ਸਰਜੀਕਲ ਸਟਰਾਈਕ- ਜੰਗ, ਅਵਾਮ ਤੇ ਹੁਕਮਰਾਨ

ਸਰਜੀਕਲ ਸਟਰਾਈਕ- ਜੰਗ, ਅਵਾਮ ਤੇ ਹੁਕਮਰਾਨ

ਭਾਰਤੀ ਕਸ਼ਮੀਰ ਦੇ ਉੜੀ ਵਿਚ ਦਹਿਸ਼ਤਗਰਦਾਂ ਦੇ ਹਮਲੇ ਤੋਂ ਬਾਅਦ ਭਾਰਤੀ ਫ਼ੌਜ ਦੇ ਜਵਾਨਾਂ ਵਲੋਂ ਮਕਬੂਜ਼ਾ ਕਸ਼ਮੀਰ (ਪਾਕਿਸਤਾਨੀ ਕਬਜ਼ੇ ਵਾਲਾ ਕਸ਼ਮੀਰ) ਵਿਚ ਦਾਖ਼ਲ ਹੋ ਕੇ ਦਹਿਸ਼ਤਗਰਦਾਂ ਦੇ 7 ਟਿਕਾਣੇ ਤਬਾਹ ਕਰਨ ਵਾਲਾ ਸਰਜੀਕਲ ਸਟਰਾਈਕ ਅੱਜ ਦੁਨੀਆ ਭਰ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਸਰਜੀਕਲ ਸਟਰਾਈਕ ਦੀ ਖ਼ਬਰ ਜਿਵੇਂ ਹੀ ਭਾਰਤੀ ਫੌਜ ਵਲੋਂ ਨਸ਼ਰ ਕੀਤੀ ਗਈ ਤਾਂ ਪਾਕਿਸਤਾਨੀ ਵਜ਼ੀਰ-ਏ-ਆਜ਼ਮ ਨਵਾਜ਼ ਸ਼ਰੀਫ਼ ਨੇ ਇਸ ਨੂੰ ਆਪਣੇ ਮੁਲਕ ‘ਤੇ ਹਮਲਾ ਦਸਿਆ ਜਦਕਿ ਪਾਕਿਸਤਾਨੀ ਫੌਜ ਨੇ ਇਸ ਤਰ੍ਹਾਂ ਦੇ ਕਿਸੇ ਵੀ ਅਪ੍ਰੇਸ਼ਨ ਤੋਂ ਇਨਕਾਰ ਕਰਦਿਆਂ ਇਸ ਨੂੰ ਸਰਹੱਦ ਪਾਰਲੀ ਗੋਲੀਬਾਰੀ ਦਸਦਿਆਂ ਇਹ ਜ਼ਰੂਰ ਮੰਨਿਆ ਕਿ ਉਨ੍ਹਾਂ ਦੇ 2 ਫੌਜੀ ਮਾਰੇ ਗਏ ਹਨ। ਦੂਸਰੇ ਪਾਸੇ ਅਮਰੀਕਾ ਸਮੇਤ ਸੰਸਾਰ ਦੇ ਪ੍ਰਮੁਖ ਮੁਲਕਾਂ ਨੇ ਇਸ ਸੰਦਰਭ ਵਿਚ ਸੰਜਮੀ ਟਿੱਪਣੀਆਂ ਕਰਦਿਆਂ ਪਾਕਿਸਤਾਨ ਨੂੰ ਦਹਿਸ਼ਗਰਦਾਂ ਨੂੰ ਸਰਪ੍ਰਸਤੀ ਦੇਣ ਦੇ ਵਰਤਾਰੇ ਤੋਂ ਪਾਸਾ ਵੱਟ ਲੈਣ ਦੀਆਂ ਨਸੀਹਤਾਂ ਦਿੱਤੀਆਂ। ਇਸੇ ਦੌਰਾਨ ਭਾਰਤ ਦੀ ਪਾਕਿਸਤਾਨ ਨੂੰ ਕੌਮਾਂਤਰੀ ਸਫ਼ਾਂ ‘ਤੇ ਅਲੱਗ-ਥਲੱਗ ਕਰਨ ਦੀ ਕੂਟਨੀਤੀ ਵੀ ਰੰਗ ਲਿਆਈ ਜਦੋਂ ਭੂਟਾਨ, ਸ੍ਰੀਲੰਕਾ, ਅਫ਼ਗਾਨਿਸਤਾਨ ਨੇ ਭਾਰਤ ਦਾ ਸਾਥ ਦਿੰਦਿਆਂ ਪਾਕਿਸਤਾਨ ਵਿਚ ਹੋਣ ਵਾਲੇ ਸਾਰਕ ਸਿਖ਼ਰ ਸੰਮੇਲਨ ਦਾ ਬਾਈਕਾਟ ਕਰ ਦਿੱਤਾ ਤੇ ਇਹ ਸੰਮੇਲਨ ਰੱਦ ਵੀ ਹੋ ਗਿਆ। ਪਰ ਹੁਣ ਜਦੋਂ ਕੁੱਝ ਦਿਨ ਲੰਘ ਗਏ ਹਨ ਤਾਂ ਇਸ ਸਰਜੀਕਲ ਸਟਰਾਈਕ ਨਾਲ ਪਾਕਿਸਤਾਨੀ ਦਹਿਸ਼ਗਰਦੀ ਕੈਂਪਾਂ ਦੇ ਹੋਏ ਦੱਸੇ ਜਾਂਦੇ ਨੁਕਸਾਨ ਦੇ ਸੱਚਮੁਚ ਹੀ ਹੋਣ ਜਾਂ ਨਾ ਹੋਣ ਬਾਰੇ ਚਰਚਾ ਛਿੜ ਗਈ ਹੈ।
ਸਵਾਲ ਉਠ ਰਹੇ ਹਨ ਕਿ ਕੀ ਵਾਕਿਆ ਹੀ ਇਹ ਫ਼ੌਜੀ ਕਾਰਵਾਈ ਹੋਈ ਹੈ ਜਾਂ ਨਹੀਂ, ਜੇ ਹੋਈ ਤਾਂ ਕੀ ਇਹ ਮਹਿਜ਼ ਮੋੜਵੀਂ ਫ਼ੌਜੀ ਕਾਰਵਾਈ ਸੀ ਜਾਂ ਫੇਰ ਭਾਰਤ ਅਤੇ ਪਾਕਿਸਤਾਨ ਦੀ ਸਿਆਸਤ ਵੀ ਇਹਦੀ ਪਿੱਠਭੂਮੀ ਵਿਚ ਵਿਚਰ ਰਹੀ ਸੀ? ਇਹ ਸਵਾਲ ਉਦੋਂ ਹੋਰ ਵੀ ਪ੍ਰੇਸ਼ਾਨ ਕਰਦੇ ਹਨ ਜਦੋਂ ਪੂਰੇ ਘਟਨਾਕ੍ਰਮ ਦੀ ਪਰਤ-ਦਰ-ਪਰਤ ਉਧੜਦੀ ਹੈ। ਜੇਕਰ ਇਨ ਪਰਤਾਂ ਪਿਛੇ ਲੁਕਿਆ ‘ਸੱਚ’ ਝੂਠ ਨਹੀਂ ਹੈ ਤਾਂ ਇਹ ਭਾਰਤ ਦੇ ਕਰੋੜਾਂ ਲੋਕਾਂ ਨਾਲ ਸਿਰਫ਼ ਧੋਖਾ ਹੀ ਨਹੀਂ, ਸਗੋਂ ਵੱਡੇ ਪੱਧਰ ‘ਤੇ ਆਰਥਿਕ, ਸਮਾਜਿਕ ਤੇ ਸਿਆਸੀ ਨੁਕਸਾਨਦੇਹ ਵਾਲਾ ਹੋਵੇਗਾ। ਇਸ ‘ਝੂਠ’ ਨੂੰ ਫੈਲਾਉਣ ਪਿਛੇ ਉਹੀ ਖ਼ਬਰੀਆ ਚੈਨਲ ਹਨ ਜਿਹੜੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਛਾਤੀ ਨੂੰ ਹੁਣ 56 ਇੰਚ ਤੋਂ ਵੀ ਦੁੱਗਣੀ ਚੌੜੀ ਕਰਕੇ ਦੱਸ ਰਹੇ ਹਨ। ਇਕ ਸੱਚ ਇਹ ਵੀ ਹੈ ਕਿ ਅਜਿਹੇ ਸਰਜੀਕਲ ਸਟਰਾਈਕ ਡਾ. ਮਨਮੋਹਨ ਸਿੰਘ ਦੀ ਸਰਕਾਰ ਵੇਲੇ ਵੀ ਹੁੰਦੇ ਰਹੇ ਹਨ ਪਰ ਇਸ ਵਾਰ ਏਨਾ ਢੋਲ ਕਿਉਂ ਪਿਟਿਆ ਜਾ ਰਿਹਾ ਹੈ?
ਭਾਰਤ ਦੀ ਮੌਜੂਦਾ ਸਿਆਸਤ ਦਾ ਦ੍ਰਿਸ਼ ਇਹ ਹੈ ਕਿ ਉਤਰ ਪ੍ਰਦੇਸ਼ ਤੇ ਪੰਜਾਬ ਦੀਆਂ ਚੋਣਾਂ ਕਿਉਂਕਿ ਨਜ਼ਦੀਕ ਆ ਰਹੀਆਂ ਹਨ ਤੇ ਭਾਜਪਾ ਨੇ ‘ਮੋਦੀ ਮੋਦੀ’ ਰਾਗ ਅਲਾਪ ਕੇ ਸਰਜੀਕਲ ਸਟਰਾਈਕ ਦਾ ਲਾਹਾ ਖੱਟਣਾ ਸ਼ੁਰੂ ਵੀ ਕਰ ਦਿੱਤਾ ਹੈ। ਨੁਕਸਾਨ ਹੋਇਆ ਤਾਂ ਸਿਰਫ਼ ਦੋਵਾਂ ਪੰਜਾਬਾਂ ਦੇ ਸਰਹੱਦੀ ਇਲਾਕਿਆਂ ਦੇ ਲੱਖਾਂ ਲੋਕਾਂ ਨੂੰ ਜਿਹੜੇ ਆਪਣੇ ਘਰ-ਬਾਰ, ਫ਼ਸਲਾਂ, ਮਾਲ ਡੰਗਰ ਛੱਡ ਕੇ ਬੇਘਰੇ ਹੋਣ ਦੀ ਜੂਨ ਹੰਢਾ ਰਹੇ ਹਨ। ਬੇਸ਼ੱਕ ਸਰਹੱਦ ਪਾਰਲੀ ਦਹਿਸ਼ਤਗਰਦੀ ਵਿਰੁੱਧ ਸਖ਼ਤ ਐਕਸ਼ਨ ਲੋੜੀਂਦੇ ਹਨ ਪਰ ਉਹਦਾ ਇਸ ਕਦਰ ਢਿੰਡੋਰਾ ਪਿੱਟਣਾ, ਕੀ ਵਾਜਬ  ਹੈ? ਕੀ ਸਰਕਾਰ ਨੇ ਸਿਰਫ਼ ਤੇ ਸਿਰਫ਼ ਸਿਆਸੀ ਲਾਹਾ ਦੇਖਿਆ, ਇਸ ਦੇ ਨਤੀਜਿਆਂ ਬਾਰੇ ਨਹੀਂ ਸੋਚਿਆ?
ਇਹ ਤਾਂ ਸੱਚ ਦੀ ਉਪਰਲੀ ਪਰਤ ਹੈ, ਥੋੜ ਅੰਦਰ ਫਰੋਲਾ-ਫਰੋਲੀ ਕਰਦੇ ਹਾਂ। ਉੜੀ ਹਮਲੇ ਤੋਂ ਠੀਕ ਦੋ ਦਿਨ ਪਹਿਲਾਂ ਮੋਦੀ ਸਰਕਾਰ ਨੇ ਫਰਾਂਸ ਨਾਲ ਰਫਾਲ ਫਾਈਟਰ ਜਹਾਜ਼ ਖ਼ਰੀਦਣ ਦਾ ਸਮਝੌਤਾ ਕੀਤਾ ਜੋ ਪਿਛਲੇ ਚਾਰ ਸਾਲ ਤੋਂ ਯੂ.ਪੀ.ਏ. ਸਰਕਾਰ ਵੇਲੇ ਪ੍ਰਕਿਰਿਆ ਵਿਚ ਸੀ ਤੇ ਇਸੇ ਮੋਦੀ ਦੀ ਰਾਜਸੀ ਜਨਮਦਾਤੀ ਭਾਰਤੀ ਜਨਤਾ ਪਾਰਟੀ ਉਸ ਵੇਲੇ ਇਸ ਦਾ ਲਗਾਤਾਰ ਵਿਰੋਧ ਕਰਦੀ ਆ ਰਹੀ ਸੀ। ਸਿਆਸੀ ਤੇ ਆਰਥਿਕ ਮਾਹਰਾਂ ਮੁਤਾਬਕ ਇਸ ਸਮਝੌਤੇ ਵਿਚ 2 ਹਜ਼ਾਰ ਕਰੋੜ ਰੁਪਏ ਦਾ ਘੁਟਾਲਾ ਹੋਇਆ ਹੈ। ਇਸ ਸਮਝੌਤੇ ਦੇ ਹੁੰਦਿਆਂ ਹੀ ਜ਼ੋਰ-ਸ਼ੋਰ ਨਾਲ ਖ਼ਬਰੀਆ ਚੈਨਲਾਂ ਨੇ ਪ੍ਰਚਾਰਿਆ ਕਿ ਇਹ ਜਹਾਜ਼ ਪਾਕਿਸਤਾਨ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਦੇ ਸਮਰਥ ਹਨ, ਹੁਣ ਪਾਕਿਸਤਾਨ ਦੀ ਖ਼ੈਰ ਨਹੀਂ… ਜਦਕਿ ਇਨ੍ਹਾਂ ਨੂੰ ਆਉਣ ਵਿਚ ਹਾਲੇ ਕਰੀਬ ਕਰੀਬ ਚਾਰ ਸਾਲ ਲੱਗਣੇ ਹਨ। ਜਿਹੜਾ ਘੁਟਾਲਾ ਹੈ, ਉਹਦੇ ਬਾਰੇ ਵੀ ਜਾਣ ਲਓ। ਚਾਰ ਸਾਲ ਪਹਿਲਾਂ ਫਰਾਂਸ ਨਾਲ ਜਹਾਜ਼ ਦੀ ਕੀਮਤ ਕਰੀਬ 715 ਕਰੋੜ ਰੁਪਏ ਤੈਅ ਹੋਈ ਸੀ ਪਰ ਹੁਣ ਮੋਦੀ ਸਰਕਾਰ ਦੁੱਗਣੇ ਨਾਲੋਂ ਵੀ ਜ਼ਿਆਦਾ ਕੀਮਤ 1600 ਕਰੋੜ ਰੁਪਏ ਪ੍ਰਤੀ ਜਹਾਜ਼ ਖ਼ਰੀਦ ਰਹੀ ਹੈ। ਇਸ ਨੂੰ ‘ਦੇਸ਼ ਭਗਤ ਮੋਦੀ ਸਰਕਾਰ’ ਦਾ ਕਿਹੜਾ ਚਿਹਰਾ ਮੰਨਿਆ ਜਾਵੇ? ਮੋਦੀ ਨੇ ਪਹਿਲੀ ਸਤੰਬਰ 2014 ਨੂੰ ਜਪਾਨੀ ਕਾਰੋਬਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ‘ਗੁਜਰਾਤੀ ਹੋਣ ਦੇ ਨਾਤੇ ਵਪਾਰ ਮੇਰੇ ਖ਼ੂਨ ਵਿਚ ਹੈ।’ ਲਗਦਾ ਹੈ ਮੋਦੀ ਵਪਾਰੀਆਂ ਦੇ ਵੀ ਵਪਾਰੀ ਹਨ। ਉਪਰੋਂ ਖ਼ਬਰੀ ਚੈਨਲਾਂ ਵਲੋਂ ਯੁੱਧ ਵਰਗੇ ਹਾਲਾਤ ਫੈਲਾਉਣ ਦੀ ਹੋੜ, ਕੀ ਇਸ ਸਮਝੌਤੇ ਦੇ ਪੱਖ ਵਿਚ ਮਾਹੌਲ ਬਣਾਉਣ ਦੀ ‘ਸਾਜ਼ਿਸ਼’ ਨਹੀਂ ਲਗਦੀ? ਇਹ ਵੀ ਸੱਚ ਹੈ ਕਿ ਬਹੁਤੇ ਖ਼ਬਰੀਆ ਚੈਨਲ ਵੱਡੇ ਵਪਾਰਕ ਪਰਿਵਾਰਾਂ ਦੇ ਹਨ। 21 ਸਤੰਬਰ ਨੂੰ ਮੋਦੀ ਸਰਕਾਰ ਰਫ਼ਾਲ ਸਮਝੌਤਾ ਕਰਦੀ ਹੈ ਤੇ 23 ਸਤੰਬਰ ਨੂੰ ਉੜੀ ਹਮਲਾ ਹੁੰਦਾ ਹੈ। ਸਰਹੱਦੀ ਖੇਤਰਾਂ ਵਿਚ ਰੋਜ਼ਾਨਾ ਹੀ ਸ਼ੱਕੀ ਵਿਅਕਤੀ ਨਜ਼ਰੀਂ ਪੈਣ ਦੀਆਂ ਅਫ਼ਵਾਹਾਂ ਉਡ ਰਹੀਆਂ ਹਨ। ਇਉਂ ਲਗਦੈ ਜਿਵੇਂ ਖ਼ਬਰੀਆ ਚੈਨਲ ਹੀ ਸੱਚ ਪਰਖ਼ੇ ਬਿਨਾਂ ਦਹਿਸ਼ਤੀ ਮਾਹੌਲ ਬਣਾਉਣ ਦਾ ਕੰਮ ਕਰ ਰਹੇ ਹਨ। ਤਾਜ਼ਾ ਘਟਨਾ ਬਾਰਾਮੂਲਾ ਦੀ ਹੈ, ਜਿੱਥੇ ਅੱਤਵਾਦੀ ਅੱਤਵਾਦੀ ਹੋਣ ਦਾ ਰੌਲਾ ਪਿਆ, ਆਪਸੀ ਗੋਲੀਬਾਰੀ ਵਿਚ ਜਵਾਨ ਮਾਰਿਆ ਗਿਆ…ਅੱਤਵਾਦੀ ਕਿਤੇ ਮਿਲੇ ਹੀ ਨਹੀਂ।
ਗੱਲ ਇਥੇ ਹੀ ਨਹੀਂ ਮੁੱਕਦੀ। ਮੋਦੀ ਦਾ ਵਪਾਰੀਆਂ ਨਾਲ ਪਿਆਰ ਇਥੋਂ ਮਹਿਸੂਸ ਕਰੋ। ਰਫਾਲ ਜਹਾਜ਼ ਬਣਾਉਣ ਵਾਲੀ ਕੰਪਨੀ ਅਤੇ ਮੁਕੇਸ਼ ਅੰਬਾਨੀ ਦੀ ਰਿਲਾਇਸ ਇੰਡਸਟਰੀਜ਼ ਕਾਰੋਬਾਰੀ ਭਾਈਵਾਲ ਹਨ। ਉਹੀ ਅੰਬਾਨੀ, ਜਿਸ ਲਈ ਮੋਦੀ ‘ਜੀਓ’ ਵਾਸਤੇ ਮਾਡਲਿੰਗ ਕਰ ਰਹੇ ਹਨ। ਅੰਬਾਨੀ ਨੇ ਮੁਲਕ ਦੀ ਸਵਾ ਲੱਖ ਕਰੋੜ ਰੁਪਏ ਦੀ ਗੈਸ ਚੋਰੀ ਕੀਤੀ, ਗੁਜਰਾਤ ਸਰਕਾਰ ਨੇ ਅੰਬਾਨੀ ਦੇ 75 ਹਜ਼ਾਰ ਕਰੋੜ ਰੁਪਏ ਮੁਆਫ਼ ਕਰ ਦਿੱਤੇ, ਅੰਬਾਨੀ ਦੇ ਸਾਲੇ ਨੂੰ ਰਿਜ਼ਰਵ ਬੈਂਕ ਦਾ ਗਵਰਨਰ ਬਣਾ ਦਿੱਤਾ, ਅੰਬਾਨੀ ‘ਤੇ ਲੱਗੇ ਦੋਸ਼ਾਂ ਦੀਆਂ ਫਾਈਲਾਂ ਗੁੰਮ ਹੋ ਗਈਆਂ ਤੇ ਅੰਬਾਨੀ ਦੀ ਪਤਨੀ ਨੀਤਾ ਅੰਬਾਨੀ ਨੂੰ ਜ਼ੈੱਡ ਸੁਰੱਖਿਆ ਦਿੱਤੀ ਜਾ ਰਹੀ ਹੈ। ਹੁਣ ਅਚਾਨਕ ਮੁਕੇਸ਼ ਦਾ ਭਰਾ ਅਨਿਲ ਅੰਬਾਨੀ ਵੀ ਜੰਗੀ ਜਹਾਜ਼ਾਂ ਦੇ ਕਾਰੋਬਾਰ ਵਿਚ ਆ ਗਿਆ ਹੈ।
ਕਦੇ ਗਾਂ, ਕਦੇ ਰਾਸ਼ਟਰਵਾਦ, ਕਦੇ ਜੇ.ਐਨ.ਯੂ. ਤੇ ਹੁਣ ਅਮਨ ਦੀ ਥਾਂ ਪਾਕਿਸਤਾਨ ਨਾਲ ਯੁੱਧ ਦਾ ਫਰਜ਼ੀ ਜੋਸ਼ ਪੈਦਾ ਕਰਕੇ ਖ਼ੌਫ਼ਜ਼ਦਾ ਮਾਹੌਲ ਬਣਾਇਆ ਜਾ ਰਿਹਾ ਹੈ। ਅਜਿਹਾ ਸਿਆਸੀ ਲਾਹਾ ਖੱਟਣ ਵਾਲੀਆਂ ਧਿਰਾਂ ਦੋਵੇਂ ਮੁਲਕਾਂ ਵਿਚ ਬੈਠੀਆਂ ਹਨ। ਮੁਕੱਦੀ ਗੱਲ ਇਹ ਹੈ ਕਿ ਜੰਗ ਹਮੇਸ਼ਾ ਅਵਾਮ ਦੇ ਖ਼ਿਲਾਫ਼ ਹੁੰਦੀ ਹੈ ਤੇ ਹੁਕਮਰਾਨਾਂ ਦੀਆਂ ਗੱਦੀਆਂ ਨੂੰ ਸੁਰਖਿਅਤ ਕਰਦੀ ਹੈ।