71 ਸਾਲਾ ਬਜ਼ੁਰਗ ਸਿੱਖ ‘ਤੇ ਨਸਲੀ ਹਮਲਾ ਕਰਨ ਵਾਲੇ ਗ੍ਰਿਫਤਾਰ

71 ਸਾਲਾ ਬਜ਼ੁਰਗ ਸਿੱਖ ‘ਤੇ ਨਸਲੀ ਹਮਲਾ ਕਰਨ ਵਾਲੇ ਗ੍ਰਿਫਤਾਰ

ਨਿਊਯਾਰਕ/ਬਿਊਰੋ ਨਿਊਜ਼ :
ਕੈਲੀਫੋਰਨੀਆ ਵਿਚ ਦੋ ਅਣਪਛਾਤੇ ਵਿਅਕਤੀਆਂ ਨੇ 71 ਸਾਲਾ ਸਿੱਖ ਵਿਅਕਤੀ ‘ਤੇ ਹਮਲਾ ਕਰ ਕੇ ਕੁੱਟਮਾਰ ਕੀਤੀ ਸੀ। ਇਥੋਂ ਤਕ ਕਿ ਅਣਮਨੁੱਖੀ ਕੰਮ ਕਰਦਿਆਂ ਉਸ ਬਜ਼ੁਰਗ ਦੇ ਮੂੰਹ ‘ਤੇ ਥੁੱਕਿਆ ਗਿਆ। ਕਰੀਬ ਇਕ ਹਫ਼ਤੇ ਵਿਚ ਸਿੱਖ ਭਾਈਚਾਰੇ ਦੇ ਕਿਸੇ ਵਿਅਕਤੀ ‘ਤੇ ਇਹ ਦੂਜਾ ਹਮਲਾ ਹੈ ਜਿਸ ਨਾਲ ਦੇਸ਼ ਵਿਚ ਨਫ਼ਰਤੀ ਅਪਰਾਧਾਂ ਦੀਆਂ ਵਧ ਰਹੀਆਂ ਘਟਨਾਵਾਂ ਨੂੰ ਲੈ ਕੇ ਚਿੰਤਾ ਵਧ ਗਈ ਹੈ। ਬਿਰਧ ਸਿੱਖ ‘ਤੇ ਹਮਲਾ ਕਰਨ ਦੇ ਦੋਸ਼ ਵਿਚ ਦੋ ਅੱਲ੍ਹੜ ਉਮਰ ਦੇ ਨੌਜਵਾਨ ਗ੍ਰਿਫ਼ਤਾਰ ਕੀਤੇ ਗਏ ਹਨ । ਇਨ੍ਹਾਂ ਵਿਚੋਂ ਇਕ ਸ਼ਹਿਰ ਦੇ ਪੁਲਿਸ ਮੁਖੀ ਦਾ ਫ਼ਰਜ਼ੰਦ ਹੈ। ਪੁਲਿਸ ਨੇ ਲੁੱਟ-ਖੋਹ ਦੀਆਂ ਧਾਰਾਵਾਂ ਤਹਿਤ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਪਰ ਇਸ ਘਟਨਾ ਦੀ ਨਸਲੀ ਅਪਰਾਧ ਦੇ ਨਜ਼ਰੀਏ ਤੋਂ ਵੀ ਜਾਂਚ ਕੀਤੀ ਜਾ ਰਹੀ ਹੈ।
ਮੁਲਜ਼ਮ ਦੀ ਪਛਾਣ 18 ਸਾਲਾ ਟਾਇਰੌਨ ਮੈਕ ਅਲਿਸਟਰ ਵਜੋਂ ਹੋਈ ਹੈ। ਉਸ ਨਾਲ 16 ਸਾਲਾ ਅੱਲ੍ਹੜ ਉਮਰ ਦੇ ਮੁੰਡੇ ਸਿਰ ਵਾਰਦਾਤ ਵਿਚ ਸ਼ਾਮਲ ਹੋਣ ਦੇ ਇਲਜ਼ਾਮ ਹਨ। ਟਾਇਰੌਨ ਯੂਨੀਅਨ ਸਿਟੀ ਪੁਲਿਸ ਚੀਫ਼ ਡੈਰੇਅਲ ਮੈਕ ਅਲਿਸਟਰ ਦਾ ਪੁੱਤ ਹੈ। ਦੋਵਾਂ ‘ਤੇ ਲੁੱਟ-ਖੋਹ ਕਰਨ, ਵੱਡਿਆਂ ਨਾਲ ਬੁਰਾ ਵਤੀਰਾ ਕਰਨ ਤੇ ਮਾਰੂ ਹਥਿਆਰ ਨਾਲ ਹਮਲਾ ਕਰਨ ਸਬੰਧੀ ਧਾਰਾਵਾਂ ਹੇਠ ਕੇਸ ਦਰਜ ਕੀਤਾ ਗਿਆ ਹੈ।
ਇਥੇ ਨਿਗਰਾਨੀ ਵਾਸਤੇ ਲੱਗੇ ਕੈਮਰੇ ਵਿਚ ਨਜ਼ਰ ਆ ਰਿਹਾ ਹੈ ਕਿ ਸਾਹਿਬ ਸਿੰਘ ਨੱਤ ਕੈਲੀਫੋਰਨੀਆ ਦੇ ਮੈਂਟੇਕਾ ਵਿਚ ਤੜਕੇ ਇਕ ਸੜਕ ਕਿਨਾਰੇ ਟਹਿਲ ਰਿਹਾ ਹੈ। ਉਸੇ ਸਮੇਂ ਦੋ ਵਿਅਕਤੀ ਜਿਨ੍ਹਾਂ ਨੇ ਹੁੱਡੀਜ਼ ਪਾਈਆਂ ਹੋਈਆਂ ਹਨ, ਉਸ ਵੱਲ ਆਉਂਦੇ ਨਜ਼ਰ ਆਉਂਦੇ ਹਨ। ਨੱਤ ਦੋਵਾਂ ਨੂੰ ਦੇਖ ਕੇ ਰੁਕ ਜਾਂਦਾ ਹੈ ਤੇ ਫਿਰ ਉਨ੍ਹਾਂ ਕੋਲੋਂ ਅੱਗੇ ਲੰਘ ਜਾਂਦਾ ਹੈ ਅਤੇ ਦੋਵੇਂ ਉਸ ਨੂੰ ਕੁਝ ਕਹਿੰਦੇ ਸੁਣਾਈ ਦੇ ਰਹੇ ਹਨ। ਇਸ ਤੋਂ ਬਾਅਦ ਨੱਤ ਅੱਗੇ ਵਧ ਜਾਂਦਾ ਹੈ ਪਰ ਉਹ ਲਗਾਤਾਰ ਉਸ ਦਾ ਪਿੱਛਾ ਕਰਦੇ ਹਨ ਅਤੇ ਉਸ ਨੂੰ ਫਿਰ ਕੁਝ ਕਹਿੰਦੇ ਹਨ। ਜਿਸ ਵਿਅਕਤੀ ਨੇ ਕਾਲੇ ਰੰਗ ਦੀ ਹੁੱਡ ਪਾਈ ਹੋਈ ਹੈ, ਉਹ ਨੱਤ ਨਾਲ ਮਾਮੂਲੀ ਬਹਿਸ ਪਿੱਛੋਂ ਅਚਾਨਕ ਉਸ ਦੇ ਢਿੱਡ ਵਿਚ ਲੱਤ ਮਾਰਦਾ ਹੈ ਜਿਸ ਨਾਲ ਉਹ ਸੜਕ ‘ਤੇ ਡਿੱਗ ਜਾਂਦਾ ਹੈ ਅਤੇ ਉਸ ਦੀ ਪੱਗ ਲੱਥ ਜਾਂਦੀ ਹੈ। ਉਹ ਖੜ੍ਹੇ ਹੋਣ ਤੇ ਉਨ੍ਹਾਂ ਤੋਂ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਹਮਲਾਵਰ ਮੁੜ ਉਸ ਦੇ ਢਿੱਡ ਵਿਚ ਲੱਤ ਮਾਰਦਾ ਹੈ। ਇਸ ਤੋਂ ਬਾਅਦ ਹਮਲਾਵਰ ਉਸ ਦੇ ਕੋਲ ਆਉਂਦਾ ਹੈ ਅਤੇ ਉਨ੍ਹਾਂ ਦੇ ਚਿਹਰੇ ਨੂੰ ਛੂੰਹਦਾ ਹੈ ਅਤੇ ਫਿਰ ਮੂੰਹ ‘ਤੇ ਥੁੱਕ ਦਿੰਦਾ ਹੈ। ਇਸ ਤੋਂ ਬਾਅਦ ਦੋਵੇਂ ਹਮਲਾਵਰ ਉਥੋਂ ਚਲੇ ਗਏ ਜਦੋਂਕਿ ਨੱਤ ਸੜਕ ‘ਤੇ ਹੀ ਡਿੱਗਿਆ ਪਿਆ ਹੈ।