ਪਰਿਵਾਰਵਾਦ, ਭ੍ਰਿਸ਼ਟਾਚਾਰ, ਹੈਂਕੜਬਾਜ਼ੀ ਵਿਚ ਡੁੱਬਿਆ ਹੈ ਅਕਾਲੀ ਦਲ : ਪਰਗਟ ਸਿੰਘ

ਪਰਿਵਾਰਵਾਦ, ਭ੍ਰਿਸ਼ਟਾਚਾਰ, ਹੈਂਕੜਬਾਜ਼ੀ ਵਿਚ ਡੁੱਬਿਆ ਹੈ ਅਕਾਲੀ ਦਲ : ਪਰਗਟ ਸਿੰਘ

ਮੁੱਖ ਮੰਤਰੀ ਨੂੰ ਲਿਖੀ ਚਿੱਠੀ ‘ਚ ਸੁਖਬੀਰ ਬਾਦਲ ‘ਤੇ ਕੀਤੇ ਤਿੱਖੇ ਹਮਲੇ
ਚੰਡੀਗੜ੍
ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਵਿਧਾਇਕ ਪਰਗਟ ਸਿੰਘ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਤਿੱਖੇ ਹਮਲੇ ਕੀਤੇ ਹਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਲਿਖੀ ਚਿੱਠੀ ਰਾਹੀਂ ਇਸ ਵਿਧਾਇਕ ਨੇ ਪਾਰਟੀ ਪ੍ਰਧਾਨ ‘ਤੇ ਦੋਸ਼ ਲਾਇਆ ਕਿ ਸੁਖਬੀਰ ਬਾਦਲ ਸਿੱਖੀ ਸਿਧਾਂਤਾਂ ਅਤੇ ਪਾਰਟੀ ਨੂੰ ਦਾਅ ‘ਤੇ ਲਾ ਕੇ ਸਿਰਫ਼ ਪਰਿਵਾਰ ਦੀ ‘ਸੇਵਾ’ ਕਰ ਰਹੇ ਹਨ। ਅਕਾਲੀ ਵਿਧਾਇਕ ਨੇ ਸਰਕਾਰ ਅਤੇ ਪਾਰਟੀ ਦੀ ਕਾਰਗੁਜ਼ਾਰੀ ‘ਤੇ ਵੀ ਸਵਾਲੀਆ ਚਿੰਨ੍ਹ ਲਾਉਂਦਿਆਂ ਕਿਹਾ ਕਿ ਪੰਜਾਬ ਇਸ ਸਮੇਂ ਨਸ਼ਿਆਂ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਭੂ-ਮਾਫੀਆ ਅਤੇ ਰੇਤ ਮਾਫੀਆ ਦੀ ਦਲਦਲ ਵਿੱਚ ਧਸਦਾ ਜਾ ਰਿਹਾ ਪਰ ਸਰਕਾਰ ਚਲਾਉਣ ਵਾਲਿਆਂ ਨੂੰ ਲੋਕਾਂ ਦੇ ਮਸਲਿਆਂ ਦੀ ਕੋਈ ਚਿੰਤਾ ਨਹੀਂ ਹੈ। ਅਕਾਲੀ ਦਲ ਵਿੱਚੋਂ ਕੀਤੀ ਗਈ ਮੁਅੱਤਲੀ ਬਾਰੇ ਉਨ੍ਹਾਂ ਕਿਹਾ ਕਿ ਮੁਅੱਤਲੀ ਦੇ ‘ਹੁਕਮ’ ਸਿਰਫ਼ ਮੀਡੀਆ ਰਾਹੀਂ ਹਾਸਲ ਹੋਏ ਹਨ ਅਤੇ ਅਜੇ ਤੱਕ ਕੋਈ ਨੋਟਿਸ ਨਹੀਂ ਦਿੱਤਾ ਗਿਆ। ਪਰਗਟ ਸਿੰਘ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਮੁਅੱਤਲੀ ਦੇ ਕੀਤੇ ਹੁਕਮਾਂ ਨੂੰ ਬਿਮਾਰ ਮਾਨਸਿਕਤਾ ਵਾਲੇ ਕਰਾਰ ਦਿੰਦਿਆਂ ਕਿਹਾ ਕਿ ਸ਼ਹੀਦਾਂ ਦੀ ਪਾਰਟੀ ਮੰਨਿਆ ਜਾਣ ਵਾਲਾ ਅਕਾਲੀ ਦਲ ਇਸ ਸਮੇਂ ਬੇਬਸੀ ਦਾ ਸ਼ਿਕਾਰ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਮੂਲ ਉਦੇਸ਼ਾਂ ਨੂੰ ਵਿਸਾਰਦਾ ਜਾ ਰਿਹਾ ਹੈ ਅਤੇ ਪਾਰਟੀ ਪ੍ਰਧਾਨ ਲਈ ਸੱਚ ਅਤੇ ਨਿਮਰਤਾ ਦਾ ਵਰਤਾਰਾ ਦੂਰ ਦੀ ਗੱਲ ਹੋ ਗਈ ਹੈ।
ਉਨ੍ਹਾਂ ਕਿਹਾ ਕਿ ਅਕਾਲੀ ਦਲ ‘ਰਾਜ ਨਹੀਂ ਸੇਵਾ’ ਦੇ ਨਾਅਰੇ ਦੀ ਜ਼ਮੀਨੀ ਹਕੀਕਤ ਨੂੰ ਪਛਾਣੇ। ਇਸ ‘ਸੇਵਾ’ ਤੋਂ ਪੰਜਾਬ ਦਾ ਕੋਈ ਵੀ ਵਰਗ ਸੰਤੁਸ਼ਟ ਨਹੀਂ ਹੈ। ਵਿਧਾਇਕ ਨੇ ਮੁੱਖ ਮੰਤਰੀ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਪਾਰਟੀ ਪ੍ਰਧਾਨ ਦੁਆਲੇ ਅਜਿਹੇ ਲੋਕਾਂ ਦਾ ਜਮਘਟਾ ਹੈ, ਜਿਹੜੇ ਆਪਣੀਆਂ ਰਾਜਨੀਤਕ ਲਾਲਸਾਵਾਂ, ਲੋੜਾਂ ਅਤੇ ਥੁੜ੍ਹਾਂ ਦੀ ਪੂਰਤੀ ਲਈ ਰੀੜ ਦੀ ਹੱਡੀ ਤੋਂ ਬਿਨਾਂ ਵਿਚਰ ਰਹੇ ਹਨ। ਪਾਰਟੀ ਪ੍ਰਧਾਨ ਨੇ ਆਪਣੀਆਂ ਅੱਖਾਂ ਅਤੇ ਕੰਨਾਂ ‘ਤੇ ਹੱਥ ਰੱਖ ਕੇ ਜੀਭ ਉਪਰ ਚੁੱਪ ਦਾ ਜਿੰਦਰਾ ਮਾਰਿਆ ਹੋਇਆ ਹੈ। ਧਰਮ ਅਤੇ ਸਿੱਖ ਸੰਸਥਾਵਾਂ ਦੀ ਨਿੱਜੀ ਹਿੱਤਾਂ ਲਈ ਦੁਰਵਰਤੋਂ ਕਰਨ ਦੇ ਦੋਸ਼ ਲਾਉਂਦਿਆਂ ਅਕਾਲੀ ਵਿਧਾਇਕ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਦੀ ਸੰਸਥਾ ਦਾ ਜਿੰਨਾ ਨੁਕਸਾਨ ਹੁਣ ਕੀਤਾ ਗਿਆ ਹੈ, ਏਨਾ ਪਹਿਲਾਂ ਕਦੇ ਵੀ ਨਹੀਂ ਹੋਇਆ। ਇਹ ਇਮਾਰਤੀ ਨੁਕਸਾਨ ਤੋਂ ਵੀ ਕਈ ਗੁਣਾ ਜ਼ਿਆਦਾ ਘਾਤਕ ਹੈ। ਪਰਗਟ ਸਿੰਘ ਨੇ ਮੁੱਖ ਮੰਤਰੀ ਨੂੰ ਸੰਬੋਧਨ ਕਰਿਦਆਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ (ਵੱਡੇ ਬਾਦਲ) ਤੋਂ ਬੇਮਿਸਾਲ ਰਾਜਨੀਤੀ ਦੇ ਗੁਰ ਨਹੀਂ ਸਿੱਖੇ। ਘੱਟੋ-ਘੱਟ ਜੇ ਉਹ ਨਿਮਰਤਾ ਭਰਪੂਰ ਵਰਤਾਅ ਦੇ ਗੁਣ ਨੂੰ ਹੀ ਅਪਣਾ ਲੈਂਦੇ ਤਾਂ ਪੰਜਾਬ ਅਤੇ ਪਾਰਟੀ ਦੋਵੇਂ ਵੱਡੇ ਸੰਤਾਪ ਤੋਂ ਬਚ ਸਕਦੇ ਸਨ। ਉਨ੍ਹਾਂ ਕਿਹਾ, ”ਸੁਖਬੀਰ ਨੇ ‘ਤਾਕਤ ਅਤੇ ਪੈਸੇ’ ਦੇ ਨਾਲ ਨਾਲ ਹੈਂਕੜ ਨੂੰ ਹਥਿਆਰ ਬਣਾ ਕੇ ਵਕਤੀ ਤੌਰ ਤੇ ਤਾਂ ‘ਝੱਟ’ਲੰਘਾ ਲਿਆ ਪਰ ‘ਸਮੇਂ’ ਇੱਦਾਂ ਕਦੇ ਲੰਘਿਆ ਨਹੀਂ ਕਰਦੇ। ਪਾਰਟੀ ਅਤੇ ਸਰਕਾਰ ਵਿੱਚ ਸ਼ਕਤੀਆਂ ਦੇ ਕੇਂਦਰੀਕਰਨ ਦਾ ਉਭਾਰ ਦੋਹਾਂ ਨੂੰ ਲੈ ਡੁੱਬੇਗਾ।”  ਅਕਾਲੀ ਦਲ ਵਿੱਚ ਸਹਿਮ ਦੇ ਮਾਹੌਲ ਬਾਰੇ ਪਰਗਟ ਸਿੰਘ ਨੇ ਕਿਹਾ ਕਿ ਕੁਝ ਲੋੜਾਂ, ਮਜਬੂਰੀਆਂ ਅਤੇ ਡਰ ਹੇਠ ਜੀਅ ਰਹੇ ਆਗੂਆਂ ਅਤੇ ਵਰਕਰਾਂ ਦੀ ਚੁੱਪ ਨੂੰ ਸਮਝਣ ਦਾ ਯਤਨ ਕੀਤਾ ਜਾਵੇ। ਅਜਿਹੀ ਚੁੱਪ ਵਿੱਚੋਂ ਹੀ ਹਨੇਰੀਆਂ ਅਤੇ ਤੂਫਾਨ ਜਨਮ ਲਿਆ ਕਰਦੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪੰਥ ਦੇ ਸਿਧਾਂਤ ਨੂੰ ਛੱਡ ਕੇ ਪਰਿਵਾਰਵਾਦ ਦੇ ਸਿਧਾਂਤ ‘ਤੇ ਚੱਲ ਪਿਆ ਹੈ।