7 ਅਕਤੂਬਰ : ਪੰਜਾਬ ਵਿਚ ਤਿੰਨ ਰੈਲੀਆਂ ਦੌਰਾਨ ਤਿੰਨ-ਧਿਰੀ ਰਾਜਨੀਤੀ ਦੀ ਤਿਕੋਣੀ ਟੱਕਰ

7 ਅਕਤੂਬਰ : ਪੰਜਾਬ ਵਿਚ ਤਿੰਨ ਰੈਲੀਆਂ ਦੌਰਾਨ ਤਿੰਨ-ਧਿਰੀ ਰਾਜਨੀਤੀ ਦੀ ਤਿਕੋਣੀ ਟੱਕਰ

ਅੰਮ੍ਰਿਤਸਰ ਟਾਈਮਜ਼ ਵਿਸ਼ੇਸ਼ :
ਪੰਜਾਬ ਦੀ ਰਾਜਨੀਤੀ ਵਿਚ 7 ਅਕਤੂਬਰ 2018, ਦਾ ਦਿਨ ਵਿਚਾਰਧਾਰਾ ਦੇ ਤਿੰਨ ਕੋਣਾਂ ਉਤੇ ਖੜ੍ਹ ਕੇ ਪੰਜਾਬ ਦੇ ਲੋਕਾਂ ਨੂੰ ਸੰਬੋਧਨ ਹੋਣ ਦਾ ਦਿਨ ਰਿਹਾ। ਇਹ ਫੈਸਲਾ ਪੰਜਾਬ ਦੀ ਜਨਤਾ ਕਰੇਗੀ ਕਿ ਆਉਣ ਵਾਲੇ ਸਮੇਂ ਵਿਚ ਉਸ ਨੇ ਕਿਹੜੇ ਪੈਂਤੜੇ ਉਤੇ ਖੜ੍ਹੀ ਸਿਆਸਤ ਜਾਂ ਧਿਰ ਨੂੰ ਮਨਜ਼ੂਰ ਕਰਨਾ ਹੈ। ਪੰਜਾਬ ਦੇ ਤਿੰਨ ਵੱਖ-ਵੱਖ ਸਿਰਿਆਂ ਉਤੇ ਤਿੰਨ ਵੱਡੀਆਂ ਰੈਲੀਆਂ ਹੋਈਆਂ ਹਨ।
ਬਰਗਾੜੀ ਵਿਚ ਪੰਥਕ ਧਿਰਾਂ ਦੇ ਨਾਮ ਹੇਠ ਇਕੱਠੀਆਂ ਹੋਈਆਂ ਵੱਖ-ਵੱਖ ਸਿੱਖ ਸੰਸਥਾਵਾਂ ਤੇ ਸਿੱਖ ਸ਼ਖਸੀਅਤਾਂ ਦੇ ਹੋਕੇ ਉਤੇ ਹੋਇਆ ਪੰਥ ਤੇ ਪੰਜਾਬ ਦਰਦੀਆਂ ਦੀ ਇਕੱਤਰਤਾ ਸੀ, ਜਿਸ ਨੂੰ ਆਮ ਆਦਮੀ ਪਾਰਟੀ ਤੇ ਉਸ ਵਿਚੋਂ ਬਾਗੀ ਹੋਏ ਸੁਖਪਾਲ ਸਿੰਘ ਖਹਿਰਾ ਧੜੇ ਅਤੇ ਬੈਂਸ ਭਰਾਵਾਂ ਦੀ ਲੋਕ ਇਨਸਾਫ ਪਾਰਟੀ ਦੀ ਹਮਾਇਤ ਹਾਸਲ ਸੀ। ਇਹ ਧਿਰਾਂ ਬੀਤੇ ਵਿਚ ਵਾਪਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਅਤੇ ਬਹਿਬਲ ਕਲਾਂ ਵਿਚ ਗੋਲੀ ਚਲਾਉਣ ਵਾਲੇ ਦੋਸ਼ੀ ਪੁਲਿਸ ਅਧਿਕਾਰੀਆਂ ਦੀ ਗ੍ਰਿਫਤਾਰੀ ਦੀ ਮੰਗ ਸਮੇਤ ਪੰਥ ਤੇ ਪੰਜਾਬ ਦੇ ਹਿੱਤ ਵਾਲੇ ਤਮਾਮ ਮੁੱਦਿਆਂ ਨੂੰ ਮੁਖਾਤਿਬ ਹੋ ਕੇ ਸੰਘਰਸ਼ ਕਰ ਰਹੀਆਂ ਹਨ।

ਹਲਕਾ ਲੰਬੀ ਦੇ ਪਿੰਡ ਕਿਲਿਆਂਵਾਲੀ ਵਿਚ ਰੈਲੀ ਪੰਜਾਬ ਦੀ ਮੌਜੂਦਾ ਸੱਤਾਧਾਰੀ ਕਾਂਗਰਸ ਪਾਰਟੀ ਨੇ ਕੀਤੀ ਹੈ। ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਆਪਣੀ ਡੇਢ ਸਾਲ ਦੀ ਸਰਕਾਰ ਦੇ ਕੰਮ-ਕਾਜ ਦੱਸਣ ਦੇ ਨਾਮ ਉਤੇ ਇਹ ਰੈਲੀ ਕੀਤੀ ਹੈ।
ਸ਼ਾਹੀ ਸ਼ਹਿਰ ਪਟਿਆਲਾ ਵਿਚਲੀ ਤੀਜੀ ਰੈਲੀ ਅਕਾਲੀ ਦਲ ਦੇ ਬਾਦਲ ਧੜੇ ਦੀ ਹੋਈ ਹੈ, ਜਿਸ ਨੂੰ ”ਜਬਰ ਵਿਰੋਧੀ ਰੈਲੀ” ਦਾ ਨਾਂ ਦੇ ਕੇ ਆਪਣੀ ਗਵਾਚੀ ਸ਼ਾਖ ਨੂੰ ਮੁੜ ਬਹਾਲ ਕਰਨ ਦਾ ਯਤਨ ਕੀਤਾ ਗਿਆ ਹੈ।
ਪੰਜਾਬ ਦੀ ਸਿਆਸਤ ਨੂੰ ਗਹੁ ਨਾਲ ਵਾਚਣ ਵਾਲੇ ਮਾਹਿਰਾਂ ਦਾ ਇਹ ਵੀ ਮੱਤ ਹੈ ਕਿ ਲੁਕਵੇਂ ਰੂਪ ਵਿਚ ਕਾਂਗਰਸ ਤੇ ਅਕਾਲੀ ਦਲ ਦੀਆਂ ਇਕੋ ਹੀ ਦਿਨ ਕੀਤੀਆਂ ਇਨ੍ਹਾਂ ਰੈਲੀਆ ਦਾ ਇਕ ਸਾਂਝਾ ਏਜੰਡਾ, ਇਸ ਤਰ੍ਹਾਂ ਕਰਕੇ ਪੰਥਕ ਧਿਰਾਂ ਦੇ ਬਰਗਾੜੀ ਵਿਚ ਲੱਗੇ ”ਇਨਸਾਫ ਮੋਰਚੇ” ਨੂੰ ਫੇਲ੍ਹ ਕਰਨਾ ਵੀ ਹੈ, ਜੋ ਕਿ ਪਿਛਲੇ ਕਈ ਮਹੀਨਿਆਂ ਤੋਂ ਬੇਅਦਬੀ ਕਾਂਡ ਦੇ ਇਨਸਾਫ ਲਈ ਨਿਰੰਤਰ ਜਾਰੀ ਹੈ। ਕਾਂਗਰਸ ਤੇ ਅਕਾਲੀ ਦਲ ਨੇ ਇਕ ਦੂਜੇ ਦੇ ਗੜ੍ਹ ਵਿਚ ਰੈਲੀਆਂ ਕੀਤੀਆਂ ਹਨ। ਲੰਬੀ ਵਿਧਾਨ ਸਭਾ ਹਲਕਾ ਪ੍ਰਕਾਸ਼ ਸਿੰਘ ਬਾਦਲ ਦੀ ਰਾਜਨੀਤੀ ਦਾ ਧੁਰਾ ਹੈ ਤੇ ਪਟਿਆਲਾ ਕਾਂਗਰਸ ਸਰਕਾਰ ਦੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਿਆਸੀ ਕਰਮ ਭੂਮੀ ਬਣਿਆ ਆ ਰਿਹਾ ਹੈ। ਉੱਧਰ ‘ਆਪ’ ਦੇ ਬਾਗ਼ੀ ਧੜੇ ਦੇ ਨੇਤਾ ਸੁਖਪਾਲ ਖਹਿਰਾ ਨੇ ਕੋਟਕਪੂਰਾ ਤੋਂ ਬਰਗਾੜੀ ਤਕ ਸ਼ਾਂਤੀ ਮਾਰਚ ਸ਼ਾਂਤੀ ਮਾਰਚ ਕੱਢ ਕੇ ਪੰਜਾਬ ਦੀ ਰਾਜਨੀਤੀ ਦੇ ਇਸ ਤਿੰਨ-ਧਿਰੀ ਦੰਗਲ ਵਿਚ ਆਪਣੀ ਥਾਂ ਬਣਾਉਣ ਦੀ ਕੋਸ਼ਿਸ਼ ਕੀਤੀ ਹੈ।

khaira-kotkapura-march
ਬਰਗਾੜੀ ਮੋਰਚੇ ‘ਤੇ ਡਟਿਆ ਪੰਜਾਬ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੇ ਮੁੱਦੇ ਉਤੇ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਤੇ ਸਿੱਖ ਪ੍ਰਚਾਰਕ ਬਲਜੀਤ ਸਿੰਘ ਦਾਦੂਵਾਲ ਦੀ ਅਗਵਾਈ ਵਿਚ ਪੰਥਕ ਧਿਰਾਂ ਦੀ ਹਮਾਇਤ ਨਾਲ ਚੱਲ ਰਿਹਾ ਬਰਗਾੜੀ ਇਨਸਾਫ ਮੋਰਚਾ ਪੰਜਾਬ ਦੇ ਆਮ ਲੋਕਾਂ ਦੀ ਖਿੱਚ ਦਾ ਕੇਂਦਰ ਬਣ ਗਿਆ ਹੈ। ਇਹੋ ਕਾਰਨ ਹੈ ੭ ਅਕਤੂਬਰ ਦੀਆਂ ਕਾਂਗਰਸ ਤੇ ਅਕਾਲੀ ਦਲ ਦੀਆਂ ਬਰਾਬਰ ਰੈਲੀਆਂ ਦੇ ਵਿਰੋਧ ਵਿਚ ਬਰਗਾੜੀ ਵਿਖੇ ਪੰਜਾਬ ਦੇ ਲੋਕਾਂ ਦਾ ਰਿਕਾਰਡ ਤੋੜ ਆਪ-ਮੁਹਾਰਾ ਇਕੱਠ ਦੇਖਣ ਨੂੰ ਮਿਲਿਆ। ਇਸ ਮੌਕੇ ਪੰਥਕ ਆਗੂ ਬਲਜੀਤ ਸਿੰਘ ਦਾਦੂਵਾਲ ਤੇ ਧਿਆਨ ਸਿੰਘ ਮੰਡ ਨੇ ਦੋਸ਼ ਲਾਇਆ ਕਿ ਪੰਜਾਬ ਦੀ ਕੈਪਟਨ ਸਰਕਾਰ ਵੀ ਪਿਛਲੀ ਬਾਦਲ ਸਰਕਾਰ ਵਾਂਗ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਸਲੇ ਨੂੰ ਠੰਢੇ ਬਸਤੇ ਵਿਚ ਪਾਉਣਾ ਚਾਹੁੰਦੀ ਹੈ। ਉਨ੍ਹਾਂ ਸਵਾਲ ਕੀਤਾ ਕਿ ਮੁਲਜ਼ਮਾਂ ਬਾਰੇ ਪਤਾ ਹੋਣ ਦੇ ਬਾਵਜੂਦ ਗ੍ਰਿਫ਼ਤਾਰੀਆਂ ਕਿਉਂ ਨਹੀਂ ਕੀਤੀਆਂ ਜਾ ਰਹੀਆਂ? ਪੰਥਕ ਆਗੂਆਂ ਨੇ ਕੈਪਟਨ ਤੇ ਬਾਦਲਾਂ ਉਤੇ ਦੋਸਤਾਨਾ ਮੈਚ ਖੇਡਣ ਦਾ ਦੋਸ਼ ਵੀ ਲਾਇਆ।
ਰੈਲੀ ਨੂੰ ਸੰਬੋਧਨ ਕਰਦਿਆਂ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਸਰਕਾਰ ਆਪਣੀ ਜ਼ਿੰਮੇਵਾਰੀ ਸਮਝਦਿਆਂ ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਖਿਲਾਫ ਕਾਰਵਾਈ ਕਰੇ। ਉਨ੍ਹਾਂ ਸਿੱਧਾ ਨਾਮ ਲੈ ਕੇ ਕਿਹਾ ਕਿ ਇਸ ਲਈ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਜਾਵੇ।
ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਕਿਹਾ ਕਿ ਬਰਗਾੜੀ ਮੋਰਚਾ ਹਾਰਨ ਵਾਲਾ ਨਹੀਂ ਹੈ ਤੇ ਦੁਨੀਆ ਦੀ ਕੋਈ ਵੀ ਤਾਕਤ ਇਸ ਨੂੰ ਹਰਾ ਨਹੀਂ ਸਕਦੀ। ਇਹ ਮੋਰਚਾ ਗੁਰੂ ਦੀਆਂ ਸੰਗਤਾਂ ਦਾ ਹੈ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਤੇ ਨਰਿੰਦਰ ਮੋਦੀ ਨੂੰ ਲਲਕਾਰਦਿਆਂ ਕਿਹਾ ਕਿ ਇਹ ਲੜਾਈ ਅਕਾਲ ਦੇ ਮੋਰਚੇ ਤੇ ਸਰਕਾਰ ਦਰਮਿਆਨ ਹੈ।

congress_2
ਅਕਾਲੀਆਂ ਦੇ ਗੜ੍ਹ ‘ਚ ਕਾਂਗਰਸੀਆਂ ਦਾ ਹੋਕਾ : ਲੰਬੀ ਵਿਖੇ ਕਾਂਗਰਸ ਦੀ ਰੈਲੀ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਤੇ ਪਾਰਟੀ ਦੇ ਅਹੁਦੇਦਾਰ ਪੁੱਜੇ। ਸਮੂਹ ਮੰਤਰੀਆਂ ਤੇ ਆਗੂਆਂ ਨੇ ਰੈਲੀ ਦੇ ਮੀਡੀਆ ਵਿਚ ਪਰਚਾਰੇ ਗਏ ਏਜੰਡੇ ਤੋਂ ਵੱਧ ਅਕਾਲੀ ਦਲ ਤੇ ਖਾਸ ਕਰਕੇ ਬਾਦਲ ਪਰਿਵਾਰ ਨੂੰ ਨਿਸ਼ਾਨੇ ਉਤੇ ਲਿਆ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਿਆ ਹੈ ਅਤੇ ਪੰਜਾਬ ਦੇ ਲੋਕ ਸੂਬੇ ਦੀਆਂ ਸਾਰੀਆਂ 13 ਸੀਟਾਂ ਜਿਤਾ ਕੇ ਅਕਾਲੀਆਂ ਨੂੰ ਸਬਕ ਸਿਖਾਉਣ। ਉਨ੍ਹਾਂ ਕਿਹਾ ਕਿ ਬਰਗਾੜੀ ਬੇਅਦਬੀ ਦੀਆਂ ਘਟਨਾਵਾਂ ਬੇਹੱਦ ਦੁਖਦਾਈ ਹਨ ਤੇ ਉਸ ਸਮੇਂ ਦੀ ਸਰਕਾਰ ਨੇ ਨਿਹੱਥੇ ਲੋਕਾਂ ਉਤੇ ਗੋਲੀਆਂ ਚਲਾ ਕੇ ਜ਼ੁਲਮ ਕੀਤਾ। ਉਸ ਮਗਰੋਂ ਲੋਕਾਂ ਨਾਲ ਹਮਦਰਦੀ ਜਤਾਉਣ ਲਈ ਰਾਹੁਲ ਗਾਂਧੀ ਅਤੇ ਮੈਂ ਖ਼ੁਦ ਪਹੁੰਚਿਆ ਸੀ ਪਰ ਬਾਦਲਾਂ ਨੇ ਉੱਥੇ ਜਾਣ ਤੋਂ ਵੀ ਕਿਨਾਰਾ ਕੀਤਾ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵਿਚ 100 ਫ਼ੀਸਦੀ ਬਹੁਮਤ ਨਾਲ ਆਵਾਜ਼ ਉੱਠਣ ਉਤੇ ਉਨ੍ਹਾਂ ਸੀਬੀਆਈ ਤੋਂ ਬਰਗਾੜੀ ਕਾਂਡ ਸਬੰਧੀ ਕੇਸ ਵਾਪਸ ਲੈਣ ਦਾ ਫ਼ੈਸਲਾ ਕੀਤਾ ਅਤੇ ਸਪੈਸ਼ਲ ਜਾਂਚ ਟੀਮ ਬਣਾਈ। ਜੇਕਰ ਇਹ ਜਾਂਚ ਟੀਮ ‘ਚ ਬਾਦਲ-ਪਿਉ ਪੁੱਤਰ ਦੋਸ਼ੀ ਪਾਏ ਗਏ ਤਾਂ ਉਨ੍ਹਾਂ ਨੂੰ ਜੇਲ੍ਹ ਅੰਦਰ ਡੱਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਸੂਬੇ ਨੂੰ ਤਰੱਕੀ ਦੇ ਰਾਹ ਉਤੇ ਤੋਰਿਆ ਹੈ। ਇਸ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ 10 ਸਾਲ ਅੰਦਰ ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ਨੂੰ ਕੰਗਾਲ ਕੀਤਾ ਤੇ ਬਾਦਲ ਪਰਿਵਾਰ ਦੀ ਹੀ ਪ੍ਰਫੁੱਲਤਾ ਹੋਈ।
ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਇਹ ਇਕੱਠ ਵੇਖ ਕੇ ਯਕੀਨ ਹੋ ਗਿਆ ਕਿ ਹੁਣ ਸੁਖਬੀਰ ਦਾ ਕਿਲ੍ਹਾ ਢਹਿਣ ਲੱਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਬਾਦਲ ਪਰਿਵਾਰ ਦੀ ਅਕਲ ‘ਤੇ ਪਰਦਾ ਪੈ ਗਿਆ ਹੈ, ਉਨ੍ਹਾਂ ਕੋਲ ਸੂਬੇ ‘ਚ ਹੁੰਦੀ ਕਣਕ ਦੇ ਦਾਣਿਆਂ ਤੋਂ ਵੱਧ ਦੌਲਤ ਅਤੇ ਰੁਪਏ ਹਨ। ਉਨ੍ਹਾਂ ਕਿਹਾ ਕਿ ਸੰਨ 1970 ‘ਚ ਜਦੋਂ ਸ. ਬਾਦਲ ਪਹਿਲੀ ਵਾਰ ਮੁੱਖ ਮੰਤਰੀ ਬਣੇ ਸਨ ਤਾਂ ਪੰਜਾਬ ਇਕ ਨੰਬਰ ‘ਤੇ ਸੀ ਪਰ ਹੁਣ ਜਦੋਂ ਉਨ੍ਹਾਂ ਨੂੰ ਪੰਜਵੀਂ ਵਾਰ ਮੁੱਖ ਮੰਤਰੀ ਦੀ ਕੁਰਸੀ ਛੱਡੀ ਹੈ ਤਾਂ ਪੰਜਾਬ ਕੰਗਾਲ ਹੋ ਗਿਆ ਹੈ। ਕਾਂਗਰਸ ਦੇ ਸੀਨੀਅਰ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ‘ਤੇ ਵੱਡਾ ਹਮਲਾ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਸੁਖਬੀਰ ਬਾਦਲ ਅਫ਼ਸਰਾਂ ਨੂੰ ਧਮਕੀਆਂ ਦੇ ਰਹੇ ਹਨ, ਹਾਈ ਕੋਰਟ ਨੂੰ ਦਖ਼ਲ ਦੇ ਕੇ ਉਨ੍ਹਾਂ ਦੀ ਸੁਰੱਖਿਆ ਹਟਾ ਦੇਣੀ ਚਾਹੀਦੀ ਹੈ। ਕਾਂਗਰਸ ਦੇ ਇੱਕ ਹੋਰ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਹੁਣ ਅਸਤੀਫ਼ੇ ਦੇਣ ਦਾ ਕੋਈ ਫਾਇਦਾ ਨਹੀਂ, ਢੀਂਡਸਾ ਸਮੇਤ ਅਕਾਲੀ ਲੀਡਰਾਂ ਨੂੰ ਸੰਨ 2015 ‘ਚ ਉਸ ਵੇਲੇ ਅਸਤੀਫੇ ਦੇਣਾ ਚਾਹੀਦਾ ਸੀ, ਜਦ ਬੇਅਦਬੀ ਦੀ ਘਟਨਾ ਵਾਪਰੀ ਸੀ ਤੇ ਅਕਾਲੀ ਦਲ ਦੀ ਸਰਕਾਰ ਸੱਤਾ ਵਿਚ ਸੀ।
ਕਾਂਗਰਸੀ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੇ ਕਿਹਾ ਕਿ ਸੁਖਬੀਰ ਬਾਦਲ ਥੋੜ੍ਹਾ ਇੰਤਜ਼ਾਰ ਕਰਨ, ਉਨ੍ਹਾਂ ਦੇ ਸਾਰੇ ਭੁਲੇਖੇ ਦੂਰ ਹੋ ਜਾਣਗੇ।

sad
ਸੀਨੀਅਰ ਆਗੂਆਂ ਦੀ ਗੈਰਹਾਜ਼ਰੀ ਨੇ ਬਾਦਲਾਂ ਦੀ ਫੂਕ ਕੱਢੀ : ਉਧਰ ਪਟਿਆਲਾ ਵਿਖੇ ਸ਼੍ਰੋਮਣੀ ਅਕਾਲੀ ਵਲੋਂ ਕੀਤੀ ਜਾ ਰਹੀ ਜਬਰ ਵਿਰੋਧੀ ਰੈਲੀ ਵਿਚ ਅਕਾਲੀ ਦਲ ਭਾਵੇਂ ਆਪਣੇ ਜੋਸ਼ੀਲੇ ਕੇਡਰ ਤੇ ਮਣਾਂਮੁੰਹੀ ਪੈਸੇ ਦੇ ਜ਼ੋਰ ਨਾਲ ਵੱਡਾ ਇਕੱਠ ਕਰਨ ਵਿਚ ਕਾਮਯਾਬ ਰਿਹਾ ਪਰ ਪਾਰਟੀ ਦੀ ਕੋਰ ਕਮੇਟੀ ਤੋਂ ਅਸਤੀਫਾ ਦੇ ਚੁੱਕੇ ਪਾਰਟੀ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਸਮੇਤ ਸੀਨੀਅਰ ਲੀਡਰਸ਼ਿਪ ਦੀ ਗੈਰਹਾਜ਼ਰੀ ਨੇ ਇਕ ਤਰ੍ਹਾਂ ਨਾਲ ਸਾਰੇ ਕੀਤੇ-ਕਰਾਏ ਉਤੇ ਪਾਣੀ ਫੇਰ ਦਿੱਤਾ। ਰੈਲੀ ਵਿਚ ਮਾਝੇ ਦੇ ਨਾਰਾਜ਼ ਚੱਲ ਰਹੇ ਆਗੂਆਂ ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ ਅਤੇ ਸੇਵਾ ਸਿੰਘ ਸੇਖਵਾਂ ਨੇ ਐਲਾਨ ਮੁਤਾਬਕ ਰੈਲੀ ਵਿਚ ਹਾਜ਼ਰੀ ਨਾ ਭਰੀ।
ਰੈਲੀ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸਰਪ੍ਰਸਤ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਿੱਖ ਗੁਰਧਾਮਾਂ ‘ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਲੰਘੀਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਧੱਕੇਸ਼ਾਹੀ ਕਰ ਕੇ ਲੋਕਤੰਤਰ ਦਾ ਕਤਲ ਕੀਤਾ ਹੈ।
ਇਸ ਮੌਕੇ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ, ਆਮ ਆਦਮੀ ਪਾਰਟੀ, ਸੁਖਪਾਲ ਸਿੰਘ ਖਹਿਰਾ ਅਤੇ ਸਿੱਖ ਜਥੇਬੰਦੀਆਂ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰ ਰਹੀਆਂ ਹਨ। ਬਾਦਲ ਨੇ ਕਾਂਗਰਸ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਦਾ ਖ਼ਜ਼ਾਨਾ ਨਹੀਂ, ਬਲਕਿ ਕਾਂਗਰਸ ਦੀ ਨੀਅਤ ਖ਼ਾਲੀ ਹੈ। ਰੈਲੀ ਵਿਚ ਪੁੱਜੇ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ‘ਆਪ’ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਸਬੰਧੀ ਆਵਾਜ਼ ਬੁਲੰਦ ਕਰਨ ਵਾਲੇ ਹਰ ਬੰਦੇ ਦੇ ਨਾਲ ਖੜ੍ਹੇ ਹਨ। ਬਰਗਾੜੀ ਮੋਰਚੇ ‘ਚ ਡਟੇ ‘ਆਪ’ ਤੇ ਖਹਿਰਾ ਧੜਾ : ਆਮ ਆਦਮੀ ਪਾਰਟੀ ਨੇ ਤਮਾਮ ਕਿਆਸਰਾਈਆਂ ਨੂੰ ਦਰਕਿਨਾਰ ਕਰਦਿਆਂ ਬਰਗਾੜੀ ਵਿਚਲੇ ਇਨਸਾਫ ਮੋਰਚੇ ਦੇ ਹੱਕ ਵਿਚ ਡਟ ਕੇ ਪੰਜਾਬ ਦੇ ਲੋਕਾਂ ਦਾ ਮੁੜ ਤੋਂ ਭਰੋਸਾ ਜਿੱਤਣ ਵੱਲ ਇਕ ਸਹੀ ਕਦਮ ਚੁੱਕਿਆ ਹੈ। ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ, ਸਾਧੂ ਸਿੰਘ ਸਮੇਤ ਪਾਰਟੀ ਦੇ ਸੀਨੀਅਰ ਆਗੂਆਂ ਤੇ ਵਿਧਾਇਕਾਂ ਨੇ ਪੰਥਕ ਧਿਰਾਂ ਦੀ ਹਮਾਇਤ ਕੀਤੀ। ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਸਿੱਖ-ਸੰਗਤਾਂ ਦੇ ਆਪ ਮੁਹਾਰੇ ਇਕੱਠ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਦਾ ਇਨਸਾਫ ਖੁਦ ਹੀ ਕਰ ਦਿੱਤਾ ਹੈ।
ਫਰੀਦਕੋਟ ਦੇ ਕੋਟਕਪੂਰਾ ਤੋਂ ਆਮ ਆਦਮੀ ਪਾਰਟੀ ਦੇ ਬਾਗੀ ਧੜੇ ਦੇ ਆਗੂ ਸੁਖਪਾਲ ਖਹਿਰਾ ਵਲੋਂ ਰੋਸ ਮਾਰਚ ਰਾਹੀਂ ਬਰਗਾੜੀ ਮੋਰਚੇ ਵਿਚ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਬਾਦਲ ਅਤੇ ਕੈਪਟਨ ਮਹਾਰਾਜਿਆਂ ਵਾਂਗ ਰੈਲੀਆਂ ਕਰ ਰਹੇ ਹਨ ਪਰ ਉਨ੍ਹਾਂ ਦਾ ਰੋਸ ਮਾਰਚ ਆਮ ਵਾਂਗ ਸੀ । ਵੱਡੀ ਗਿਣਤੀ ਵਿੱਚ ਲੋਕ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਰੋਸ ਮਾਰਚ ਵਿੱਚ ਸ਼ਾਮਲ ਹੋਏ। ਉਨ੍ਹਾਂ ਇਲਜ਼ਾਮ ਲਾਏ ਕਿ ਅਕਾਲੀ ਤੇ ਕਾਂਗਰਸੀ ਸ਼ਰਾਬ ਦੀ ਬੋਤਲ ਦੇ ਕੇ ਭੀੜ ਇਕੱਠੀ ਕਰ ਕੇ ਲਿਆਏ ਹਨ। ਉਨ੍ਹਾਂ ਦੱਸਿਆ ਕਿ ਪਿੰਡਾਂ ਵਿੱਚੋਂ ਲੋਕ ਖੁਦ ਦੇ ਖਰਚੇ ‘ਤੇ ਰੋਸ ਮਾਰਚ ਵਿੱਚ ਆਏ ਹਨ।
ਖਹਿਰਾ ਨੇ ਕਿਹਾ ਕਿ ਕਾਂਗਰਸ ਤੇ ਅਕਾਲੀ ਦਲ ਦੀ ਰੈਲੀ ਮਹਿਜ਼ ਇੱਕ ਫੈਕਸ ਮੈਚ ਹੈ। ਇਨ੍ਹਾਂ ਨੇ ਬਰਗਾੜੀ ਮੋਰਚੇ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਇੱਕ ਦੂਜੇ ਦੇ ਗੜ੍ਹ ਵਿੱਚ ਇਹ ਰੈਲੀਆਂ ਰੱਖੀਆਂ ਹਨ। ਖਹਿਰਾ ਨੇ ਦਾਅਵਾ ਕੀਤਾ ਹੈ ਕਿ ਕਾਂਗਰਸ ਤੇ ਅਕਾਲੀ ਦਲ ਵੱਲੋਂ ਕੀਤੀਆਂ ਜਾ ਰਹੀਆਂ ਰੈਲੀਆਂ ਵਿੱਚ ਸ਼ਾਮਲ ਹੋਣ ਵਾਲੇ ਲੋਕ ਪੰਜਾਬ ਦੇ ਨਹੀਂ ਹੁੰਦੇ, ਬਲਕਿ ਹੋਰਨਾਂ ਸੂਬਿਆਂ ਤੋਂ ਪੈਸੇ ਦੇ ਕੇ ਲਿਆਂਦੇ ਜਾਂਦੇ ਹਨ।
ਪੰਥਕ ਮੋਰਚੇ ਦੇ ਲੀਡਰ ਮਾਰਚ ਵਿਚ ਤਕਰੀਬਨ 25 ਤੋਂ 30 ਹਜ਼ਾਰ ਲੋਕਾਂ ਦਾ ਇਕੱਠ ਹੋਣ ਦਾ ਦਾਅਵਾ ਕਰ ਰਹੇ ਸਨ ਪਰ ਏਜੰਸੀਆਂ ਦੀਆਂ ਰਿਪੋਰਟਾਂ ਵਿਚ ਦਾਅਵਾ ਕੀਤਾ ਗਿਆ ਹੈ ਕਿ ਸਿਰਫ ਕੋਟਕਪੂਰਾ ਤੋਂ ਬਰਗਾੜੀ ਵੱਲ ਗਏ ਰੋਸ ਮਾਰਚ ਵਿਚ ਹੀ 15 ਤੋਂ 20 ਹਜ਼ਾਰ ਲੋਕ ਸ਼ਾਮਲ ਹੋਏ। ਆਪੋ-ਆਪਣੀਆਂ ਰੈਲੀਆਂ ਵਿਚ ਜਿਸ ਤਰ੍ਹਾਂ ਅਕਾਲੀ ਦਲ ਤੇ ਕਾਂਗਰਸ ਨੇ ਪਾਣੀ ਵਾਂਗ ਪੈਸਾ ਵਹਾਇਆ ਤੇ ਪੂਰਾ ਜ਼ੋਰ ਲਗਾ ਕੇ ਲੋਕਾਂ ਨੂੰ ਢੋਹਿਆ ਗਿਆ, ਉਸ ਮੁਕਾਬਲੇ ਬਰਗਾੜੀ ਵਿਚ ਸਿੱਖ ਸੰਗਤਾਂ ਦਾ ਆਪ-ਮੁਹਾਰੇ ਵੱਡੀ ਗਿਣਤੀ ਵਿਚ ਸ਼ਾਮਲ ਹੋਣਾ, ਇਹ ਸਾਬਤ ਕਰਦਾ ਹੈ ਕਿ ਬਰਗਾੜੀ ਮੋਰਚੇ ਰਾਹੀਂ ਸਿੱਖ ਸੰਗਤਾਂ ਕਾਂਗਰਸ ਤੇ ਅਕਾਲੀ ਦਲ ਦੋਵਾਂ ਦੀਆਂ ਰੈਲੀਆਂ ਉਤੇ ਭਾਰੀ ਪਈਆਂ ਹਨ। ਪੁਲਿਸ ਨੇ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਖ਼ਤਾ ਇੰਤਜ਼ਾਮ ਕੀਤੇ ਹੋਏ ਸਨ। ਸੂਤਰਾਂ ਮੁਤਾਬਕ ਪ੍ਰਸ਼ਾਸਨ ਨੇ ਆਲੇ-ਦੁਆਲੇ ਦੇ ਛੇ ਜ਼ਿਲ੍ਹਿਆਂ ਤੋਂ ਪੁਲਿਸ ਬਰਗਾੜੀ ਵਿਖੇ ਸੱਦੀ ਹੋਈ ਸੀ।