ਬੇਅਦਬੀ ਕਾਂਡ : ਹੁਣ ਦੋਸ਼ੀਆਂ ਨੂੰ ਸਜਾਵਾਂ ਦੇਣ ਦਾ ਮੌਕਾ

ਬੇਅਦਬੀ ਕਾਂਡ : ਹੁਣ ਦੋਸ਼ੀਆਂ ਨੂੰ ਸਜਾਵਾਂ ਦੇਣ ਦਾ ਮੌਕਾ

ਪੰਜਾਬ ਵਿਚ ਬੀਤੇ ਸਮੇਂ ਦੌਰਾਨ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦਾ ਕਾਫੀ ਸਾਰਾ ਭੇਦ ਖੁੱਲ੍ਹ ਕੇ ਬਾਹਰ ਆ ਗਿਆ ਹੈ। ਇਸ ਦੇ ਵਿਰੋਧ ਵਿਚ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਨ ਵਾਲੀਆਂ ਸਿੱਖ ਸੰਗਤਾਂ ਉਤੇ ਬਹਿਬਲ ਕਲਾਂ ਤੇ ਕੋਟਕਪੂਰਾ ਵਿਚ ਗੋਲੀਆਂ ਚਲਾਉਣ ਦੀਆਂ ਘਟਨਾਵਾਂ ਬਾਰੇ ਵੀ ਕਾਫੀ ਕੁਝ ਲੋਕਾਂ ਦੀ ਕਚਹਿਰੀ ਵਿਚ ਆ ਗਿਆ ਹੈ। ਪੰਜਾਬ ਦੀ ਮੌਜੂਦਾ ਸਰਕਾਰ ਦੁਆਰਾ ਇਸ ਸਮੁੱਚੇ ਕਾਂਡ ਦੀ ਸਮਾਂਬੱਧ ਜਾਂਚ ਵਾਸਤੇ ਕਾਇਮ ਕੀਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਇਸੇ ਹਫਤੇ ਪੰਜਾਬ ਵਿਧਾਨ ਸਭਾ ਵਿਚ ਪੇਸ਼ ਹੋਣ ਜਾ ਰਹੀ ਹੈ। ਉਂਝ ਇਸ ਰਿਪੋਰਟ ਦੇ ਇੰਟਰਨੈਟ ਉਤੇ ਪਹਿਲਾਂ ਹੀ ਲੀਕ ਹੋ ਜਾਣ ਕਰਕੇ ਇਸ ਵਿਚ ਦਰਜ ਸਾਰੇ ਤੱਥ ਸਾਡੇ ਸਭ ਦੇ ਸਾਹਮਣੇ ਹਨ। ਹੁਣ ਸਾਰਾ ਮਾਮਲਾ ਇਕ ਤਰ੍ਹਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੀ ਸਰਕਾਰ ਦੇ ਪਾਲੇ ਵਿਚ ਹੈ। ਜੇ ਉਹ ਦਿਆਨਤਦਾਰੀ ਨਾਲ ਕਥਿਤ ਦੋਸ਼ੀਆਂ ਖਿਲਾਫ ਕਾਨੂੰਨੀ ਅਮਲ ਸ਼ੁਰੂ ਕਰਵਾਉਂਦੇ ਹਨ, ਤਾਂ ਇਨ੍ਹਾਂ ਪਾਪੀਆਂ ਨੂੰ ਇਸ ਘਿਨਾਉਣੇ ਅਪਰਾਧ ਦੀ ਬਣਦੀ ਸਜਾ ਜ਼ਰੂਰ ਮਿਲੇਗੀ, ਭਾਵੇਂ ਕਿ ਉਹ ਕਿੰਨੇ ਵੀ ਵੱਡੇ ਤੇ ਸਿਆਸੀ ਅਸਰ ਰਸੂਖ ਵਾਲੇ ਹੀ ਕਿਉਂ ਨਾ ਹੋਣ।
ਸਿਆਣਿਆਂ ਦਾ ਕਥਨ ਹੈ ਕਿ ਝੂਠੇ ਅਤੇ ਬੇਸ਼ਰਮ ਨੂੰ ਭਾਵੇਂ ਲੱਖ ਮਿਹਣੇ ਮਾਰ ਲਵੋ, ਉਸ ਦੀ ਸਿਹਤ ਉਤੇ ਕੋਈ ਅਸਰ ਨਹੀਂ ਹੁੰਦਾ। ਬਾਦਲਾਂ ਦੀ ਬਿੱਲੀ ਤਾਂ ਕਦੋਂ ਦੀ ਥੈਲੇ ਵਿਚੋਂ ਬਾਹਰ ਆ ਚੁੱਕੀ ਹੈ। ਬਾਦਲਾਂ ਦੀਆਂ ਗ਼ੁਲਾਮ ਬਣ ਚੁੱਕੀਆਂ ਸਿੱਖਾਂ ਦੀਆਂ ਸਰਵਉੱਚ ਧਾਰਮਿਕ ਸੰਸਥਾਵਾਂ ਦੀ ਹਾਲਤ ਵੀ ਨਿਤਾਣੀ ਬਣ ਚੁੱਕੀ ਹੈ। ਇਕ ਪਾਸੇ ਮੀਡੀਆ ਉਤੇ ਬੇਹੱਦ ਸ਼ਰਮਨਾਕ ਖ਼ਬਰਾਂ ਆ ਰਹੀਆਂ ਹਨ ਕਿ ਸਿੱਖਾਂ ਦੇ ਆਦਿ-ਜੁਗਾਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਸਿਰਸੇਵਾਲੇ ਸਾਧ ਦੇ ਚੇਲੇ ਇਸ ਕਰਕੇ ਅੰਜਾਮ ਦੇ ਸਕੇ ਹਨ ਕਿ ਡੇਰਾ ਮੁਖੀ ਨੂੰ ਮਨ-ਆਈਆਂ ਕਰਨ ਦੀ ਬਾਦਲਾਂ ਵੱਲੋਂ ਅੰਦਰਖਾਤੇ ਪੂਰੀ ਸ਼ਹਿ ਮਿਲ ਰਹੀ ਸੀ ਤੇ ਪੰਜਾਬ ਦੀ ਪੁਲਿਸ ਉਨ੍ਹਾਂ ਦੀ ਹਵਾ ਵੱਲ ਵੀ ਨਾ ਝਾਕ ਸਕੀ। ਸ਼੍ਰੋਮਣੀ ਕਮੇਟੀ ਦੀ ਕਿਸੇ ਬੈਠਕ ਵਿਚ ਇਸ ਸ਼ਰਮਨਾਕ ਕਾਰੇ ਉਤੇ ਕਿਸੇ ਨੇ ਨਾ ਤਾਂ ਇਕ ਸ਼ਬਦ ਮੂੰਹੋਂ ਕੱਢਿਆ ਅਤੇ ਨਾ ਹੀ ਇਸ ਸਬੰਧੀ ਕੋਈ ਵਿਚਾਰ ਕੀਤੀ। ਖ਼ਬਰ ਇਹ ਵੀ ਪ੍ਰਕਾਸ਼ਿਤ ਹੁੰਦੀ ਹੈ ਕਿ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਵਿਚ ਬਾਦਲਾਂ ਦੇ ਖਾਸਮਖਾਸ ਬਦਨਾਮ ਡੀਜੀਪੀ ਰਹੇ ਸੁਮੇਧ ਸੈਣੀ ਦਾ ਨਾਮ ਸਾਹਮਣੇ ਆ ਰਿਹਾ ਹੈ ਪਰ ਸ਼੍ਰੋਮਣੀ ਕਮੇਟੀ ਅਨੁਸਾਰ ਕਾਰਜਕਰਨੀ ਦੀਆਂ ਬੈਠਕਾਂ ਦਾ ਏਜੰਡਾ ਪਹਿਲਾਂ ਤੈਅ ਹੁੰਦਾ ਹੈ। ਇਸ ਕਰਕੇ ਇਹ ਵਿਚਾਰ ਤਾਂ ਏਜੰਡੇ ਵਿਚ ਹੀ ਨਹੀਂ ਆਉਂਦਾ। ਇਸ ਮਾਮਲੇ ਵਿਚ ਜਿਹੜੀ ਖੇਹ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸ਼੍ਰੋਮਣੀ ਕਮੇਟੀ ਵਲੋਂ ਨਿਯੁਕਤ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਹੁਣ ਤਕ ਉਡਾਈ ਹੈ, ਉਸ ਤੋਂ ਪੰਥਕ ਸਿਧਾਂਤਾਂ, ਪ੍ਰੰਪਰਾਵਾਂ ਅਤੇ ਰਹਿਤ ਮਰਿਆਦਾ ਦੀ ਰਾਖੀ ਦੀ ਤਾਂ ਉਮੀਦ ਹੀ ਨਹੀਂ ਕੀਤੀ ਜਾ ਸਕਦੀ।
ਆਪਣੇ ਆਪ ਉਤੇ ਧਰਮ ਦਾ ਮੁਖੌਟਾ ਪਾ ਕੇ ਰੱਖਣ ਵਾਲਾ ਜੇ ਕੋਈ ਬਹਿਰੂਪੀਆ ਅਜਿਹਾ ਘਿਨਾਉਣਾ ਗੁਨਾਹ ਕਰਦਾ ਹੈ ਤਾਂ ਉਸ ਲਈ ਕੋਈ ਮਾਫ਼ੀ ਨਹੀਂ ਹੋ ਸਕਦੀ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਰੱਦ ਕਰ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਗੁਨਾਹ ਉਤੇ ਮਿੱਟੀ ਪਾਉਣ ਦੀ ਨਾਕਾਮ ਕੋਸ਼ਿਸ਼ ਜਾ ਰਹੀ ਹੈ। ਉਹ ਵੀ ਕੁਰਸੀ ਦੇ ਲਾਲਚ ਵਿਚ ਬਾਦਲਾਂ ਦੇ  ਇਸ ਪਾਪ ਦਾ ਭਾਈਵਾਲ ਬਣ ਰਿਹਾ ਹੈ ।
ਪੰਜਾਬ ਸਰਕਾਰ ਤੇ ਬਾਦਲਾਂ ਦਾ ਦੁੰਮ-ਛੱਲਾ ਬਣ ਕੇ ਵਿਚਰ ਰਹੀਆਂ ਸਿੱਖ ਸੰਸਥਾਵਾ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਸਿੱਖ ਕੌਮ ਦੇ ਸਬਰ ਦਾ ਹੁਣ ਹੋਰ ਇਮਤਿਹਾਨ ਨਹੀਂ ਲਿਆ ਜਾ ਸਕਦਾ। ਪਹਿਲਾ ਹੀ ਕੌਮ ਦੀਆਂ ਸ਼ਾਨਦਾਰ ਪ੍ਰੰਪਰਾਵਾਂ ਅਤੇ ਰਵਾਇਤਾਂ ਦਾ ਘਾਣ ਕੀਤਾ ਜਾ ਚੁੱਕਾ ਹੈ। ਜ਼ਾਲਮਾਂ ਨੂੰ ”ਸੋਧਾ ਲਾਉਣ” ਦੇ ਗੁਰੂ ਸਾਹਿਬਾਨ ਤੇ ਗੁਰਬਾਣੀ ਦੇ ਸਪੱਸ਼ਟ ਤੇ ਸਖ਼ਤ ਆਦੇਸ਼ ਹਨ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਗੁਰੂ ਘਰ ਤੇ ਸੰਗਤਾਂ ਦੇ ਦੋਖੀ ਬਣੇ ਮਸੰਦਾਂ ਖਿਲਾਫ ਕੀਤੀ ਸਖਤ ਕਾਰਵਾਈ ਖਾਲਸਾ ਪੰਥ ਦੇ ਜਾਗਦੇ ਹਿੱਸੇ ਵਿਚ ਤਰੋਤਾਜ਼ਾ ਹੈ। ਇਸ ਲਈ ਕੌਮ ਅਜਿਹੇ ਪਾਪ ਤੇ ਪਾਪੀ ਨੂੰ ਮਾਫ਼ ਨਹੀਂ ਕਰੇਗੀ।
ਸਿੱਖਾਂ ਵਾਸਤੇ ” ਗੁਰੂ ਤੋਂ ਪਰ੍ਹੇ ਸਭ ਉਜਾੜ” ਵਾਲੀ ਕਹਾਵਤ ਸਦੀਵੀ ਸੱਚ ਹੈ। ਕੌਮ ਦੇ ਗੁਰੂ ਸਾਹਿਬਾਨ ਦਾ ਅਪਮਾਨ ਕੀਤਾ ਗਿਆ ਹੈ , ਕੌਮ ਨੂੰ ਡਾਂਗਾਂ -ਗੋਲੀਆਂ ਮਾਰੀਆਂ  ਗਈਆਂ  ਤੇ ਪਿੱਠ ਵਿਚ ਛੁਰਾ ਘੋਪਿਆ ਗਿਆ ਹੈ । ਜੋ ਸਖਸ਼ ਪੰਥ ਦੇ ਨਾਮ ਉਤੇ ਸਿਆਸਤ ਕਰਕੇ ਪੰਜ ਵਾਰ ਮੁੱਖ ਮੰਤਰੀ ਦੀ ਉਚ ਰੁਤਬੇ ਵਾਲੀ ਕੁਰਸੀ ਤਕ ਪਹੁੰਚਿਆ ਹੋਵੇ ਤਾਂ ਉਸ ਕੋਲੋਂ ਅਜਿਹੀ ਉਮੀਦ ਤਾਂ ਸੁਪਨੇ ਵਿਚ ਵੀ ਸੋਚੀ ਨਹੀਂ ਜਾ ਸਕਦੀ। ਕੌਮ ਦੇ ਅੰਤਰਮਨ ਵਿਚਲੀ ਟੀਸ ਦੇ ਰੋਹ ਦਾ ਜਵਾਲਾਮੁਖੀ ਜਿਸ ਦਿਨ ਫੁੱਟ ਪਿਆ, ਇਸ ਦਾ ਸੇਕ ਜਥੇਦਾਰ ਅਕਾਲ ਤਖ਼ਤ, ਸ਼੍ਰੋਮਣੀ ਕਮੇਟੀ ਅਤੇ ਬਾਦਲਕਿਆਂ ਨੂੰ ਜ਼ਰੂਰ ਲੱਗੇਗਾ।। ਪੰਜਾਬ ਦੇ ਮੌਜੂਦਾ ਹਾਕਮਾਂ ਸਿਰ ਇਤਿਹਾਸ ਦਾ ਕਰਜ਼ ਉਤਾਰਨ ਦਾ ਮੌਕਾ ਆਣ ਖੜ੍ਹਿਆ ਹੈ। ਕਾਂਗਰਸ ਜਮਾਤ ਦੇ ਬੀਤੇ ਵਿਚ ਸਿੱਖ ਕੌਮ ਉਤੇ ਕੀਤੇ ਗਏ ਜ਼ੁਲਮਾਂ ਨੂੰ ਕੋਈ ਭੁਲਾ ਤਾਂ ਨਹੀਂ ਸਕਦਾ ਪਰ ਮੌਜੂਦਾ ਦੌਰ ਵਿਚ ਕਥਿਤ ਆਪਣਿਆਂ ਦੀਆਂ ਗਦਾਰੀਆਂ ਤੋਂ ਆਹਤ ਹੋਈ ਸਿੱਖ ਕੌਮ ਵਾਸਤੇ ਜੇ ਕਾਂਗਰਸ ਸਰਕਾਰ ਕੋਲ ਦੇਣ ਨੂੰ ਕੁਝ ਹੈ, ਤਾਂ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਕਟਹਿਰੇ ਵਿਚ ਖੜ੍ਹਾ ਕਰ ਕੇ ਸਜਾਵਾਂ ਦਿਵਾਉਣ ਦਾ ਹੈ। ਇਸ ਸਾਜਿਸ਼ ਦਾ ਮੁਕੰਮਲ ਪਰਦਾਫਾਸ਼  ਕਰ ਕੇ ਹੀ ਲੋਕਾਂ ਦੇ ਰੋਹ ਨੂੰ ਸ਼ਾਂਤ ਕੀਤਾ ਜਾ ਸਕੇਗਾ। ਜਿਹੜੀਆਂ ਤਾਕਤਾਂ ਨੇ ਇਹ ਕੁਕਰਮ ਪਿੱਛੇ ਰਹਿ ਕੇ ਕਰਵਾਇਆ ਹੈ, ਉਹਨਾਂ ਦੀ ਨਿਸ਼ਾਨਦੇਹੀ ਵੀ  ਅਤਿ ਜ਼ਰੂਰੀ ਹੈ।
ਸਿੱਖ ਕੌਮ ਨੂੰ ਵੀ ਇਸ ਸਮੇਂ ਹੋਰ ਵਧੇਰੇ ਸੁਚੇਤ ਰਹਿਣ ਦੀ ਲੋੜ ਹੈ। ਸਿੱਖ ਕੌਮ ਨੂੰ ਉਸ ਦੀ ਆਪਣੀ ਸਰਜ਼ਮੀਨ ਉਤੇ ਹੀ ਵੱਡੀ ਚੁਣੌਤੀ ਮਿਲੀ ਹੈ। ਸਮੇਂ ਦੇ ਹਾਕਮਾਂ ਨੂੰ ਵੀ ਸਮਝ ਲੈਣਾ ਚਾਹੀਦਾ ਹੈ ਕਿ ਕੌਮ ਦੇ ਬਾਪੂ ਦੀ ਪੱਗ ਰੋਲਣ ਦੀ ਕਿਸੇ ਵੀ ਘਿਨਾਉਣੀ ਹਰਕਤ ਦਾ ਮੂੰਹ ਤੋੜਵਾਂ ਜਵਾਬ ਦੇਣ ਜੋਗੀ ਤਾਕਤ ਸਿੱਖ ਕੌਮ ਵਿਚ ਹਮੇਸ਼ਾ ਰਹੇਗੀ। ਦੁਸ਼ਟ ਤਾਕਤਾਂ ਦੇ ਮਨਾਂ ਵਿਚ ਅਜਿਹਾ ਭੈਅ ਪੈਦਾ ਕਰਨ ਦੀ ਵੱਡੀ ਲੋੜ ਹੈ ਕਿ ਉਹ ਭਵਿੱਖ ਵਿਚ ਅਜਿਹਾ ਕਾਰਾ ਕਰਨ ਤੋਂ ਪਹਿਲਾਂ ਸੌ ਵਾਰ ਨਹੀ ਸਗੋਂ ਹਜ਼ਾਰ ਵਾਰੀ ਸੋਚਣ ਕਿ ਇਸ ਪਾਪ ਦੀ, ਇਸ ਗੁਨਾਹ ਦੀ ਸਜਾ ਤੋਂ ਉਹ ਕਿਵੇਂ ਵੀ ਬਚ ਨਹੀਂ ਸਕਣਗੇ । ਇਤਿਹਾਸ ਗਵਾਹ ਹੈ ਕਿ ਵੱਖ-ਵੱਖ ਸਮੇਂ ਦੀਆਂ ਜਾਬਰ ਸਰਕਾਰਾਂ ਵੀ ਕੌਮ ਦੇ ਦੋਖੀਆਂ ਨੂੰ ਸੌ ਘੁਰਨਿਆਂ ਵਿਚ ਵਾੜ ਕੇ ਵੀ ਉਹਨਾਂ ਦੀ ਸੁਰੱਖਿਆ ਨਹੀਂ ਕਰ ਸਕੀਆਂ । ਕੌਮ ਦੇ ਆਗੂਆਂ ਨੂੰ ਵੀ ਅਹਿਸਾਸ ਕਰਨਾ ਹੋਵੇਗਾ ਕਿ ਆਖਰ ਜੇ ਕੌਮ ਆਪ ਮੁਹਾਰੀ ਹੋ ਗਈ ਤਾਂ ਫਿਰ ਉਹਨਾਂ ਦੀ ਸਿਆਸੀ ਹੋਂਦ ਉਤੇ ਵੀ ਸਵਾਲੀਆ ਚਿੰਨ ਲੱਗ ਜਾਵੇਗਾ। ਦੁਨੀਆ ਦੀ ਇਕਲੌਤੀ ਸਿੱਖ ਕੌਮ ਹੈ ਜਿਹੜੀ ਆਪਣੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ “”ਪ੍ਰਗਟ ਗੁਰਾਂ ਕੀ ਦੇਹ”” ਮੰਨਦੀ ਹੈ ਅਤੇ ਪ੍ਰਵਾਨ ਕਰਦੀ ਹੈ । ਹੁਣ ਜਦੋਂ ਗੱਲ ਗੁਰੂ ਦੀ ਆ ਗਈ ਹੈ ਤਾਂ“ਸਮਾਂ ਦੋ ਟੁੱਕ ਫੈਸਲਾ ਲੈਣ ਦਾ ਆ ਗਿਆ ਹੈ ।