ਸਿਆਸੀ ਯੁੱਧ ‘ਚ ਸ਼ਬਦੀ ਮੁਕਾਬਲੇ ਦਾ ਪਹਿਲਾ ਗੇੜ

ਸਿਆਸੀ ਯੁੱਧ ‘ਚ ਸ਼ਬਦੀ ਮੁਕਾਬਲੇ ਦਾ ਪਹਿਲਾ ਗੇੜ

ਅਮਰੀਕੀ ਲੋਕ ਰਾਜ ਦੇ ਵਿਚਾਰਧਾਰਕ ਬਹਿਸ ਮੁਬਾਸੇ ਦੀ ਸ਼ਾਨਦਾਰ ਰਵਾਇਤ
ਅਮਰੀਕਾ ਦੀਆਂ ਦੋ ਮੁੱਖ ਰਾਜਸੀ ਧਿਰਾਂ ਡੈਮੋਕਰੇਟ ਪਾਰਟੀ ਅਤੇ ਰਿਪਬਲਿਕਨ ਪਾਰਟੀ ਵਿਚਕਾਰ ਸਿਖ਼ਰਲੇ ਸਿਆਸੀ ਯੁੱਧ ਦੇ ਆਖ਼ਰੀ ਦੌਰ ਦੀ ਸ਼ੁਰੂਆਤ ਹੋ ਗਈ ਹੈ। ਸੱਤਾਧਾਰੀ ਡੈਮੋਕਰੇਟਾਂ ਵਲੋਂ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਹਿਲੇਰੀ ਕਲਿੰਟਨ ਅਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ ਵਿਚਾਲੇ ਚੋਣਾਂ ਤੋਂ ਪਹਿਲਾਂ ਹੋਣ ਵਾਲੀਆਂ ਤਿੰਨ ਡੀਬੇਟਾਂ ਦੇ ਪਹਿਲੇ ਗੇੜ ਵਜੋਂ ਮੰਗਲਵਾਰ ਨੂੰ ਹੋਇਆ ਮੁਕਾਬਲਾ ਬਹੁਤ ਦਿਲਚਸਪ ਰਿਹਾ। ਇਸ ਵਾਰ ਨਿਊਯਾਰਕ ਖੇਤਰ ਦੀ ਉਘੀ ਵਿਦਿਅਕ ਸੰਸਥਾ ਹੌਫਸਟਰਾ ਯੂਨੀਵਰਸਿਟੀ ‘ਚ ਪਹਿਲੀ ਬਹਿਸ ਦੇ ਮਾਡਰੇਟਰ ਵਜੋਂ 90 ਮਿੰਟ ਦੇ ਪ੍ਰੋਗਰਾਮ ਦੌਰਾਨ ਐਨਬੀਸੀ ਦੇ ਉੱਘੇ ਟੀਵੀ ਪੱਤਰਕਾਰ ਲੈਸਟਰ ਡਾਨ ਹੋਲਟ ਨੇ ਹਿਲੇਰੀ ਤੇ ਟਰੰਪ ਨੂੰ ਕੀਤੇ ਬੜੇ ਤਿੱਖੇ ਅਤੇ ਅਹਿਮ ਸਵਾਲਾਂ ਰਾਹੀਂ ਬਹਿਸ ਨੂੰ ਮੁੱਖ ਵਿਸ਼ੇ ਉੱਤੇ ਕੇਂਦਰਿਤ ਰੱਖਦਿਆਂ ਅੰਤ ਰੌਚਿਕਤਾ ਤੱਕ ਬਣਾਈ ਰੱਖੀ। ਹੋਲਟ ਨੇ ਦੋਵਾਂ ਉਮੀਦਵਾਰਾਂ ਨੂੰ ਸਮੁੱਚੇ ਵਿਸ਼ਵ ਦੇ ਮੌਜੂਦਾ ਹਾਲਾਤ, ਅੱਤਵਾਦ, ਨਾਟੋ, ਇਰਾਨ, ਉੱਤਰੀ ਕੋਰੀਆ, ਚੀਨ, ਮੈਕਸੀਕੋ, ਅਮਰੀਕਾ ਦੀ ਵਿਦੇਸ਼ ਨੀਤੀ, ਘਰੇਲੂ ਹਾਲਤ, ਆਰਥਿਕਤਾ, ਰੁਜ਼ਗਾਰ, ਨਸਲੀ ਸਬੰਧਾਂ, ਅਮਰੀਕਾ ਵਿਚਲੇ ਮੁਸਲਮਾਨਾਂ ਸਮੇਤ ਘੱਟ ਗਿਣਤੀਆਂ  ਦੇ ਭਵਿੱਖ ਤੋਂ ਇਲਾਵਾ ਹੋਰਨਾਂ ਵਿਸ਼ਿਆਂ ਉੱਤੇ ਸਵਾਲਾਂ ਰਾਹੀਂ ਅਜਿਹਾ ਝੰਜੋੜਿਆ ਕਿ ਦੋਵਾਂ ਨੂੰ ਹਰ ਸਵਾਲ ਦਾ ਜਵਾਬ ਬੜਾ ਸੋਚ ਸਮਝ ਕੇ ਦੇਣ ਲਈ ਕਾਫ਼ੀ ਠਰੰਮੇ ਅਤੇ ਦਿਮਾਗ ਤੋਂ ਕੰਮ ਲੈਣਾ ਪਿਆ। ਸਾਰੀ ਗੱਲਬਾਤ ਬਾਅਦ ਜਿਸ ਪੱਖ ਵੱਲ ਲੋਕਾਂ ਦਾ ਬਹੁਤ ਧਿਆਨ ਹੁੰਦਾ ਹੈ, ਉਹ ਹੈ ਦੋਵਾਂ ‘ਚੋਂ ਕਿਹੜਾ ਉਮੀਦਵਾਰ ਸਾਰੇ ਸਵਾਲਾਂ ਦੇ ਜਵਾਬ ਦੇਣ ਵਿੱਚ ਸਫ਼ਲਤਾ ਪੂਰਬਕ ਪੂਰਾ ਉਤਰਿਆ। ਦੋਵਾਂ ਧਿਰਾਂ ਵਲੋਂ ਆਪਣੇ ਆਪ ਦੀ ਇੱਕ ਦੂਜੇ ਤੋਂ ਵਧੀਆ ਕਾਰਗੁਜ਼ਾਰੀ ਦੇ ਦਾਅਵਿਆਂ ਦੇ ਬਾਵਜੂਦ ਹੁਣ ਤੱਕ ਪ੍ਰਾਪਤ ਸੰਕੇਤਾਂ ਤੇ ਨਤੀਜਿਆਂ ਤੋਂ ਇਹੀ ਜਾਪਦਾ ਹੈ ਕਿ ਹਿਲੇਰੀ ਕਲਿੰਟਨ, ਜਿਹੜੀ ਅਮਰੀਕੀ ਇਤਿਹਾਸ ਵਿੱਚ ਰਾਸ਼ਟਰਪਤੀ ਦੇ ਸਰਬ ਉੱਚ ਅਹੁਦੇ ਲਈ ਪਹਿਲੀ ਮਹਿਲਾ ਉਮੀਦਵਾਰ ਹੈ, ਆਪਣੇ ਤੇਜ਼ ਤਰਾਰ ਪਰ ਠਰੰਮੇ ਵਾਲੇ ਸੁਭਾਅ, ਵਿਦੇਸ਼ ਮੰਤਰੀ ਵਜੋਂ ਤਜਰਬੇ ਅਤੇ ਪ੍ਰਸ਼ਾਸਕੀ ਤਜਰਬੇ ਕਾਰਨ ਟਰੰਪ ਨੂੰ ਸ਼ਬਦਾਂ ਦੀ ਜੰਗ ਵਿਚ ‘ਠਿੱਬੀ ਲਾਉਣ’ ਵਿੱਚ ਕਾਮਯਾਬ ਰਹੀ। ਟਰੰਪ ਨੇ ਕਈ ਅਹਿਮ ਮਸਲਿਆਂ ਬਾਰੇ ਹਿਲੇਰੀ ਉੱਤੇ ਤਿੱਖੇ ਵਾਰ ਕਰਦਿਆਂ ਪਾਸਾ ਪਲਟਣ ਦੇ ਯਤਨ ਕੀਤੇ, ਪਰ ਹਿਲੇਰੀ ਹਰ ਵਾਰ ਬਚ ਕੇ ਨਿਕਲਦਿਆਂ ਉਲਟਾ ਮਾਮਲਾ ਆਪਣੇ ਸਾਹਮਣੇ ਖੜ੍ਹੇ ਵਿਰੋਧੀ ਦੇ ਗੱਲ ਪਾਉਣ ਦੀ ਚਾਲ ਚਲਦੀ ਰਹੀ। ਅਹਿਮ ਵਿਸ਼ਿਆਂ ਉੱਤੇ ਪੂਰੀ ਤਰ੍ਹਾਂ ਕੇਂਦਰਿਤ ਰਹਿਣ ਦੀ ਬਜਾਏ ਦੋਵਾਂ ਨੇ ਰਾਜਸੀ ਲਾਹਾ ਲੈਣ ਲਈ ਆਨੇ-ਬਹਾਨੇ ਇੱਕ-ਦੂਜੇ ਦੇ ਨਿੱਜੀ ਜੀਵਨ ਵਿਚਲੀਆਂ ਘਟਨਾਵਾਂ-ਮਾਮਲਿਆਂ ਨੂੰ ਉਭਾਰਣ ਦੀ ਵੀ ਪੂਰੀ ਵਾਹ ਲਾਈ। ਇਸ ਤਰ੍ਹਾਂ ਬਹਿਸ ਅਪਣੇ ਮੰਤਵ ਤੋਂ ਮਿਆਰ ਤੋਂ ਹੇਠਾਂ ਜਾਂਦੀ ਜਾਪਦੀ ਸੀ ਪਰ ਦੋਵਾਂ ਵਲੋਂ ‘ਭਾਰਤੀ ਰਾਜਸੀ ਨੇਤਾਵਾਂ ਦੇ ਚਿੱਕੜ ਉਛਾਲਣ ਦੇ ਨਿੱਤ ਹੁੰਦੇ ਮੁਕਾਬਲਿਆਂ’ ਵਾਲੀ ਸਥਿਤੀ ਤੱਕ ਜਾਣ ਤੋਂ ਗੁਰੇਜ਼ ਕਰਨ ਕਾਰਨ ਪ੍ਰੋਗਰਾਮ ਦਾ ਸਿਆਸੀ ਸਦਾਚਾਰ ਬਰਕਰਾਰ ਰਿਹਾ। ਹਾਂ, ਟਰੰਪ ਵਲੋਂ ਬਹਿਸ ਦੌਰਾਨ ਖਿੱਝ ਕੇ ਮੱਥੇ ਤਿਉੜੀਆਂ ਪਾਉਣਾ ਅਤੇ ਵਾਰ ਵਾਰ ਹਿਲੇਰੀ ਨੂੰ ਵਿਚੋਂ ਟੋਕਣਾ ਭਾਰਤੀ ਟੀਵੀ ਚੈਨਲਾਂ ਉੱਤੇ ਹੁੰਦੀ ਬੇਹੂਦਾ ਚੁੰਝ ਚਰਚਾ ਦਾ ਝਲਕਾਰਾ ਜ਼ਰੂਰ ਪਾਉਂਦੀ ਸੀ ਪਰ ਇਸ ਦੇ ਬਾਵਜੂਦ ਕ੍ਰੋਧ ਅਤੇ ਕੁੜਿਤਣ ਤੋਂ ਰਹਿਤ ਸੀ। ਅਮਰੀਕੀ ਰਾਸ਼ਟਰਪਤੀ ਦੀ ਚੋਣ ਵਿੱਚ ਜਿੱਥੇ ਹਰ ਪਾਰਟੀ ਦੇ ਉਮੀਦਵਾਰ ਦੀ ਚੋਣ ਵੇਲੇ ਪਾਰਟੀ ਦੇ ਅੰਦਰ ਬੜੇ ਸਾਰਥਕ ਵਿਚਾਰ ਵਟਾਂਦਰੇ ਅਤੇ ਖੁਲ੍ਹੀਆਂ ਬਹਿਸਾਂ ਹੋਣਾ ਪਾਰਟੀ ਦੇ ਅੰਦਰੂਨੀ ਢਾਂਚੇ ਦੇ ਲੋਕਰਾਜੀ ਹੋਣ ਦੀ ਸਪਸ਼ਟ ਉਦਾਹਰਣ ਹਨ, ਉੱਥੇ ਵੋਟਾਂ ਤੋਂ ਪਹਿਲਾਂ ਉਮੀਦਵਾਰਾਂ ਵਿਚਾਲੇ ਕੌਮੀ ਪੱਧਰ ਦੀਆਂ ਖੁਲ੍ਹੀਆਂ ਬਹਿਸਾਂ ਦੇਸ਼ ਦੇ ਲੋਕਰਾਜੀ ਪ੍ਰਬੰਧ ਦੀ ਸ਼ਾਨਦਾਰ ਰਵਾਇਤ ਹਨ। ਹਰ ਚਾਰ ਸਾਲ ਬਾਅਦ ਨਵੰਬਰ ਮਹੀਨੇ ਦੇ ਪਹਿਲੇ ਐਤਵਾਰ ਨੂੰ ਵੋਟਾਂ ਪੈਣ ਤੋਂ ਕੁਝ ਹਫ਼ਤੇ ਪਹਿਲਾਂ ਸਤੰਬਰ ਅਤੇ ਅਕਤੂਬਰ ਦੌਰਾਨ ਅਮਰੀਕਾ ਦੇ ਵੱਖ ਵੱਖ ਭਾਗਾਂ ਵਿੱਚ ਤਿੰਨ ਬਹਿਸਾਂ (4ebates) ਦਾ ਪ੍ਰਬੰਧ ਕੀਤਾ ਜਾਂਦਾ ਹੈ। ਕਮਿਸ਼ਨ ਆਨ ਪ੍ਰੈਜ਼ੀਡੈਂਸ਼ਲ ਡੀਬੇਟਸ ਨਾਂਅ ਦੀ ਸੰਸਥਾ ਦੀ ਤਰਫੋਂ ਇਹ ਪ੍ਰੋਗਰਾਮ ਨਾਮੀ ਯੂਨੀਵਰਸਿਟੀਆਂ ਵਿੱਚ ਕਰਵਾਏ ਜਾਂਦੇ ਹਨ ਜਿਨ੍ਹਾਂ ਦਾ ਟੀਵੀ ਚੈਨਲਾਂ, ਰੇਡੀਓ ਅਤੇ ਹੋਰਨਾਂ ਪ੍ਰਚਾਰ ਸਾਧਨਾਂ ਵਲੋਂ ਸਿੱਧਾ ਪ੍ਰਸਾਰਨ ਹੁੰਦਾ ਹੈ। ਆਮ ਤੌਰ ਉੱਤੇ ਕਿਸੇ ਉਘੇਂ ਤੇ ਵੱਕਾਰੀ ਟੀ.ਵੀ. ਐਂਕਰ ਅਤੇ ਸੀਨੀਅਰ ਪੱਤਰਕਾਰ ਵਲੋਂ ਇਨ੍ਹਾਂ ਬਹਿਸਾਂ ਦੀ ਕਾਰਵਾਈ ਚਲਾਈ ਜਾਂਦੀ ਹੈ। ਇਹ ਵੀ ਲਗਭਗ ਤੈਅ ਹੀ ਹੈ ਕਿ ਅਜਿਹਾ ਐਂਕਰ ਕਿਸੇ ਵੀ ਰਾਜਸੀ ਪਾਰਟੀ, ਧਰਮ, ਵਰਗ, ਖਿੱਤੇ, ਆਰਥਿਕ ਅਦਾਰੇ ਜਾਂ ਪੱਖਪਾਤੀ ਧਿਰ ਨਾਲ ਜੁੜਿਆ ਨਹੀਂ ਹੁੰਦਾ। ਉਹ ਇਹ ਬੇਹੱਦ ਚੁਣੌਤੀ ਭਰਿਆ ਅਤੇ ਅਹਿਮ ਕਾਰਜ ਨਿਭਾਉਣ ਦੇ ਸਮਰੱਥ ਹੋਣ ਕਾਰਨ ਹੀ ਬਿਨਾਂ ਕਿਸੇ ਲੱਗ-ਲਗਾਓ ਦੇ ਦੇਸ਼ ਨਾਲ ਸਬੰਧਤ ਬਹੁ ਦਿਸ਼ਾਵੀ ਮੁਦਿਆਂ ਅਤੇ ਦਰਪੇਸ਼ ਮੁਸ਼ਕਲਾਂ ਬਾਰੇ ਉਮੀਦਵਾਰਾਂ ਨੂੰ ਲੋਕਾਂ ਦੀ ਕਚਹਿਰੀ ਵਿੱਚ ਖੜ੍ਹਾ ਕਰ ਕੇ ਸਵਾਲਾਂ ਰਾਹੀਂ ਨਿਤਾਰਾ ਕਰਦਿਆਂ ਅੰਤਮ ਨਿਰਣਾ ਲੋਕਾਂ ਉੱਤੇ ਛੱਡ ਦਿੰਦਾ ਹੈ। ਹਰ ਬਹਿਸ ਬਾਅਦ ਵੱਖ ਵੱਖ ਯੂਨੀਵਰਸਿਟੀਆਂ ਆਪਣੇ ਤੌਰ ਅੱਗੋਂ ਭਰਵੇਂ ਵਿਚਾਰ ਵਟਾਂਦਰੇ ਕਰਵਾਉਂਦੀਆਂ ਹਨ, ਜਿਨ੍ਹਾਂ ਵਿੱਚ ਅਧਿਆਪਕ ਅਤੇ ਵਿਦਿਆਰਥੀ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ ਜਿਨ੍ਹਾਂ ਵਿਚੋਂ ਭਵਿੱਖ ਦੇ ਸਿਆਸੀ ਆਗੂ ਉਭਰ ਕੇ ਸਾਹਮਣੇ ਆਉਣ ਲਗਦੇ ਹਨ। ਇਸ ਤਰ੍ਹਾਂ ਅਜਿਹੇ ਯਤਨ ਮਹਿਜ਼ ‘ਭਾਰਤੀ ਆਗੂਆਂ ਦੇ ਜਾਬ੍ਹਾਂ ਦੇ ਭੇੜ’ ਨਾ ਰਹਿ ਕੇ ਸਗੋਂ ਰਾਜਸੀ ਤੇ ਸਮਾਜਿਕ ਤੌਰ ਉੱਤੇ ਬੜੇ ਮਹੱਤਵਪੂਰਨ ਸਿੱਧ ਹੁੰਦੇ ਹਨ। ਅਸਲ ਵਿੱਚ ਪੰਜਾਬੀ ਕਹਾਵਤ ‘ਕੁੰਢੀਆਂ ਦੇ ਸਿੰਘ ਫਸ ਗਏ, ਨਿਤਰੂ ਵੜੇਂਵੇਂ ਖਾਣੀ’ ਵਾਂਗ ਰਾਸ਼ਟਰਪਤੀ ਦੀ ਚੋਣ ਵੇਲੇ ਉਮੀਦਵਾਰਾਂ ਵਿਚਾਲੇ ਹੁੰਦੇ ਸਿੱਧੇ ਸੰਵਾਦ ਭਾਵੇਂ ਜਿੱਤ ਹਾਰ ਦਾ ਫੈਸਲਾ ਨਹੀਂ ਕਰਦੇ ਪਰ ਜਿੱਤ ਹਾਰ ਨੂੰ ਪ੍ਰਭਾਵਿਤ ਜ਼ਰੂਰ ਕਰਦੇ ਹਨ। ਲੰਘੇ ਮੰਗਲਵਰ ਨੂੰ ਪਹਿਲੀ ਬਹਿਸ ਦੇ ਮੁਕੰਮਲ ਹੋਣ ਬਾਅਦ ਲੋਕਾਂ ਦੀਆਂ ਨਜ਼ਰਾਂ 9 ਅਕਤੂਬਰ ਨੂੰ ਵਾਸ਼ਿੰਗਟਨ ਯੂਨੀਵਰਸਿਟੀ, ਸੇਂਟ ਲੂਈਸ ਅਤੇ 19 ਅਕਤੂਬਰ ਨੂੰ ਯੂਨੀਵਾਰਸਿਟੀ ਆਫ਼ ਨੇਵਾਡਾ, ਲਾਸ ਵੇਗਸ ਵਿਖੇ ਹੋਣ ਵਾਲੀਆਂ ਬਹਿਸਾਂ ਉੱਤੇ ਟਿਕੀਆਂ ਹਨ।