ਕਰਤਾਰਪੁਰ ਸਾਹਿਬ ਦਾ ਲਾਂਘਾ : ਫਿਲਹਾਲ ਉਮੀਦਾਂ ‘ਤੇ ਫਿਰਿਆ ਪਾਣੀ

ਕਰਤਾਰਪੁਰ ਸਾਹਿਬ ਦਾ ਲਾਂਘਾ : ਫਿਲਹਾਲ ਉਮੀਦਾਂ ‘ਤੇ ਫਿਰਿਆ ਪਾਣੀ

ਮਨਜੀਤ ਸਿੰਘ ਟਿਵਾਣਾ

ਭਾਰਤ ਵੱਲੋਂ ਪਾਕਿਸਤਾਨ ਨਾਲ ਅਮਰੀਕਾ ਵਿਚ ਹੋਣ ਵਾਲੀ ਵਿਦੇਸ਼ ਮੰਤਰੀ ਪੱਧਰ ਦੀ ਮੁਲਾਕਾਤ ਨੂੰ ਰੱਦ ਕਰ ਦੇਣ ਤੋਂ ਬਾਅਦ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਹੋਣ ਵਾਲੀ ਚਾਰਾਜੋਈ ਨੂੰ ਵੀ ਬਰੇਕਾਂ ਲੱਗ ਗਈਆਂ ਹਨ। ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਹੈ ਕਿ ਜੰਮੂ-ਕਸ਼ਮੀਰ ਦੇ ਮੌਜੂਦਾ ਹਾਲਾਤ ਵਿਚ ਪਾਕਿਸਤਾਨ ਦੀ ਭੂਮਿਕਾ ਨੂੰ ਦੇਖਦਿਆਂ ਅਮਰੀਕਾ ਵਿਚ ਇਸ ਮਹੀਨੇ ਦੇ ਅੰਤ ਵਿਚ ਹੋਣ ਵਾਲੀ ਵਿਦੇਸ਼ ਮੰਤਰੀਆਂ ਦੀ ਬੈਠਕ ਨੂੰ ਰੱਦ ਕੀਤਾ ਜਾਂਦਾ ਹੈ। ਭਾਵੇਂ ਪਾਕਿਸਤਾਨ ਅਜੇ ਵੀ ਸ੍ਰੀ ਕਰਤਾਰਪੁਰ ਸਾਹਿਬ ਵਾਸਤੇ ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਦੇ ਪੰਜ ਸੌ ਪੰਜਾਹਵੇਂ ਗੁਰਪੁਰਬ ਸਮਾਗਮਾਂ ਸਮੇਂ ਆਰਜ਼ੀ ਲਾਂਘਾ ਦੇਣ ਲਈ ਰਾਜ਼ੀ ਹੈ ਪਰ ਗੱਲ ਭਾਰਤ ਦੀ ਕੇਂਦਰੀ ਸਰਕਾਰ ਦੀ ਸ਼ਮੂਲੀਅਤ ਤੋਂ ਬਿਨਾ ਕਿਸੇ ਤਣ ਪੱਤਣ ਨਹੀਂ ਲੱਗ ਸਕਦੀ। ਇਸ ਕਰਕੇ ਹਾਲ ਦੀ ਘੜੀ ਦੋਵਾਂ ਦੇਸ਼ਾਂ ਦਰਮਿਆਨ ਹੋਣ ਵਾਲੀ ਗੱਲਬਾਤ ‘ਤੇ ਰੋਕ ਲੱਗ ਜਾਣ ਕਰਕੇ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਲਗਾਈ ਗਈ ਆਸ ਪੂਰੀ ਹੋਣ ਦੀ ਉਮੀਦ ਧੁੰਦਲੀ ਪੈ ਗਈ ਜਾਪਦੀ ਹੈ।
ਗੌਰਤਲਬ ਹੈ ਕਿ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਪਾਕਿਸਤਾਨ ਨਾਲ ਸ਼ਾਂਤੀ ਬਹਾਲੀ ਲਈ ਮੁਲਾਕਾਤ ਕਰਨ ਮੌਕੇ ਖੁਦ ਕਰਤਾਰਪੁਰ ਸਾਹਿਬ ਦੇ ਲਾਂਘੇ ਉਤੇ ਵਿਚਾਰ ਕਰਨ ਦਾ ਐਲਾਨ ਕੀਤਾ ਸੀ। ਯੂਨਾਈਟਿਡ ਨੇਸ਼ਨਜ਼ ਦੀ 73ਵੀਂ ਜਨਰਲ ਅਸੈਂਬਲੀ ਵਿਚ ਭਾਰਤੀ ਵਿਦੇਸ਼ ਮੰਤਰੀ ਨੇ ਆਪਣੇ ਪਾਕਿਸਤਾਨੀ ਹਮਰੁਤਬਾ ਨਾਲ ਮੁਲਾਕਾਤ ਕਰਨੀ ਸੀ, ਜਿਸ ਵਿਚ ਕਈ ਹੋਰ ਮੁੱਦਿਆਂ ਉਤੇ ਚਰਚਾ ਹੋਣੀ ਸੀ। ਉਨ੍ਹਾਂ ਦੱਸਿਆ ਸੀ ਕਿ ਇਸ ਮੌਕੇ ਸੁਸ਼ਮਾ ਸਵਰਾਜ, ਸ਼ਾਹ ਮਹਿਮੂਦ ਕੁਰੈਸ਼ੀ ਕੋਲ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਮੁੱਦਾ ਵੀ ਜ਼ਰੂਰ ਚੁੱਕਣਗੇ।
ਹੁਣ ਜਦੋਂ ਕਰਤਾਪੁਰ ਸਾਹਿਬ ਦੇ ਲਾਂਘੇ ਦੇ ਖੁੱਲ੍ਹਣ ਦੀਆਂ ਇਨ੍ਹਾਂ ਸਾਰੀਆਂ ਸੰਭਾਵਨਾਵਾਂ ਉੱਪਰ ਫਿਰ ਤੋਂ ਰੋਕ ਲੱਗ ਗਈ ਹੈ, ਤਾਂ ਸਿੱਖਾਂ ਦੇ ਉਹ ਜ਼ਖਮ ਮੁੜ ਹਰੇ ਹੋਣਗੇ, ਜੋ ਉਨ੍ਹਾਂ ਦੀ ਨਾ-ਸਮਝ ਲੀਡਰਸ਼ਿਪ ਕਰਕੇ ਸੰਨ ੧੯੪੭ ਦੀ ਵੰਡ ਦੇ ਰੂਪ ਵਿਚ ਅਤੇ ਬਾਅਦ ਵਿਚ ਹਿੰਦੂਸਤਾਨੀ ਆਗੂਆਂ ਦੇ ਧੋਖੇ ਦੇ ਰੂਪ ਵਿਚ ਮਿਲੇ ਹੋਏ ਹਨ।
ਭਾਰਤ ਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀਆਂ ਦੀ ਰੱਦ ਹੋਈ ਮੁਲਕਾਤ ਨੂੰ ਕਈ ਹੋਰ ਸੰਦਰਭਾਂ ਤੋਂ ਵੀ ਦੇਖਣ ਤੇ ਪਰਖਣ ਦੀ ਜ਼ਰੂਰਤ ਹੈ। ਦਰਅਸਲ ਜਦੋਂ ਤੋਂ ਮੋਦੀ ਸਰਕਾਰ ਨੇ ਕੇੱਦਰ ਵਿਚ ਸੱਤਾ ਸੰਭਾਲੀ ਹੈ, ਉਦੋਂ ਤੋਂ ਹੀ ਸਾਫ ਜ਼ਾਹਰ ਹੋ ਰਿਹਾ ਹੈ ਕਿ ਇਹ ਸਰਕਾਰ ਦਿਲੋਂ ਪਾਕਿਸਤਾਨ ਨਾਲ ਸਬੰਧ ਸੁਧਾਰਨ ਦੀ ਹੀ ਚਾਹਵਾਨ ਨਹੀਂ ਜਾਪਦੀ। ਹੁਣ ਵੀ ਭਾਰਤੀ ਵਿਦੇਸ਼ ਮੰਤਰਾਲੇ ਦੇ ਬਿਆਨ ਨੂੰ ਦੇਖੋ, ਬੁਲਾਰੇ ਨੇ ਕਿਹਾ ਕਿ ਜੰਮੂ-ਕਸ਼ਮੀਰ ਵਿਚ ਵਾਪਰੀਆਂ ਘਟਨਾਵਾਂ ਕਾਰਨ ਪਾਕਿਸਤਾਨ ਦੇ ਦੋਹਰੇ ਮਾਪਦੰਡ ਉਜਾਗਰ ਹੋ ਗਏ ਹਨ। ਇਨ੍ਹਾਂ ਹਿੰਸਕ ਵਾਰਦਾਤਾਂ ਕਰਕੇ ਹੀ ਭਾਰਤ ਹੁਣ ਪਾਕਿਸਤਾਨ ਨਾਲ ਕਿਸੇ ਵੀ ਕਿਸਮ ਦੀ ਗੱਲ ਨਹੀਂ ਕਰੇਗਾ। ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਇਹ ਗੱਲਬਾਤ ਦਾ ਸੱਦਾ ਪਰਵਾਨ ਕੀਤਾ ਗਿਆ ਸੀ, ਉਦੋਂ ਕਸ਼ਮੀਰ ਵਾਦੀ ਵਿਚ ਸ਼ਾਂਤੀ ਹੋ ਗਈ ਸੀ, ਜੋ ਹੁਣ ਅਚਾਨਕ ਹੀ ਵਿਗੜ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਕਥਨੀ ਤੇ ਕਰਨੀ ਵਿਚ ਬਹੁਤ ਫਰਕ ਹੈ। ਸ਼ਾਇਦ ਇਸ ਦਾ ਪਤਾ ਵੀ ਮੋਦੀ ਸਰਕਾਰ ਨੂੰ ਅਚਾਨਕ ਕਿਸੇ ਇਲਹਾਮ ਹੋਣ ਵਾਂਗ ਹੀ ਹੋਇਆ ਹੈ। ਬੁਲਾਰੇ ਨੇ ਪਾਕਿਸਤਾਨ ਵੱਲੋਂ ਅੱਤਵਾਦੀ ਬੁਰਹਾਨ ਵਾਨੀ ਦੇ ਨਾਂਅ ‘ਤੇ ਡਾਕ ਟਿਕਟ ਜਾਰੀ ਕਰਨ ਵਰਗੇ ਫਜ਼ੂਲ ਜਿਹੇ ਇਤਰਾਜ਼ ਵੀ ਜਤਾਏ ਹਨ। ਜਿਥੋਂ ਤਕ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਸਵਾਲ ਹੈ, ਜਦੋਂ ਖੁਦ ਪਾਕਿਸਤਾਨ ਬਿਨਾ ਕਿਸੇ ਅਗਾਊਂ ਸ਼ਰਤ ਦੇ ਦੇਣ ਲਈ ਤਿਆਰ ਹੋ ਰਿਹਾ ਹੈ, ਤਾਂ ਭਾਰਤੀ ਨਾਂਹ-ਨੁੱਕਰ ਨੂੰ ਠੇਠ ਪੰਜਾਬੀ ਵਿਚ ਇਹੋ ਕਿਹਾ ਜਾ ਸਕਦਾ ਹੈ ਕਿ ”ਗੱਡੇ ਨਾਲ ਕੱਟਾ” ਹੀ ਬੰਨ੍ਹਿਆ ਜਾ ਰਿਹਾ ਹੈ।
ਸਿੱਖ ਫਲਸਫੇ ਦੇ ਰੂਹਾਨੀ ਰੰਗਾਂ ਨੂੰ ਮਾਨਣ ਵਾਲੇ ਅਤੇ ਸਿੱਖ ਇਤਿਹਾਸ ਦੇ ਅਂਦਰੂਨੀ ਭੇਦਾਂ ਨੂੰ ਜਾਨਣ ਵਾਲੇ ਮਹਾਨ ਸ਼ਾਇਰ ਸ. ਹਰਿੰਦਰ ਸਿੰਘ ਮਹਿਬੂਬ ਦੀ ਇਤਿਹਾਸ ਬਾਰੇ ਇਕ ਬਹੁਤ ਹੀ ਭਾਵਪੂਰਨ ਟਿੱਪਣੀ ਹੁੰਦੀ ਸੀ। ਉਹ ਕਹਿੰਦੇ ਹੁੰਦੇ ਸਨ ਕਿ ਇੱਕ ਇਤਿਹਾਸ ਅਣਲਿਖਿਆ ਵੀ ਹੁੰਦਾ ਹੈ, ਜੋ ਲੋਕਾਂ ਦੇ ਦਿਲਾਂ ਵਿਚ ਪੀੜ੍ਹੀ ਦਰ ਪੀੜ੍ਹੀ ਸਫਰ ਕਰਦਾ ਹੈ। ਮਹਿਬੂਬ ਜੀ ਦੀ ਇਤਿਹਾਸ ਬਾਰੇ ਇਸ ਟਿੱਪਣੀ ਦੀ ਰੌਸ਼ਨੀ ਵਿਚ ਬਾਬਾ ਗੁਰੂ ਨਾਨਕ ਸਾਹਿਬ ਜੀ ਦੇ ਕਰਤਾਰਪੁਰ ਸਾਹਿਬ ਵਿਚ ਜੋਤੀ ਜੋਤ ਸਮਾਉਣ ਸਮੇਂ ਦੀ ਇਕ ਕਥਾ-ਕਹਾਣੀ, ਜੋ ਪੀੜ੍ਹੀ ਦਰ ਪੀੜ੍ਹੀ ਸਾਡੇ ਚੇਤਿਆਂ ਵਿਚ ਸਫਰ ਕਰਦੀ ਆ ਰਹੀ ਹੈ, ਯਾਦ ਆ ਰਹੀ ਹੈ। ਕਹਿੰਦੇ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਸਰੀਰ ਤਿਆਗਿਆ ਤਾਂ ਉਸ ਵਕਤ ਮੌਜੂਦ ਹਿੰਦੂਆਂ ਅਤੇ ਮੁਸਲਮਾਨਾਂ ਵਿਚ ਗੁਰੂ ਸਾਹਿਬ ਦੇ ਅੰਤਮ ਸੰਸਕਾਰ ਦੇ ਵਿਧੀ ਵਿਧਾਨ ਨੂੰ ਲੈ ਕੇ ਵਿਵਾਦ ਹੋ ਗਿਆ। ਹਿੰਦੂ ਕਹਿਣ ਕਿ ਇਹ ਸਾਡੇ ਗੁਰੂ ਹਨ, ਇਸ ਕਰਕੇ ਗੁਰੂ ਜੀ ਦੇ ਸਰੀਰ ਦਾ ਦਾਹ ਸੰਸਕਾਰ ਹੋਵੇਗਾ। ਮੁਸਲਮਾਨ ਕਹਿਣ ਕਿ ਨਾਨਕ ਸਾਹਿਬ ਸਾਡੇ ਪੀਰ ਹਨ, ਇਸ ਕਰਕੇ ਉਨ੍ਹਾਂ ਨੂੰ ਕਬਰ ਵਿਚ ਦਫਨਾਇਆ ਜਾਵੇਗਾ । ਆਖਰ ਵਿਚ ਫੈਸਲਾ ਹੋਇਆ ਕਿ ਗੁਰੂ ਨਾਨਕ ਸਾਹਿਬ ਦੇ ਸਰੀਰ ਉੱਤੇ ਪਈ ਚਾਦਰ ਉਤਾਰ ਕੇ ਅੱਧੀ-ਅੱਧੀ ਵੰਡ ਲਈ ਜਾਵੇ। ਹਿੰਦੂ ਤੇ ਮੁਸਲਮਾਨ ਆਪੋ-ਆਪਣੇ ਅਕੀਦੇ ਮੁਤਾਬਕ ਉਸ ਚਾਦਰ ਦਾ ਅੰਤਮ ਸੰਸਕਾਰ ਕਰ ਲੈਣ। ਇਸ ਕਥਾ ਦਾ ਸਾਰ ਗੁਰੂ ਬਾਬੇ ਦੇ ਆਮ ਲੋਕਾਈ ਵਿਚ ਸਰਬ ਪਰਵਾਨਤ ਹੋਣ ਦੇ ਨਾਲ-ਨਾਲ ਇਕ ਹੋਰ ਗੁੱਝੇ ਭੇਦ ਵੱਲ ਵੀ ਇਸ਼ਾਰਾ ਕਰਦਾ ਹੈ ਕਿ ਜਨਮ ਸਾਖੀਆਂ ਮੁਤਾਬਕ ਜਿਸ ਗੁਰੂ ਨਾਨਕ ਸਾਹਿਬ ਨੇ ਖੁਦ ਹੀ ਹੋਕਾ ਦੇ ਕੇ ਆਖਿਆ ਸੀ ਕਿ “ਨਾ ਹਮ ਹਿੰਦੂ ਨ ਮੁਸਲਮਾਨੋਈ”, ਉਸ ਗੁਰੂ ਦੇ ਮਿਰਤਕ ਸਰੀਰ ਉਤੇ ਵੀ ਹਿੰਦੂ-ਗੁਰੂ ਜਾਂ ਮੁਸਲਮਾਨ-ਪੀਰ ਹੋਣ ਦਾ ਠੱਪਾ ਲਾਉਣ ਦੀ ਕੋਸ਼ਿਸ਼ ਕੀਤੀ ਗਈ। ਗੁਰਬਾਣੀ ਵਿਚ ਵੀ ਕਿਸੇ ਹੋਰ ਸੰਦਰਭ ਵਿਚ ਦਰਜ ਹੈ ਕਿ £ ਨਾ ਹਮ ਹਿੰਦੂ ਨ ਮੁਸਲਮਾਨ£ (ਭੈਰਉ ਮਹਲਾ 5)। ਗਹਿਰਾਈ ਨਾਲ ਵਿਚਾਰ ਕਰਨ ਉੱਤੇ ਪਤਾ ਲਗਦਾ ਹੈ ਕਿ ਇਸ ਕਥਾ ਵਿਚ ਇਕ ਛੁਪੀ ਹੋਈ ਤੀਜੀ ਧਿਰ ਵੀ ਸੀ ਜੋ ਗੁਰੂ ਦੇ ਸਿੱਖਾਂ ਦੀ ਸੀ। ਇਸ ਮੌਕੇ ਗੁਰਸਿੱਖਾਂ ਦੇ ਹਿੱਸੇ ਕੀ ਆਇਆ, ਇਹੋ ਇਸ ਕਥਾ ਦਾ ਰਹੱਸ ਹੈ।ਜੇ ਹਿੰਦੂਆਂ ਤੇ ਮੁਸਲਮਾਨਾਂ ਨੇ ਆਪੋ-ਆਪਣੇ ਹਿੱਸੇ ਦੀ ਅੱਧੀ-ਅੱਧੀ ਚਾਦਰ ਵੰਡ ਲਈ ਸੀ ਤਾਂ ਗੁਰਸਿੱਖਾਂ ਦੇ ਹਿੱਸੇ ਵਿਚ ਤਾਂ ”ਪੂਰਾ ਗੁਰੂ ਨਾਨਕ” ਆਇਆ ਸੀ। ਪਰ ਅਫਸੋਸ ਕਿ ਸਾਡੇ ਹਿੱਸੇ ਅੱਜ ਆਪਣੇ ਗੁਰੂ ਦੀ ਜੰਮਣ ਭੋਇੰ ਸ੍ਰੀ ਨਨਕਾਣਾ ਸਾਹਿਬ ਹੀ ਹੈ ਤੇ ਨਾ ਹੀ ਗੁਰੂ ਦੇ ਆਖਰੀ ਸਮੇਂ ਦੀ ਚਰਨ ਛੋਹ ਪ੍ਰਾਪਤ ਧਰਤੀ ਸ੍ਰੀ ਕਰਤਾਰਪੁਰ ਸਾਹਿਬ ਹੀ ਹੈ।
ਭਾਰਤ ਤੇ ਪਾਕਿਸਤਾਨ ਦੀ ਵੰਡ ਹੋ ਗਈ। ਮੁਸਲਮਾਨਾਂ ਨੇ ਆਪਣਾ ਵੱਖਰਾ ਮੁਲਕ ਬਣਾ ਲਿਆ, ਹਿੰਦੂਆਂ ਦਾ ਦਾਅਵਾ ਹੈ ਕਿ ਹਿੰਦੂਸਤਾਨ ਉਨ੍ਹਾਂ ਦਾ ਹੈ। ਇਕ ਵਾਰ ਫਿਰ ਦੋਵਾਂ ਨੇ ਆਪੋ-ਆਪਣੇ ਹਿੱਸੇ ਦੀ ਚਾਦਰ ਵੰਡ ਲਈ। ਬਹੁਤ ਸਾਰੇ ਆਖਦੇ ਹਨ ਕਿ ਗੁਰੂ ਬਾਬਾ ਨਾਨਕ ਤਾਂ ਸਰਬ ਸਾਂਝਾ ਹੈ, ਮੰਨ ਲੈਂਦੇ ਹਾਂ ਪਰ ਫਿਰ ਕੀ ਨਨਕਾਣਾ ਸਾਹਿਬ ਨੂੰ “ਵੈਟੀਕਨ ਸਿਟੀ“ ਦਾ ਰੁਤਬਾ ਦੇ ਸਕੋਗੇ ਜਾਂ ਕੀ ਭਾਰਤ ਸਰਕਾਰ ਕਦੇ ਅਜਿਹੀ ਮੰਗ ਵੀ ਕਰੇਗੀ? ਜਵਾਬ ਸ਼ਾਇਦ ਨਾਂਹ ਵਿਚ ਹੈ।
ਸੰਨ ੧੯੬੦ ਵਿਚ ਭਾਰਤ-ਪਾਕਿ ਸਰਹੱਦ ਉਤੇ ਹੂਸੈਨੀਵਾਲਾ ਬਾਰਡਰ ਉਤੇ ਰਾਵੀ ਕੰਢੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਅੰਤਿਮ ਸੰਸਕਾਰ ਵਾਲੀ ਥਾਂ ਲੈਣ ਲਈ ਭਾਰਤ ਸਰਕਾਰ ਨੇ ਬਿਨਾ ਕਿਸੇ ਹੀਲ-ਹੁੱਜਤ ਦੇ ਕੁਝ ਭਾਰਤੀ ਪਿੰਡ ਪਾਕਿਸਤਾਨ ਦੇ ਹਵਾਲੇ  ਕਰ ਦਿੱਤੇ ਸਨ ਪਰ ਉਦੋਂ ਵੀ ਤੇ ਹੁਣ ਵੀ ”ਸਰਬ ਸਾਂਝੇ” ਜਗਤ ਗੁਰੂ ਨਾਨਕ ਸਾਹਿਬ ਦੀ ਆਖਰੀ ਨਿਸ਼ਾਨੀ ਭਾਰਤ ਸਰਕਾਰ ਦੇ ਚੇਤਿਆਂ ਵਿਚ ਨਹੀਂ ਆਈ। ਸ੍ਰੀ ਕਰਤਾਰਪੁਰ ਸਾਹਿਬ ਦਾ ਅਸਥਾਨ ਵੀ ਸਰਹੱਦ ਦੇ ਬਿਲਕੁਲ ਨੇੜੇ ਲਗਭਗ ਚਾਰ ਕਿਲੋਮੀਟਰ ਉਤੇ ਹੈ। ਭਾਰਤ-ਪਾਕਿ ਵੰਡ ਵੇਲੇ ਵੀ ਇਹ ਯਾਦ ਨਾ ਆਇਆ ਕਿ ਚਲੋ ਜੇ ”ਸਰਬ ਸਾਂਝੇ” ਗੁਰੂ ਨਾਨਕ ਸਾਹਿਬ ਜੀ ਦਾ ਜਨਮ ਅਸਥਾਨ ਸਰਹੱਦ ਦੇ ਪਾਰਲੇ ਬੰਨ੍ਹੇ ਰਹਿ ਗਿਆ ਤਾਂ ਅੰਤਿਮ ਪਲਾਂ ਵਾਲੀ ਯਾਦਗਾਰ ਤਾਂ ਸਾਡੇ ਵਿਹੜੇ ਵਿਚ ਆਵੇ। ਦਰਅਸਲ ਇਹ ਦਾਅਵੇ ਕਰਦਾ ਕੌਣ? ਗੁਰੂ ਨਾਨਕ ਸਾਹਿਬ ਦੇ ਅਸਲ ਵਾਰਿਸ ਤਾਂ ਆਪਣਾ ਸਭ ਕੁਝ ਲੁਟਾ ਕੇ ਗੈਰਾਂ ਦੀ ਝੋਲੀ ਪਾ ਆਏ ਸਨ ਤੇ ਗੈਰਾਂ ਨੇ ਬਾਬੇ ਨੂੰ ਕਦੇ ਆਪਣਾ ਗੁਰੂ ਮੰਨਿਆ ਹੀ ਨਹੀਂ, ਉਪਰੋਂ-ਉਪਰੋਂ ਭਾਵੇਂ ਉਹ ਜੋ ਮਰਜ਼ੀ ਸਫਾਈਆਂ ਦਿੰਦੇ ਰਹਿਣ। ਹੁਣ ਤਾਂ ਦਿੱਲੀ ਵਿਚ ਸਰਕਾਰ ਹੀ ਉਨ੍ਹਾਂ ਬਿਪਰਵਾਦੀਆਂ ਦੀ ਹੈ, ਜਿਨ੍ਹਾਂ ਦੇ ਝੂਠ ਦੀ ਹੱਟੀ ਹੀ ਗੁਰੂ ਨਾਨਕ ਸਾਹਿਬ ਜੀ ਬੰਦ ਕਰਵਾ ਗਏ ਸਨ। ਸੋ ਇਤਿਹਾਸ ਦੀ ਰੌਸ਼ਨੀ ਵਿਚ ਹੀ ਇਸ ਆਡੰਬਰ ਦੀ ਸ਼ਨਾਖਤ ਹੋ ਸਕਦੀ ਹੈ।