ ਉਸ ਦਿਨ ਜੇਲ੍ਹ ਦੇ ਕਈ ਕਰਮਚਾਰੀਆਂ ਨੇ ਹੰਝੂਆਂ ਭਰੀਆਂ ਅੱਖੀਆਂ ਨਾਲ ਇਨ੍ਹਾਂ ਸ਼ਹੀਦਾਂ ਨੂੰ ਅੰਤਿਮ ਵਿਦਾਇਗੀ ਦਿੱਤੀ।

ਕਰਮਜੀਤ ਸਿੰਘ
ਮੋਬਾਈਲ  : 99150-91063

ਖ਼ਾਲਸਾ ਪੰਥ ਦੇ ਲੋਕਯਾਨ (ਫੋਕ ਲੋਰ) ਜਾਂ ਲੋਕ-ਪ੍ਰੰਪਰਾ ਵਿਚ ਸ਼ਹੀਦਾਂ ਦੀ ਇਹ ਜੋੜੀ ਸੁੱਖਾ-ਜਿੰਦਾ ਦੇ ਨਾਂਅ ਨਾਲ ਦਿਲਾਂ ਵਿਚ ਵਸ ਗਈ ਹੈ ਜਦਕਿ ਖ਼ਾਲਸਾ ਪੰਥ ਦੇ ਅੰਮ੍ਰਿਤ ਸਰੋਵਰ ਦੇ ਇਤਿਹਾਸ ਵਿਚ ਉਹ ਭਾਈ ਹਰਜਿੰਦਰ ਸਿੰਘ ਤੇ ਭਾਈ ਸੁਖਦੇਵ ਸਿੰਘ ਦੇ ਨਾਵਾਂ ਨਾਲ ਯਾਦ ਕੀਤੇ ਜਾਣਗੇ। ਪਹਿਲੀ ਕਿਸਮ ਦੇ ਨਾਵਾਂ ਵਿਚ ਦੁਨਿਆਵੀ ਮੁਹੱਬਤਾਂ ਦੀ ਸਿਖਰ ਹੈ ਜਦਕਿ ਦੂਜੀ ਵੰਨਗੀ ਦੇ ਨਾਵਾਂ ਵਿਚ ਦੁਨਿਆਵੀ ਤੇ ਰੂਹਾਨੀ ਇਸ਼ਕ ਦਾ ਕੋਈ ਉੱਚਾ ਸੁੱਚਾ ਸੁਮੇਲ ਹੈ। ਉਂਝ ਇਥੇ ਇਹ ਦੱਸਣਾ ਗ਼ੈਰਵਾਜਬ ਨਹੀਂ ਹੋਵੇਗਾ ਕਿ ਲੋਕਯਾਨ ਵਾਲਿਆਂ ਦੀ ਦੁਨੀਆ ਜਿਹੜੇ ਨਾਂਅ ਸਿਰਜ ਲੈਂਦੀ ਹੈ, ਉਹ ਬਹੁਤੀ ਵਾਰ ਇਤਿਹਾਸ ਵਿਚ ਪੱਕੀ ਤਰ੍ਹਾਂ ਸਥਾਪਤ ਹੋ ਜਾਂਦੇ ਹਨ। ਜੈਜ਼ ਸੰਗੀਤ ਦੇ ਬਾਦਸ਼ਾਹ ਆਰਮਸਟਰਾਂਗ ਨੇ ਇਕ ਵਾਰ ਆਪਣੇ ਪਿਓ ਨੂੰ ਜਦੋਂ ਗੁੱਸੇ ਵਿਚ ਆਖਿਆ ਕਿ, ‘ਡੈਡੀ, ਮੈਂ ਲੋਕ-ਸੰਗੀਤ ਤੋਂ ਬਿਨਾਂ ਹੋਰ ਕਿਸੇ ਸੰਗੀਤ ਨੂੰ ਨਹੀਂ ਜਾਣਦਾ, ‘ਤਾਂ ਉਸ ਸਮੇਂ ਉਹ ਲੋਕਯਾਨ ਦੀ ਮਹਿਮਾ ਦਾ ਪ੍ਰਚਮ ਹੀ ਬੁਲੰਦ ਕਰ ਰਿਹਾ ਸੀ। ਲੋਕਯਾਨ ਨੇ ਸ਼ਹੀਦਾਂ ਦੀ ਇਸ ਜੋੜੀ ਦੇ ਬਚਪਨ ਦੇ ਨਾਵਾਂ (ਸੁੱਖਾ-ਜਿੰਦਾ) ਨੂੰ ਹੀ ਆਪਣੇ ਚੇਤਿਆਂ ਵਿਚ ਵਸਾ ਲਿਆ ਹੈ।
ਸੁੱਖਾ-ਜਿੰਦਾ ਦੀ ਸ਼ਹਾਦਤ ਸੱਚ ਮੁੱਚ ਹੀ ਅਦੁੱਤੀ ਹੈ, ਬਿਨਾਂ ਕਿਸੇ ਸ਼ੱਕ ਤੋਂ ਲਾਜਵਾਬ ਤੇ ਲਾਮਿਸਾਲ ਹੈ। ਇਹੋ ਜਿਹੇ ਬੰਦੇ ਸਾਧਾਰਨ ਨਹੀਂ ਹੁੰਦੇ, ਆਸਧਾਰਨ ਹੋਇਆ ਕਰਦੇ ਹਨ। ਉਦਾਹਰਣਾਂ, ਮਿਸਾਲਾਂ, ਪਰਮਾਣਾਂ ਤੇ ਕਸੌਟੀਆਂ ਲਈ ਰਾਖਵੇਂ ਕੀਤੇ ਜਾਂਦੇ ਹਨ। ਗੁਰਬਾਣੀ ਇਹੋ ਜਿਹੇ ਇਨਸਾਨ ਨੂੰ ‘ਵਿਰਲੇ ਕੇਈ ਕੇਇ’ ਦਾ ਰੁਤਬਾ ਬਖ਼ਸ਼ਦੀ ਹੈ।
ਮੈਂ ਇਨ੍ਹਾਂ ਵੀਰਾਂ ਦੀ ਸ਼ਹਾਦਤ ਨੂੰ ਇਸ ਲਈ ਅਦੁੱਤੀ ਆਖਦਾ ਹਾਂ ਕਿਉਂਕਿ ਇਸ ਸ਼ਹਾਦਤ ਦੇ ਸੰਕਲਪ ਪਿਛੇ ਠੋਸ ਕਾਰਨ ਤੇ ਠੋਸ ਗਵਾਹੀਆਂ ਮੌਜੂਦ ਹਨ ਨਾ ਕਿ ਮਨ ਦੀਆਂ ਤਰੰਗਾਂ ਜਾਂ ਕਲਪਨਾਵਾਂ ਨੂੰ ਸ਼ਹਾਦਤ ਦੀ ਵਿਆਖਿਆ ਵਿੱਚ ਅਸੀਂ ਆਪਣਾ ਸਹਾਰਾ ਬਣਾਇਆ ਹੈ। ਇਕ ਠੋਸ ਕਾਰਨ ਤਾਂ ਇਹ ਹੈ ਕਿ ਇਸ ਜੋੜੀ ਵਲੋਂ ਆਪਣੇ ਹੱਥਾਂ ਨਾਲ ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਨੂੰ ਲਿਖੀਆਂ ਚਿੱਠੀਆਂ ਤੇ ਸੁਨੇਹੇ ਮੌਜੂਦ ਹਨ। ਇਨ੍ਹਾਂ ਚਿੱਠੀਆਂ ਵਿਚ ਜਿੱਥੇ ਸਰਬੱਤ ਖ਼ਾਲਸਾ ਦੇ ਸੰਕਲਪ ਦਾ ਦਿਲ ਧੜਕਦਾ ਹੈ, ਉਥੇ ਨਾਲ ਹੀ ਇਹ ਚਿੱਠੀਆਂ ਸਰਬੱਤ ਦਾ ਭਲਾ ਵੀ ਮੰਗਦੀਆਂ ਹਨ। ਇਨ੍ਹਾਂ ਚਿੱਠੀਆਂ ਵਿਚ ਘਰਾਂ ਦੇ ਨਿੱਕੇ ਨਿੱਕੇ ਮਸਲੇ ਵੀ ਹਨ ਪਰ ਨਾਲ ਹੀ ਘਰ ਵਾਲਿਆਂ ਨੂੰ ਚੇਤਾਵਨੀਆਂ ਵੀ ਹਨ ਕਿ ਫਾਂਸੀ ਲੱਗਣ ਤੋਂ ਪਿਛੋਂ ਉਨ੍ਹਾਂ ਦਾ ਰਵੱਈਆ ਅਤੇ ਪਹੁੰਚ ਕਿਹੋ ਜਿਹੀ ਹੋਣੀ ਚਾਹੀਦੀ ਹੈ। ਜਿਥੋਂ ਤੱਕ ਮੇਰੀ ਜਾਣਕਾਰੀ ਹੈ, ਫਾਂਸੀ ਦਾ ਰੱਸਾ ਚੁੰਮਣ ਤੋਂ ਪਹਿਲਾਂ ਦੁਨੀਆ ਦੇ ਕਿਸੇ ਵੀ ਸ਼ਹੀਦ ਨੇ ਇੰਨੇ ਵਿਸਥਾਰ ਤੇ ਸਪਸ਼ਟਤਾ ਵਿਚ ਆਪਣੀ ਕੌਮ ਦੇ ਦਰਦ ਦਾ ਇਜ਼ਹਾਰ ਨਹੀਂ ਕੀਤਾ, ਜਿੰਨਾ ਇਸ ਜੋੜੀ ਨੇ ਕਰ ਵਿਖਾਇਆ ਹੈ। ਇਹ ਸੱਚ ਮੁੱਚ ਹੀ ਇਤਿਹਾਸਕ ਚਮਤਕਾਰ ਹੈ।
ਸਾਡੇ ਕੋਲ ਮਨਸੂਰ ਤੇ ਸਰਮੱਦ ਵਰਗੇ ਸ਼ਹੀਦਾਂ ਸਮੇਤ ਪ੍ਰਾਚੀਨ ਸਿੱਖ ਸ਼ਹੀਦਾਂ ਤੋਂ ਇਲਾਵਾ ਮਨਸੂਰ ਤੇ ਆਧੁਨਿਕ ਸ਼ਹੀਦਾਂ-ਜੂਲੀਅਸ ਫੂਚਕ, ਸ਼ਹੀਦ ਭਗਤ ਸਿੰਘ-ਰਾਜ ਗੁਰੂ-ਸੁਖਦੇਵ, ਬਿਸਮਲ, ਸਰਾਭਾ, ਊਧਮ ਸਿੰਘ ਵੀ ਆਪਣੀ ਰੂਹ ਦੇ ਦਰਦ ਦੀਆਂ ਯਾਦਾਂ ਵਿਸਥਾਰ ਵਿਚ ਨਹੀਂ ਪੇਸ਼ ਕਰ ਸਕੇ, ਜਿਨ੍ਹਾਂ ਨੂੰ ਅਸੀਂ ਪਹਿਲੇ ਦਰਜੇ ਦੀਆਂ ਦਸਤਾਵੇਜ਼ਾਂ ਦਾ ਨਾਂ ਦੇ ਸਕੀਏ। ਇਥੋਂ ਤੱਕ ਕਿ ਸ਼ਹੀਦ ਭਗਤ ਸਿੰਘ ਦੀਆਂ ਬਹੁਤ ਸਾਰੀਆਂ ਕਥਿਤ ਲਿਖਤਾਂ ਦੀ ਪਰਮਾਣਿਕਤਾ ਅੱਗੇ ਵੀ ਗੰਭੀਰ ਪ੍ਰਸ਼ਨ ਚਿੰਨ੍ਹ ਲੱਗ ਰਹੇ ਹਨ। ਅਸੀਂ ਇਨ੍ਹਾਂ ਸ਼ਹੀਦਾਂ ਦੇ ਰੋਲ, ਕੁਰਬਾਨੀ ਤੇ ਪ੍ਰਭਾਵ ਨੂੰ ਘਟਾ ਕੇ ਨਹੀਂ ਦੇਖ ਰਹੇ, ਅਸੀਂ ਤਾਂ ਸਿਰਫ਼ ਇਹ ਯਾਦ ਕਰਾਉਣਾ ਚਾਹੁੰਦੇ ਹਾਂ ਕਿ ਫਾਂਸੀ ਚੜ੍ਹਨ ਤੋਂ ਪਹਿਲਾਂ ਜਿਸ ਤਰ੍ਹਾਂ ਸੁੱਖਾ ਤੇ ਜਿੰਦਾ ਆਪਣੀਆਂ ਹੱਥ ਲਿਖਤਾਂ ਰਾਹੀਂ ਜੋ ਕੁਝ ਕਹਿ ਗਏ ਹਨ ਅਤੇ ਜਿੰਨਾ ਵਿਸਥਾਰ ਨਾਲ ਕਹਿ ਗਏ ਹਨ, ਉਹ ਅੱਜ ਤੱਕ ਕਿਸੇ ਵੀ ਸ਼ਹੀਦ ਦੇ ਹਿੱਸੇ ਨਹੀਂ ਆਇਆ। ਸੁੱਖਾ-ਜਿੰਦਾ ਦੀਆਂ ਚਿੱਠੀਆਂ ਉਨ੍ਹਾਂ ਦੀ ਆਪਣੀ ਹੱਥ ਲਿਖਤ ਵਿਚ ਬਾਕਾਇਦਾ ਸਾਡੇ ਕੋਲ ਮੌਜੂਦ ਹਨ ਅਤੇ ਇਹ ਚਿੱਠੀਆਂ ਸਾਰੀ ਦੁਨੀਆ ਦੇ ਸ਼ਹੀਦਾਂ ਦਾ ਅਨਮੋਲ ਵਿਰਸਾ ਹੈ ਕਿਉਂਕਿ ਦੋਵਾਂ ਨੌਜਵਾਨਾਂ ਨੇ ਖ਼ਾਲਸਾ ਪੰਥ ਦੇ ਦਰਦ ਰਾਹੀਂ ਸਾਰੀ ਦੁਨੀਆ ਦੇ ਨਿਆਸਰਿਆਂ ਅਤੇ ਨਿਓਟਿਆਂ ਨਾਲ ਆਪਣੀਆਂ ਪਿਆਰ ਭਰੀਆਂ ਤੇ ਗੂੜ੍ਹੀਆਂ ਸਾਂਝਾਂ ਦਾ ਹੈਰਾਨਜਨਕ ਪ੍ਰਗਟਾਵਾ ਕੀਤਾ ਹੈ।
ਕੀ ਤੁਸੀਂ ਕਦੇ ਇਹ ਸੋਚ ਵੀ ਸਕਦੇ ਹੋ ਕਿ ਇਨ੍ਹਾਂ ਸ਼ਹੀਦਾਂ ਦੇ ਸਸਕਾਰ ਵਿਚ ਸ਼ਾਮਲ ਰਿਸ਼ਤੇਦਾਰਾਂ ਦੀ ਛੋਟੀ ਜਿਹੀ ਟੋਲੀ, ਜਿਸ ਨੂੰ ਪੁਨੇ ਵਿਚ ਸਸਕਾਰ ਵਿਚ ਸ਼ਾਮਲ ਹੋਣ ਦੀ ਇਜਾਜ਼ਤ ਮਿਲ ਗਈ ਸੀ, ਨੇ ਸ਼ਹਾਦਤ ਦੀ ਖੁਸ਼ੀ ਵਿਚ ਸਸਕਾਰ ਦੇ ਮੌਕੇ ਭੰਗੜਾ ਤੇ ਗਿੱਧਾ ਪਾਇਆ? ਹਾਂ, ਇਹ ਮਹਾਨ ਕ੍ਰਿਸ਼ਮਾ ਇਸੇ ਤਰ੍ਹਾਂ ਹੀ ਹੋਇਆ ਸੀ। ਕੀ ਤੁਹਾਨੂੰ ਪਤਾ ਹੈ ਕਿ ਫਾਂਸੀ ਦਾ ਹੁਕਮ ਸੁਣਾਉਣ ਵਾਲੇ ਜੱਜ ਨੇ ਇਨ੍ਹਾਂ ਸ਼ਹੀਦਾਂ ਦੀਆਂ ਤਸਵੀਰਾਂ ਨੂੰ ਆਪਣੇ ਕਮਰੇ ਵਿਚ ਸਜਾਇਆ ਹੋਇਆ ਹੈ? ਜੇ ਨਹੀਂ ਯਕੀਨ ਤਾਂ ਮਨੁੱਖੀ ਅਧਿਕਾਰਾਂ ਦੇ ਰਾਖੇ ਜਸਟਿਸ ਅਜੀਤ ਸਿੰਘ ਬੈਂਸ ਨੂੰ ਪੁੱਛ ਵੇਖਣਾ ਜਿਸ ਦੀ ਜਾਣਕਾਰੀ ਇਸੇ ਜੱਜ ਨੇ ਜਸਟਿਸ ਬੈਂਸ ਨੂੰ ਦਿੱਤੀ। ਕੀ ਤੁਸੀਂ ਜਾਣਦੇ ਹੋ ਕਿ ਉਸ ਦਿਨ ਇਨ੍ਹਾਂ ਸ਼ਹੀਦਾਂ ਦੀ ਖੁਸ਼ੀ ਵਿਚ ਸ਼ਹੀਦਾਂ ਦੀ ਇੱਛਾ ਮੁਤਾਬਕ ਟੋਕਰਿਆਂ ਦੇ ਟੋਕਰੇ ਲੱਡੂ ਵੰਡੇ ਗਏ। ਤੁਹਾਨੂੰ ਤਾਂ ਇਹ ਵੀ ਨਹੀਂ ਪਤਾ ਹੋਣਾ ਕਿ ਉਸ ਦਿਨ ਜੇਲ੍ਹ ਦੇ ਕਈ ਕਰਮਚਾਰੀਆਂ ਨੇ ਹੰਝੂਆਂ ਭਰੀਆਂ ਅੱਖੀਆਂ ਨਾਲ ਇਨ੍ਹਾਂ ਸ਼ਹੀਦਾਂ ਨੂੰ ਅੰਤਿਮ ਵਿਦਾਇਗੀ ਦਿੱਤੀ। ਇਤਿਹਾਸਕਾਰਾਂ ਤੇ ਬੁੱਧੀਜੀਵੀਆਂ ਦੀਆਂ ਸੁੱਤੀਆਂ ਜ਼ਮੀਰਾਂ, ਵਿੱਕੀਆਂ ਜ਼ਮੀਰਾਂ, ਮੁਜਰਮਾਨਾ ਖਾਮੋਸ਼ੀ ਨਾਲ ਰੱਤੀਆਂ ਜ਼ਮੀਰਾਂ ਤੇ ਦੁਨਿਆਵੀ ਧੰਦਿਆਂ ਵਿਚ ਗਲ ਗਲ ਡੁੱਬੀਆਂ ਜ਼ਮੀਰਾਂ ਕੋਲ ਥੋੜ੍ਹੀ ਜਿਹੀ ਜੇ ਵਿਹਲ ਹੈ, ਤਾਂ ਉਹ ਸ਼ਹੀਦ ਹਰਜਿੰਦਰ ਸਿੰਘ ਜਿੰਦੇ ਦੀ ਭੈਣ ਤੇ ਸੁਖਦੇਵ ਸਿੰਘ ਸੁੱਖੇ ਦੀ ਮਾਂ ਨਾਲ ਕੁਝ ਪਲ ਗੁਜ਼ਾਰਨ ਦਾ ਸੁਨਹਿਰੀ ਮੌਕਾ ਜੇ ਹਾਸਲ ਕਰਨ ਤਾਂ ਸਾਨੂੰ ਪੱਕਾ ਯਕੀਨ ਹੈ ਕਿ ਮਾਨਮੱਤੇ ਹੰਝੂ ਬਗਾਵਤ ਬਣ ਕੇ ਉਨ੍ਹਾਂ ਦੀਆਂ ਅੱਖਾਂ ਵਿਚ ਉਤਰ ਆਉਣਗੇ ਅਤੇ ਨਾਲ ਹੀ ਇਨ੍ਹਾਂ ਸ਼ਹੀਦਾਂ ਬਾਰੇ ਉਨ੍ਹਾਂ ਦੇ ਅਣਕਹੇ ਤੇ ਕਹੇ ਗੁਨਾਹ ਵੀ ਧੋਤੇ ਜਾਣਗੇ।
ਕਲਪਨਾ ਤੇ ਆਪ ਹੰਢਾਏ ਤਜਰਬੇ ਵਿਚ ਬਹੁਤ ਫਰਕ ਹੁੰਦਾ ਹੈ। ਅਮਰੀਕਾ ਦੇ ਇਕ ਸ਼ਹਿਰ ਸ਼ਿਕਾਗੋ ਵਿਚ ਸਾਲਾਂਬੱਧੀ ਰਹਿੰਦਾ ਜਜ਼ਬਿਆਂ ਦਾ ਕਵੀ ਕਾਰਲ ਸੈਂਡ ਬਰਗ (1878-1957) ਆਪਣੀ ਦਿਲਚਸਪ ਕਵਿਤਾ ਰਾਹੀਂ ਮਿਲਟਨ, ਦਾਂਤੇ ਅਤੇ ਆਪਣੇ ਵਿਚਕਾਰ ਫਰਕ ਕਰਦਾ ਹੋਇਆ ਆਖਦਾ ਹੈ ਕਿ ਮਿਲਟਨ ਤੇ ਦਾਂਤੇ ਨੇ ਨਰਕ ਦਾ ਜ਼ਿਕਰ ਕੀਤਾ ਹੈ ਪਰ ਦੋਵਾਂ ਵਿਚੋਂ ਕਿਸੇ ਨੇ ਵੀ ਨਰਕ ਵੇਖਿਆ ਨਹੀਂ। ਮੈਂ ਸ਼ਿਕਾਗੋ ਸ਼ਹਿਰ ਨੂੰ ਵਰ੍ਹਿਆਂਬੱਧੀ ਵੇਖਿਆ, ਕਈ ਵਾਰ ਵੇਖਿਆ ਤੇ ਫਿਰ ਹੀ ਇਸ ਸ਼ਹਿਰ ਬਾਰੇ ਲਿਖਿਆ। ਸੁੱਖਾ-ਜਿੰਦਾ ਨੂੰ ਇਕ ਪਾਸੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਦੇਖਿਆ ਤੇ ਦੂਜੇ ਪਾਸੇ ਉਨ੍ਹਾਂ ਦੀ ਰੂਹ ਦੇ ਕਰੀਬ ਹਾਣੀਆਂ ਨੇ ਦੇਖਿਆ। ਰੂਪੋਸ਼ ਜ਼ਿੰਦਗੀ ਦੌਰਾਨ ਪਟਿਆਲਾ ਦੇ ਦੁੱਖ ਨਿਵਾਰਨ ਸਾਹਿਬ ਗੁਰਦੁਆਰੇ ਦੇ ਪਵਿੱਤਰ ਸਰੋਵਰ ਦੇ ਕਿਨਾਰੇ ‘ਤੇ ਬੈਠਿਆ ਜਦੋਂ ਮੈਂ ਉਨ੍ਹਾਂ ਦੇ ਇਕ ਹਮਸਫਰ ਭਾਈ ਦਲਜੀਤ ਸਿੰਘ ਬਿੱਟੂ ਕੋਲੋਂ ਇਨ੍ਹਾਂ ਸ਼ਹੀਦਾਂ ਨੂੰ ਫਾਂਸੀ ਦਾ ਹੁਕਮ ਸੁਣਾਏ ਜਾਣ ਤੋਂ ਕੁਝ ਦਿਨ ਪਿਛੋਂ ਉਨ੍ਹਾਂ ਦੀ ਦ੍ਰਿੜ ਮਾਨਸਿਕਤਾ ਬਾਰੇ ਕੋਈ ਟਿੱਪਣੀ ਮੰਗੀ ਤਾਂ ਉਹ ਟਿੱਪਣੀ ਮੈਨੂੰ ਅਜੇ ਵੀ ਯਾਦ ਹੈ ਜੋ ਇਸ ਤਰ੍ਹਾਂ ਹੈ: ‘ਉਨ੍ਹਾਂ ਦੀ ਉਡਾਣ ਅਸਮਾਨ ਦੀਆਂ ਬੁਲੰਦੀਆਂ ਨੂੰ ਛੂਹਣ ਦੀ ਤਾਕਤ ਰੱਖਦੀ ਹੈ। ਉਹ ਹਸਦੇ ਹੋਏ ਫਾਂਸੀ ਦਾ ਰੱਸਾ ਚੁੰਮਣਗੇ।’ ਮਗਰੋਂ ਇਹ ਟਿੱਪਣੀ ਇਤਿਹਾਸਕ ਤੌਰ ‘ਤੇ ਸਹੀ ਸਾਬਤ ਹੋਈ।
ਵਕਤ ਦੀ ਸਰਕਾਰ ਦੇ ਦਿੱਲੀ ਦੇ ਇਕ ਪੁਲਿਸ ਕਮਿਸ਼ਨਰ ਵੇਦ ਮਰਵਾਹਾ ਦੀਆਂ ਜਿੰਦੇ ਬਾਰੇ ਕੀਤੀਆਂ ਇਹ ਟਿੱਪਣੀਆਂ ਸਿੱਲੀਆਂ ਅੱਖਾਂ ਨਾਲ ਹੀ ਪੜ੍ਹੀਆਂ ਜਾ ਸਕਦੀਆਂ ਹਨ: ‘ਉਹ ਕੋਈ ਬੇਕਿਰਕ ਕਾਤਲ ਨਹੀਂ ਸੀ।’ ਉਸ ਦੀ ਸਖ਼ਸ਼ੀਅਤ ਖਿੱਚ ਪਾਉਂਦੀ ਸੀ.. ਉਹ ਜਦ ਦੂਜੀ ਵਾਰ ਫੜਿਆ ਗਿਆ ਤਾਂ ਉਸ ਦੀ ਹਾਲਤ ਬਹੁਤ ਗੰਭੀਰ ਸੀ। ਉਹ ਜ਼ਿੰਦਗੀ ਤੇ ਮੌਤ ਨਾਲ ਜੂਝ ਰਿਹਾ ਸੀ ਪਰ ਉਸ ਦੇ ਚਿਹਰੇ ‘ਤੇ ਕੋਈ ਵੀ ਦਰਦ ਜਾਂ ਪੀੜ ਦਾ ਨਿਸ਼ਾਨ ਨਹੀਂ ਸੀ। ਉਹ ਇਸ ਤਰ੍ਹਾਂ ਹਾਸਾ-ਮਜ਼ਾਕ ਕਰ ਰਿਹਾ ਸੀ ਜਿਵੇਂ ਕੁਝ ਹੋਇਆ ਹੀ ਨਾ ਹੋਵੇ.. ਉਸ ਨੂੰ ਮੌਤ ਦਾ ਕੋਈ ਫਿਕਰ ਨਹੀਂ ਸੀ। ਉਹ ਆਪਣੇ ਕਾਜ਼ ਲਈ ਵੱਡੀ ਕੁਰਬਾਨੀ ਕਰਨ ਦੇ ਪਲਾਂ ਨੂੰ ਬਹੁਤ ਖੁਸ਼ੀ ਨਾਲ ਮਾਣ ਰਿਹਾ ਸੀ। ਉਹ ਕੋਈ ਸਾਧਾਰਨ ਸਖ਼ਸ਼ੀਅਤ ਦਾ ਮਾਲਕ ਨਹੀਂ ਸੀ।’
ਹੁਣ ਵਕਤ ਦੇ ਰਾਸ਼ਟਰਪਤੀ ਨੂੰ ਫਾਂਸੀ ਦੀ ਕਾਲ-ਕੋਠੜੀ ਤੋਂ ਆਪਣੇ ਦਸਤਖ਼ਤਾਂ ਹੇਠ ਭੇਜੀ ਉਸ ਇਤਿਹਾਸਕ ਚਿੱਠੀ ਦੀਆਂ ਕੁਝ ਸਤਰਾਂ ਨੂੰ ਸਾਹ ਰੋਕ ਕੇ ਪੜ੍ਹੋ ਜਿਸ ਵਿਚ ਵਿਚਾਰਧਾਰਕ ਜਜ਼ਬਿਆਂ ਦਾ ਸਹਿਜੇ ਸਹਿਜੇ ਵੱਗਦਾ ਇਕ ਦਰਿਆ ਵੇਖਿਆ ਜਾ ਸਕਦਾ ਹੈ ਅਤੇ ਜਿਸ ਵਿਚ ਸਾਰੀ ਦੁਨੀਆ ਦੇ ਸ਼ਹੀਦਾਂ ਅਤੇ ਦੁਨੀਆ ਨੂੰ ਬਦਲਣ ਵਾਲੇ ਇਨਕਲਾਬੀਆਂ ਤੇ ਇਨਕਲਾਬਾਂ ਨਾਲ ਰੂਹਾਨੀ ਸਾਂਝਾ ਦੀ ਇਕ ਖੁਸ਼ਬੋ ਹੈ ਜੋ ਕਿਸੇ ਵੀ ਦਸਤਾਵੇਜ਼ ਦੇ ਰੂਪ ਵਿਚ ਅਸਾਂ ਨਾ ਕਦੇ ਵੇਖੀ ਹੈ ਤੇ ਨਾ ਸਾਨੂੰ ਕਿਤੋਂ ਲੱਭੀ ਹੈ। ਇਹ ਸਤਰਾਂ ਇਸ ਤਰ੍ਹਾਂ ਹਨ, ‘ਅਸੀਂ (ਰਾਸ਼ਟਰਪਤੀ ਜੀ) ਤੁਹਾਡੇ ਰਾਹੀਂ ਇਹ ਪੈਗ਼ਾਮ ਦੇਣਾ ਚਾਹੁੰਦੇ ਹਾਂ ਕਿ ਸਾਡੇ ਹਿੰਦੁਸਤਾਨ ਦੇ ਮਹਾਨ ਲੋਕਾਂ, ਇਸ ਦੀ ਧਰਤੀ ਨਾਲ ਕੋਈ ਵੈਰ ਵਿਰੋਧ ਜਾਂ ਦੁਸ਼ਮਣੀ ਨਹੀਂ। ਉਨ੍ਹਾਂ ਪ੍ਰਤੀ ਨਫ਼ਰਤ ਦੀ ਭਾਵਨਾ ਦੇ ਅਸੀਂ ਨੇੜੇ ਤੇੜੇ ਵੀ ਨਹੀਂ ਹਾਂ। ਅਸੀਂ ਤਾਂ ਧਰਤ ਅਸਮਾਨ ਨੂੰ ਆਪਣੀ ਗਲਵੱਕੜੀ ਵਿਚ ਲੈਣ ਲਈ ਬੇਹਬਲ ਹਾਂ ਅਤੇ ਸਮੁੱਚੇ ਬ੍ਰਹਿਮੰਡ ਵਿਚ ਵਸਦੀ ਰਸਦੀ ਜ਼ਿੰਦਗੀ ਦੀ ਆਰਤੀ ਉਤਾਰਦੇ ਹਾਂ।’
ਕੀ ਉਪਰੋਕਤ ਸਤਰਾਂ ਵਿਚ ਗੁਰੂ ਨਾਨਕ ਸਾਹਿਬ ਵਲੋਂ ਬ੍ਰਹਿਮੰਡ ਵਿਚ ਚੱਲ ਰਹੀ ਆਰਤੀ ਬਾਰੇ ਸਿਰਜੇ ਇਕ ਮਹਾਨ ਸ਼ਬਦ ਦੇ ਉਪਦੇਸ਼ ਦੀ ਵਿਆਖਿਆ ਇਕ ਨਿਰਾਲੇ ਅੰਦਾਜ਼ ਵਿਚ ਇਹ ਸ਼ਹੀਦ ਪੇਸ਼ ਨਹੀਂ ਕਰ ਰਹੇ ਜਾਪਦੇ? ਇਸੇ ਚਿੱਠੀ ਵਿਚ ਸੰਸਾਰ ਭਰ ਦੇ ਸ਼ਹੀਦਾਂ ਨੂੰ ਕੁਝ ਇਸ ਤਰ੍ਹਾਂ ਸ਼ਰਧਾਂਜਲੀ ਭੇਟ ਕੀਤੀ ਗਈ ਹੈ, ‘ਖਾਲਸੇ ਦਾ ਨਾਅਰਾ ਹੈ ਕਿ ਮੌਤ ਕਿਤੇ ਵੀ ਆਵੇ, ਖਿੜੇ ਮੱਥੇ ਕਬੂਲ ਕਰੋ। ਇਸ ਲਈ ਸੰਸਾਰ ਭਰ ਵਿਚ ਆਜ਼ਾਦੀ ਦੇ ਜਜ਼ਬੇ ਨਾਲ ਬਲ ਰਹੇ ਯੋਧਿਆਂ ਨੂੰ ਆਖਣਾ ਕਿ ਸਾਡੀ ਲਲਕਾਰ ਮੱਠੀ ਨਾ ਪਵੇ ਅਤੇ ਮੈਦਾਨੇ ਜੰਗ ਵਿਚ ਉਨ੍ਹਾਂ ਦੀਆਂ ਗੋਲੀਆਂ ਦੀ ਤੜ-ਤੜ ਸਾਡੀ ਮੌਤ ਦੇ ਵੈਣ ਹੋਣ। ਫਾਂਸੀ ਦਾ ਰੱਸਾ ਸਾਨੂੰ ਯਾਰੜੇ ਦੀ ਗਲਵੱਕੜੀ ਵਾਂਗ ਹੀ ਪਿਆਰਾ ਹੈ, ਪਰ ਜੇ ਸਾਡੇ ਉਤੇ ਜੰਗੀ ਕੈਦੀ ਹੋਣ ਦਾ ਇਲਜ਼ਾਮ ਹੈ ਤਾਂ ਅਸੀਂ ਚਾਹਾਂਗੇ ਕਿ ਸਾਡੀਆਂ ਹਿੱਕਾਂ ਵਿਚਲੇ ਸੱਚ ਨੂੰ ਗੋਲੀਆਂ ਦੇ ਚੁੰਮਣ ਮਿਲਣ ਤਾਂ ਜੋ ਸਾਡੇ ਗਰਮ ਲਹੂ ਨਾਲ ਖਾਲਿਸਤਾਨ ਦੀ ਪਵਿੱਤਰ ਜ਼ਮੀਨ ਹੋਰ ਵੀ ਜਰਖੇਜ਼ ਹੋ ਜਾਏ।’
ਕੀ ਉਪਰੋਕਤ ਗਵਾਹੀਆਂ ਇਹ ਸਪਸ਼ਟ ਨਹੀਂ ਕਰਦੀਆਂ ਕਿ ਇਹ ਸ਼ਹਾਦਤ ਸੱਚ ਮੁੱਚ ਹੀ ਇਕ ਅਦੁੱਤੀ ਕਿਸਮ ਦੀ ਕੁਰਬਾਨੀ ਹੈ।  ਬਰਤਾਨੀਆ ਦੇ ਇਕ ਜਰਨੈਲ ਡਿਊਕ ਆਫ਼ ਵਾਲਿੰਗਟਨ ਨੇ ਨੈਪੋਲੀਅਨ ਦੀ ਮਹਾਨਤਾ ਬਾਰੇ ਟਿੱਪਣੀ ਕਰਦਿਆਂ ਕਿਹਾ ਸੀ ਕਿ ਜਦੋਂ ਉਹ ਮੈਦਾਨੇ ਜੰਗ ਵਿਚ ਉਤਰਦਾ ਹੈ ਤਾਂ ਉਸ ਦੀ ਮੌਜੂਦੀ ਦਾ ਕੱਦ 40 ਹਜ਼ਾਰ ਬੰਦਿਆਂ ਦੇ ਬਰਾਬਰ ਹੋ ਜਾਂਦਾ ਹੈ। ਕੀ ਇਸ ਤਰ੍ਹਾਂ ਮਹਿਸੂਸ ਨਹੀਂ ਹੁੰਦਾ ਕਿ ਸੁੱਖਾ-ਜਿੰਦਾ ਦੀ ਸ਼ਹਾਦਤ ਵਿਚ ਵੀ ਵਰਤਮਾਨ ਸਮਿਆਂ ਦੇ ਸਾਰੇ ਸ਼ਹੀਦ ਪੂਰੀ ਤਰ੍ਹਾਂ ਸਮਾ ਜਾਂਦੇ ਹਨ।
ਔਰੰਗਜ਼ੇਬ ਦੇ ਸਮੇਂ ਦਾ ਇਕ ਕਾਮਲ ਸੂਫ਼ੀ ਦਰਵੇਸ਼ ਸਰਮਦ ਅੱਜ ਯਾਦ ਆ ਗਿਆ ਹੈ। ਨਗ਼ਮਾ-ਏ-ਸਰਮਦ ਦੇ ਲੇਖਕ ਅਰਸ਼ ਮਲਸਿਆਨੀ ਮੁਤਾਬਕ ਸਰਮਦ ਨੇ ਸੂਲੀ ਚੜ੍ਹਨ ਤੋਂ ਪਹਿਲਾਂ ਸ਼ਹਾਦਤ ਦੇ ਚਾਅ ਵਿਚ ਇਹ ਸ਼ੇਅਰ ਪੜ੍ਹਿਆ:
ਉਮਰੀਸਤ ਕਿਹ ਆਵਾਜ਼ਾ-ਏ-ਮਨਸੂਰ ਕੁਹਨ ਸ਼ੁਦ
ਮਨ ਅਜ਼ ਸਰੇ-ਨੌ ਜਲਵਾ ਦਿਹਮ ਦਾਰੋ-ਰਸਨ ਰਾ।
ਭਾਵ ਚਿਰ ਹੋਇਆ ਕਿ ਮਨਸੂਰ ਦਾ ਨਾਅਰਾ-ਏ-ਹੱਕ ਦਾ ਕਿੱਸਾ ਪੁਰਾਣਾ ਹੋ ਗਿਆ ਸੀ, ਮੈਂ ਨਵੇਂ ਸਿਰਿਉਂ ਫਾਂਸੀ ਤੇ ਉਸ ਦੇ ਰੱਸੇ ਦਾ ਜਲਵਾ ਦਿਖਾਉਣ ਲੱਗਾ ਹਾਂ।
ਕੀ ਅੱਜ ਸਾਨੂੰ ਵੀ ਇਹ ਮਹਿਸੂਸ ਨਹੀਂ ਹੋ ਰਿਹਾ ਕਿ ਸੁੱਖਾ-ਜਿੱਦਾ ਦੀ ਸ਼ਹਾਦਤ ਨੇ ਵੀ ਫਾਂਸੀ ਤੇ ਉਸ ਦੇ ਰੱਸੇ ਦੇ ਜਲਵੇ ਨੂੰ ਆਪਣੇ ਨਿਰਾਲੇ ਤੇ ਅਨੂਠੇ ਅੰਦਾਜ਼ ਵਿਚ ਨਵੇਂ ਸਿਰਿਉਂ ਪੇਸ਼ ਕੀਤਾ ਹੈ? ਅੱਜ ਦੋਵਾਂ ਸ਼ਹੀਦਾਂ ਦੀ ਇਸ ਬਰਸੀ ਦੇ ਮੌਕੇ ‘ਤੇ ਇਸ ਅਦੁੱਤੀ ਸ਼ਹਾਦਤ ਵਿਚ ਲੁਕੇ ਇਤਿਹਾਸਕ, ਮਨੋਵਿਗਿਆਨਕ ਅਤੇ ਰਹੱਸਵਾਦੀ ਅਰਥਾਂ ਦੀਆਂ ਗਹਿਰਾਈਆਂ ਅਤੇ ਬੁਲੰਦੀਆਂ ਨੂੰ ਸ਼ਬਦਾਂ ਵਿਚ ਉਤਾਰਨ ਲਈ ਵਿਦਵਾਨਾਂ ਦੀ ਇੰਤਜ਼ਾਰ ਵਿਚ ਸਾਡੀਆਂ ਉਡੀਕਾਂ ਨੇ ਅਜੇ ਦਮ ਨਹੀਂ ਤੋੜਿਆ।