ਰਾਜਸੀ ਰਾਮ ਰੌਲੇ ਬਾਅਦ ਉਤਸੁਕਤਾ ਭਰੀ ਉਡੀਕ

ਰਾਜਸੀ ਰਾਮ ਰੌਲੇ ਬਾਅਦ ਉਤਸੁਕਤਾ ਭਰੀ ਉਡੀਕ

ਅਕਾਲੀ-ਭਾਜਪਾ ਸਰਕਾਰ ਦੇ ਲੰਮੇ ਭ੍ਰਿਸ਼ਟਾਚਾਰੀ ਰਾਜ ਤੋਂ ਅੱਕੇ ਪੰਜਾਬ ਦੇ ਵੋਟਰਾਂ ਨੇ ਆਪਣਾ ਰੋਹ ਵੋਟਰ ਬਕਸਿਆਂ ਵਿੱਚ ਬੰਦ ਕਰਕੇ ਆਪਣੇ ਸੂਬੇ ਅਤੇ ਆਪਣੇ ਭਵਿੱਖ ਦਾ ਫੈਸਲਾ ਕਰ ਦਿੱਤਾ ਹੈ। ਰਾਜ ਵਿਧਾਨ ਸਭਾ ਦੀਆਂ 117 ਸੀਟਾਂ ਤੋਂ ਲੋਕ ਨੁਮਾਇੰਦਿਆਂ ਦੀ ਚੋਣ ਦਾ ਕੰਮ 4 ਫਰਵਰੀ ਨੂੰ ਅਮਨ-ਅਮਾਨ ਨਾਲ ਨੇਪਰੇ ਚੜ੍ਹਣ ਬਾਅਦ ਉਮੀਦਵਾਰਾਂ ਅਤੇ ਉਨ੍ਹਾਂ ਦੇ ਹਮਾਇਤੀਆਂ ਨੇ ਸੁੱਖ ਦਾ ਸਾਹ ਲਿਆ ਹੈ। ਭਾਵੇਂ ਭਾਰਤ ਦੇ ਹੋਰਨਾਂ ਰਾਜਾਂ ਦੇ ਮੁਕਾਬਲੇ ਪੰਜਾਬ ਵਿੱਚ ਚੋਣਾਂ ਦੌਰਾਨ ਵੱਡੀ ਪੱਧਰ ਉੱਤੇ ਗੜਬੜ, ਹਿੰਸਾ ਜਾਂ ਰਾਜਸੀ ਪਾਰਟੀਆਂ ਦੇ ਵਰਕਰਾਂ ਵਿਚਾਲੇ ਟਕਰਾਅ ਘੱਟ ਵੱਧ ਹੀ ਹੁੰਦੇ ਹਨ, ਪਰ ਇਸ ਵਾਰ ਰਾਜਸੀ ਮਾਹੌਲ ਬੇਹੱਦ ਗਰਮਾਇਆ ਹੋਣ ਕਾਰਨ ਅਜਿਹਾ ਵਾਪਰਣ ਦੇ ਕਾਫ਼ੀ ਖ਼ਦਸ਼ੇ ਸਨ। ਭਾਰਤੀ ਚੋਣ ਕਮਿਸ਼ਨ ਅਤੇ ਖ਼ਾਸ ਕਰ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦੀ ਨਿਗਰਾਨੀ ਹੇਠ ਕੀਤੇ ਪੁਖਤਾ ਪ੍ਰਬੰਧਾਂ ਨੇ ਲਗਭਗ ਸਾਰੀਆਂ ਪਾਰਟੀਆਂ ਨੂੰ ਸ਼ਿਕਾਇਤ ਦਾ ਵੱਡਾ ਮੌਕਾ ਨਹੀਂ ਦਿੱਤਾ। ਇਨ੍ਹਾਂ ਚੋਣਾਂ ਪ੍ਰਤੀ ਕੇਵਲ ਪੰਜਾਬ ਵਸਦੇ ਪੰਜਾਬੀਆਂ ਦੀ ਹੀ ਨਹੀਂ ਬਲਕਿ ਭਾਰਤ ਦੇ ਹੋਰਨਾਂ ਰਾਜਾਂ ਅਤੇ ਇਸ ਤੋਂ ਵੀ ਵੱਧ ਪ੍ਰਵਾਸੀ ਪੰਜਾਬੀਆਂ ਦੀ ਦਿਲਚਸਪੀ ਕੇਵਲ ਦਰਸ਼ਕਾਂ ਵਜੋਂ ਨਹੀਂ ਬਲਕਿ ਚੋਣ ਮੈਦਾਨ ਵਿੱਚ ਨਿਤਰਣ ਨੂੰ ਵੇਖਦਿਆਂ ਸਭਨਾਂ ਦੀ ਸੂਬੇ ਅਤੇ ਲੋਕਾਂ ਦੇ ਰਾਜਸੀ, ਆਰਥਿਕ, ਧਾਰਮਿਕ ਅਤੇ ਸਭਿਆਚਾਰਕ ਭਵਿੱਖ ਪ੍ਰਤੀ ਗੰਭੀਰ ਫਿਕਰ ਅਤੇ ਲਗਾਅ ਨੂੰ ਸਮਝਿਆ/ਮਹਿਸੂਸ ਕੀਤਾ ਜਾਣਾ ਜ਼ਰੂਰੀ ਹੈ। ਭਾਰਤ ਦੇ ਆਜ਼ਾਦ ਹੋਣ ਤੋਂ ਲੈ ਕੇ ਕਈ ਦਹਾਕਿਆਂ ਤੱਕ ਮੁਲਕ ਦੇ ਸਭ ਤੋਂ ਖ਼ੁਸ਼ਹਾਲ ਰਹੇ ਇਸ ਸੂਬੇ ਦੀ 50ਵਿਆਂ ਤੋਂ ਕੁਝ ਦਹਾਕਿਆਂ ਬਾਅਦ ਸਾਰੇ ਪੱਖਾਂ ਤੋਂ ਜਿਹੜੀ ਤਰਸਯੋਗ ਹਾਲਤ ਬਣੀ ਹੋਈ ਹੈ, ਉਸ ਬਾਰੇ ਪੰਜਾਬੀ ਖ਼ਾਸ ਕਰ ਭਾਰੀ ਬਹੁਗਿਣਤੀ ਵਾਲਾ ਸਿੱਖ ਭਾਈਚਾਰਾ ਬੇਹੱਦ ਬੇਚੈਨ ਹੈ। ਬੇਸ਼ੱਕ ਕਿਸੇ ਸਮੇਂ ਪੰਜ ਦਰਿਆਵਾਂ ਦੀ ਧਰਤੀ ਵਜੋਂ ਜਾਣੇ ਜਾਂਦੇ ਇਸ ਖਿੱਤੇ ਦੇ ਦਰਿਆਈ ਪਾਣੀਆਂ ਦੀ ਲੁੱਟ, ਪੰਜਾਬੀ ਬੋਲਦੇ ਇਲਾਕਿਆਂ ਨੂੰ ਇਸ ਨਾਲੋਂ ਤੋੜ ਕੇ ਗਵਾਂਢੀ ਰਾਜਾਂ ਨਾਲ ਜੋੜੀ ਰੱਖਣ ਅਤੇ ਹੋਰਨਾਂ ਮਾਮਲਿਆਂ ਵਿੱਚ ਲਗਾਤਾਰ ਵਿਤਕਰਿਆਂ ਵਰਗੇ ਕਿੰਨੇ ਹੀ ਨਾਜ਼ੁਕ ਮਸਲਿਆਂ ਲਈ ਮੁੱਖ ਦੋਸ਼ੀ ਦਿੱਲੀ ਵਿਚ ਲਗਾਤਾਰ ਸੱਤਾ ‘ਚ ਰਹੀ ਕਾਂਗਰਸ ਹੈ ਪਰ ਪੰਜਾਬੀਆਂ ਖ਼ਾਸ ਕਰ ਸਿੱਖਾਂ ਦੀ ਅਸਲ ਨੁਮਾਇੰਦਾ ਹੋਣ ਦਾ ਦਾਅਵਾ ਕਰਨ ਵਾਲੇ ਅਕਾਲੀ ਦਲ ਦੇ ਆਗੂ ਵੀ ਇਨ੍ਹਾਂ ਵਿਤਕਰਿਆਂ ਦੀ ਆੜ ‘ਚ ਮਹਿਜ਼ ਨਿੱਜੀ ਹਿੱਤਾਂ ਲਈ ਰਾਜਸੀ ਖੇਡਾਂ ਖੇਡਣ ਦੇ ਦੋਸ਼ਾ ਤੋਂ ਮੁਕਤ ਨਹੀਂ ਹੋ ਸਕਦੇ। ਇਸੇ ਲਈ ਅਕਾਲੀ ਦਲ (ਬਾਦਲ), ਜੋ ਇਸ ਸਮੇਂ ਹੋਰਨਾਂ ਅਕਾਲੀ ਧੜਿਆਂ ਤੋਂ ਜਥੇਬੰਦਕ, ਮੈਂਬਰਸ਼ਿਪ ਅਤੇ ਲੋਕ ਆਧਾਰ ਦੇ ਤੌਰ ਉੱਤੇ ਬੇਹੱਦ ਮਜ਼ਬੂਤ ਹੈ, ਦੀ ਇਨ੍ਹਾਂ ਚੋਣਾਂ ਵਿੱਚ ਲੱਕ ਤੋੜਵੀਂ ਹਾਰ ਵਾਲੀ ਹਾਲਤ ਬਣੀ ਹੋਈ ਹੈ। ਲਗਾਤਾਰ ਦੋ ਵਾਰ ਚੋਣਾਂ ਜਿੱਤ ਕੇ ਪਿਛਲੇ 10 ਸਾਲਾਂ ਤੋਂ ਪੰਜਾਬ ਦੀ ਸੱਤਾ ਉੱਤੇ ਕਾਬਜ਼ ਅਕਾਲੀ-ਭਾਜਪਾ ਗਠਜੋੜ, ਜੋ ਅਸਲ ਵਿੱਚ ਬਾਦਲ ਪਰਿਵਾਰ ਦਾ ਹੀ ਰਾਜ ਕਿਹਾ ਜਾ ਸਕਦਾ ਹੈ, ਨੇ ਪਿਛਲੇ 5 ਸਾਲਾਂ ਦੌਰਾਨ ਪੰਜਾਬ ਦੇ ਸਰਕਾਰੀ ਖਜ਼ਾਨੇ ਅਤੇ ਬਜਰੀ-ਰੇਤਾਂ ਜਿਹੇ ਕੁਦਰਤੀ ਸਾਧਨਾਂ ਦੀ ਜਿਹੜੀ ਲੁੱਟ ਮਚਾਈ ਹੈ, ਉਹ ”ਬਾਦਲ ਭਜਾਓ। ਪੰਜਾਬ ਬਚਾਓ” ਅਤੇ ”ਪੰਜਾਬ ਨੂੰ ਬਾਦਲਾਂ ਤੋਂ ਮੁਕਤੀ” ਦੀ ਮੁਹਿੰਮ ਦੇ ਰੂਪ ਵਿੱਚ ਉਭਰ ਕੇ ਸਾਹਮਣੇ ਆਉਣ ਵਾਲੇ ਵੱਡੇ ਕਾਰਨਾਂ ਵਿਚੋਂ ਇੱਕ ਹੈ। ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੇ ਬਹੁਤ ਹੀ ਸੰਵੇਦਨਸ਼ੀਲ ਮੁੱਦੇ ਤੋਂ ਇਲਾਵਾ ਅਹਿਮ ਸਿੱਖ ਮਸਲਿਆਂ ਪ੍ਰਤੀ ਅਕਾਲੀ ਦਲ (ਬਾਦਲ), ਇਸ ਦੀ ਗੁਲਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਉਸ ਦੇ ਦਿਹਾੜੀਦਾਰ ਜਥੇਦਾਰਾਂ ਦੀ ਬੇਈਮਾਨੀ ਵਾਲੀ ਪਹੁੰਚ ਦਾ ਸਿੱਖਾਂ ਵਲੋਂ ਦਿੱਤਾ ਫਤਵਾ ਚੋਣਾਂ ਨਤੀਜਿਆਂ ਦੇ ਰੂਪ ਵਿੱਚ ਸਾਹਮਣੇ ਆਉਣ ਸਬੰਧੀ ਕਿਸੇ ਨੂੰ ਸ਼ੰਕਾ ਨਹੀਂ ਹੋਣਾ ਚਾਹੀਦਾ। ਪੰਜਾਬ ਬਾਰੇ ਫਿਕਰ ਰੱਖਣ ਵਾਲੇ ਬੁੱਧੀਜੀਵੀਆਂ, ਆਮ ਲੋਕਾਂ, ਧਾਰਮਿਕ ਕਾਰਕੁਨਾਂ, ਕਿਸਾਨਾਂ, ਮਜ਼ਦੂਰਾਂ ਅਤੇ ਮੁਲਾਜ਼ਮਾਂ ਦੇ ਮਨਾਂ ਵਿੱਚ ਜਿਹੜਾ ਰੋਸ ਹੈ, ਉਹ ਵੀ ਬਾਦਲਾਂ ਨੂੰ ਸਿਆਸੀ ਸੇਕ ਲਾਉਣ ਲਈ ਛੇਤੀ ਤੋਂ ਛੇਤੀ ਵੋਟਰ ਬਕਸਿਆਂ ਵਿੱਚੋਂ ਬਾਹਰ ਆਉਣ ਲਈ ਬੇਤਾਬ ਹੈ। ਇਨ੍ਹਾਂ ਸਭ ਤੋਂ ਵੱਧ ਪੰਜਾਬ ਦੇ ਨੌਜਵਾਨਾਂ ਅਤੇ ਪ੍ਰਵਾਸੀ ਪੰਜਾਬੀਆਂ ਵਲੋਂ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਸਰਗਰਮੀ ਨਾਲ ਪੰਜਾਬ, ਪੰਜਾਬੋਂ ਬਾਹਰ ਸਾਂਝੇ ਪਲੇਟਫਾਰਮਾਂ ਤੋਂ ਇਲਾਵਾ ਸ਼ੋਸ਼ਲ ਮੀਡੀਆ ਰਾਹੀਂ ਅਤੇ ਚੋਣਾਂ ਦੇ ਦਿਨੀਂ ਪੰਜਾਬ ਪੁੱਜ ਕੇ ਕੀਤੇ ਯਤਨ ਰਾਜ ਦੇ ਲੋਕਾਂ ਨੂੰ ‘ਲੋਟੂ ਰਾਜ’ ਤੋਂ ਮੁਕਤੀ ਦਿਵਾਉਣ ਵਿੱਚ ਅਹਿਮ ਰੋਲ ਅਦਾ ਕਰਨਗੇ। ਚੋਣਾਂ ਦਾ ਐਲਾਨ, ਚੋਣ ਸਰਗਰਮੀਆਂ ਅਤੇ ਚੋਣ ਪ੍ਰਚਾਰ ਦੌਰਾਨ ਵੋਟਰਾਂ ਨੂੰ ਝੂਠੇ ਲਾਰੇ ਲਾ ਕੇ ਭਰਮਾਉਣ, ਖਰੀਦਣ ਅਤੇ ਧਮਕਾਉਣ ਦੇ ਯਤਨਾਂ ਨੂੰ ਬਹੁਤਾ ਬੂਰ ਨਾ ਪੈਣ ਦੇ ਸੰਕੇਤਾਂ ਨੇ ਜਿੱਥੇ ਅਕਾਲੀ ਦਲ (ਬਾਦਲ) ਦੇ ਮੋਹਰੀਆਂ, ਉਮੀਦਵਾਰਾਂ ਅਤੇ ਹਮਾਇਤੀਆਂ ਨੂੰ ‘ਕੰਧ ਉੱਤੇ ਲਿਖੇ ਦੇ ਦਰਸ਼ਨ’ ਇੱਕ ਤਰ੍ਹਾਂ ਨਾਲ ਅਗਾਊਂ ਹੀ ਕਰਵਾ ਦਿੱਤੇ ਹਨ, ਉਸ ਤੋਂ ਬਹੁਤਾ ਭੁਲੇਖਾ ਨਹੀਂ ਰਹਿ ਜਾਂਦਾ ਕਿ ‘ਸੱਤਾ ਬਦਲੀ’ ਅਟੱਲ ਹੈ। ਨਾਲ ਹੀ ਇਸ ਵਾਰ ਆਮ ਆਦਮੀ ਪਾਰਟੀਆਂ ਨੂੰ ਮਿਲੇ ਦਿਸਦੇ ਬੇਮਿਸਾਲ ਹੁੰਗਾਰੇ ਨੂੰ ਵੇਖਦਿਆਂ  ਰਾਜਸੀ ਪੰਡਤਾਂ ਦਾ ਕਹਿਣਾ ਹੈ ਕਿ ਅਕਾਲੀਆਂ ਦੇ ਮੁਕਾਬਲੇ ਬਦਲ ਵਜੋਂ ਕਾਂਗਰਸ ਦੇ ਜਿੱਤਣ ਦੀਆਂ ਉਮੀਦਾਂ ਉੱਤੇ ਵੀ ਪਾਣੀ ਫਿਰਦਾ ਲਗਦਾ ਹੈ। ਖ਼ੈਰ 4 ਫਰਵਰੀ ਨੂੰ ਵੋਟਰ ਬਕਸਿਆਂ ਵਿੱਚ ਬੰਦ ਪੰਜਾਬ ਵਾਸੀਆਂ ਦੀ ਲੋਕ ਰਾਏ ਦਾ ਖੁਲਾਸਾ 11 ਮਾਰਚ ਨੂੰ ਵੋਟਾਂ ਦੀ ਗਿਣਤੀ ਹੋਣ ਤੱਕ ਵਕਫ਼ਾ ਆਮ ਨਾਲੋਂ ਕੁਝ ਜ਼ਿਆਦਾ ਹੀ ਲੰਮਾ ਹੈ। ਪਰ ਵੋਟਾਂ ਦੇ ਠੰਢ-ਠੰਢੌਲੇ ਬਾਅਦ ਨਤੀਜਿਆਂ ਸਬੰਧੀ ਸਭਨਾਂ ਦੀ ਉਤਸੁਕਤਾ ਕਿਤੇ ਜ਼ਿਆਦਾ ਹੈ। ਇਸ ਸਾਰੇ ਵਰਤਾਰੇ ਨੂੰ ‘ਕੌਮਾਂਤਰੀ ਅੰਮ੍ਰਿਤਸਰ ਟਾਈਮਜ਼’ ਦੇ ਸਾਬਕਾ ਸਮਾਚਾਰ ਸੰਪਾਦਕ ਗੌਤਮ ਰਿਸ਼ੀ ਵਲੋਂ ਫੇਸਬੁੱਕ ਉੱਤੇ ਕੀਤੀ ਟਿਪਣੀ ‘ਚ ਬੜੀ ਸੋਹਣੀ ਤਰ੍ਹਾਂ ਇਉਂ ਬਿਆਨਿਆ ਗਿਆ ਹੈ, ”ਵੋਟਾਂ ਤੋਂ ਬਾਅਦ ਫੇਸਬੁੱਕ ‘ਤੇ ਰੌਣਕ ਨਹੀਂ ਰਹੀ, ਜਿਵੇਂ ਪੇਪਰਾਂ ਤੋਂ ਬਾਅਦ ਬੱਚੇ ਨਾਨਕੇ ਗਏ ਹੋਣ…..”