ਸੁੱਤੀਆਂ ਕਲਾਂ ਜਗਾਉਣ ਦਾ ਕੋਝਾ ਕਰਮ

ਸੁੱਤੀਆਂ ਕਲਾਂ ਜਗਾਉਣ ਦਾ ਕੋਝਾ ਕਰਮ

ਜੁਝਾਰੂ ਕੌਮ ਦੀ ਹਸਤੀ ਮਿਟਾਉਣ ਲਈ ਹਿੰਦੂਤਵੀਆਂ ਦੀ ਇੱਕ ਹੋਰ ਚਾਲ
ਰਾਸ਼ਟਰੀ ਸਿੱਖ ਸੰਗਤ ਵੱਲੋਂ ਖਾਲਸਾ ਪੰਥ ਦੇ ਬਾਨੀ ਅਤੇ ਸਿੱਖਾਂ ਦੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਸਬੰਧੀ ਦਿੱਲੀ ਵਿੱਚ ਕੀਤਾ ਗਿਆ ਢਕਵੰਜ ਸਾਧਾਰਨ ਗੱਲ ਨਹੀਂ । ਅਪਣੇ ਸੁਪਨੇ ਅਤੇ ਨਿਸ਼ਾਨੇ ਦੀ ਪੂਰਤੀ ਲਈ ਦਿਨ-ਰਾਤ ਇੱਕ ਕਰ ਰਹੀ ਇਸ ਕੱਟੜ ਹਿੰਦੂਤਵੀ ਜਥੇਬੰਦੀ ਦਾ ਸਿੱਖਾਂ ਦੀ ਵੱਖਰੀ ਹਸਤੀ ਨੂੰ ਸਿੱਧੀ ਚੁਣੌਤੀ ਹੈ। ਸਿੱਖਾਂ ਦੇ ਹਿੰਦੂ ਧਰਮ ਦਾ ਹੀ ਅੰਗ ਹੋਣ ਦੀ ਵਰ੍ਹਿਆਂ ਤੋਂ ਅਪਣੀ ਡੁਗਡਗੀ ਵਜਾਉਂਦੇ ਆ ਰਹੇ ਫਿਰਕਾਪ੍ਰਸਤ ਹਿੰਦੂ ਟੋਲੇ ਦਾ ਇਹ ਸੰਮੇਲਨ ਅਸਲ ਵਿੱਚ ਜੁਝਾਰੂ ਕੌਮ ਦੀ ਹਸਤੀ ਮਿਟਾਉਣ ਦਾ ਕੋਝਾ ਕਰਮ ਹੈ।
ਰਾਸ਼ਟਰੀ ਸੋਇਮ ਸੇਵਕ ਸੰਘ (ਆਰ ਐੱਸ ਐੱਸ) ਦੀ ਬਰਾਂਚ ਰਾਸ਼ਟਰੀ ਸਿੱਖ ਸੰਗਤ ਵਲੋਂ ਅਜਿਹਾ ਸਮਾਗਮ ਕਰਾਉਣ ਬਾਰੇ ਸਿੱਖ ਮਨਾਂ ਵਿੱਚ ਉਠ ਰਹੇ ਤੌਖ਼ਲੇ/ਸਵਾਲ ਬੇਮਾਅਨਾ ਅਤੇ ਬੇਵਕਤੇ ਨਹੀਂ। ਇਸ ਬਾਰੇ ਕੋਈ ਭੁਲੇਖਾ ਨਹੀਂ ਕਿ ਇਹ ਸਿੱਖ ਕੌਮ ਨੂੰ ਢਾਹ ਲਾਉਣ ਲਈ ਆਰ. ਐੱਸ. ਐੱਸ. ਵੱਲੋਂ ਅਪਣੀ ਲੰਮੇ ਸਮੇਂ ਤੋਂ ਉਲੀਕੀ ਰਣਨੀਤੀ ਅਧੀਨ ਚੱਲੀ ਗਈ ਕੋਝੀ ਸਾਜਿਸ਼ ਹੈ।
ਸਿੱਖ ਪੰਥ ਵਲੋਂ ਇਸਦਾ ਵਿਰੋਧ ਅਤੇ ਇਸ ਸਬੰਧੀ ਦੇਸ-ਵਿਦੇਸ਼ ਵਿਚਲੀਆਂ ਸਿੱਖ ਸੰਗਤਾਂ ਵਿੱਚ ਪਾਇਆ ਰਿਹਾ ਗੁੱਸਾ ਕੌਮ ਦੇ ਜਿਉਂਦੇ/ਜਾਗਦੇ ਹੋਣ ਦਾ ਸਬੂਤ ਹੈ। ਪਰ ਸਿੱਖਾਂ ਦੇ ‘ਸੱਤਾਪ੍ਰਸਤ ਧਾਰਮਿਕ ਆਗੂਆਂ’ ਅਤੇ ਅਖੌਤੀ ਜਥੇਦਾਰਾਂ ਵਲੋਂ ਕੌਮ ਦੇ ਨਾਜ਼ੁਕ ਮਸਲਿਆਂ ਸਬੰਧੀ ਵਰ੍ਹਿਆਂ ਤੋਂ ਪੈਦਾ ਕੀਤਾ ਭੰਬਲਭੂਸਾ ਰਾਸ਼ਟਰੀ ਸਿੱਖ ਸੰਗਤ ਦੇ ਹੋਂਦ ਵਿੱਚ ਆਉਣ ਅਤੇ ਅਜਿਹੀਆਂ ਜਥੇਬੰਦੀਆਂ ਨੂੰ ਸਿੱਖ ਵਿਰੋਧੀ ਚਾਲਾਂ ਚਲਣ ਵਾਸਤੇ ਬਲ ਬਖ਼ਸਦਾ ਹੈ।
ਪਿਛਲਾ ਇਤਿਹਾਸ ਫਰੋਲੀਏ ਤਾਂ ਕੋਈ ਭੁਲੇਖਾ ਨਹੀਂ ਰਹਿ ਜਾਂਦਾ ਕਿ ਆਰ ਐੱਸ ਐੱਸ ਤੇ ਇਸਦੇ ਭਾਈਵਾਲਾਂ ਨੇ ਸਿੱਖਾਂ ਦੀ ਨਿਵੇਕਲੀ ਹਸਤੀ ਨੂੰ ਅਪਣੇ ਵਿੱਚ ਰਲ-ਗੱਡ ਕਰਨ ਦਾ ਕੋਈ ਵੀ ਮੌਕਾ ਹੱਥੋਂ ਜਾਣ ਨਹੀਂ ਦਿੱਤਾ। ਇਸੇ ਕੜੀ ਅਧੀਨ ਸਿੱਖ ਇਤਿਹਾਸ ਨੂੰ ਗਲਤ ਢੰਗ ਨਾਲ ਲਿਖਣ ਤੇ ਪੇਸ਼ ਕਰਨ ਲਈ ਯੋਜਨਾਬੱਧ ਯਤਨ ਜਾਰੀ ਹਨ। ਇੱਥੋਂ ਤੱਕ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਬਉੱਚਤਾ ਨੂੰ ਢਾਹ ਲਾਉਣ ਲਈ ਹੋਰਨਾਂ ਸਿੱਖ ਗ੍ਰੰਥਾਂ ਅਤੇ ਲਿਖਤਾਂ ਨੂੰ ‘ਵੱਡੇ ਤੇ ਮਹਾਨ’ ਬਣਾ ਕੇ ਪੇਸ਼ ਕਰਨ ਦਾ ਸਿਲਸਿਲਾ ਆਰੰਭਿਆ ਹੋਇਾ ਹੈ। ਗੁਰਬਾਣੀ ਦੀ ਵਿਆਖਿਆ ਨੂੰ ਹਿੰਦੂ ਰੰਗ ਦੇਣ ਦੀਆਂ ਚਾਲਾਂ ਇਸ ਸਾਰੀ ਸਾਜਿਸ਼ ਦਾ ਅੰਗ ਮਾਤਰ ਹਨ। ਦੁੱਖ ਤੇ ਚਿੰਤਾ ਇਸਦੀ ਹੈ ਕਿ ਅਜਿਹੇ ‘ਕਾਰਨਾਮੇ’ ਸਿੱਖੀ ਭੇਸ ਵਿਚਲੇ ‘ਦਰਬਾਰੀ ਵਿਦਵਾਨ’ ਕਰਦੇ ਆ ਰਹੇ ਹਨ।
ਭਾਰਤ ਦੀ ਰਾਜਧਾਨੀ ਵਾਲੇ ਸ਼ਹਿਰ ਨਵੀਂ ਦਿੱਲੀ ਵਿੱਚ ਖ਼ਾਸ ਮਕਸਦ ਅਤੇ ਸਪੱਸ਼ਟ ਸੁਨੇਹਾ ਦੇਣ ਲਈ ਕਰਵਾਏ ਗਏ ਇਸ ਸੰਮੇਲਨ ਦੀ ਕਾਰਵਾਈ, ਆਰ ਐੱਸ ਐੱਸ ਦੇ ਆਗੂਆਂ ਵਲੋਂ ਕੀਤੇ ਪਰਵਚਨਾਂ, ਦੀਨ ਧਰਮ ਨੂੰ ਦਗਾ ਦੇ ਕੇ ਸ਼ਾਮਲ ਹੋਣ ਵਾਲੇ ਸਿੱਖਾਂ ਤੇ ਹੋਰਨਾਂ ਪੱਖਾਂ ਬਾਰੇ ਭਰਵੀਂ ਜਾਣਕਾਰੀ ਅਗਲੇ ਹਫ਼ਤੇ ਸਾਹਮਣੇ ਆ ਜਾਵੇਗੀ। ਮਸਲਾ ਤਾਂ ਇਹ ਹੈ ਕਿ ਇਸ ਸੰਮੇਲਨ ਵਿੱਚ ਸ਼ਮੂਲੀਅਤ ਸਬੰਧੀ ਅਕਾਲ ਤਖ਼ਤ ਸਾਹਿਬ ਤੋਂ ਦਿੱਤੇ ਸੱਦੇ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਰਪ੍ਰਸਤੀ ਦੇਣ ਅਤੇ ਭਾਜਪਾ ਨਾਲ ਲਿਹਾਜਾਂ ਪਾਲਣ ਵਾਲੇ ਅਕਾਲੀ ਦਲ (ਬਾਦਲ), ਬਾਦਲਾਂ ਦੀ ਮੁੱਠੀ ਵਿਚਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਸਦੀਆਂ ਹਮਖ਼ਿਅਲ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ, ਸੰਸਥਾਵਾਂ ਅਤੇ ਹਸਤੀਆਂ ਉੱਤੇ ‘ਮੇਹਰ’ ਕਰਨ ਲਈ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਦੂਜੇ ਜਥੇਦਾਰ ਆਉਣ ਵਾਲੇ ਦਿਨਾਂ ਵਿੱਚ ਸਿੱਖ ਸੰਗਤਾਂ ਦੇ ਅੱਖ਼ੀ ਘੱਟਾ ਪਾਉਣ ਲਈ ਕਿਹੋ ਜਿਹੀ ‘ਤਨਖ਼ਾਹ ਲਾਉਣ’ ਦਾ ਮੁੜ ਢਕਵੰਜ ਕਰਨਗੇ। ਇਹੋ ‘ਜਥੇਦਾਰ’ ਹੀ ਸਿੱਖ ਹਸਤੀ ਦੀ ਪਛਾਣ ਨੂੰ ਦ੍ਰਿੜਾਉਣ ਵਾਲੇ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਨ ‘ਚ ਬੇਲੋੜੀ ਦੇਰੀ ਤੇ ਫਿਰ ਅਖੌਤੀ ਸੋਧਾਂ ਰਾਹੀਂ ਉਸ ਕੈਲੰਡਰ ਦੇ ਆਸ਼ੇ ਨੂੰ ‘ਉਲਟਾਉਣ’ ਵਾਲਿਆਂ ਦੇ ਭਾਈਵਾਲ ਹੈ। ਸੂਝਵਾਨ, ਸੁਚੇਤ ਅਤੇ ਸਰਗਰਮ ਸਿੱਖਾਂ ਵਲੋਂ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਨ ਦੇ ਰਾਹ ਵਿੱਚ ਆਰ.ਐੱਸ.ਐੱਸ. ਵਲੋਂ ਅੜਿਕੇ ਢਾਹੁਣ ਸਬੰਧੀ ਸਮੇਂ ਸਮੇਂ ਸਬੂਤ ਦੇਣ ਤੇ ਦੁਹਾਈ ਦੇਣ ਦੇ ਬਾਵਜੂਦ ਸਿੱਖੀ ਨੂੰ ਘੁਣ ਵਾਂਗ ਲੱਗੇ ‘ਸਿੱਖ ਸੰਤਾਂ/ਬਾਬਿਆਂ ਦੇ ਟੋਲੇ’ ਅਤੇ ‘ਜਥੇਦਾਰਾਂ ਦੀ ਸਰਕਾਰੀ ਜਮਾਤ’ ਨੇ ਉਹੀ ਕੀਤਾ ਜੋ ਇਨ੍ਹਾਂ ਦੇ ਹਿੰਦੂਤਵੀ ਪ੍ਰਭੂਆਂ ਨੇ ਚਾਹਿਆ।
ਖ਼ੈਰ ਖਾਲਸਾ ਪੰਥ ਦੀ ਹਸਤੀ ਤੇ ਹੋਂਦ ਲਈ ਇਹ ਨਵੀਂ ਚੁਣੌਤੀ ਨਹੀਂ। ਸੰਘਰਸ਼ਾਂ ਵਿਚੋਂ ਜੰਮੀ ਪਲੀ ਤੇ ਜਿਉਂ ਰਹੀ ਸਿੱਖ ਕੌਮ ਦੁਸ਼ਮਣ ਦੇ ਅਜਿਹੇ ਹਮਲਿਆਂ ਨਾਲ ਸਿੱਝਣਾ ਤੇ ਸੰਭਲਣਾ ਬਾਖ਼ੂਬੀ ਜਾਣਦੀ ਹੈ। ਪਰ ਸਿੱਖਾਂ ਅਤੇ ਪੰਜਾਬ ਨਾਲ ਲਗਾਤਾਰ ਧੱਕੇਸ਼ਾਹੀ ਤੇ ਵਿਤਕਰੇ ਕਰਕੇ ਪਿਛਲੇ ਕਈ ਦਹਾਕਿਆਂ ‘ਚ ਪੰਜਾਬ ਨੂੰ ‘ਬਲਦੀ ਦੇ ਬੁੱਥੇ ਧੱਕਣ’ ਵਾਲੇ ਦਿੱਲੀ ਦੇ ਹਾਕਮਾਂ ਨੂੰ ‘ਸੁੱਤੀਆਂ ਕਲਾਂ’ ਜਗਾਉਣ ਵਾਲੀ ਕਹਾਵਤ ਤੋਂ ਸਬਕ ਸਿਖਦਿਆਂ ਇਹ ਕਦੇ ਵੀ ਨਹੀਂ ਭੁਲੱਣਾ ਚਾਹੀਦਾ ਕਿ ਪੰਥ ਸੁੱਤੇ ਹੋਏ ਨਹੀਂ ਬਲਕਿ  ਸਦਾ ਜਾਗਦੇ ਸ਼ੇਰਾਂ ਦੀ ਕੌਮ ਹੈ।