ਕਸ਼ਮੀਰ ਮਸਲੇ ਦੇ ਹੱਲ ਵਾਲੀ ‘ਸੁਰੰਗ’ ਬਣਾਉਣ ਦੀ ਲੋੜ

ਕਸ਼ਮੀਰ ਮਸਲੇ ਦੇ ਹੱਲ ਵਾਲੀ ‘ਸੁਰੰਗ’ ਬਣਾਉਣ ਦੀ ਲੋੜ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ-ਸ਼੍ਰੀਨਗਰ ਨੈਸ਼ਨਲ ਹਾਈਵੇ ‘ਤੇ ਭਾਰਤ ਦੀ ਸਭ ਤੋਂ ਲੰਬੀ ਸੁਰੰਗ ਚਿਨੈਨੀ-ਨਾਸ਼ਰੀ ਕਸ਼ਮੀਰੀਆਂ ਨੂੰ ਸਮਰਪਿਤ ਕਰਦਿਆਂ ਨੌਜਵਾਨਾਂ ਨੂੰ ਪੱਥਰ ਦੀ ਤਾਕਤ ਪਛਾਣਨ ਲਈ ਕਿਹਾ। ਉਨ•ਾਂ ਕਿਹਾ, ”ਜੰਮੂ-ਕਸ਼ਮੀਰ ਦੇ ਹੀ ਕੁਝ ਹੋਰ ਨੌਜਵਾਨ ਜਦੋਂ ਪੱਥਰ ਕੱਟ ਕੇ ਸੂਬੇ ਦੀ ਤਕਦੀਰ ਬਦਲਣ ਵਿਚ ਲੱਗੇ ਸਨ ਤਾਂ ਕੁਝ ਪੱਥਰ ਮਾਰਨ ਵਿਚ ਲੱਗੇ ਹੋਏ ਸਨ। ਕਸ਼ਮੀਰੀ ਨੌਜਵਾਨਾਂ ਅੱਗੇ ਦੋ ਰਸਤੇ ਹਨ-ਇਕ ਰਾਹ ਟੈਰੋਰਿਜ਼ਮ ਵੱਲ ਜਾਂਦਾ ਹੈ ਤੇ ਦੂਜਾ ਟੂਰਿਜ਼ਮ ਵੱਲ। ਦੋਹਾਂ ਵਿਚੋਂ ਉਨ•ਾਂ ਨੇ ਕਿਹੜਾ ਰਸਤਾ ਚੁਣਨਾ ਹੈ, ਉਹ ਇਹ ਸਮਝਣ।”
ਨਰਿੰਦਰ ਮੋਦੀ ਦੇ ਅਜਿਹੇ ਲੱਛੇਦਾਰ ਭਾਸ਼ਣ ਕਈ ਦਿਨਾਂ ਤਕ ਚਰਚਾ ਵਿਚ ਰਹਿੰਦੇ ਹਨ। ਇਸ ਭਾਸ਼ਣ ‘ਤੇ ਵੀ ਉਨ•ਾਂ ਦੇ ਭਗਤਾਂ ਨੇ ਖੂਬ ਤਾੜੀਆਂ ਮਾਰੀਆਂ। ਪਰ ਕਿਸੇ ਨੇ ਸਵਾਲ ਨਹੀਂ ਕੀਤਾ ਕਿ ਕਸ਼ਮੀਰੀ ਨੌਜਵਾਨਾਂ ਦੇ ਹੱਥਾਂ ਵਿਚ ਪੱਥਰ ਕਿਉਂ ਆ ਗਏ? ਮੋਦੀ ਨੇ ਇਹ ਵੀ ਕਿਹਾ ਕਿ ਇਹ ਸੁਰੰਗ ਭਾਰਤ ਸਰਕਾਰ ਦੇ ਪੈਸੇ ਤੇ ਕਸ਼ਮੀਰੀ ਨੌਜਵਾਨਾਂ ਦੇ ਪਸੀਨੇ ਨਾਲ ਬਣੀ ਹੈ। ਪਰ ਮੋਦੀ ਭਗਤਾਂ ਨੇ ਇਹ ਸਵਾਲ ਨਹੀਂ ਕੀਤਾ ਕਿ ਭਾਰਤ ਸਰਕਾਰ ਦਾ ਪੈਸਾ ਕਿਵੇਂ ਹੋਇਆ? ਭਾਰਤ ਕਰੋੜਾਂ ਲੋਕਾਂ ਦੇ ਪਸੀਨੇ ਨਾਲ ਬਣਿਆ ਹੈ, ਨਾ ਕਿ ਅਡਾਨੀਆਂ-ਅੰਬਾਨੀਆਂ ਨਾਲ। ਕਰੋੜਾਂ ਲੋਕਾਂ ਦੀਆਂ ਜੇਬਾਂ ਵਿਚੋਂ ਟੈਕਸ ਦੇ ਰੂਪ ਵਿਚ ਪੈਸਾ ਵਸੂਲ ਕੇ ਹੀ ਵਿਕਾਸ ਦੇ ਕੰਮਾਂ ‘ਤੇ ਲਗਦਾ ਹੈ, ਨਾ ਕਿ ਟੈਕਸ ਚੋਰੀ ਕਰਨ ਵਾਲਿਆਂ ਦੀ ‘ਮਿਹਨਤ’ ਦਾ ਪੈਸਾ। ਹਾਂ, ਭਗਤਾਂ ਨੇ ਇਹ ਸਵਾਲ ਵੀ ਨਹੀਂ ਕੀਤਾ ਕਿ 8 ਨਵੰਬਰ ਨੂੰ ਨੋਟਬੰਦੀ ਦਾ ਐਲਾਨ ਕਰਨ ਵੇਲੇ ਮੋਦੀ ਨੇ ਕਿਹਾ ਸੀ ਕਿ ਇਸ ਨਾਲ ਕਸ਼ਮੀਰ ਵਿਚ ਅਤਿਵਾਦ ਦੀ ਸਮੱਸਿਆ ਹੱਲ ਹੋ ਜਾਵੇਗੀ…ਪੱਥਰਬਾਜ਼ਾਂ ਨੂੰ ਜਦੋਂ ਪੈਸੇ ਨਹੀਂ ਮਿਲਣਗੇ ਤਾਂ ਉਹ ਘਰਾਂ ਨੂੰ ਪਰਤ ਜਾਣਗੇ। ਫੇਰ ਭਲਾਂ ਨੌਜਵਾਨਾਂ ਦੇ ਹੱਥਾਂ ਵਿਚ ਅਜੇ ਵੀ ਪੱਥਰ ਕਿਉਂ ਹਨ? ਜਦੋਂ ਮੋਦੀ ਜੀ ਇਹ ਭਾਸ਼ਣ ਦੇ ਰਹੇ ਸਨ ਤਾਂ ਇਕ ਹਿੱਸੇ ਵਿਚ ਅਤਿਵਾਦੀ ਹਮਲੇ ‘ਚ ਜਵਾਨ ਜ਼ਖ਼ਮੀ ਹੋ ਗਿਆ ਸੀ।
ਖ਼ੈਰ!  ਮੋਦੀ ਭਗਤ ਇਹ ਸਵਾਲ ਪੁੱਛਣ ਦੀ ਜੁਰੱਅਤ ਕਦੇ ਨਹੀਂ ਕਰਨਗੇ। ਪਰ ਕਸ਼ਮੀਰੀ ਆਵਾਮ ਇਹ ਸਵਾਲ ਜ਼ਰੂਰ ਕਰ ਰਿਹਾ ਹੈ। ਮੋਦੀ ਦੇ ਭਾਸ਼ਣ ਮਗਰੋਂ ਜਿਸ ਤਰ•ਾਂ ਲੋਕਾਂ ਨੇ ਆਪਣਾ ਦੁੱਖ ਰੋਇਆ, ਉਨ•ਾਂ ਦੀ ਹੀ ਜ਼ੁਬਾਨੀ ਸੁਣੋ-”ਸੁਰੰਗ ਬਣਾਉਣਾ ਚੰਗੀ ਗੱਲ ਹੈ ਪਰ ਜਿਸ ਤਰ•ਾਂ ਮੋਦੀ ਨੇ ਕਸ਼ਮੀਰੀਆਂ ਨੂੰ ਅਤਿਵਾਦ ਨਾਲ ਜੋੜਿਆ, ਉਹ ਇਹ ਦੱਸਣ ਕਿ ਕਸ਼ਮੀਰ ਵਿਚ ਅਤਿਵਾਦ ਕੌਣ ਫੈਲਾ ਰਿਹਾ ਹੈ? ਮੋਦੀ ਨੇ ਟੈਰੋਰਿਜ਼ਮ ਤੇ ਟੂਰਿਜ਼ਮ ਵਿਚੋਂ ਇਕ ਦੀ ਚੋਣ ਕਰਨ ਲਈ ਕਿਹਾ ਹੈ ਪਰ ਉਨ•ਾਂ ਦੀ ਜੋ ਫ਼ੌਜ ਇੱਥੇ ਹੈ, ਕੀ ਉਹ ਦਹਿਸ਼ਤ ਨਹੀਂ ਫੈਲਾ ਰਹੀ? ਸਾਡੇ ਬੱਚਿਆਂ ਨੂੰ ਮਾਰ ਰਹੀ ਹੈ, ਅੰਨ•ੇ ਕਰ ਰਹੀ ਹੈ-ਮਾਂ-ਭੈਣਾਂ ਨਾਲ ਬਲਾਤਕਾਰ ਹੋ ਰਹੇ ਹਨ- ਕੀ ਇਹ ਅਤਿਵਾਦ ਨਹੀਂ ਹੈ?”
”ਕਸ਼ਮੀਰ ਦੀ ਆਜ਼ਾਦੀ ‘ਤੇ ਗੱਲ ਕਿਉਂ ਨਹੀਂ ਹੁੰਦੀ। ਸੁਰੰਗ ਨਾਲ ਮਸਲਾ ਹੱਲ ਨਹੀਂ ਹੋਣਾ, ਮਾਵਾਂ ਦੀ ਕੋਖ ਉਜੜ ਰਹੀ ਹੈ।”
”ਸੁਰੰਗ ਨਾਲ ਜੇਕਰ ਮਸਲੇ ਹੱਲ ਹੁੰਦੇ ਤਾਂ ਇਹ ਕਦੋਂ ਦਾ ਹੋ ਗਿਆ ਹੁੰਦਾ। ਇੱਥੇ ਤਾਂ ਰੋਜ਼ ਕਿੰਨੇ ਹੀ ਨੌਜਵਾਨ ਸ਼ਹੀਦ ਹੋ ਰਹੇ ਹਨ। ਮੇਰੇ ਵਰਗੇ 60 ਸਾਲ ਦੇ ਬੁੱਢੇ ‘ਤੇ ਵੀ ਪੱਥਰਬਾਜ਼ੀ ਦਾ ਮਾਮਲਾ ਦਰਜ ਹੈ। ਕਸ਼ਮੀਰ ਦੇ ਏਨੇ ਨੌਜਵਾਨ ਜੇਕਰ ਸੁਰੰਗ ਬਣਾਉਣ ਲਈ ਮਜ਼ਦੂਰੀ ਕਰਨ ਗਏ ਤਾਂ ਜੇਕਰ ਜੇਲ•ਾਂ ਵਿਚ ਬੰਦ ਵੱਡੀ ਗਿਣਤੀ ਨੌਜਵਾਨਾਂ ਨੂੰ ਰਿਹਾਅ ਕਰ ਦਿੱਤਾ ਜਾਵੇ ਤਾਂ ਸੂਬੇ ਦੀ ਤਕਦੀਰ ਤਾਂ ਹੀ ਬਦਲ ਸਕਦੀ ਹੈ।”
”ਮੋਦੀ ਸਰਕਾਰ ਨੇ ਸੁਰੰਗ ਬਣਾਈ ਹੈ, ਚੰਗੀ ਗੱਲ ਹੈ ਪਰ ਅਸਲੀ ਮਸਲਾ ਤਾਂ ਕਸ਼ਮੀਰੀ ਨੌਜਵਾਨਾਂ ਦੇ ਦਿਲ ਜਿੱਤਣ ਦਾ ਹੈ। ਸਵਾਲ ਤਾਂ ਇਹ ਹੈ ਕਿ ਮੋਦੀ ਸਰਕਾਰ ਨੌਜਵਾਨਾਂ ਦਾ ਦਿਲ ਕਿਵੇਂ ਜਿੱਤੇ? ਕਸ਼ਮੀਰ ਦੇ ਨੌਜਵਾਨ ਭਾਰਤ ਤੋਂ ਬਹੁਤ ਦੂਰ ਹੋ ਗਏ ਹਨ ਤੇ ਸੜਕਾਂ ‘ਤੇ ਆ ਗਏ ਹਨ।”
”ਹੁਣ ਤਕ ਏਨਾ ਪੈਸਾ ਖ਼ਰਚ ਕੀਤਾ ਗਿਆ ਪਰ ਮਸਲਾ ਸਿਰਫ਼ ਪੈਸੇ ਦਾ ਹੁੰਦਾ ਤਾਂ ਕਸ਼ਮੀਰੀ ਨੌਜਵਾਨਾਂ ਵਿਚ ਏਨੀ ਨਾਰਾਜ਼ਗੀ ਨਾ ਹੁੰਦੀ।”
ਕਸ਼ਮੀਰੀ ਲੋਕਾਂ ਦੇ ਇਹ ਉਹ ਸਵਾਲ ਹਨ, ਜਿਨ•ਾਂ ਦੇ ਕਿਸੇ ਸਰਕਾਰ ਕੋਲ ਜਵਾਬ ਨਹੀਂ। ਸਿਆਸੀ ਮਸਲੇ ਤੋਂ ਚੱਲ ਕੇ ਧਾਰਮਿਕ ਮੁੱਦੇ ਨੂੰ ਪਾਰ ਕਰਦੀ ਹੋਈ ਕਸ਼ਮੀਰ ਸਮੱਸਿਆ ਮੋਦੀ ਸਰਕਾਰ ਦੇ ਆਉਣ ਮਗਰੋਂ ‘ਰਾਸ਼ਟਰਵਾਦ’ ਤੱਕ ਸੁੰਗੜਦੀ ਜਾ ਰਹੀ ਹੈ। ਜੰਮੂ-ਕਸ਼ਮੀਰ ਵਿਚਲੇ ਨੌਜਵਾਨਾਂ ਦੇ ਹੱਥਾਂ ਵਿਚ ਪੱਥਰ ਹਨ ਜੋ ਆਪਣੇ ਹੱਕਾਂ, ਨਿਆਂ ਦੀ ਦੁਹਾਈ ਦੇ ਰਹੇ ਹਨ। ਮੁਲਕ ਦੇ ਕਿਸੇ ਵੀ ਹਿੱਸੇ ਵਿਚ ਜੇਕਰ ਕੋਈ ਕਸ਼ਮੀਰ ਦੀ ਆਜ਼ਾਦੀ ਦੀ ਗੱਲ ਕਰਦਾ ਹੈ ਤਾਂ ਉਸ ਵਿਰੁੱਧ ਰਾਸ਼ਟਰ ਵਿਰੋਧੀ ਮਾਮਲੇ ਦਰਜ ਹੋ ਰਹੇ ਹਨ। ਕਸ਼ਮੀਰੀ ਨੌਜਵਾਨਾਂ, ਔਰਤਾਂ, ਬਜ਼ੁਰਗਾਂ ਦੀਆਂ ਲੋੜਾਂ ਕੀ ਹਨ, ਇਸ ‘ਤੇ ਕਦੇ ਚਰਚਾ ਨਹੀਂ ਹੁੰਦੀ। ਨਾ ਉਹ ਦਹਿਸ਼ਤਗਰਦਾਂ ਦੇ ਹਮਾਇਤੀ ਹਨ ਤੇ ਨਾ ਹੀ ਉਨ•ਾਂ ਦੇ ਹੱਥਾਂ ਵਿਚ ਮਾਰੂ ਹਥਿਆਰ ਹਨ। ਉਨ•ਾਂ ਦੇ ਹੱਥਾਂ ਵਿਚ ਪੱਥਰ ਹਨ ਜੋ ਆਪ ਮੁਹਾਰੇ ਹੋ ਕੇ ਆਪਣੇ ਉਪਰ ਹੋ ਰਹੇ ਜ਼ੁਲਮਾਂ ਵਿਰੁੱਧ ਆਵਾਜ਼ ਉਠਾ ਰਹੇ ਹਨ।
ਜਮਹੂਰੀ ਮੁਲਕ ਵਿਚ ਕੋਈ ਵੀ ਆਪਣੇ ਹੱਕਾਂ ਲਈ ਹਥਿਆਰ ਚੁੱਕੇ, ਇਸ ਨੂੰ ਕਦੇ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਪਰ ਜਦੋਂ ਆਮ ਲੋਕ ਹਥਿਆਰ ਚੁੱਕਦੇ ਹਨ ਤਾਂ ਇਹਦਾ ਸਾਫ਼ ਸਾਫ਼ ਮਤਲਬ ਹੁੰਦਾ ਹੈ ਕਿ ਸਰਕਾਰਾਂ ਲੋਕਾਂ ਦੀਆਂ ਆਵਾਜ਼ਾਂ ਦਬਾ ਰਹੀਆਂ ਹਨ। ਉਨ•ਾਂ ਦੇ ਜਮਹੂਰੀ ਹੱਕਾਂ ਨੂੰ ਕੁਚਲ ਰਹੀਆਂ ਹਨ। ਜੇਕਰ ਨੌਜਵਾਨ ਸਰਕਾਰਾਂ ਦੀ ਨਾ ਸੁਣ ਕੇ ‘ਬੁਰਹਾਨ ਵਾਨੀ’ ਦੀ ਆਵਾਜ਼ ਸੁਣ ਰਹੇ ਹਨ ਤਾਂ ਇਹਦੇ ਲਈ ਸਰਕਾਰਾਂ ਜ਼ਿੰਮੇਵਾਰ ਹਨ। ਬੁਰਹਾਨ ਵਾਨੀ ਵਰਗੇ ਨੌਜਵਾਨਾਂ ਨੂੰ ਸਰਕਾਰਾਂ ਹੀ ਰੁਜ਼ਗਾਰ ਦੇਣ ਦੀ ਥਾਂ, ਹਥਿਆਰ ਦਿੰਦੀਆਂ ਹਨ। ਵਿਧਾਨ ਸਭਾ ਚੋਣਾਂ ਵੇਲੇ ਇਹ ਨੌਜਵਾਨ ਖੁੱਲ• ਕੇ ਵੋਟ ਪਾਉਣ ਲਈ ਅੱਗੇ ਆਏ ਸਨ ਤਾਂ ਜੋ ਉਹ ਸੂਬੇ ਨੂੰ ਬਿਹਤਰ ਬਣਾ ਸਕਣ ਤੇ ਉਨ•ਾਂ ਨੇ ਮਹਿਬੂਬਾ ਮੁਫ਼ਤੀ ਦੀ ਅਗਵਾਈ ਵਾਲੀ ਪੀ.ਡੀ.ਪੀ. ਨੂੰ ਜ਼ਿਆਦਾ ਤਰਜੀਹ ਦਿੱਤੀ ਸੀ। ਉਨ•ਾਂ ਨੂੰ ਉਮੀਦ ਸੀ ਕਿ ਪੀ.ਡੀ.ਪੀ. ਆਪਣੇ ਚੋਣ ਵਾਅਦਿਆਂ ਮੁਤਾਬਕ ਉਨ•ਾਂ ਦੀਆਂ ਸਮੱਸਿਆਵਾਂ ਦਾ ਹੱਲ ਕਰੇਗੀ। ਪਰ ਇਹ ਨੌਜਵਾਨ ਉਦੋਂ ਠੱਗਿਆ ਮਹਿਸੂਸ ਕਰਨ ਲੱਗੇ ਜਦੋਂ ਮਹਿਬੂਬਾ ਮੁਫ਼ਤੀ ਨੇ ਭਾਰਤੀ ਜਨਤਾ ਪਾਰਟੀ ਨਾਲ ਹੱਥ ਮਿਲਾ ਕੇ ਸੂਬੇ ਵਿਚ ਸਾਂਝੀ ਸਰਕਾਰ ਬਣਾ ਦਿੱਤੀ। ਸਿਆਸੀ ਤਿਕੜਮਬਾਜ਼ੀ ਨੇ ਕਸ਼ਮੀਰ ਦੀ ਤਾਣੀ ਹੋਰ ਉਲਝਾ ਦਿੱਤੀ ਹੈ।
‘ਮਨ ਕੀ ਬਾਤ’ ਰਾਹੀਂ ਮੋਦੀ ਕਸ਼ਮੀਰ ਦੀ ਸਮੱਸਿਆ ਦਾ ਸਿਰਫ਼ ਜ਼ਿਕਰ ਹੀ ਨਾ ਕਰਨ, ਇਸ ਦੇ ਹੱਲ ਸੁਝਾਉਣ ਤੇ ਉਨ•ਾਂ ਉਪਰ ਅਮਲ ਹੋਣਾ ਯਕੀਨੀ ਬਣਾਉਣ। ਕਸ਼ਮੀਰੀ ਨੌਜਵਾਨਾਂ ਨੂੰ ‘ਭਾਸ਼ਣ’ ਨਹੀਂ ‘ਰਾਸ਼ਣ’ ਦੀ ਲੋੜ ਹੈ। ‘ਦੁਤਕਾਰ’ ਦੀ ਨਹੀਂ ‘ਰੁਜ਼ਗਾਰ’ ਦੀ ਲੋੜ ਹੈ।