ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਜੀ ਦਾ ਆਪਣੇ ਪਿੰਡ ਝੂੰਦਾਂ ਨਾਲ ਮੋਹ

ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਜੀ ਦਾ ਆਪਣੇ ਪਿੰਡ ਝੂੰਦਾਂ ਨਾਲ ਮੋਹ

ਜਨਮ ਦਿਨ ਤੇ ਵਿਸ਼ੇਸ਼  
ਡਾ. ਸਤਵੰਤ ਕੌਰ (ਮੋਬਾਇਲ ਨੰ: 98783-55944)
ਜਿਉਂ ਹੀ ਅਕਤੂਬਰ ਮਹੀਨਾ ਨੇੜੇ ਆਉਂਦਾ ਹੈ, ਮੈਨੂੰ ਉਨ੍ਹਾਂ ਦੇ ਜਨਮ ਦਿਨ ਦੀ ਅਭੁੱਲ ਯਾਦ ਖਲਬਲੀ ਜਿਹੀ ਮਚਾਉਂਦੀ ਲੱਗਦੀ ਹੈ। ਬੇਸ਼ੱਕ ਉਹ ਜਨਮ ਦਿਨ ਮਨਾਉਣ (ਸਿਵਾਏ ਗੁਰੂ ਪੈਗੰਬਰਾਂ ਤੋਂ) ਵਿੱਚ ਵਿਸ਼ਾਵਸ਼ ਨਹੀਂ ਕਰਦੇ ਸਨ – ਪਰ ਮੇਰੀ ਮੰਮੀ ਕੜਾਹ ਪ੍ਰਸ਼ਾਦ ਦੀ ਦੇਗ ਹਮੇਸ਼ਾ ਭੇਟ ਕਰਦੀ ਸੀ। ਇਹ ਰਵਾਇਤ ਹੁਣ ਵੀ ਬਰਕਰਾਰ ਹੈ। ਪਾਪਾ ਜੀ ਨੂੰ ਆਪਦੇ ਪਿੰਡ ਝੂੰਦਾਂ ਨੇੜੇ ਅਮਰਗੜ੍ਹ ਜਾਣ ਦਾ ਬੜਾ ਚਾਅ ਹੁੰਦਾ ਸੀ। ਪਿੰਡ ਜਾਣ ਲਈ ਉਹ ਹਮੇਸ਼ਾ ਹੀ ਉਤਾਵਲੇ ਰਹਿੰਦੇ ਸਨ, ਜਿਵੇਂ ਬੱਚਿਆਂ ਨੂੰ ਨਾਨਕੇ ਘਰ ਜਾਣ ਲਈ ਛੁੱਟੀਆਂ ਦੀ ਉਡੀਕ ਹੁੰਦੀ ਹੈ, ਉਵੇਂ ਹੀ ਉਹ ਗਰਮੀਆ ਦੀਆ ਲੰਬੀਆਂ ਛੁੱਟੀਆਂ ਤੇ ਸਰਦੀਆਂ ਦੀਆਂ ਵੱਡੇ ਦਿਨਾਂ ਦੀਆਂ ਛੁੱਟੀਆਂ ਜਿਨ੍ਹਾਂ ਨੂੰ ਉਹ ਸਭਾ ਦੀਆਂ ਛੁੱਟੀਆਂ ਕਹਿੰਦੇ ਸਨ, ਪੂਰੀਆਂ ਛੁੱਟੀਆਂ ਪਿੰਡ ਬਿਤਾਉਂਦੇ ਸਨ – ਭਾਵੇਂ ਉਹ ਗੜ੍ਹਦੀਵਾਲੇ ਨੂੰ ਬਹੁਤ ਮੋਹ ਕਰਦੇ ਸਨ ਪ੍ਰੰਤੂ ਝੂੰਦਾਂ ਪਿੰਡ ਦੀ ਜੂਹ ਵਿੱਚ ਪ੍ਰਵੇਸ਼ ਕਰਦਿਆਂ ਉਨ੍ਹਾਂ ਨੂੰ ਚਾਅ ਚੜ੍ਹ ਜਾਂਦਾ ਸੀ। ਚਾਅ ਤਾਂ ਉਨ੍ਹਾਂ ਨੂੰ ਲੁਧਿਆਣੇ ਪਹੁੰਚਦਿਆਂ ਹੀ ਚੜ੍ਹ ਜਾਂਦਾ ਸੀ ਕਿਉਂਕਿ ਏਥੇ ਉਨ੍ਹਾਂ ਦੀ ਰੂਹ ਦੀ ਖੁਰਾਕ, ‘ਲਾਹੌਰ ਬੁੱਕ ਸ਼ਾਪ’ ਸੀ। ਬਸ ਲੁਧਿਆਣਾ ਸ਼ੁਰੂ ਹੋਇਆ ਨਹੀਂ ਉਹ ਆਪਣਾ ਖਾਕੀ ਝੋਲਾ ਬਾਂਹ ਵਿੱਚ ਪਾ ਕੇ ਬੱਸ ਤੋਂ ਉਤਰ ਕੇ ਟੈਂਪੂ ਲੈ ਲੈਂਦੇ ਕਈ ਵਾਰ ਤਾਂ ਉਹ ਸਾਨੂੰ ਯਾਨੀ ਮੈਨੂੰ ਤੇ ਮੰਮੀ ਨੂੰ ਭੁੱਲ ਹੀ ਜਾਂਦੇ ਕਿ ਇਹ ਵੀ ਮੇਰੇ ਨਾਲ ਆਈਆਂ ਹਨ। ਜਦੋਂ ਦੋ ਤਿੰਨ ਘੰਟੇ ਲਾ ਕੇ ਆਉਣਾ ਉਨ੍ਹਾਂ ਦੇ ਦੋਵੇਂ ਹੱਥ ਕਿਤਾਬਾਂ ਦੇ ਵੱਡੇ ਬੰਡਲਾਂ ਨਾਲ ਭਰੇ ਹੁੰਦੇ ਸਨ। ਹਰੇਕ ਲਈ ਕਿਤਾਬ ਦਾ ਤੋਹਫਾ ਲੈ ਕੇ ਜਾਂਦੇ। ਮੇਰੇ ਚਾਚਾ ਜੀ ਡਾ: ਗੁਰਤਰਨ ਸਿੰਘ ਦੇ ਬੱਚਿਆਂ ਲਈ ਕਿਤਾਬਾਂ ਦੀਆਂ ਸੌਗਾਤਾਂ ਲੈ ਕੇ ਘਰ ਦੇ ਵੱਡੇ ਸਾਰੇ ਵਿਹੜੇ ਵਿੱਚ ਪ੍ਰਵੇਸ਼ ਕਰਦੇ ਤਾਂ ਸਭ ਨੂੰ ਚਾਅ ਚੜ੍ਹ ਜਾਂਦਾ। ਇਹ ਤਿੰਨੇ ਭੈਣ ਭਰਾ ਪਾਪਾ ਜੀ ਨੂੰ ਬਹੁਤ ਪਿਆਰ ਕਰਦੇ ਸਨ। ਗਰਮੀਆਂ ਦੀਆ ਛੁੱਟੀਆਂ ਵਿੱਚ ਦੋ ਢਾਈ ਮਹੀਨੇ ਪਿੰਡ ਬਿਤਾਉਣੇ – ਸਾਰਾ ਪਿੰਡ ਹੀ ਉਨ੍ਹਾਂ ਦਾ ਬੜਾ ਚਾਅ ਕਰਦਾ ਸੀ, ਜੇਠ ਹਾੜ ਦੀ ਟੀਟ ਗਰਮੀ ਉਨ੍ਹਾਂ ਆਪਣੇ ਜੱਦੀ ਘਰ ਦੇ ਚੁਬਾਰੇ ਵਿੱਚ ਰਹਿ ਕੇ ਚਾਚਾ ਜੀ ਨੂੰ ਹਰ ਨਵੀਂ ਲਿਖਤ ਘੰਟਿਆਂ ਬੱਧੀ ਸੁਣਾਉਣੀ। ਫੇਰ ਦਿਨ ਢਲੇ ਪਿੰਡ ਦੀ ਹਲਟੀ ਵੱਲ ਸੈਰ ਕਰਨ ਜਾਣਾ। ਗੱਲ ਕੀ ਪਿੰਡ ਦੀ ਹਰ ਸ਼ੈਅ ਮਸਜਿਦ ਵਾਲਾ ਗੁਰਦੁਆਰਾ ਜਿਸਨੂੰ ਉਹ ਅੰਤਾਂ ਦਾ ਮੋਹ ਕਰਦੇ ਸਨ। ਸਾਡੇ ਪਿੰਡ ਵਾਲੇ ਲੋਕ ਆਪ ਦੀ ਨਾ ਸਮਝੀ ਕਾਰਨ ਇਸ ਗੁਰਦੁਆਰੇ ਨੂੰ ਪਿੰਡ ਤੋਂ ਬਾਹਰ ਲਿਜਾਣਾ ਚਾਹੁੰਦੇ ਸਨ। ਰੱਬ ਦਾ ਸ਼ੁਕਰ ਹੈ ਕਿਤੇ ਅਜਿਹੀ ਗਲਤੀ ਨਹੀਂ ਕਰ ਬੈਠੇ।
ਪਾਪਾ ਜੀ ਦੀ ਵੱਡ ਆਕਾਰੀ ਕਾਵਿ ਪੁਸਤਕ ‘ਝਨਾਂ ਦੀ ਰਾਤ’ ਜੋ ਸੱਤ ਕਿਤਾਬਾਂ ਦਾ ਸੰਗ੍ਰਹਿ ਹੈ – ਇਨ੍ਹਾਂ ਵਿੱਚ ਕਿਹੜੀ ਜ਼ਿਅਦਾ ਵਧੀਆ ਹੈ ਚੁਣਨੀ ਓਨੀ ਹੀ ਔਖੀ ਹੈ, ਜਿਵੇਂ ਕਿਸੇ ਚੂੜੇ ਲੱਦੀਆਂ ਬਾਂਹਾਂ ਵਾਲੀ ਕੁੜੀ ਨੂੰ ਕਹਿਣਾ ਕਿ ਇਕ ਵੰਗ ਛਣਕਾ ਕੇ ਵਿਖਾ। ਪਤਾ ਨਹੀਂ ਕਿਉਂ ਮੈਨੂੰ ‘ਪਿਆਰੇ ਦਾ ਦੇਸ’ ਕਾਵਿ ਪੁਸਤਕ, ਜਿਸ ਵਿੱਚ ਉਨ੍ਹਾਂ ਨੇ ਆਪਦੇ ਤੇਤੀ ਚੱਕ ਪਿੰਡ ਦੇ ਵਿਛੋੜੇ ਨੂੰ ਜਰਿਆ ਤੇ ਪਕਿਸਤਾਨ ਛੱਡਣ ਵੇਲੇ ਦੇ ਹਉਕੇ ਤੇ ਹੇਰਵੇ ਨੂੰ ਬਹੁਤ ਦਰਦਮਈ ਰੌਂਅ ਵਿੱਚ ਬਿਆਨ ਕੀਤਾ ਹੈ। ਚਲੋਂ ਸ਼ੁਕਰ ਹੈ ਕਿ ਮੈਨੂੰ ਇਹਨਾਂ ਕਿਤਾਬਾਂ ਦੇ ਖਰੜੇ ਤਿਆਰ ਕਰਨ ਦਾ ਮੌਕਾ ਮਿਲਿਆ ਹੈ। ਪਾਪਾ ਜੀ ਦੀ ਕਵਿਤਾ ਤੇ ਵਾਰਤਕ ਨੂੰ ਜਿੰਨਾ ਡਾ. ਗੁਰਤਰਨ ਸਿੰਘ ਜੀ ਨੇ ਸਮਝਿਆ ਤੇ ਹੰਢਾਇਆ ਹੈ ਸ਼ਾਇਦ ਹੀ ਕਿਸੇ ਹੋਰ ਨੂੰ ਇਹ ਸੁਭਾਗ ਮਿਲਿਆ ਹੋਵੇਗਾ। ਆਪਦੀ ਹਰ ਲਿਖਤ ਨੂੰ ਖਰੜੇ ਰੂਪ ਵਿੱਚ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਹੀ ਸੁਣਾਉਂਦੇ ਸਨ। ਵਾਰਤਕ ਦੀਆਂ ਅੱਠ ਕਿਤਾਬਾਂ ਦੇ ਸੰਗ੍ਰਹਿ ਵਾਲੀ ਪੁਸਤਕ ‘ਸਹਿਜੇ ਰਚਿਓ ਖ਼ਾਲਸਾ’ ਦੀਆਂ ਪੰਜ ਕਿਤਾਬਾਂ ਅੰਗਰੇਜੀ ਵਿੱਚ ਅਨੁਵਾਦ ਕਰ ਚੁੱਕੇ ਹਨ ਜਿਵੇਂ ਕਿ:
1. Sikh Scripture : A Revealed Journey to world Religions.
2. As The Sun of Suns Rose : The Darkness of the Creeds was Dispelled.
3. Sikh Gurus/Prophets : The Manifistation of Eternal Victory.
4. Shri Guru Granth Sahib/ Sikh Scripture The Word Unfathgmable/ Immeasurable.
5. Harinder Singh Mehboob : A Poetics of world Scripture, Epic, Sacred Poetry, Fiction, Drama, History, Philosophy and other forms of literature.
ਵਾਹ ਡਾ. ਸਾਹਿਬ (ਗੁਰਤਰਨ ਸਿੰਘ) ਕਮਾਲ ਹੀ ਕਰ ਦਿੱਤੀ। ਇਨ੍ਹਾਂ ਪੁਸਤਕਾ ਨੇ ਸਿੱਖ ਧਰਮ ਨੂੰ ਅਜਿਹੇ ਮੁਕਾਮ ਤੇ ਲਿਆ ਖੜਾ ਕਰ ਦਿੱਤਾ ਹੈ ਕਿ ਸਿੱਖ ਧਰਮ ਦੇ ਖੋਜ ਕਰਨ ਦਾ ਕਾਰਜ ਬਾਹਰਲੀਆਂ ਯੂਨੀਵਰਸਿਟੀਆਂ ਵਿੱਚ ਸ਼ੁਰੂ ਕਰਵਾ ਦਿੱਤਾ ਹੈ। ਇਸ ਤਰ੍ਹਾਂ ਕੁਲ 29 ਪੁਸਤਕਾਂ ਨੂੰ ਅੰਗਰੇਜ਼ੀ ਵਿੱਚ ਅਨੁਵਾਦ ਕਰਨ ਦਾ ਟੀਚਾ ਡਾ. ਸਾਹਿਬ ਨੇ ਉਲੀਕਿਆ ਹੈ ਪ੍ਰੰਤੂ ਇਹਨਾਂ ਪੁਸਤਕਾਂ ਤੇ ਛਪਾਈ ਦਾ ਖਰਚ ਬਹੁਤ ਆ ਰਿਹਾ ਹੈ। ਪਾਪਾ ਜੀ ਦੀਆਂ ਤਿੰਨ ਅਨੁਵਾਦਤ ਪੁਸਤਕਾਂ ਛਪ ਚੁੱਕੀਆਂ ਹਨ ਤੇ ਦੋ ਇਸੇ ਸਾਲ ਦੇ ਅੰਤ ਵਿੱਚ ਜਾਂ ਅਗਲੇ ਸਾਲ ਦੇ ਸ਼ੁਰੂ ਵਿੱਚ ਤੁਹਾਡੇ ਮੁਬਾਰਕ ਹੱਥਾਂ ਵਿੱਚ ਆ ਜਾਣਗੀਆਂ।
ਮੈਂ ਆਪ ਜੀ ਅੱਗੇ ਨਿਮਰਤਾ ਸਹਿਤ ਬੇਨਤੀ ਕਰਦੀ ਹਾਂ ਕਿ ਹਰ ਪੁਸਤਕ ਦੀ ਛਪਾਈ ਤੇ ਲਗਭਗ 4500 ਡਾਲਰ ਤੋਂ 5500 ਅਮਰੀਕਨ ਡਾਲਰ ਖਰਚਾ ਹੁੰਦਾ ਹੈ। ਜੋ ਕਿ ਦਾਨੀ ਸੱਜਣ ਸਿੱਧਾ ਪੁਸਤਕ ਦੀ ਪ੍ਰੈਸ ਨੂੰ ਹੀ ਭੇਜਦੇ ਹਨ ਤਾਂ ਕਿ ਕੋਈ ਕਿੰਤੂ- ਪ੍ਰੰਤੂ ਇਸ ਪ੍ਰਤੀ ਖੜਾ ਨਾ ਹੋ ਸਕੇ। ਪਾਪਾ ਜੀ ਦੀਆਂ 29 ਪੁਸਤਕਾ ਛਪਣ ਯੋਗ ਹਨ, ਤਿੰਨ ਪੁਸਤਕਾਂ ਛਪ ਚੁੱਕੀਆਂ ਹਨ। ਬਾਕੀ ਪੁਸਤਕਾਂ ਲਈ ਵਿਸ਼ਵ ਦੇ ਸਿੱਖ ਰਲ ਕੇ ਯੋਗਦਾਨ ਪਾਉਣ ਤਾਂ ਕਿ ਕਿਸੇ ਇੱਕ ਵਿਅਕਤੀ ਤੇ ਜ਼ਿਆਦਾ ਬੋਝ ਨਾ ਪਵੇ। ਜਿਥੋਂ ਤੱਕ ਰਾਇਲਟੀ ਦਾ ਸੁਆਲ ਹੈ ਹਾਲੇ ਬਹੁਤ ਥੋੜੀ ਆਈ ਹੈ। ਜੋ ਕਿ ਚੈੱਕ ਦੇ ਰੂਪ ਵਿੱਚ ਆਉਂਦੀ ਹੈ ਅਤੇ ਟਰੱਸਟ ਦੇ ਧਿਆਨ ਵਿੱਚ ਹੈ।
ਸਭ ਤੋਂ ਜਰੂਰੀ ਨੁਕਤਾ ਕਿ ਪੰਜਾਬ ਦੀਆਂ ਕੁਲ ਯੂਨੀਵਰਸਿਟੀਆਂ ਇਸ ਕੰਮ ਨੂੰ ਬਿਲਕੁਲ ਨਕਾਰ ਚੁੱਕੀਆਂ ਹਨ, ਉਹ ਇਸ ਕੰਮ ਤੋਂ ਬੇਮੁੱਖ ਹੀ ਨਹੀਂ ਹੋਈਆਂ ਸਗੋਂ ਅਣਡਿੱਠ ਵੀ ਕਰ ਰਹੀਆਂ ਹਨ। ਜਦੋਂ ਸਿਦਕਵਾਨ ਪ੍ਰਤਿਭਾ ਦਾ ਸਿਦਕ ਡੋਲਦਾ ਹੈ ਤਾਂ ਧਰਮ ਦੀ ਨਿਵਾਣ ਸ਼ੁਰੂ ਹੁੰਦੀ ਹੈ। ਖਾਲਸਾ ਜੀ ਸਾਡੇ ਕੋਲ ਪ੍ਰੋ. ਪੂਰਨ ਸਿੰਘ ਤੇ ਪ੍ਰੋ. ਮਹਿਬੂਬ ਜੀ ਦਾ ਕਾਵਿ ਜਗਤ ਕਿਸੇ ਤਰ੍ਹਾਂ ਵੀ ਡਾਟੇ, ਰੂਮੀ, ਵਰਡਜ਼ਵਰਥ, ਥਾਮਸ ਹਾਰਡੀ ਤੇ ਸ਼ੈਲੇ ਵਰਗੇ ਮਹਾਨ ਕਵੀਆਂ ਦੀ ਪਹਿਚਾਣ ਤੋਂ ਘੱਟ ਨਹੀਂ। ਸੋ ਪ੍ਰੋ. ਸਾਹਿਬ ਦੀਆਂ ਲਿਖਤਾਂ ਨੂੰ ਆਉਣ ਵਾਲੀਆਂ ਕੌਮਾਂ ਲਈ ਰਾਹ-ਦਿਸੇਰਾ ਬਣਾਉਣਾ ਹੈ। ਸਿੱਖ ਧਰਮ ਨੂੰ ਇਹਨਾਂ ਉਪਰੋਕਤ ਯਤਨਾਂ ਰਾਹੀਂ ਦੁਨੀਆਂ ਵਿੱਚ ਪਹੁੰਚਾਉਣ ਲਈ ਪ੍ਰੋ. ਹਰਿੰਦਰ ਸਿੰਘ ਜੀ ਦੀਆਂ ਪੁਸਤਕਾਂ ਦਾ ਅੰਗਰੇਜ਼ੀ ਤਰਜਮਾ ਸਾਡੇ ਟਰੱਸਟ ਵਲੋਂ ਵੀ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਰਿਟਾਇਰਡ ਪ੍ਰੋਫੈਸਰ ਡਾ. ਗੁਰਤਰਨ ਸਿੰਘ (ਸਾਡੇ ਚਾਚਾ ਜੀ) ਪ੍ਰਮੁੱਖ ਯੋਗਦਾਨ ਪਾ ਰਹੇ ਹਨ ਜੋ ਕਿ ਮੇਰੇ ਪਿਤਾ ਜੀ ਦੇ ਬਚਪਨ ਦੇ ਦੋਸਤ/ਭਰਾ ਰਹੇ ਹਨ। ਉਨ੍ਹਾਂ ਦੀਆ ਪੁਸਤਕਾਂ ਦੀ ਛਪਾਈ/ਸੁਧਾਈ ਲਈ ਕੋਈ ਵੀ ਤਸੱਲੀਬਖਸ਼ ਸਹਿਯੋਗ ਸਾਨੂੰ ਹਾਲੇ ਤੱਕ ਨਹੀਂ ਮਿਲ ਰਿਹਾ। ਸਗੋਂ ਕੁਝ ਸੱਜਣਾਂ ਵੱਲੋਂ ਇਸ ਦਾ ਗਿਣ ਮਿੱਥ ਕੇ ਵਿਰੋਧ ਵੀ ਹੋ ਰਿਹਾ ਹੈ। ਸਾਨੂੰ ਸਹਿਯੋਗ ਦੇਣ ਵਾਲੇ ਦਾਨੀ ਸੱਜਣ ਬਹੁਤ ਹੀ ਥੋੜੇ ਹਨ। ਪ੍ਰੰਤੂ ਡਾ. ਗੁਰਤਰਨ ਸਿੰਘ ਦੀ ਹਿੰਮਤ ਸਦਕਾ ਦੁਨੀਆਂ ਦੀਆਂ ਲਗਭਗ 33 (ਤੇਤੀ) ਪ੍ਰਮੁੱਖ ਪਾਰਲੀਮੈਂਟਾਂ ਵਿੱਚ ਇਸ ਧਰਮ ਦੇ ਕੰਮ ਦਾ ਮੌਨਸੂਨ ਸ਼ੁਰੂ ਹੋ ਚੁੱਕਿਆ ਹੈ, ਜਿਸਦੇ ਲਿਖਤੀ ਪ੍ਰਮਾਣੂ ਮੌਜੂਦ ਹਨ। ਵਿਸ਼ਵ ਦੀਆਂ ਯੂਨੀਵਰਸਿਟੀਆਂ ਦੇ ਧਰਮ ਇਤਿਹਾਸ ਦਰਸ਼ਨ ਅਤੇ ਸਾਹਿਤ ਦੇ ਦੋ ਸੌ ਪ੍ਰੋਫੈਸਰਾਂ ਨੂੰ ਈ ਮੇਲਾਂ ਰਾਹੀਂ ਇਸ ਧਰਮ ਅਤੇ ਉਪਰੋਕਤ ਸਾਹਿਤਕਾਰਾਂ ਬਾਰੇ ਜਾਣਕਾਰੀ ਦਿੱਤੀ ਜਾ ਚੁੱਕੀ ਹੈ।
ਇਸ ਲਈ ਜਰੂਰੀ ਹੈ ਕਿ ਜਦੋਂ ਵੀ ਕੋਈ ਸਿੱਖ ਧਰਮ ਪ੍ਰਤੀ ਜਾਣਕਾਰੀ ਜਾਂ ਖੋਜ ਸਬੰਧੀ ਦੁਨੀਆਂ ਦੇ ਕਿਸੇ ਵੀ ਦੇਸ਼ ਦੇ ਗੁਰਦੁਆਰੇ ਜਾਂ ਸਿੱਖ ਸੰਗਤ ਨੂੰ ਡੈਲੀਗੇਸ਼ਨ ਦੇ ਤੌਰ ਤੇ ਜਾਂ ਕੋਈ ਚਿੰਤਨ ਮਿਲਦਾ ਹੈ ਤਾਂ ਉਸਨੂੰ ਅਵੱਸ਼ ਪ੍ਰੋ. ਪੂਰਨ ਸਿੰਘ ਦੀਆਂ ਅੰਗਰੇਜ਼ੀ ਦੀਆਂ 17 ਪੁਸਤਕਾਂ ਅਤੇ ਪ੍ਰੋ. ਹਰਿੰਦਰ ਸਿੰਘ ਮਹਿਬੂਬ ਦੀਆਂ ਅੰਗਰੇਜੀ ਅਨੁਵਾਦ ਪੁਸਤਕਾਂ ਦਾ ਸੈੱਟ ਦਿੱਤਾ ਜਾਵੇ ਤਾਂ ਕਿ ਵਿਸ਼ਵ ਦੀਆਂ ਯੂਨੀਵਰਸਿਟੀਆਂ ਵਿੱਚ ਸਿੱਖ ਧਰਮ ਦੀ ਖੋਜ ਵਿਸ਼ਵ ਧਰਮਾਂ ਦੇ ਸਬੰਧ ਵਿੱਚ ਸ਼ੁਰੂ ਹੋ ਸਕੇ ਕਿਉਂਕਿ ਸਾਰੇ ਹੀ ਇਸ ਖੋਜ ਲਈ ਇਹਨਾਂ ਕਿਤਾਬਾਂ ਨੂੰ ਪ੍ਰਾਪਤ ਕਰਨ ਲਈ ਬੜੇ ਹੀ ਉਤਾਵਲੇ ਹਨ। ਸਭ ਤੋਂ ਜਰੂਰੀ ਨੁਕਤਾ ਜਿਹੜਾ ਮੈਂ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਨਾ ਚਾਹੁੰਦੀ ਹਾਂ ਕਿ ਪਾਪਾ ਜੀ ਨੇ ਰਾਜਨੀਤਿਕ ਲਾਭ ਜਾਂ ਸਿਆਸਤ ਤੋਂ ਪ੍ਰਭਾਵਤ ਹੋ ਕੇ ਕੁਝ ਨਹੀਂ ਲਿਖਿਆ। ਮੇਰੇ ਪਿੰਡ ਵਲੋਂ ਵੀ ਮੇਰੇ ਪਾਪਾ ਜੀ ਦੀਆਂ ਲਿਖਤਾਂ ਤੋਂ ਬਿਲਕੁਲ ਅਣਜਾਣ ਹੋਣ ਕਾਰਨ ਇਸਦਾ ਸ਼ੁਰੂ ਵਿੱਚ ਹੀ ਸਿਆਸੀਕਰਨ ਹੋ ਚੁੱਕਿਆ ਹੈ। ਇਸੇ ਲਈ ਉਨ੍ਹਾਂ ਦੀਆਂ ਲਿਖਤਾਂ ਨੂੰ ਛਪਵਾਉਣ ਲਈ ਕੰਮ ਕਰਵਾਉਣ ਵਾਲਿਆਂ ਦੀ ਕੋਈ ਦਿਲੀ ਮਦਦ ਤਾਂ ਕੀ ਕਰਨੀ ਸੀ ਸਗੋਂ ਆਰਥਿਕ ਮਦਦ ਵੀ ਨਹੀਂ ਕੀਤੀ। ਜੇਕਰ ਥੋੜੀ ਬਹੁਤੀ ਸਮਝਦਾਰੀ ਤੋਂ ਕੰਮ ਲਿਆ ਜਾਵੇ ਤਾਂ ਜਿਵੇਂ ਕਨੇਡਾ, ਅਮਰੀਕਾ, ਜਰਮਨੀ, ਅਸਟ੍ਰੇਲੀਆ ਤੇ ਹੋਰ ਮੁਲਕਾਂ ਵਿੱਚ ਇਸ ਅਨੁਵਾਦਤ ਕੰਮ ਨੂੰ ਸਲਾਹਿਆ ਜਾ ਰਿਹਾ ਹੈ ਤਾਂ ਮੈਂ ਦਾਅਵੇ ਨਾਲ ਕਹਿੰਦੀ ਹਾਂ ਕਿ ਉਹ ਦਿਨ ਦੂਰ ਨਹੀਂ ਜਦੋਂ ਸਿੱਖ ਧਰਮ ਆਪਣੀ ਵੱਖਰੀ ਸ਼ਾਨ ਤੇ ਪਹਿਚਾਣ ਨਾਲ ਇੱਕ ਵੱਖਰਾ ਤੇ ਸੁੱਚਮਤਾ ਦਾ ਪ੍ਰਤੀਕ ਬਣਕੇ ਉਭਰੇਗਾ। ਸਾਨੂੰ ਸਿਰਫ ਡਾ. ਗੁਰਤਰਨ ਸਿੰਘ ਵਾਂਗ ਆਪਦੇ ਕੰਮ ਵਿੱਚ ਲਗਨ ਤੇ ਜਨੂੰਨ ਲਿਆਉਣਾ ਪਵੇਗਾ।
ਮੈਂ ਨਿਮਰਤਾ ਸਹਿਤ ਦੱਸਣਾ ਚਾਹੁੰਦੀ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਭੋਲੇ ਤੇ ਅਣਜਾਣ ਹਨ ਕਿ ਸਾਡੀਆਂ ਯੂਨੀਵਰਸਿਟੀਆਂ ਕੀ ਕਰ ਰਹੀਆਂ ਹਨ। ਸਿੱਖਿਆ ਮੰਤਰੀ ਮਿਹਨਤ ਕਰਨ ਦੇ ਬਾਵਜੂਦ ਕਿ ਦੁਨੀਆਂ ਵਿੱਚ ਧਰਮ ਨੂੰ ਅੱਗੇ ਕਿਵੇਂ ਲਿਆਉਣਾ ਹੈ ਇਸ ਪ੍ਰਤੀ ਆਲਸੀ ਹਨ, ਜਦੋਂ ਛੱਤ ਡਿੱਗਦੀ ਹੈ ਤਾਂ ਘਰ ਦੀ ਸਫਾਈ ਕੋਈ ਮਾਇਨੇ ਨਹੀਂ ਰੱਖਦੀ। ਖਾਲਸਾ ਜੀ, ਜੇਕਰ ਸਿੱਖ ਕੌਮ ਇਹ ਰਲ ਕੇ ਯਤਨ ਕਰ ਲਏ ਤਾਂ ਦੋ ਸਾਲਾਂ  ਵਿੱਚ ਵਿਸ਼ਵ ਦੀ ਹਰ ਯੂਨੀਵਰਸਿਟੀ ਵਿੱਚ ਸਿੱਖ ਧਰਮ ਉਪਰ ਖੋਜ ਕਾਰਜ ਸ਼ੁਰੂ ਹੋ ਜਾਵੇਗਾ ਕਿ ਕਿਵੇਂ ਇਹ ਧਰਮ ਗ੍ਰੰਥ ਦੁਨੀਆਂ ਦਾ ਆਖਰੀ ਤੇ ਸਭ ਤੋਂ ਸੰਪੂਰਨ ਧਰਮ ਗ੍ਰੰਥ ਹੈ, ਜੋ ਕਿ ਸਿੱਖ ਕੌਮ ਦਾ ਦੁਨੀਆਂ ਵਿੱਚ ਨਿਆਰਾ ਅਤੇ ਵਿਲੱਖਣ ਰੁਤਬਾ ਪ੍ਰਾਪਤ ਕਰ ਚੁੱਕਾ ਹੈ।
ਮੈਂ ਆਪਣੀ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਕਰਦੀ ਹਾਂ ਕਿ ਉਪਰੋਕਤ ਲਿਖਤਾਂ ਨੂੰ ਹਰ ਕੋਨੇ ਤੱਕ ਪਹੁੰਚਾਉਣ ਤੇ ਇਨ੍ਹਾਂ ਦੀ ਛਪਾਈ ਤੇ ਹੋਣ ਵਾਲੇ ਖਰਚੇ ਬਾਰੇ ਵਿਚਾਰ ਵਟਾਂਦਰਾ ਕਰਕੇ ਮੱਦਦ ਕੀਤੀ ਜਾਵੇ ਜੀ। ਮਾਇਕ ਮੱਦਦ ਸਿੱਧੀ ਪ੍ਰੈਸ ਨੂੰ ਜਾਂ ਟਰੱਸਟ ਨੂੰ ਹੀ ਭੇਜੀ ਜਾਵੇ ਜੀ। ਇਹ ਯੂਨੀਵਰਸਿਟੀਆਂ ਸੈਮੀਨਾਰ ਤਾਂ ਬਹੁਤ ਕਰਵਾਉਂਦੀਆਂ ਹਨ, ਪਰ ਪ੍ਰੋ. ਪੂਰਨ ਸਿੰਘ ਅਤੇ  ਪ੍ਰੋ. ਹਰਿੰਦਰ ਸਿੰਘ ਮਹਿਬੂਬ ਸਾਹਿਬ ਦੀਆਂ ਲਿਖਤਾਂ ਤੇ ਨਾ ਕੋਈ ਸੈਮੀਨਾਰ ਕਰਵਾਇਆ ਹੈ ਤੇ ਨਾ ਹੀ ਕੋਈ ਪੁਸਤਕ ਕਿਸੇ ਸਿਲੇਬਸ ਵਿੱਚ ਲੱਗ ਸਕੀ ਹੈ। ਇਹ ਕਾਰਜ ਸਿਰਫ ਸਾਡੀ ਸਰਕਾਰ ਹੀ ਕਰਵਾ ਸਕਦੀ ਹੈ।